ਆਸਟ੍ਰੇਲੀਆ ਵਿੱਚ ਭਾਰਤੀ ਔਰਤਾਂ ਹੁੰਦੀਆਂ ਹਨ ਘਰੇਲੂ ਹਿੰਸਾ ਦਾ ਸ਼ਿਕਾਰ?

ਤਸਵੀਰ ਸਰੋਤ, Getty Images
- ਲੇਖਕ, ਵਿਨੀਤ ਖਰੇ
- ਰੋਲ, ਆਸਟ੍ਰੇਲੀਆ ਤੋਂ ਬੀਬੀਸੀ ਪੱਤਰਕਾਰ
ਇਹ ਕਿਹਾ ਜਾਂਦਾ ਹੈ ਕਿ ਆਸਟ੍ਰੇਲੀਆ ਵਿੱਚ ਭਾਰਤੀ ਔਰਤਾਂ ਘਰਾਂ ਦੇ ਮੁਕਾਬਲੇ ਸੜਕਾਂ 'ਤੇ ਜ਼ਿਆਦਾ ਸੁਰੱਖਿਅਤ ਹਨ।
ਭਾਰਤੀ ਮਰਦ ਦਾਜ ਲਈ ਸਾੜਨਾ, ਪਤਨੀ ਨਾਲ ਘਰੇਲੂ ਹਿੰਸਾ ਕਰਨਾ, ਕੁੱਟਮਾਰ ਕਰ ਕੇ ਕਤਲ ਕਰਨ ਵਰਗੀਆਂ ਮਾੜੀਆ ਰਵਾਇਤਾਂ ਨੂੰ ਸੱਤ-ਸਮੁੰਦਰੋਂ ਪਾਰ ਆਸਟ੍ਰੇਲੀਆ ਲੈ ਆਏ ਹਨ।
ਅਸੀਂ ਲੀਨਾ ( ਬਦਲਿਆ ਨਾਂ) ਨੂੰ ਮਿਲੇ ਜੋ ਮੈਲਬਰਨ ਵਿੱਚ ਆਪਣੇ ਢਾਈ ਸਾਲ ਦੇ ਬੱਚੇ ਨਾਲ ਰਹਿੰਦੀ ਹੈ।
ਲੀਨਾ ਦਾ ਪਤੀ ਚਾਹੁੰਦਾ ਸੀ ਕਿ ਉਹ ਪਟਿਆਲਾ ਵਿੱਚ ਰਹਿ ਕੇ ਉਸ ਦੇ ਮਾਪਿਆਂ ਦੀ ਸੇਵਾ ਕਰੇ। ਉਸ ਨੇ ਲੀਨਾ ਦੇ ਢਿੱਡ ਵਿੱਚ ਉਸ ਵੇਲੇ ਲੱਤ ਮਾਰੀ ਜਦੋਂ ਉਹ 7 ਮਹੀਨੇ ਦੀ ਗਰਭਵਤੀ ਸੀ।
ਮਨੋ ਵਿਗਿਆਨ ਨਰਸਿੰਗ ਵਿੱਚ ਮਾਸਟਰਸ ਕਰ ਚੁੱਕੀ ਲੀਨਾ ਦੱਸਦੀ ਹੈ, "ਉਸ ਨੇ ਮੇਰੇ ਚਿਹਰੇ 'ਤੇ ਥੱਪੜ ਅਤੇ ਢਿੱਡ ਵਿੱਚ ਮੁੱਕੇ ਮਾਰੇ। ਮੈਂ ਉਸ ਵੇਲੇ 7 ਮਹੀਨਿਆਂ ਦੀ ਗਰਭਵਤੀ ਸੀ।''
ਭਾਰਤੀ ਔਰਤਾਂ ਨੇ ਸਭ ਤੋਂ ਜ਼ਿਆਦਾ ਪੀੜਤ
"ਮੈਂ ਉਸ ਨੂੰ ਜਵਾਬ ਵਿੱਚ ਥੱਪੜ ਮਾਰੇ ਪਰ ਉਸ ਨੇ ਮੈਨੂੰ ਕਈ ਥੱਪੜ ਮਾਰੇ, ਉਸ ਦਾ ਦੋਸਤ ਮੈਨੂੰ ਬਚਾਉਣ ਆਇਆ। ਮੈਂ ਖੁਦ ਨੂੰ ਕਮਰੇ ਵਿੱਚ ਬੰਦ ਕਰ ਲਿਆ ਪਰ ਉਸ ਨੇ ਦਰਵਾਜ਼ਾ ਤੋੜ ਦਿੱਤਾ ਤੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ।''
"ਮੈਂ ਆਪਣੇ ਬੇਟੇ ਦੇ ਪਾਸਪੋਰਟ ਨੂੰ ਫਾੜ ਦਿੱਤਾ ਕਿਉਂਕਿ ਮੈਨੂੰ ਡਰ ਸੀ ਕਿ ਉਹ ਮੇਰੇ ਪੁੱਤਰ ਨੂੰ ਭਾਰਤ ਵਾਪਸ ਨਾ ਲੈ ਜਾਵੇ। ਮੈਂ ਉਸ ਨੂੰ ਕਿਹਾ ਕਿ ਉਹ ਮੈਨੂੰ ਹਸਪਤਾਲ ਲੈ ਜਾਏ ਪਰ ਉਸ ਨੇ ਇਨਕਾਰ ਕਰ ਦਿੱਤਾ।"
ਲੀਨਾ ਆਪਣੇ ਪਤੀ ਦੇ ਹਮਲੇ ਕਾਰਨ ਆਪਣੇ ਬੱਚੇ ਨੂੰ ਨਹੀਂ ਬਚਾ ਸਕੀ।
ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਕਾਰਨ ਹਰ ਤਿੰਨ ਘੰਟਿਆਂ ਵਿੱਚ ਇੱਕ ਔਰਤ ਹਸਪਤਾਲ ਵਿੱਚ ਭਰਤੀ ਹੋ ਰਹੀ ਹੈ ਜਦਕਿ ਹਰ ਹਫ਼ਤੇ ਇੱਕ ਔਰਤ ਦੀ ਜਾਨ ਵੀ ਇਸੇ ਕਾਰਨ ਜਾ ਰਹੀ ਹੈ।
ਆਸਟ੍ਰੇਲੀਆ ਵਿੱਚ ਤਕਰੀਬਨ 5 ਤੋਂ 6 ਲੱਖ ਭਾਰਤੀ ਵਸਦੇ ਹਨ। ਆਸਟ੍ਰੇਲੀਆ ਵਿੱਚ ਵਸਦੇ ਪ੍ਰਵਾਸੀਆਂ ਵਿੱਚੋਂ ਭਾਰਤੀ ਔਰਤਾਂ ਹੀ ਸਭ ਤੋਂ ਵੱਧ ਘਰੇਲੂ ਹਿੰਸਾ ਦਾ ਸ਼ਿਕਾਰ ਹਨ।
ਬ੍ਰਿਸਬੇਨ ਵਿੱਚ ਰਹਿਣ ਵਾਲੀ ਸਮਾਸੇਵੀ ਜਤਿੰਦਰ ਕੌਰ ਅਨੁਸਾਰ 2009 ਤੋਂ 2017 ਵਿਚਾਲੇ ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਦੇ ਭਾਰਤੀ ਭਾਈਚਾਰੇ ਨਾਲ ਜੁੜੇ 12 ਮਾਮਲੇ ਸਾਹਮਣੇ ਆ ਚੁੱਕੇ ਹਨ।

ਮਨਪ੍ਰੀਤ ਕੌਰ, ਪ੍ਰੀਤਿਕਾ ਸ਼ਰਮਾ, ਅਨੀਤਾ ਫਿਲਿਪ, ਨਿਧੀ ਸ਼ਰਮਾ ਤੇ ਸਰਗੁਨ ਰਾਗੀ ਵਰਗੀਆਂ ਕਈ ਹੋਰ ਔਰਤਾਂ ਦੀ ਮੌਤ ਨੇ ਭਾਰਤੀ ਭਾਈਚਾਰੇ ਨੂੰ ਹਿਲਾ ਦਿੱਤਾ ਹੈ।
ਪੱਤਰਕਾਰ ਮਨਪ੍ਰੀਤ ਸਿੰਘ ਕੌਰ ਨੇ ਇਸੇ ਮੁੱਦੇ 'ਤੇ ਦਸਤਾਵੇਜੀ ਫਿਲਮ 'ਦਿ ਐਨਿਮੀ ਵਿਦਇਨ' ਬਣਾਈ ਹੈ। ਇਸ ਫਿਲਮ ਵਿੱਚ ਭਾਰਤੀ ਭਾਈਚਾਰੇ ਵਿੱਚ ਔਰਤਾਂ ਨਾਲ ਹੁੰਦੀ ਘਰੇਲੂ ਹਿੰਸਾ ਨੂੰ ਵਿਖਾਇਆ ਗਿਆ ਹੈ।
ਉਨ੍ਹਾਂ ਦੱਸਿਆ, "ਇਹ ਸੱਚ ਵਿੱਚ ਡਰਾਉਣੇ ਕੇਸ ਹਨ, ਕਿਵੇਂ ਔਰਤਾਂ ਨੂੰ ਜ਼ਿੰਦਾ ਸਾੜ ਦਿੱਤਾ ਜਾਂਦਾ ਹੈ, ਕਿਵੇਂ ਉਨ੍ਹਾਂ ਨੂੰ 30-40 ਵਾਰ ਚਾਕੂ ਮਾਰੇ ਜਾਂਦੇ ਹਨ। ਅਜਿਹੇ ਮਾਮਲੇ ਤੁਸੀਂ ਭਾਰਤੀ ਭਾਈਚਾਰੇ ਵਿੱਚ ਹੀ ਵੇਖੋਗੇ।"
ਪੜ੍ਹੀ-ਲਿਖੀ ਔਰਤਾਂ ਵੀ ਹਨ ਸ਼ਿਕਾਰ
"ਸਭ ਤੋਂ ਦਰਦਨਾਕ ਮਾਮਲਾ ਸਰਗੁਨ ਰਾਗੀ ਦਾ ਸੀ। ਉਸ ਦੇ ਪਤੀ ਨੂੰ ਉਸ ਦੇ ਨਜ਼ਦੀਕ ਆਉਣ ਦੀ ਮਨਾਹੀ ਸੀ ਪਰ ਹੁਕਮਾਂ ਦੀ ਉਲੰਘਣਾ ਕਰਕੇ ਉਸ ਨੂੰ ਜ਼ਿੰਦਾ ਸਾੜ ਦਿੱਤਾ ਗਿਆ।"
ਸਾਡੀ ਮੁਲਾਕਾਤ ਬ੍ਰਿਸੇਬਨ ਵਿੱਚ ਨੇਹਾ (ਬਦਲਿਆ ਨਾਂ) ਨਾਲ ਹੋਈ। ਉਸ ਦੇ ਚਿਹਰੇ 'ਤੇ ਪ੍ਰੇਸ਼ਾਨੀ ਸਾਫ਼ ਵੇਖੀ ਜਾ ਸਕਦੀ ਸੀ।
ਨੇਹਾ ਨੇ ਦੱਸਿਆ, "ਮੈਂ ਭਾਰਤ ਵਿੱਚ ਬੈਠੇ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਨਾਲ ਕੀ ਵਾਪਰਿਆ ਤਾਂ ਜੋ ਉਹ ਦੁਬਾਰਾ ਕਿਸ ਨਾਲ ਨਾ ਵਾਪਰ ਸਕੇ।

ਨੇਹਾ ਕਈ ਸੁਪਨੇ ਲੈ ਕੇ ਗੁਜਰਾਤ ਤੋਂ ਬ੍ਰਿਸਬੇਨ ਪਹੁੰਚੀ ਸੀ। ਉਸ ਕੋਲ ਆਈਟੀ ਸੈਕਟਰ ਵਿੱਚ 7 ਸਾਲ ਦਾ ਤਜ਼ਰਬਾ ਸੀ ਅਤੇ ਉਹ ਭਾਰਤ ਤੋਂ ਬਾਹਰ ਵਸਣਾ ਚਾਹੁੰਦੀ ਸੀ।
ਇਹ ਉਸ ਦਾ ਦੂਜਾ ਵਿਆਹ ਸੀ। ਪਹਿਲਾ ਵਿਆਹ ਵੀ ਘਰੇਲੂ ਹਿੰਸਾ ਕਰਕੇ ਟੁੱਟਿਆ ਸੀ।
ਉਹ ਆਪਣੇ ਦੂਜੇ ਪਤੀ ਨੂੰ ਆਨਲਾਈਨ ਮਿਲੀ ਸੀ ਪਰ ਉਸ ਨੇ ਨਾ ਤੇ ਆਪਣੇ ਪਤੀ ਦੀ ਮਾਲੀ ਹਾਲਤ ਵੱਲ ਧਿਆਨ ਦਿੱਤਾ ਸੀ ਅਤੇ ਨਾ ਹੀ ਨਵੇਂ ਦੇਸ ਵਿੱਚ ਵੀਜ਼ੇ ਦੀਆਂ ਪੇਚੀਦਗੀਆਂ ਵੱਲ।
ਨੇਹਾ ਨੇ ਦੱਸਿਆ, "ਮੈਂ ਉਸ 'ਤੇ ਪੂਰਾ ਭਰੋਸਾ ਕੀਤਾ। ਮੈਨੂੰ ਸਟੂਡੈਂਟ ਵੀਜ਼ਾ ਜਾਂ ਨਾਗਰਿਕਤਾ ਦੇ ਨਿਯਮਾਂ ਬਾਰੇ ਜਾਣਕਾਰੀ ਨਹੀਂ ਸੀ।"

ਤਸਵੀਰ ਸਰੋਤ, Neha
ਉਸ ਦੇ ਪਤੀ ਦਾ ਰੇਸਤਰਾਂ ਦਾ ਵਪਾਰ ਸਹੀ ਨਹੀਂ ਚੱਲ ਰਿਹਾ ਸੀ ਜਿਸਦਾ ਅਸਰ ਉਨ੍ਹਾਂ ਦੇ ਰਿਸ਼ਤੇ 'ਤੇ ਵੀ ਪਿਆ।
ਨੇਹਾ ਨੇ ਕਿਹਾ, "ਜਦੋਂ ਉਸ ਨੇ ਮੈਨੂੰ ਪਹਿਲੀ ਵਾਰ ਬੁਰੇ ਤਰੀਕੇ ਨਾਲ ਮਾਰਿਆ ਤਾਂ ਮੈਨੂੰ ਬਹੁਤ ਬੁਰਾ ਲੱਗਿਆ। ਮੈਂ ਕੋਈ ਅਨਪੜ੍ਹ ਔਰਤ ਨਹੀਂ ਸੀ ਜੋ ਉਹ ਮੇਰੇ ਨਾਲ ਅਜਿਹਾ ਸਲੂਕ ਕਰੇ।"
ਅੰਗਰੇਜ਼ੀ ਤੇ ਕਾਨੂੰਨੀ ਜਾਣਕਾਰੀ ਹੈ ਚੁਣੌਤੀ
"ਉਹ ਮੈਨੂੰ ਇੰਨੇ ਬੁਰੇ ਤਰੀਕੇ ਨਾਲ ਕੁੱਟਦਾ ਸੀ ਕਿ ਮੇਰੇ ਸਰੀਰ 'ਤੇ ਕਈ ਨਿਸ਼ਾਨ ਪੈ ਜਾਂਦੇ ਸੀ।"
"ਮੈਂ ਚੁੱਪ ਰਹਿੰਦੀ ਸੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਸਮਾਜ ਕੀ ਸੋਚੇਗਾ। ਮੇਰੇ ਪਤੀ ਨੂੰ ਪਤਾ ਸੀ ਕਿ ਮੈਂ ਕਿਤੇ ਨਹੀਂ ਜਾਵਾਂਗੀ।"
"ਮੇਰਾ ਆਤਮ ਵਿਸ਼ਵਾਸ ਕਮਜ਼ੋਰ ਹੋਣਾ ਸ਼ੁਰੂ ਹੋ ਗਿਆ ਸੀ। ਮੈਂ ਖੁਦ ਤੋਂ ਸਵਾਲ ਕਰਦੀ ਸੀ ਕਿ ਮੈਨੂੰ ਮਰ ਜਾਣਾ ਚਾਹੀਦਾ ਹੈ। ਭਾਸ਼ਾ ਵੀ ਇੱਕ ਸਮੱਸਿਆ ਸੀ ਅਤੇ ਕੋਈ ਸਾਥੀ ਵੀ ਨਹੀਂ ਸੀ ਜਿਸ ਨੂੰ ਮੈਂ ਆਪਣੀ ਸਮੱਸਿਆ ਦੱਸ ਸਕਾਂ।"
"ਇੱਕ ਦਿਨ ਜਦੋਂ ਗੁਆਂਢੀ ਨੇ ਸ਼ੋਰ ਸੁਣਿਆ ਤਾਂ ਉਸ ਨੇ ਪੁਲਿਸ ਸੱਦ ਲਈ।"
ਆਸਟ੍ਰੇਲੀਆ ਵਿੱਚ ਘਰੇਲੂ ਹਿੰਸਾ ਖਿਲਾਫ਼ ਸਖ਼ਤ ਕਾਨੂੰਨ ਹਨ। ਜਦੋਂ ਕੋਈ ਔਰਤ ਹੈੱਲਪਲਾਈਨ 'ਤੇ ਫੋਨ ਕਰਦੀ ਹੈ ਤਾਂ ਪੁਲਿਸ ਛੇਤੀ ਕਾਰਵਾਈ ਕਰਦੀ ਹੈ ਪਰ ਅੰਗਰੇਜ਼ੀ ਅਤੇ ਸਥਾਨਕ ਕਾਨੂੰਨ ਦੀ ਘੱਟ ਜਾਣਕਾਰੀ ਭਾਰਤੀ ਔਰਤਾਂ ਲਈ ਚੁਣੌਤੀਆਂ ਬਣ ਜਾਂਦੀਆਂ ਹਨ।

ਤਸਵੀਰ ਸਰੋਤ, Neha
ਬੀਤੇ ਇੱਕ ਦਹਾਕੇ ਤੋਂ ਵੱਡੀ ਗਿਣਤੀ ਵਿੱਚ ਭਾਰਤੀ ਆਸਟ੍ਰੇਲੀਆ ਪਹੁੰਚ ਰਹੇ ਹਨ ਪਰ ਉਨ੍ਹਾਂ ਨੂੰ ਆਸਟ੍ਰੇਲੀਆ ਦੇ ਸਮਾਜ ਅਤੇ ਕਾਨੂੰਨ ਬਾਰੇ ਮਾੜੀ ਜਾਣਕਾਰੀ ਹੈ।
ਮਾੜੀ ਮਾਲੀ ਹਾਲਤ, ਕੋਈ ਪਰਿਵਾਰਕ ਅਤੇ ਮਾਨਸਿਕ ਹਮਦਰਦੀ ਨਾ ਹੋਣਾ ਹਾਲਾਤ ਹੋਰ ਖਰਾਬ ਕਰਦਾ ਹੈ ਅਤੇ ਘਰੇਲੂ ਹਿੰਸਾ ਵਿੱਚ ਵਾਧਾ ਦੇਖਿਆ ਜਾਂਦਾ ਹੈ।
ਧਮਕਾਉਂਦੇ ਹਨ ਪਤੀ
ਆਸਟ੍ਰੇਲੀਆ ਵਿੱਚ ਭਾਰਤੀ ਭਾਈਚਾਰੇ ਦੇ ਆਗੂਆਂ ਮੁਤਾਬਕ ਘਰੇਲੂ ਹਿੰਸਾ ਦੇ ਕੋਈ ਸਪਸ਼ਟ ਅੰਕੜੇ ਤਾਂ ਮੌਜੂਦ ਨਹੀਂ ਹਨ ਪਰ ਇਨ੍ਹਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ।
ਜਤਿੰਦਰ ਕੌਰ ਨੇ ਦੱਸਿਆ, "ਮੇਰੇ ਸਾਹਮਣੇ ਇੱਕ ਕੇਸ ਆਇਆ ਜਿਸ ਵਿੱਚ ਇੱਕ ਪਤੀ ਨੇ ਆਪਣੀ ਪਤਨੀ ਨੂੰ 18 ਮਹੀਨਿਆਂ ਤੱਕ ਘਰ ਵਿੱਚ ਕੈਦ ਕੀਤਾ ਹੋਇਆ ਸੀ।"
"ਉਸ ਦਾ ਪਤੀ ਬਾਹਰੋਂ ਦਰਵਾਜ਼ੇ ਬੰਦ ਕਰ ਕੇ ਬਾਹਰ ਜਾਂਦਾ ਸੀ। ਉਸ ਨੂੰ ਬਾਜ਼ਾਰ ਵੀ ਨਹੀਂ ਜਾਣ ਨਹੀਂ ਦਿੰਦਾ ਸੀ। ਉਸ ਨੂੰ ਅੰਗਰੇਜ਼ੀ ਦਾ ਇੱਕ ਸ਼ਬਦ ਵੀ ਨਹੀਂ ਆਉਂਦਾ ਸੀ। ਅਜਿਹਾ ਕਾਫੀ ਔਰਤਾਂ ਨਾਲ ਵਾਪਰਦਾ ਹੈ।"
ਕਈ ਭਾਰਤੀ ਪਤੀ ਆਪਣੀਆਂ ਪਤਨੀਆਂ ਨੂੰ ਧਮਕਾਉਂਦੇ ਹਨ ਕਿ ਜੇ ਉਨ੍ਹਾਂ ਨੇ ਕਹਿਣਾ ਨਾ ਮੰਨਿਆ ਤਾਂ ਉਹ ਉਨ੍ਹਾਂ ਨੂੰ ਭਾਰਤ ਵਾਪਸ ਭੇਜ ਦੇਣਗੇ ਅਤੇ ਸਮਾਜ ਵਿੱਚ ਸ਼ਰਮਿੰਦਗੀ ਮਹਿਸੂਸ ਹੋਵੇਗੀ।

ਜਤਿੰਦਰ ਮੁਤਾਬਕ, "ਪਤੀ ਤੋਂ ਵੱਖ ਰਹਿਣਾ ਜਾਂ ਤਲਾਕ ਲੈਣਾ ਕਾਫੀ ਬੁਰਾ ਮੰਨਿਆ ਜਾਂਦਾ ਹੈ।"
ਜਤਿੰਦਰ ਦਾ ਮੰਨਣਾ ਹੈ ਕਿ ਅਜਿਹੇ ਮਾਮਲਿਆਂ ਨਾਲ ਨਜਿੱਠਣ ਦੇ ਲਈ ਜੱਜਾਂ ਦੇ ਪੁਲਿਸ ਮੁਲਾਜ਼ਮਾਂ ਨੂੰ ਟਰੇਨਿੰਗ ਦਿੱਤਾ ਜਾਣੀ ਚਾਹੀਦੀ ਹੈ।
ਜਤਿੰਦਰ ਨੇ ਦੱਸਿਆ, "ਪੁਲਿਸ ਕਈ ਵਾਰ ਭਾਸ਼ਾ ਦੇ ਸਮਝਣ ਲਈ ਕਿਸੇ ਭਾਸ਼ਾ ਵਿਗਿਆਨੀ ਦੀ ਮਦਦ ਲੈਣ ਤੋਂ ਪਰਹੇਜ਼ ਕਰਦੀ ਹੈ। ਮੇਰੇ ਕੋਲ ਕਈ ਲੋਕ ਆਉਂਦੇ ਹਨ ਜੋ ਕਹਿੰਦੇ ਹਨ ਕਿ ਉਨ੍ਹਾਂ ਨੇ ਉਹੀ ਕੀਤਾ ਜੋ ਉਨ੍ਹਾਂ ਨੂੰ ਪੁਲਿਸ ਨੇ ਕਰਨ ਨੂੰ ਕਿਹਾ।"
"ਜੇ ਪੁਲਿਸ ਅਫਸਰ ਉਨ੍ਹਾਂ ਦੀ ਗੱਲ ਨਹੀਂ ਸਮਝ ਪਾਉਂਦੇ ਤਾਂ ਉਹ ਉਨ੍ਹਾਂ ਨੂੰ ਸੁਰੱਖਿਆ ਕਰਨ ਬਾਰੇ ਸਮਝਾਉਂਦੇ ਹਨ।"
ਮਰਦ ਵੀ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੇ ਹਨ ਪਰ ਅਜਿਹੇ ਮਾਮਲੇ ਕਾਫੀ ਘੱਟ ਹਨ।













