ਟਰੰਪ ਨੇ ਪੋਰਨ ਸਟਾਰ ਨੂੰ ਚੁੱਪ ਕਰਾਉਣ ਲਈ ਦਿੱਤੇ ਸਨ ਡਾਲਰ

ਪੋਰਨ ਸਟਾਰ ਨੂੰ ਕੀਤੀ ਗਈ ਅਦਾਇਗੀ

ਤਸਵੀਰ ਸਰੋਤ, Getty Images

ਲੰਬੇ ਸਮੇਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਕੀਲ ਨੇ ਪੋਰਨ ਫਿਲਮਾਂ ਦੀ ਅਦਾਕਾਰ ਨੂੰ 1,30,000 ਅਮਰੀਕੀ ਡਾਲਰ ਦਾ ਅਦਾਇਗੀ ਦੀ ਗੱਲ ਸਵੀਕਾਰ ਕਰ ਲਈ ਹੈ।

ਨਿਊਯਾਰਕ ਟਾਈਮਜ਼ ਨੂੰ ਦਿੱਤੇ ਬਿਆਨ ਵਿੱਚ ਟਰੰਪ ਦੇ ਵਕੀਲ ਨੇ ਮੰਨਿਆ ਕਿ ਪੋਰਨ ਅਦਾਕਾਰਾ ਨੂੰ 2016 ਵਿੱਚ ਇਹ ਰਕਮ ਅਦਾ ਕੀਤੀ ਗਈ ਸੀ।

ਟਰੰਪ ਦੇ ਵਕੀਲ ਨੇ ਇਹ ਬਿਆਨ ਅਮਰੀਕੀ ਮੀਡੀਆ 'ਚ ਛਪੀਆਂ ਉਨ੍ਹਾਂ ਖ਼ਬਰਾਂ ਦੇ ਜਵਾਬ ਵਿੱਚ ਦਿੱਤਾ ਹੈ , ਜਿਨ੍ਹਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਟਰੰਪ ਨਾਲ ਕਥਿਤ ਸਬੰਧਾਂ ਬਾਰੇ ਰੌਲ਼ਾ ਨਾ ਪਾਉਣ ਲਈ ਸਟੌਰਮੀ ਡੇਨੀਅਲਜ਼ ਨਾਲ ਇਹ ਸੌਦਾ ਕੀਤਾ ਗਿਆ ਸੀ।

ਇਸ ਅਦਾਕਾਰਾ ਨੇ ਇੱਕ ਮੁਲਾਕਾਤ ਦੌਰਾਨ 2011 ਵਿੱਚ ਪਹਿਲੀ ਵਾਰ ਟਰੰਪ ਨਾਲ ਸਬੰਧ ਹੋਣ ਦਾ ਖੁਲਾਸਾ ਕੀਤਾ ਸੀ।

ਦਿਲਚਸਪ ਗੱਲ ਇਹ ਹੈ ਕਿ ਵਕੀਲ ਨੇ ਟਰੰਪ ਦੇ ਹਵਾਲੇ ਨਾਲ ਅਜਿਹੀ ਅਦਾਇਗੀ ਤੋਂ ਸਾਫ਼ ਇਨਕਾਰ ਕੀਤਾ ਸੀ। ਮਾਈਕਲ ਡੀ ਕੋਹੇਨ ਨੇ ਕਿਹਾ ਸੀ, ''ਨਾ ਟਰੰਪ ਦੇ ਸੰਗਠਨ ਅਤੇ ਨਾ ਹੀ ਟਰੰਪ ਕੰਪੇਨ ਮਿਸ ਕਲਿਫੋਰਡ ਨੂੰ ਅਦਾਇਗੀ ਵਿੱਚ ਸ਼ਾਮਲ ਸਨ।''

ਪੋਰਨ ਸਟਾਰ ਨੂੰ ਕੀਤੀ ਗਈ ਅਦਾਇਗੀ

ਤਸਵੀਰ ਸਰੋਤ, Getty Images

''ਉਹ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਇਸ ਅਦਾਇਗੀ ਵਿੱਚ ਸ਼ਾਮਲ ਨਹੀਂ ਸਨ।''

ਉਨ੍ਹਾਂ ਕਿਹਾ ਕੌਮੀ ਚੋਣ ਕਮਿਸ਼ਨ ਨੂੰ ਕੀਤੀ ਗਈ ਇੱਕ ਸ਼ਿਕਾਇਤ ਦੇ ਜਵਾਬ ਵਿੱਚ ਉਸਨੇ ਅਜਿਹਾ ਬਿਆਨ ਹੀ ਦਿੱਤਾ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ ਕਿ ਸਿਆਸੀ ਪ੍ਰਚਾਰ ਲਈ ਇਕੱਠੇ ਕੀਤੇ ਪੈਸੇ ਦੀ ਗਲਤ ਵਰਤੋਂ ਕੀਤੀ ਗਈ ਹੈ।

ਕੋਹੇਨ ਨੇ ਦਾਅਵਾ ਕੀਤਾ ਕਿ ਮਿਸ ਕਲਿਫੋਰਡ ਨੂੰ ਕੀਤੀ ਗਈ ਅਦਾਇਗੀ ਕਾਨੂੰਨੀ ਸੀ ਅਤੇ ਇਹ ਪੈਸਾ ਟਰੰਪ ਦੀ ਸਿਆਸੀ ਮੁਹਿੰਮ ਦੌਰਾਨ ਇਕੱਠੇ ਹੋਏ ਫੰਡ ਦਾ ਹਿੱਸਾ ਨਹੀਂ ਸੀ।

ਗੌਰਤਲਬ ਹੈ ਕਿ 2011 ਵਿੱਚ 'ਟੱਚ' ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਦੌਰਾਨ ਪੋਰਨ ਫਿਲਮ ਅਦਾਕਾਰਾ ਨੇ ਦਾਅਵਾ ਕੀਤਾ ਸੀ ਕਿ ਸਾਲ 2006 ਵਿੱਚ ਜਦੋਂ ਮੇਲਾਨੀਆ ਨੇ ਮੁੰਡੇ ਨੂੰ ਜਨਮ ਦਿੱਤਾ ਸੀ ਉਦੋਂ ਟਰੰਪ ਨਾਲ ਉਸ ਦਾ ਸਬੰਧ ਬਣਿਆ ਸੀ।

ਪੋਰਨ ਸਟਾਰ ਨੂੰ ਕੀਤੀ ਗਈ ਅਦਾਇਗੀ

ਤਸਵੀਰ ਸਰੋਤ, Getty Images

ਜਨਵਰੀ ਵਿੱਚ ਵਾਲ ਸਟਰੀਟ ਦੀ ਖ਼ਬਰ ਕਿ 2016 ਦੇ ਚੋਣ ਪ੍ਰਚਾਰ ਦੌਰਾਨ ਪੋਰਨ ਅਦਾਕਾਰਾ ਨੂੰ ਚੁੱਪ ਕਰਵਾਉਣ ਲਈ ਪੈਸਾ ਦਿੱਤਾ ਗਿਆ ਸੀ, ਨੇ ਇਸ ਮਾਮਲੇ ਨੂੰ ਮੁੜ ਗਰਮਾ ਦਿੱਤਾ ਸੀ।

ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਮਿਸ ਕਲਿਫੋਰਡ ਉਸ ਸਮੇਂ ਮੀਡੀਆ ਦੇ ਮੁੜ ਸੰਪਰਕ ਵਿੱਚ ਸੀ ਅਤੇ ਉਹ ਟਰੰਪ ਨਾਲ ਆਪਣੇ ਰਿਸ਼ਤਿਆ ਬਾਰੇ ਗੱਲ ਕਰਨ ਲਈ ਜਨਤਕ ਹੋ ਸਕਦੀ ਹੈ।

ਨਿਊਯਾਰਕ ਟਾਈਮਜ਼ ਨੇ ਕਿਹਾ ਕਿ ਮਿਸ ਕਲਿਫੋਰਡ ਨੇ ਇਸ ਸਵਾਲ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿ ਟਰੰਪ ਨੇ ਉਸ ਨੂੰ ਕਿਸ ਗੱਲ ਲਈ ਇੰਨੀ ਮੋਟੀ ਰਕਮ ਦਿੱਤੀ ਸੀ।

ਜਨਵਰੀ ਵਿੱਚ ਨਿਊਯਾਰਕ ਟਾਈਮਜ਼ ਦੀ ਰਿਪੋਰਟ ਤੋਂ ਬਾਅਦ ਵਕੀਲ ਡੇਨੀਅਲ ਨੇ ਬਿਆਨ ਜਾਰੀ ਕਰਕੇ ਮੀਡੀਆ ਦੇ ਦਾਅਵੇ ਨੂੰ ਰੱਦ ਕੀਤਾ ਸੀ। ਉਸਨੇ ਕਈ ਵਾਰ ਟੀਵੀ ਅਤੇ ਰੇਡੀਓ ਉੱਤੇ ਵੀ ਇਹੀ ਦਾਅਵਾ ਕੀਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)