ਰੂਸੀ ਰਾਸ਼ਟਰਪਤੀ ਚੋਣਾਂ꞉ ਵਿਰੋਧੀ ਧਿਰ ਦੇ ਆਗੂ ਨੈਵੇਲਨੀ ਨਜ਼ਰਬੰਦ

ਰਾਜਧਾਨੀ ਮਾਸਕੋ ਵਿੱਚ ਰੂਸ ਦੀਆਂ ਰਾਸ਼ਟਰਪਤੀ ਚੋਣਾਂ ਦੇ ਬਾਈਕਾਟ ਨੂੰ ਲੈ ਕੇ ਕੀਤੇ ਜਾ ਰਹੇ ਇੱਕ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਕਰਕੇ ਵਿਰੋਧੀ ਧਿਰ ਦੇ ਆਗੂ ਅਲੈਕਸੀ ਨੈਵੇਲਨੀ ਨੂੰ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ ਹੈ।

ਨੈਵੇਲਨੀ ਨੇ ਰੂਸੀ ਭਾਸ਼ਾ ਵਿੱਚ ਇੱਕ ਟਵੀਟ ਕਰਕੇ ਦੱਸਿਆ ਕਿ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ।

ਇਸਦੇ ਨਾਲ ਹੀ ਉਨ੍ਹਾਂ ਆਪਣੇ ਹਮਾਇਤੀਆਂ ਨੂੰ ਕਿਹਾ ਕਿ ਉਹ ਦੇਸ ਭਰ ਵਿੱਚ ਹੋ ਰਹੇ ਧਰਨੇ ਪ੍ਰਦਰਸ਼ਨਾਂ ਵਿੱਚ ਜ਼ਰੂਰ ਸ਼ਾਮਲ ਹੋਣ।

ਇਸ ਤੋਂ ਪਹਿਲਾਂ ਪੁਲਿਸ ਨੇ ਉਨ੍ਹਾਂ ਦੇ ਘਰ ਛਾਪਾ ਮਾਰ ਕੇ ਕੁੱਝ ਉਪਕਰਨ ਵੀ ਆਪਣੇ ਕਬਜ਼ੇ ਵਿੱਚ ਲੈ ਲਏ ਸਨ।

ਪੂਰੇ ਦੇਸ ਵਿੱਚ 180 ਤੋਂ ਵੱਧ ਵਿਅਕਤੀ ਨਜ਼ਰਬੰਦ ਕੀਤੇ ਜਾ ਚੁੱਕੇ ਹਨ।

ਨੈਵੇਲਨੀ ਪੂਤਿਨ ਦੇ ਕੱਟੜ ਵਿਰੋਧੀ

ਨੈਵੇਲਨੀ ਰਾਸ਼ਟਰਪਤੀ ਪੂਤਿਨ ਦੇ ਕੱਟੜ ਵਿਰੋਧੀ ਹਨ ਤੇ ਉਨ੍ਹਾਂ ਉੱਪਰ ਚੋਣਾਂ ਲੜਨ 'ਤੇ ਪਾਬੰਦੀ ਲੱਗੀ ਹੋਈ ਹੈ।

ਉਨ੍ਹਾਂ ਦੇ ਟਵਿਟਰ ਹੈਂਡਲ 'ਤੇ ਪਾਈਆਂ ਤਸਵੀਰਾਂ ਵਿੱਚ ਉਹ ਹਿਰਾਸਤ ਵਿੱਚ ਲੈਂਦੇ ਸਮੇਂ ਜ਼ਮੀਨ ਤੇ ਲਿਟਾਉਂਦੇ ਦੇਖੇ ਜਾ ਸਕਦੇ ਹਨ।

ਇਸ ਮਗਰੋਂ ਉਨ੍ਹਾਂ ਟਵੀਟ ਕੀਤਾ, "ਕਿਸੇ ਇੱਕ ਨੂੰ ਫੜ ਲੈਣਾ ਬੇਅਰਥ ਹੈ ਜਦੋਂ ਕਿ ਅਸੀਂ ਬਹੁਤ ਜ਼ਿਆਦਾ ਹਾਂ। ਕੋਈ ਆਓ ਤੇ ਮੇਰੀ ਥਾਂ ਲਓ।"

ਰੂਸ ਦੇ ਕਈ ਸ਼ਹਿਰਾਂ ਵਿੱਚ ਧਰਨੇ-ਪ੍ਰਦਰਸ਼ਨ ਚੱਲ ਰਹੇ ਹਨ। ਮਾਸਕੋ ਤੇ ਸੈਂਟ ਪੀਟਰਜ਼ਬਰਗ ਵਿੱਚ ਅਧਿਕਾਰੀਆਂ ਨੇ ਇਨ੍ਹਾਂ ਦੀ ਮੰਜ਼ੂਰੀ ਨਹੀਂ ਦਿੱਤੀ ਸੀ।

ਪੁਲਿਸ ਦਾ ਨੈਵੇਲਨੀ ਦੇ ਸੰਗਠਨ 'ਤੇ ਛਾਪਾ

ਐਤਵਾਰ ਨੂੰ ਰੂਸੀ ਪੁਲਿਸ ਨੇ ਨੈਵੇਲਨੀ ਦੀ ਭ੍ਰਿਟਾਚਾਰ ਵਿਰੋਧੀ ਸੰਗਠਨ ਦੀ ਮਾਸਕੋ ਵਿਚਲੀ ਜਾਇਦਾਦ 'ਤੇ ਛਾਪਾ ਮਾਰਿਆ।

ਯੂ ਟਿਊਬ 'ਤੇ ਅਪਲੋਡ ਇੱਕ ਵੀਡੀਓ ਵਿੱਚ ਇਹ ਛਾਪਾ ਦੇਖਿਆ ਜਾ ਸਕਦਾ ਹੈ।

ਨੈਵੇਲਨੀ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੇ ਦਾਖਲ ਹੋਣ ਲਈ ਭਾਰੀ ਔਜ਼ਾਰ ਦੀ ਵਰਤੋਂ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਇਮਾਰਤ ਵਿੱਚ ਬੰਬ ਹੋਣ ਦਾ ਖ਼ਦਸ਼ਾ ਹੈ।

ਨੈਵੇਲਨੀ ਕਹਿੰਦੇ ਰਹੇ ਹਨ ਕਿ ਆਗਾਮੀ ਰਾਸ਼ਟਰਪਤੀ ਚੋਣਾਂ ਵਿੱਚ ਇਮਾਨਦਾਰੀ ਨਹੀ ਬਰਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਸਾਰੇ ਦੇਸ ਵਿੱਚ ਹੀ ਨੈਵੇਲਨੀ ਦੇ ਹਮਾਇਤੀਆਂ 'ਤੇ ਦਬਾਅ ਪਾਇਆ ਜਾ ਰਿਹਾ ਸੀ।

ਨੈਵੇਲਨੀ ਕਹਿੰਦੇ ਰਹੇ ਹਨ ਕਿ ਉਹ ਪੂਤਿਨ ਨੂੰ ਬਰਾਬਰੀ ਦੇ ਮੁਕਾਬਲੇ ਵਿੱਚ ਹਰਾ ਸਕਦੇ ਹਨ।

ਉਨ੍ਹਾਂ 'ਤੇ ਅਪਰਾਧਿਕ ਮਾਮਲਿਆਂ ਦੇ ਚਲਦੇ ਚੋਣਾਂ ਲੜਨ ਤੋਂ ਪਾਬੰਦੀ ਲਾਈ ਗਈ ਹੈ।

2011-12 ਦੀਆਂ ਸਰਦੀਆਂ ਵਿੱਚ ਨੈਵੇਲਨੀ ਨੇ ਵਿਸ਼ਾਲ ਜਨਤਕ ਪ੍ਰਦਰਸ਼ਨਾਂ ਦੀ ਅਗਵਾਈ ਕੀਤੀ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ