ਆਖ਼ਰੀ ਵਾਰ ਕਦੋਂ ਤੇਜ਼ ਪਿੱਚ ’ਤੇ ਭਾਰਤ ਨੇ ਸੀਰੀਜ਼ ਜਿੱਤੀ?

ਤਸਵੀਰ ਸਰੋਤ, Getty Images
ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਜਾਰੀ ਸੀਰੀਜ਼, ਭਾਰਤ 2-0 ਨਾਲ ਹਾਰ ਚੁੱਕਾ ਹੈ। ਭਾਰਤੀ ਬੱਲੇਬਾਜ਼ੀ ਦੱਖਣੀ ਅਫਰੀਕਾ ਦੀਆਂ ਤੇਜ਼ ਪਿੱਚਾਂ 'ਤੇ ਫੇਲ੍ਹ ਸਾਬਿਤ ਹੋਈ।
ਕਿਹਾ ਜਾਂਦਾ ਹੈ ਕਿ ਜੇ ਤੁਸੀਂ ਟੈਸਟ ਮੈਚ ਜਿੱਤਣਾ ਹੈ ਤਾਂ ਤੁਹਾਡੇ ਗੇਂਦਬਾਜ਼ ਵਿਰੋਧੀ ਟੀਮ ਦੇ 20 ਵਿਕਟ ਲੈਣ ਦੇ ਕਾਬਿਲ ਹੋਣੇ ਚਾਹੀਦੇ ਹਨ।
ਮੌਜੂਦਾ ਦੱਖਣੀ ਅਫਰੀਕਾ ਦੇ ਦੌਰੇ 'ਤੇ ਗੇਂਦਬਾਜ਼ੀ ਵਿੱਚ ਤਾਂ ਪ੍ਰਦਰਸ਼ਨ ਨਜ਼ਰ ਆਇਆ ਪਰ ਭਾਰਤੀ ਬੱਲੇਬਾਜ਼ੀ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਅੱਗੇ ਟਿਕ ਨਹੀਂ ਸਕੀ।
ਤੇਜ਼ ਪਿੱਚ 'ਤੇ ਫੇਲ੍ਹ!
ਤੇਜ਼ ਪਿੱਚਾਂ ਹਮੇਸ਼ਾ ਹੀ ਭਾਰਤੀ ਬੱਲੇਬਾਜ਼ੀ ਲਈ ਚੁਣੌਤੀ ਭਰਪੂਰ ਰਹੀਆਂ ਹਨ।
ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਂ ਦੱਖਣੀ ਅਫਰੀਕਾ, ਹਰ ਥਾਂ 'ਤੇ ਤੇਜ਼ ਰਫ਼ਤਾਰ ਅੱਗੇ ਭਾਰਤੀ ਬੱਲੇਬਾਜ਼ਾਂ ਨੇ ਗੋਡੇ ਟੇਕ ਦਿੱਤੇ।
ਦੇਸ ਤੋਂ ਬਾਹਰ ਭਾਰਤ ਨੇ ਹੁਣ ਤੱਕ 256 ਮੈਚ ਖੇਡੇ ਹਨ। ਇਨ੍ਹਾਂ ਮੈਚਾਂ ਵਿੱਚ ਸਿਰਫ਼ 45 ਮੈਚ ਹੀ ਭਾਰਤ ਜਿੱਤ ਸਕਿਆ ਹੈ ਜਦਕਿ 108 ਮੈਚਾਂ ਵਿੱਚ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

ਤਸਵੀਰ ਸਰੋਤ, Getty Images
1992-93 ਤੋਂ ਲੈ ਕੇ ਹੁਣ ਤੱਕ ਦੱਖਣੀ ਅਫਰੀਕਾ ਵਿੱਚ ਭਾਰਤ ਨੇ 7 ਸੀਰੀਜ਼ ਖੇਡੀਆਂ ਤੇ ਇੱਕ ਵੀ ਨਹੀਂ ਜਿੱਤੀ। ਇਨ੍ਹਾਂ ਵਿੱਚ ਖੇਡੇ 19 ਮੈਚਾਂ ਵਿੱਚੋਂ ਸਿਰਫ਼ 2 ਮੈਚ ਹੀ ਭਾਰਤ ਨੇ ਜਿੱਤੇ।
ਹੁਣ ਤੱਕ ਭਾਰਤ ਆਸਟ੍ਰੇਲੀਆ ਦੀ ਧਰਤੀ 'ਤੇ ਇੱਕ ਵੀ ਸੀਰੀਜ਼ ਨਾ ਜਿੱਤ ਸਕਿਆ। ਉੱਥੇ ਖੇਡੇ 44 ਟੈਸਟ ਮੈਚਾਂ ਵਿੱਚੋਂ ਭਾਰਤ ਨੇ ਸਿਰਫ਼ ਪੰਜ ਟੈਸਟ ਜਿੱਤੇ ਹਨ।
ਇੰਗਲੈਂਡ ਵਿੱਚ ਭਾਰਤ 3 ਸੀਰੀਜ਼ ਜਿੱਤ ਚੁੱਕਾ ਹੈ ਪਰ ਭਾਰਤ ਦਾ ਰਿਕਾਰਡ ਉੱਥੇ ਵੀ ਬਹੁਤ ਮਾੜਾ ਹੀ ਰਿਹਾ ਹੈ।

ਤਸਵੀਰ ਸਰੋਤ, Getty Images
ਭਾਰਤ ਨੇ ਆਪਣਾ ਪਹਿਲਾ ਟੈਸਟ ਮੈਚ ਇੰਗਲੈਂਡ ਨਾਲ ਖੇਡਿਆ ਪਰ ਹੁਣ ਤੱਕ ਖੇਡੇ 59 ਮੈਚਾਂ ਵਿੱਚੋਂ ਭਾਰਤ ਨੇ ਕੇਵਲ 6 ਮੈਚ ਹੀ ਜਿੱਤੇ ਹਨ।
ਨਿਊਜ਼ੀਲੈਂਡ ਵਿੱਚ ਵੀ ਭਾਰਤ ਦਾ ਰਿਕਾਰਡ ਵਧੀਆ ਨਹੀਂ ਹੈ। ਉੱਥੇ ਖੇਡੇ ਗਏ 23 ਮੈਚਾਂ ਵਿੱਚੋਂ 5 ਹੀ ਜਿੱਤੇ ਹਨ। ਉੱਥੇ ਭਾਰਤ ਨੇ ਸਿਰਫ਼ 2 ਸੀਰੀਜ਼ ਹੀ ਜਿੱਤੀਆਂ ਹਨ।
ਭਾਰਤ ਨੇ ਤੇਜ਼ ਪਿੱਚਾਂ 'ਤੇ ਆਪਣੀ ਆਖਰੀ ਸੀਰੀਜ਼ ਜਿੱਤ ਨਿਊਜ਼ੀਲੈਂਡ ਵਿੱਚ ਹੀ 2008-09 ਵਿੱਚ ਦਰਜ ਕੀਤੀ ਹੈ।












