ਚੀਨ 'ਚ #MeToo ਮੁਹਿੰਮ ਹੇਠ ਦੋਸ਼ੀ ਐਲਾਨੇ ਯੂਨੀਵਰਸਿਟੀ ਪ੍ਰੋਫੈਸਰ ਦੀ ਨੌਕਰੀ ਤੋਂ ਛੁੱਟੀ

ਤਸਵੀਰ ਸਰੋਤ, AFP/Getty Images
ਜਿਨਸੀ ਦੁਰਾਚਾਰ ਦੇ ਦੋਸ਼ੀ ਪ੍ਰੋਫੈਸਰ ਨੂੰ ਚੀਨੀ ਯੂਨੀਵਰਸਿਟੀ ਵਿਚੋਂ ਉਸ ਵੇਲੇ ਕੱਢਿਆ, ਜਦੋਂ ਸਾਬਕਾ ਵਿਦਿਆਰਥੀ ਨੇ ਉਸ ਦਾ ਨਾਂ #MeToo ਮੁਹਿੰਮ ਦੌਰਾਨ ਲਿਆ।
ਬੀਜਿੰਗ ਦੀ ਬੇਇਹਾਂਗ ਯੂਨੀਵਰਸਿਟੀ ਦੇ ਬੁਲਾਰੇ ਨੇ ਕਿਹਾ ਕਿ ਜਾਂਚ ਤੋਂ ਇਹ ਸਾਬਤ ਹੋਇਆ ਕਿ ਚੇਨ ਜ਼ਿਆਓਵੋ ਨੇ ਇੱਕ ਵਿਦਿਆਰਥਣ ਨਾਲ ਜਿਨਸੀ ਦੁਰਾਚਾਰ ਕੀਤਾ।
ਸਾਬਕਾ ਵਿਦਿਆਰਥਣ ਲੂਓ ਜ਼ਿਸ਼ੀ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਚੀਨ ਦੀ ਸੋਸ਼ਲ ਮੀਡੀਆ ਸਾਈਟ ਵੇਇਬੋ (Weibo) 'ਤੇ ਆਪਣੀ ਪੁਰਾਣੀ ਕਹਾਣੀ ਸਾਂਝੀ ਕੀਤੀ।
ਉਸ ਦਾ ਅਕਾਊਂਟ ਵਾਇਰਲ ਹੋ ਗਿਆ, ਜਿਸ ਨੂੰ ਚੀਨ ਦੀ ਪਹਿਲੀ ਵਿਆਪਕ ਤੌਰ 'ਤੇ ਸਾਂਝੀ ਕੀਤੀ #MeToo ਮੁਹਿੰਮ ਬਣ ਗਈ।
ਲੂਓ ਜੋ ਕਿ ਹੁਣ ਅਮਰੀਕਾ ਵਿੱਚ ਰਹਿੰਦੀ ਹੈ ਨੇ ਪਹਿਲਾਂ ਬੀਬੀਸੀ ਦੱਸਿਆ ਸੀ ਕਿ ਪੱਛਮ ਵਿੱਚ #MeToo ਮੁਹਿੰਮ ਨੇ ਉਸ ਨੂੰ ਕਾਫ਼ੀ ਹਿੰਮਤ ਦਿੱਤੀ।
ਆਪਣੀ ਪੋਸਟ ਉਸ ਨੇ ਕਿਹਾ ਕਿ ਚੇਨ ਨੇ 13 ਸਾਲ ਪਹਿਲਾ ਉਸ ਨਾਲ ਜਿਨਸੀ ਛੇੜਖ਼ਾਨੀ ਕੀਤੀ ਸੀ। ਪਰ ਜਦੋਂ ਉਸ ਨੇ ਰੋਣਾ ਸ਼ੁਰੂ ਕੀਤਾ ਤਾਂ ਉਹ ਰੁਕ ਗਿਆ।

ਤਸਵੀਰ ਸਰੋਤ, BUAA
ਉਸ ਤੱਕ ਹੋਰ ਵੀ ਔਰਤਾਂ ਨੇ ਪਹੁੰਚ ਕੀਤੀ, ਜਿਨ੍ਹਾਂ ਕਿਹਾ ਕਿ ਉਹ ਵੀ ਉਸੇ ਪ੍ਰੋਫੈਸਰ ਵੱਲੋਂ ਜਿਨਸੀ ਛੇੜਖ਼ਾਨੀ ਦਾ ਸ਼ਿਕਾਰ ਹੋਈਆਂ ਸਨ ਅਤੇ ਉਨ੍ਹਾਂ ਨੇ ਇਸ ਲਈ ਸਬੂਤ ਵੀ ਇਕੱਠੇ ਕੀਤੇ।
ਲੂਓ ਦੀ ਪੋਸਟ ਨੂੰ ਕੁਝ ਹੀ ਦਿਨਾਂ ਵਿੱਚ ਲੱਖਾਂ ਲੋਕਾਂ ਨੇ ਵੇਇਬੋ 'ਤੇ ਵੇਖਿਆ, ਜਿਸ ਨਾਲ ਚੀਨ ਵਿੱਚ ਜਿਨਸੀ ਸ਼ੋਸ਼ਣ ਨੂੰ ਲੈ ਕੇ ਗਰਮ ਬਹਿਸ ਸ਼ੁਰੂ ਹੋਈ।
ਵੀਰਵਾਰ ਨੂੰ ਬੇਇਹਾਂਗ ਯੂਨੀਵਰਸਿਟੀ ਨੇ ਐਲਾਨ ਕੀਤਾ ਕਿ ਚੇਨ ਨੇ ਯੂਨੀਵਰਸਿਟੀ ਕਾਨੂੰਨ ਦਾ ਘਾਣ ਕੀਤਾ।
ਉਸ ਨੂੰ ਯੂਨੀਵਰਸਿਟੀ ਦੇ ਗ੍ਰੈਜੂਏਟ ਪ੍ਰੋਗਰਾਮ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਹਟਾਇਆ ਗਿਆ ਅਤੇ ਉਸ ਦੇ ਪ੍ਰੋਫੈਸਰ ਵਜੋਂ ਪ੍ਰਮਾਣ ਪੱਤਰ ਵੀ ਰੱਦ ਕਰ ਦਿੱਤੇ ਗਏ ਹਨ।
ਯੂਨੀਵਰਸਿਟੀ ਨੇ ਵੇਇਬੋ 'ਤੇ ਇੱਕ ਪੋਸਟ ਰਾਹੀਂ ਕਿਹਾ, "ਇਸ ਨਾਲ ਬਾਕੀਆਂ ਨੂੰ ਸਿੱਖਿਆ ਮਿਲੇਗੀ।"
ਪ੍ਰੋਫੈਸਰ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।












