ਬਲਾਗ: ' ਹੁਣ ਪਾਕਿਸਤਾਨ ਦੀ ਇਸ ਚਰਚ ਦੇ ਬਾਹਰ ਕੋਈ ਮੈਰੀ ਕ੍ਰਿਸਮਸ ਨਹੀਂ ਕਹਿੰਦਾ'

ਤਸਵੀਰ ਸਰੋਤ, Getty Images
- ਲੇਖਕ, ਵੁਸਤੁੱਲਾਹ ਖ਼ਾਨ
- ਰੋਲ, ਪਾਕਿਸਤਾਨ ਤੋਂ ਬੀਬੀਸੀ ਦੇ ਲਈ
ਮੈਂ ਪਾਕਿਸਤਾਨੀ ਪੰਜਾਬ ਦੇ ਜਿਸ ਸ਼ਹਿਰ ਰਹੀਮਯਾਰ ਖਾਨ ਵਿੱਚ 55 ਸਾਲ ਪਹਿਲਾਂ ਜੰਮਿਆ, ਉੱਥੇ ਇੱਕ ਹੀ ਚਰਚ ਸੀ ਅਤੇ ਹੁਣ ਵੀ ਹੈ, ਸੇਂਟ ਐਂਡਰਿਊਜ਼ ਕੈਥੋਲਿਕ ਚਰਚ।
ਇਸ ਵਿੱਚ ਬਹੁਤੀ ਹਰਿਆਵਲ ਸੀ। ਇੰਨੇ ਦਰਖ਼ਤ ਸਨ ਕਿ ਗਰਮੀਆਂ ਵਿੱਚ ਵੀ ਠੰਡਕ ਮਹਿਸੂਸ ਹੁੰਦੀ ਸੀ। ਮੇਰਾ ਸਕੂਲ ਇਸ ਚਰਚ ਦੇ ਬਿਲਕੁਲ ਸਾਹਮਣੇ ਸੀ।
ਜਦੋਂ ਛੁੱਟੀ ਹੁੰਦੀ ਤਾਂ ਅਸੀਂ ਦੋ ਚਾਰ ਬੱਚੇ ਚਰਚ ਦਾ ਗੇਟ ਟੱਪ ਕੇ ਅੰਦਰ ਵੜ੍ਹ ਜਾਂਦੇ।

ਤਸਵੀਰ ਸਰੋਤ, Getty Images
ਰੌਲਾ-ਰੱਪਾ ਪਾਉਂਦੇ ਫ਼ਿਰ ਦਰਖ਼ਤਾ ਦੀ ਛਾਂਹ ਹੇਠ ਸੌਂ ਜਾਂਦੇ। ਇਸ ਚਰਚ ਵਿੱਚ ਇੱਕ ਫਿਲੀਪੀਨੋ ਨਨ ਸੀ, ਸਾਡੀ ਦਾਦੀ ਦੀ ਉਮਰ ਦੀ।
ਉਹ ਆਪਣੇ ਕਮਰੇ ਦੀ ਖਿੜਕੀ ਤੋਂ ਦੇਖਦੇ ਤਾਂ ਸਾਨੂੰ ਕੋਲ ਬੁਲਾਉਂਦੇ ਅਤੇ ਕਦੀ ਟੌਫੀਆਂ ਤਾਂ ਕਦੇ ਫਲ ਦਿੰਦੇ ਹੋਏ ਕਹਿੰਦੇ ਕਿ ਚੰਗੇ ਬੱਚੇ ਸ਼ੋਰ ਨੀ ਪਾਉਂਦੇ, ਖ਼ੁਦਾ ਨੂੰ ਸ਼ੋਰ ਪਸੰਦ ਨਹੀਂ ਹੈ।
ਚਰਚ ਨੂੰ ਅੱਗ ਲਗਾਉਣ ਦੀ ਕੋਸ਼ਿਸ਼
ਰੌਸ਼ਨੀ 'ਚ ਨਹਾਇਆ ਚਰਚ ਕ੍ਰਿਸਮਸ ਦੀ ਰਾਤ ਸਵੇਰੇ ਤੱਕ ਖੁੱਲ੍ਹਾ ਰਹਿੰਦਾ ਸੀ। ਕੋਈ ਵੀ ਅੰਦਰ ਸਰਵਿਸ ਵਿੱਚ ਜਾ ਕੇ ਖੜ੍ਹਾ ਹੋ ਸਕਦਾ ਸੀ।
ਇਮਾਰਤ ਦੇ ਬਾਹਰ ਇੱਕ ਵੱਡੇ ਮੇਜ਼ 'ਤੇ ਛੋਟੇ-ਛੋਟੇ ਕੇਕ ਅਤੇ ਝਾਲਰ ਦੀ ਸ਼ਖਲ ਵਿੱਚ ਫੁੱਲ ਸਜਾਏ ਜਾਂਦੇ। ਇੱਕ ਟੈਂਕੀ ਚਾਹ ਦੀ ਭਰ ਦਿੱਤੀ ਜਾਂਦੀ।
ਕੋਈ ਵੀ ਕੇਕ ਖਾ ਸਕਦਾ ਸੀ ਅਤੇ ਚਾਹ ਦੀਆਂ ਚੁਸਕੀਆਂ ਲੈ ਸਕਦਾ ਸੀ। ਅਸੀ ਬੱਚੇ ਵੀ ਵੱਡੇ ਹੋ ਰਹੇ ਸੀ ਤੇ ਫਿਲੀਪੀਨੋ ਨਨ ਵੀ ਕਿਤੇ ਚਲੀ ਗਈ।

ਤਸਵੀਰ ਸਰੋਤ, Getty Images
ਮੈਂ ਰਹੀਮ ਯਾਰ ਖਾਨ ਛੱਡ ਕੇ ਕਰਾਚੀ ਆ ਗਿਆ ਅਤੇ ਉੱਥੋਂ ਲੰਡਨ ਚਲਾ ਗਿਆ।
ਕਿਸੇ ਨੇ ਇੱਕ ਦਿਨ ਦੱਸਿਆ ਕਿ ਜਦੋਂ ਬਾਬਰੀ ਮਸਜਿਦ ਢਾਹੀ ਗਈ ਤਾਂ ਮੰਦਿਰ ਤਾਂ ਕੋਈ ਮਿਲਿਆ ਨਹੀਂ ਚਰਚ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਅਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਇਸਦਾ ਗੇਟ ਤੋੜ ਦਿੱਤਾ।
'ਯੀਸ਼ੂ ਮਸੀਹ ਦੀ ਮੂਰਤੀ ਟੁੱਟਣ ਤੋਂ ਨਹੀਂ ਬਚਾ ਸਕੇ'
ਫ਼ਿਰ 9/11ਤੋਂ ਬਾਅਦ ਜਦੋਂ ਅਮਰੀਕਾ ਨੇ ਅਫ਼ਗਾਨਿਸਤਾਨ 'ਤੇ ਹਮਲਾ ਕੀਤਾ ਤਾਂ ਕੁਝ ਦੰਗਾਕਾਰੀਆਂ ਨੇ ਇਸ ਚਰਚ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ।
ਪਰ ਪੁਲਿਸ ਤੇ ਫਾਇਰ ਬ੍ਰਿਗੇਡ ਦੀ ਫ਼ੁਰਤੀ ਕਾਰਨ ਤੁਰੰਤ ਅੱਗ ਬੁਝਾ ਦਿੱਤਾ ਗਈ ਪਰ ਉਹ ਯੀਸ਼ੂ ਮਸੀਹ ਦੀ ਮੂਰਤੀ ਅਤੇ ਸਲੀਬ ਟੁੱਟਣ ਤੋਂ ਨਾ ਬਚਾ ਸਕੇ।
ਪਿਛਲੇ ਦਸੰਬਰ ਵਿੱਚ ਮੇਰਾ ਬੜੇ ਦਿਨਾਂ ਬਾਅਦ ਰਹੀਮਯਾਰ ਖਾਨ ਜਾਣਾ ਹੋਇਆ।
ਇਹ ਇੱਤਫਾਕ ਸੀ ਕਿ ਅਗਲੇ ਦਿਨ ਹੀ ਕ੍ਰਿਸਮਸ ਸੀ। ਮੇਰੇ ਛੋਟੇ ਮਾਮੂ ਮੇਰੇ ਤੋਂ ਤਿੰਨ ਸਾਲ ਹੀ ਵੱਡੇ ਹਨ।

ਤਸਵੀਰ ਸਰੋਤ, Getty Images
ਮੈਂ ਕਿਹਾ ਕਿ ਮਾਮੂ ਚਲੋ ਅੱਜ ਰਾਤ ਸੇਂਟ ਐਂਡਰਿਊਜ਼ ਚਲਦੇ ਹਾਂ ਕ੍ਰਿਸਮਸ ਕੇਕ ਖਾਵਾਂਗੇ। ਕਹਿਣ ਲੱਗੇ ਤੂੰ ਪਾਗਲ ਹੋ ਗਿਆ ਹੈ, ਗ਼ੈਰ ਮੁਸਲਮਾਨਾਂ ਦਾ ਮਾਲ ਖਾਏਂਗਾ?
ਮੈਂ ਕਿਹਾ ਮਾਮੂ ਬਚਪਨ 'ਚ ਤਾਂ ਮੈਂ ਤੁਸੀਂ ਤੇ ਹੋਰ ਦੂਜੇ ਬੱਚੇ ਉੱਥੇ ਜਾ ਕੇ ਚੰਗੀ ਤਰ੍ਹਾਂ ਕੇਕ ਨੂੰ ਗੇੜ੍ਹਾ ਦਿੰਦੇ ਸੀ ਅਤੇ ਫਿਲੀਪੀਨੋ ਨਨ ਤੋਂ ਟੌਫੀਆਂ ਅਤੇ ਫਰੂਟ ਵੀ ਲੈਂਦੇ ਸੀ ਹੁਣ ਤੁਹਾਨੂੰ ਕੀ ਹੋ ਗਿਆ?
'ਗ਼ੈਰ-ਮੁਸਲਮਾਨਾਂ ਦੀ ਚੀਜ਼ ਖਾਣਾ ਹਰਾਮ'
ਕਹਿਣ ਲੱਗੇ ਉਹ ਬਚਪਨ ਸੀ ਮਿਆਂ, ਸਾਨੂੰ ਪਤਾ ਨਹੀਂ ਸੀ ਕਿ ਗ਼ੈਰ-ਮੁਸਲਮਾਨਾਂ ਦੀ ਬਣਾਈ ਚੀਜ਼ ਖਾਣਾ ਅਤੇ ਉਨ੍ਹਾਂ ਨਾਲ ਮੇਲਜੋਲ ਵਧਾਉਣਾ ਹਰਾਮ ਹੈ।
ਤੂੰ ਇਕੱਲਾ ਜਾਣਾ ਚਾਹੇਂ ਤਾਂ ਜਾ ਮੈਨੂੰ ਗਨਾਹਗਾਰ ਨਾ ਬਣਾ। ਮੈਂ ਗੁੱਸੇ ਵਿੱਚ ਇਕੱਲਾ ਹੀ ਤੁਰ ਪਿਆ। ਚਰਚ ਉਸੇ ਤਰ੍ਹਾਂ ਦਾ ਸੀ ਜਿਵੇਂ 50 ਸਾਲ ਪਹਿਲਾਂ ਸੀ।
ਬਦਲਾਅ ਬੱਸ ਇੰਨਾ ਹੀ ਆਇਆ ਸੀ ਕਿ ਗੇਟ ਬੰਦ ਸੀ ਅਤੇ ਇਸ ਦੇ ਬਾਹਰ ਖੜ੍ਹੇ ਕੁਝ ਨੌਜਵਾਨ ਅੰਦਰ ਜਾਣ ਵਾਲੇ ਹਰ ਔਰਤ, ਮਰਦ ਅਤੇ ਬੱਚਿਆਂ ਦੀ ਤਲਾਸ਼ੀ ਲੈ ਰਹੇ ਸੀ।
ਮੈਂ ਤਲਾਸ਼ੀ ਲੈਣ ਵਾਲਿਆਂ ਵਿੱਚੋਂ ਇੱਕ ਨੂੰ ਮੁਸਕਰਾਉਂਦੇ ਹੋਏ ਕਿਹਾ 'ਮੈਰੀ ਕ੍ਰਿਸਮਸ'। ਉਸਨੇ ਘੂਰਦੇ ਹੋਏ ਮੈਨੂੰ ਪੁੱਛਿਆ, ਸਰ ਕੀ ਤੁਸੀਂ ਮੁਸਲਮਾਨ ਹੋ?
ਮੈ ਕਿਹਾ, ਹਾਂ, ਪਰ ਤੁਹਾਨੂੰ ਕਿਵੇਂ ਪਤਾ? ਕਹਿਣ ਲੱਗਾ ਸਰ, ਇੱਥੇ ਕੋਈ ਕ੍ਰਿਸ਼ਚਨ ਚਰਚ ਦੇ ਗੇਟ ਤੋਂ ਬਾਹਰ ਹੁਣ 'ਮੈਰੀ ਕ੍ਰਿਸਮਸ' ਨਹੀਂ ਕਹਿੰਦਾ।












