ਅੰਡਰ 19 ਵਿਸ਼ਵ ਕੱਪ: ਆਸਟ੍ਰੇਲੀਆ ਦਾ ਕਪਤਾਨ ਪੰਜਾਬੀ ਮੁੰਡਾ ਜੇਸਨ ਸੰਘਾ

ਜੇਸਨ ਜਸਕੀਰਤ ਸਿੰਘ ਸੰਘਾ ਆਸਟ੍ਰੇਲੀਆ ਦੀ ਟੀਮ ਦੀ ਅੰਡਰ-19 ਵਿਸ਼ਵ ਕੱਪ ਵਿੱਚ ਅਗਵਾਈ ਕਰੇਗਾ। ਆਪਣੀ ਉਮਰ ਵਰਗ ਵਿੱਚ ਆਸਟ੍ਰੇਲੀਆ ਦੀ ਟੀਮ ਦੀ ਅਗਵਾਈ ਕਰਨ ਵਾਲਾ ਉਹ ਪਹਿਲਾ ਭਾਰਤੀ ਮੂਲ ਦਾ ਖਿਡਾਰੀ ਹੋਵੇਗਾ।

ਆਈਸੀਸੀ ਯੂਥ ਵਰਲਡ ਕੱਪ ਟੂਰਨਾਮੈਂਟ ਅਗਲੇ ਮਹੀਨੇ ਨਿਊਜ਼ੀਲੈਂਡ ਵਿੱਚ ਹੋਣ ਵਾਲਾ ਹੈ।

ਜੇਸਨ ਮਸ਼ਹੂਰ ਕ੍ਰਿਕਟਰ ਸਚਿਨ ਤੇਂਦੂਲਕਰ ਤੋਂ ਬਾਅਦ ਇੰਗਲੈਂਡ ਖਿਲਾਫ਼ 18 ਸਾਲ ਦੀ ਉਮਰ 'ਚ ਫਰਸਟ ਕਲਾਸ ਸੈਂਚੁਰੀ ਬਣਾਉਣ ਵਾਲਾ ਕ੍ਰਿਕਟ ਖਿਡਾਰੀ ਬਣਿਆ ਸੀ।

ਸੰਘਾ ਆਸਟ੍ਰੇਲੀਆ XI ਲਈ ਇੰਗਲੈਂਡ ਖ਼ਿਲਾਫ਼ ਰਿਵਰਵੇਅ ਸਟੇਡਿਅਮ ਵਿੱਚ ਖੇਡ ਰਿਹਾ ਸੀ। ਉਸੇ ਵੇਲੇ ਤੋਂ ਹੀ ਉਸਦੇ ਚਰਚੇ ਆਸਟ੍ਰੇਲੀਆ ਅਤੇ ਕ੍ਰਿਕਟ ਜਗਤ ਵਿੱਚ ਹੋਣ ਲੱਗੇ।

18 ਸਾਲ ਦੀ ਉਮਰ ਵਾਲਾ ਸੰਘਾ ਸਿਰਫ਼ ਸਚਿਨ ਤੋਂ ਰਿਕਾਰਡ ਦੇ ਮਾਮਲੇ ਵਿੱਚ ਪਿੱਛੇ ਹੈ। ਸਚਿਨ 17 ਸਾਲ ਤਿੰਨ ਮਹੀਨੇ ਤੋਂ ਵੱਧ ਦੇ ਸੀ ਜਦੋਂ ਉਨ੍ਹਾਂ ਨੇ ਸਾਲ 1990 ਵਿੱਚ ਓਲਡ ਟ੍ਰੈਫੋਰਡ ਮੈਦਾਨ ਵਿੱਚ ਇੰਗਲੈਂਡ ਖ਼ਿਲਾਫ ਨਾਬਾਦ 119 ਦੌੜਾਂ ਬਣਾਈਆਂ ਸਨ।

ਸੰਘਾ ਕੁੱਝ ਇੱਕ ਉਨ੍ਹਾਂ ਖਿਡਾਰੀਆਂ ਵਿੱਚੋਂ ਹੈ ਜਿਨ੍ਹਾਂ ਨੂੰ ਸਕੂਲ ਦੇ ਦੌਰਾਨ ਹੀ ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਲਈ ਖੇਡਣ ਦਾ ਕੰਟਰੈਕਟ ਮਿਲਿਆ ਹੈ।

ਸਿਡਨੀ ਦੇ ਰਹਿਣ ਵਾਲੇ ਇੱਕ ਹੋਰ ਪੰਜਾਬੀ ਪਰਮ ਉੱਪਲ ਵੀ ਆਸਟ੍ਰੇਲੀਆ ਦੀ ਅੰਡਰ-19 ਟੀਮ ਵਿੱਚ ਖੇਡ ਰਹੇ ਹਨ।

ਪੰਜਾਬ ਦੇ ਫਰੀਦਕੋਟ ਤੋਂ ਸਬੰਧ ਰੱਖਣ ਵਾਲੇ ਗੁਰਿੰਦਰ ਸੰਧੂ ਪਹਿਲੇ ਭਾਰਤੀ ਮੂਲ ਦੇ ਕ੍ਰਿਕਟਰ ਹਨ ਜੋ ਆਸਟ੍ਰੇਲੀਆ ਲਈ ਪਹਿਲੀ ਵਾਰ ਖੇਡੇ।

ਪੰਜਾਬ ਦੇ ਬਠਿੰਡਾ ਤੋਂ ਸਬੰਧ

  • ਜੇਸਨ ਜਸਕੀਰਤ ਸਿੰਘ ਸੰਘਾ ਦੇ ਪਰਿਵਾਰ ਦਾ ਰਿਸ਼ਤਾ ਪੰਜਾਬ ਨਾਲ ਹੈ।
  • ਪਿਤਾ ਕੁਲਦੀਪ ਸੰਘਾ ਪੰਜਾਬ ਦੇ ਬਠਿੰਡਾ ਜਿਲ੍ਹੇ ਤੋਂ ਹਨ।
  • ਸੂਬਾ ਪੱਧਰ ਦੇ ਅਥਲੀਟ ਕੁਲਦੀਪ 1980ਵਿਆਂ 'ਚ ਪੜ੍ਹਾਈ ਲਈ ਆਸਟ੍ਰੇਲੀਆ ਚਲੇ ਗਏ ਤੇ ਉੱਥੇ ਹੀ ਵਸ ਗਏ।
  • ਜੇਸਨ ਸੰਘਾ ਦੀ ਮਾਤਾ ਨਾਮ ਸਿਲਵਿਆ ਹੈ। ਜੇਸਨ ਸੰਘਾ ਸੱਜੇ ਹੱਥ ਦਾ ਬੱਲੇਬਾਜ਼ ਹੈ।
  • ਜੇਸਨ ਦਾ ਜਨਮ 8 ਸਤੰਬਰ 1999 ਨੂੰ ਆਸਟ੍ਰੇਲੀਆ ਦੇ ਰੈਂਡਵਿਕ 'ਚ ਹੋਇਆ।
  • ਉਨ੍ਹਾਂ ਦਾ ਪਰਿਵਾਰ ਆਸਟ੍ਰੇਲੀਆ ਦੇ ਨਿਊ ਕਾਸਲ ਦਾ ਨਿਵਾਸੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)