ਰੂਸ ਨੇ ਅਮਰੀਕਾ ਦੇ 9 ਮੀਡੀਆ ਅਦਾਰੇ 'ਵਿਦੇਸ਼ੀ ਏਜੰਟ' ਐਲਾਨੇ

ਤਸਵੀਰ ਸਰੋਤ, Getty Images
ਰੂਸ ਨੇ ਅਮਰੀਕਾ ਦੇ ਨੌ ਮੀਡੀਆ ਅਦਾਰਿਆਂ ਨੂੰ ਵਿਦੇਸ਼ੀ ਏਜੰਟ ਐਲਾਨਿਆ ਹੈ ਜਿੰਨ੍ਹਾਂ ਵਿੱਚ ਵਾਇਸ ਆਫ਼ ਅਮਰੀਕਾ ਅਤੇ ਰੇਡੀਓ ਲਿਬਰਟੀ ਵੀ ਸ਼ਾਮਿਲ ਹਨ।
ਪਿਛਲੇ ਮਹੀਨੇ ਰੂਸੀ ਸੰਸਦ ਵੱਲੋਂ ਇੱਕ ਨਵਾਂ ਕਨੂੰਨ ਲਿਆਂਦਾ ਗਿਆ, ਜਿਸ ਦੇ ਜ਼ਰੀਏ ਵਿਦੇਸ਼ੀ ਮੀਡੀਆ ਨੂੰ ਵਿਦੇਸ਼ੀ ਏਜੰਟ ਐਲਾਨਿਆ ਜਾ ਸਕਦਾ ਹੈ।
ਇਸਦਾ ਮਤਲਬ ਇਹ ਹੈ ਕਿ ਮੀਡੀਆ ਅਦਾਰਿਆਂ ਨੂੰ ਆਪਣੇ ਫੰਡਾਂ ਦੇ ਸਰੋਤ ਦਾ ਐਲਾਨ ਕਰਨਾ ਹੋਵੇਗਾ।
ਇਹ ਕਦਮ ਅਮਰੀਕਾ ਵੱਲੋਂ ਰੂਸੀ ਮੀਡੀਆ ਅਦਾਰੇ ਆਰਟੀ ਅਤੇ ਸਪੂਟਨਿਕ ਨੂੰ ਵਿਦੇਸ਼ੀ ਏਜੰਟ ਐਲਾਨੇ ਤੋਂ ਬਾਅਦ ਚੁੱਕਿਆ ਗਿਆ ਹੈ।
ਅਮਰੀਕੀ ਖੁਫ਼ੀਆ ਏਜੰਸੀਆਂ ਨੇ ਰੂਸ ਦੇ ਮੀਡੀਆ ਅਦਾਰੇ ਆਰ ਟੀ 'ਤੇ ਪਿਛਲੇ ਸਾਲ ਅਮਰੀਕੀ ਰਾਸ਼ਟਰਪਤੀ ਚੋਣਾਂ ਵਿਚ ਰੂਸ ਦੇ ਦਖਲ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ।
ਉੱਧਰ ਦੂਜੇ ਪਾਸੇ ਮੀਡੀਆ ਅਦਾਰੇ ਆਰਟੀ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।
ਨਵੇਂ ਕਨੂੰਨ ਤਹਿਤ, ਰੂਸੀ ਨਿਆਂ ਮੰਤਰਾਲੇ ਦੁਆਰਾ ਸੂਚੀਬੱਧ ਕੀਤੇ ਗਏ ਨੌ ਮੀਡੀਆ ਅਦਾਰਿਆਂ ਨੂੰ ਆਪਣਾ ਕੰਮ "ਵਿਦੇਸ਼ੀ ਏਜੰਟ" ਦੇ ਤੌਰ 'ਤੇ ਦਰਸ਼ਾਉਣਾ ਪਵੇਗਾ ਅਤੇ ਫੰਡਾਂ ਦੇ ਸਰੋਤ ਦਾ ਖੁਲਾਸਾ ਕਰਨਾ ਹੋਵੇਗਾ।
ਇਸ ਤਰ੍ਹਾਂ ਦਾ ਕਨੂੰਨ ਪਹਿਲਾਂ ਹੀ ਮੌਜੂਦ ਹੈ, ਜਿਸ ਵਿੱਚ ਚੈਰਿਟੀ ਅਤੇ ਹੋਰ ਸਿਵਲ ਸੁਸਾਇਟੀ ਸਮੂਹਾਂ ਅਤੇ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਵਾਇਸ ਆਫ ਅਮਰੀਕਾ ਅਤੇ ਰੇਡੀਓ ਫ੍ਰੀ ਯੂਰਪ/ਰੇਡੀਓ ਲਿਬਰਟੀ ਨੂੰ ਅਮਰੀਕੀ ਸਰਕਾਰ ਦੁਆਰਾ ਫੰਡ ਦਿੱਤੇ ਜਾਂਦੇ ਹਨ। ਉਨ੍ਹਾਂ ਨਾਲ ਹੀ ਜੁੜੇ ਸੱਤ ਹੋਰ ਮੀਡੀਆ ਅਦਾਰਿਆਂ ਨੂੰ ਵੀ ਖ਼ੁਦ ਨੂੰ ਵਿਦੇਸ਼ੀ ਏਜੰਟ ਦੇ ਤੌਰ 'ਤੇ ਲੇਬਲ ਕਰਨਾ ਹੋਵੇਗਾ।

ਤਸਵੀਰ ਸਰੋਤ, EPA
ਕ੍ਰਿਮਲਿਨ ਦੁਆਰਾ ਫੰਡ ਕੀਤੇ ਮੀਡੀਆ ਅਦਾਰੇ ਆਰ ਟੀ ਦੀ ਅਮਰੀਕੀ ਬ੍ਰਾਂਚ ਨੂੰ ਕਿਹਾ ਗਿਆ ਸੀ ਕਿ ਆਰ ਟੀ ਨੂੰ ਵਿਦੇਸ਼ੀ ਏਜੰਟ ਦੇ ਤੌਰ 'ਤੇ ਰਜਿਸਟਰ ਕਰਨਾ ਪਵੇਗਾ।
ਰੂਸੀ ਸੰਸਦ ਦੇ ਹੇਠਲੇ ਸਦਨ ਡੂਮਾ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਉਨ੍ਹਾਂ ਵੱਲੋਂ ਅਮਰੀਕਾ ਦੇ ਕਈ ਮੀਡੀਆ ਅਦਾਰਿਆਂ ਦੀ ਰੂਸੀ ਸੰਸਦ ਤੱਕ ਦੀ ਪਹੁੰਚ ਨੂੰ ਰੋਕਿਆ ਜਾਵੇਗਾ।
ਨੌਂ ਮੀਡੀਆ ਅਦਾਰਿਆਂ ਜਿੰਨ੍ਹਾਂ ਵਿੱਚ ਵੈੱਬਸਾਈਟ, ਰੇਡੀਓ ਅਤੇ ਟੈਲੀਵਿਜ਼ਨ ਸਟੇਸ਼ਨ ਸ਼ਾਮਲ ਹਨ, ਜਿਨ੍ਹਾਂ ਨੂੰ ਅਮਰੀਕੀ ਸਰਕਾਰ ਵੱਲੋਂ ਫੰਡ ਕੀਤੇ ਗਏ ਪ੍ਰਸਾਰਕਾਂ ਵੱਲੋਂ ਚਲਾਇਆ ਜਾਂਦਾ ਹੈ ਅਤੇ ਇਹ ਉੱਤਰੀ ਕਾਕੇਸਸ ਅਤੇ ਕ੍ਰਾਮੀਆ ਵਿੱਚ ਚੱਲਦੇ ਹਨ।
ਉਨ੍ਹਾਂ ਦੇ ਕੁਝ ਪ੍ਰਸਾਰਣ ਤਤਾਰ ਅਤੇ ਬਸ਼ਕੀਰ ਭਾਸ਼ਾਵਾਂ ਵਿੱਚ ਹਨ।












