ਹਿੰਦੁਸਤਾਨ ਦੇ ਹੱਕ ’ਚ ਨਾਅਰੇ ਲਈ ਪਾਕਿਸਤਾਨੀ ਗ੍ਰਿਫ਼ਤਾਰ

ਤਸਵੀਰ ਸਰੋਤ, Getty Images
ਇਕ ਪਾਕਿਸਤਾਨੀ ਵਿਅਕਤੀ ਨੂੰ ਹਰੀਪੁਰ ਸ਼ਹਿਰ ਵਿੱਚ ਇੱਕ ਕੰਧ 'ਤੇ "ਹਿੰਦੁਸਤਾਨ ਜ਼ਿੰਦਾਬਾਦ" ਲਿਖਣ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਨੇ ਕਿਹਾ ਹੈ ਇੱਕ 20 ਸਾਲਾ ਲੜਕਾ, ਜੋ ਕਿ ਫੈਕਟਰੀ 'ਚ ਕੰਮ ਕਰਦਾ ਹੈ, ਨੇ ਮੰਨਿਆ ਹੈ ਕਿ ਉਸ ਨੇ "ਹਿੰਦੁਸਤਾਨ ਜ਼ਿੰਦਾਬਾਦ" ਨਾਅਰਾ ਲਿਖਿਆ ਸੀ।
ਗ੍ਰਿਫ਼ਤਾਰ ਵਿਅਕਤੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਬਾਲੀਵੁੱਡ ਸੰਗੀਤ ਅਤੇ ਫਿਲਮਾਂ ਪਸੰਦ ਹਨ ਅਤੇ ਉਹ ਇੱਕ ਅਭਿਨੇਤਾ ਬਣਨਾ ਚਾਹੁੰਦਾ ਹੈ।
ਉਹ ਹੁਣ ਸੱਤ ਸਾਲ ਤੱਕ ਦੀ ਜੇਲ੍ਹ ਦਾ ਸਾਹਮਣਾ ਕਰ ਸਕਦਾ ਹੈ।
ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਇਸ ਨਾਅਰੇ 'ਤੇ ਖਾਸ ਤੌਰ 'ਤੇ ਪਾਬੰਦੀ ਨਹੀਂ ਹੈ, ਇਸ ਨੂੰ ਕਾਨੂੰਨ ਦੀ ਧਾਰਾ 505 ਦੇ ਤਹਿਤ ਬਗ਼ਾਵਤ ਉਕਸਾਉਣ, ਫੌਜੀ ਅਧਿਕਾਰੀਆਂ ਦੇ ਜੀਵਨ ਨੂੰ ਖਤਰੇ ਵਿਚ ਪਾਉਣ ਜਾਂ ਰਾਜ ਦੇ ਖਿਲਾਫ਼ ਹਿੰਸਾ ਨੂੰ ਉਕਸਾਉਣ ਦੇ ਤੌਰ ਤੇ ਸਮਝਾਇਆ ਜਾ ਸਕਦਾ ਹੈ।
ਸਾਜਿਦ ਸ਼ਾਹ ਨੂੰ ਹੁਣ ਅਦਾਲਤੀ ਹਿਰਾਸਤ ਵਿੱਚ ਜੇਲ੍ਹ ਵਿਚ ਭੇਜਿਆ ਗਿਆ ਹੈ।
ਕ੍ਰਿਕੇਟ ਗ੍ਰਿਫ਼ਤਾਰੀਆਂ
ਜਾਂਚ ਅਧਿਕਾਰੀ ਅਬਦੁੱਲ ਰਿਹਾਨ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਚਾਰ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਹੈ ਅਤੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਹ ਪਰਿਵਾਰ ਦੀ ਕਮਾਈ ਦਾ ਇੱਕੋ-ਇੱਕ ਸਾਧਨ ਹੈ।

ਤਸਵੀਰ ਸਰੋਤ, Getty Images
ਸ਼ਾਹ ਨੇ ਇੱਕ ਫੈਕਟਰੀ ਵਿਚ ਕੰਮ ਕਰਨ ਲਈ ਸਕੂਲ ਛੱਡਿਆ।
ਪੁਲਿਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮੱਖਣ ਕਲੋਨੀ ਵਿਚ ਇੱਕ ਮਕਾਨ ਦੀ ਕੰਧ ਉੱਤੇ ਇੱਕ ਗਸ਼ਤ ਦੌਰਾਨ ਇਸ ਨਾਅਰੇ ਬਾਰੇ ਜਾਣਕਾਰੀ ਮਿਲੀ।
ਰਿਪੋਰਟ ਵਿੱਚ ਕਿਹਾ ਗਿਆ ਹੈ, "ਪੁਲਿਸ ਨੇ ਦਰਵਾਜ਼ੇ ਤੇ ਖੜਕਾਇਆ ਤੇ ਇੱਕ ਨੌਜਵਾਨ ਆਦਮੀ ਬਾਹਰ ਆਇਆ। ਉਸ ਨੇ ਕਿਹਾ ਕਿ ਉਸਨੇ ਇਹ ਸ਼ਬਦ ਲਿਖੇ ਹਨ।"
ਪਿਛਲੇ ਸਾਲ ਜਨਵਰੀ ਵਿਚ ਇੱਕ ਪਾਕਿਸਤਾਨੀ ਪ੍ਰਸ਼ੰਸਕ ਅਤੇ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਦੀ ਦਿੱਖ ਵਾਲੇ ਵਿਅਕਤੀ 'ਤੇ ਕੋਹਲੀ ਨੂੰ ਸ਼ਰਧਾਂਜਲੀ ਵਜੋਂ ਭਾਰਤ ਦੇ ਝੰਡੇ ਨੂੰ ਆਪਣੇ ਘਰ 'ਚ ਲਾਉਣ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਉੱਤੇ ਦੋਸ਼ ਲਾਏ ਗਏ ਸਨ ਪਰ ਬਾਅਦ ਵਿਚ ਉਸ ਨੂੰ ਬਰੀ ਕਰ ਦਿੱਤਾ ਗਿਆ।
ਪਿਛਲੀ ਦਸੰਬਰ ਨੂੰ, ਇੱਕ ਭਾਰਤੀ ਪ੍ਰਸ਼ੰਸਕ ਨੂੰ ਕੁੱਟਿਆ ਗਿਆ ਅਤੇ ਫਿਰ ਪਾਕਿਸਤਾਨੀ ਕ੍ਰਿਕੇਟਰ, ਸ਼ਾਹਿਦ ਅਫ਼ਰੀਦੀ ਦੇ ਨਾਂ ਵਾਲੀ ਇੱਕ ਟੀ-ਸ਼ਰਟ ਪਾਉਣ ਲਈ ਗ੍ਰਿਫ਼ਤਾਰ ਕੀਤਾ ਗਿਆ।
ਇਸ ਸਾਲ ਜੂਨ ਵਿੱਚ ਭਾਰਤ ਦੇ ਮੱਧ ਪ੍ਰਦੇਸ਼ 'ਚ 15 ਮੁਸਲਮਾਨਾਂ ਦੇ ਖਿਲਾਫ ਭਾਰਤ ਚੈਂਪੀਅਨਜ਼ ਟਰਾਫੀ ਕ੍ਰਿਕਟ ਫਾਈਨਲ ਦੌਰਾਨ "ਭਾਰਤ ਵਿਰੋਧੀ ਅਤੇ ਪਾਕਿਸਤਾਨ ਪੱਖੀ" ਨਾਅਰੇਬਾਜ਼ੀ ਕਰਨ ਲਈ ਦੇਸ਼ਧ੍ਰੋਹ ਦੇ ਦੋਸ਼ ਲਾਏ ਸਨ। ਪਰ ਬਾਅਦ ਵਿਚ ਇਹ ਦੋਸ਼ ਵਾਪਸ ਲੈ ਲਏ ਗਏ।
ਇਸ ਦੀ ਬਜਾਏ ਇਨ੍ਹਾਂ ਲੋਕਾਂ ਉੱਤੇ "ਫਿਰਕੂ ਸਾਂਝ ਨੂੰ ਭੰਗ ਕਰਨ" ਦਾ ਦੋਸ਼ ਲਾਇਆ ਗਿਆ ਸੀ।












