ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਸ਼ੀ ਕਪੂਰ ਦਾ ਦੇਹਾਂਤ

ਮੰਨੇ ਪ੍ਰਮੰਨੇ ਫਿਲਮੀ ਅਦਾਕਾਰ, ਨਿਰਮਾਤਾ ਅਤੇ ਨਿਰਦੇਸ਼ਕ ਸ਼ਸ਼ੀ ਕਪੂਰ ਦਾ ਦੇਹਾਂਤ ਹੋ ਗਿਆ ਹੈ। ਉਹ 79 ਸਾਲ ਦੇ ਸਨ ਅਤੇ ਬੀਤੇ ਕੁਝ ਸਮੇਂ ਤੋਂ ਉਨ੍ਹਾਂ ਦੀ ਤਬੀਅਤ ਨਾਸਾਜ਼ ਚੱਲ ਰਹੀ ਸੀ।
ਉਹ ਕਿਡਨੀ ਦੀ ਬੀਮਾਰੀ ਨਾਲ ਲੜ੍ਹ ਰਹੇ ਸਨ। ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਉਨ੍ਹਾਂ ਨੇ ਸੋਮਵਾਰ 5 ਵੱਜ ਕੇ 20 ਮਿੰਟ 'ਤੇ ਆਖ਼ਰੀ ਸਾਹ ਲਏ।
70ਵਿਆਂ ਅਤੇ 80ਵਿਆਂ ਵਿੱਚ ਉਨ੍ਹਾਂ ਨੂੰ ਪਰਦੇ 'ਤੇ ਰੋਮਾਂਸ ਦੇ ਸਕਰੀਨ ਆਇਕਨ ਵਜੋਂ ਦੇਖਿਆ ਜਾਂਦਾ ਸੀ।

ਤਸਵੀਰ ਸਰੋਤ, PUNIT PARANJPE/AFP/Getty Images
ਉਨ੍ਹਾਂ ਨੇ ਕਈ ਹਿੰਦੀ ਅਤੇ ਅੰਗਰੇਜ਼ੀ ਫਿਲਮਾਂ ਵਿੱਚ ਕੰਮ ਕੀਤਾ ਹੈ। ਹਾਲਾਂਕਿ ਸ਼ਸ਼ੀ ਕਪੂਰ ਫਿਲਮ ਉਦਯੋਗ 'ਚ ਲੰਬੇ ਸਮੇਂ ਲਈ ਸਰਗਰਮ ਨਹੀਂ ਸਨ।
ਪਰ 'ਜਬ ਜਬ ਫੂਲ ਖਿਲੇ (1965), 'ਵਕਤ' (1964), 'ਅਭਿਨੇਤਰੀ' (19780), 'ਤ੍ਰਿਸ਼ੂਲ' (1978), 'ਹਸੀਨਾ ਮਾਨ ਜਾਏਗੀ' (1968) ਵਰਗੀਆਂ ਫਿਲਮਾਂ ਅੱਜ ਵੀ ਦਰਸ਼ਕਾਂ ਦੀ ਪਸੰਦ ਬਣੀਆਂ ਹੋਈਆਂ ਹਨ।
ਕਪੂਰ ਖਾਨਦਾਨ
ਸ਼ਸ਼ੀ ਕਪੂਰ ਦੇ ਭਤੀਜੇ ਰਣਧੀਰ ਕਪੂਰ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਕਿਹਾ, "ਉਨ੍ਹਾਂ ਨੂੰ ਕੁਝ ਸਾਲਾ ਤੋਂ ਕਿਡਨੀ ਸਮੱਸਿਆ ਸੀ। ਬੀਤੇ ਕੁਝ ਸਾਲਾ ਤੋਂ ਉਹ ਡਾਇਲਸਿਸ 'ਤੇ ਸਨ।
ਮੰਗਲਵਾਰ ਸਵੇਰੇ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਜਾਵੇਗਾ।

ਤਸਵੀਰ ਸਰੋਤ, Junoon Film Poster
ਬਤੌਰ ਨਿਰਮਾਤਾ ਵੀ ਸ਼ਸ਼ੀ ਕਪੂਰ ਨੇ ਬਾਲੀਵੁੱਡ ਦੀਆਂ ਕੁਝ ਪ੍ਰਸਿੱਧ ਫਿਲਮਾਂ ਦੀ ਨਿਰਮਾਣ ਵੀ ਕੀਤਾ ਸੀ। ਜਿਨ੍ਹਾਂ ਵਿੱਚ 'ਜਨੂਨ' (1978), 'ਕਲਿਯੁੱਗ' (1980), '36 ਚੋਰੰਗੀ ਲੇਨ' (1981), ਵਿਜੇਤਾ (1982), 'ਉਤਸਵ' (1984) ਵਰਗੀਆਂ ਫਿਲਮਾਂ ਦਾ ਨਾਂ ਸ਼ੁਮਾਰ ਹੈ।
ਥਿਏਟਰ ਅਤੇ ਫਿਲਮ ਜਗਤ ਦੇ ਵੱਡੇ ਨਾਂ ਪ੍ਰਿਥਵੀਰਾਜ ਕਪੂਰ ਦੇ ਘਰ ਸ਼ਸ਼ੀ ਕਪੂਰ ਦਾ ਜਨਮ 18 ਮਾਰਚ, 1938 ਨੂੰ ਹੋਇਆ ਸੀ।
ਪਿਤਾ ਦੇ ਨਕਸ਼-ਏ-ਕਦਮ ਚੱਲਦਿਆਂ ਸ਼ਸ਼ੀ ਚਾਰ ਸਾਲਾ ਦੀ ਉਮਰ 'ਚ ਰੰਗਮੰਚ 'ਤੇ ਆ ਗਏ ਸਨ। 40ਵਿਆਂ ਦੇ ਅਖ਼ੀਰ 'ਚ ਸ਼ਸ਼ੀ ਕਪੂਰ ਨੇ ਬਤੌਰ ਬਾਲ ਕਲਾਕਾਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਫਿਲਮ ਕਰੀਅਰ
ਸ਼ਸ਼ੀ ਕਪੂਰ ਨੇ ਫਿਲਮ 'ਆਗ' (1948) ਅਤੇ 'ਅਵਾਰਾ' (1951) ਵਿੱਚ ਰਾਜ ਕੁਪੂਰ ਦੇ ਬਚਪਨ ਦਾ ਕਿਰਦਾਰ ਨਿਭਾਇਆ ਸੀ।

1950 ਦੇ ਦਹਾਕੇ ਵਿੱਚ ਸ਼ਸ਼ੀ ਕਪੂਰ ਨੇ ਬਤੌਰ ਸਹਾਇਕ ਅਭਿਨੇਤਾ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਬਤੌਰ ਮੁੱਖ ਅਭਿਨੇਤਾ ਸ਼ਸ਼ੀ ਕਪੂਰ ਨੇ 1961 'ਚ 'ਧਰਮਪੁੱਤਰ' ਨਾਲ ਵੱਡੇ ਪਰਦੇ 'ਤੇ ਕਦਮ ਰੱਖਿਆ। ਉਨ੍ਹਾਂ ਨੇ ਆਪਣੇ ਕਰੀਅਰ 'ਚ 116 ਤੋਂ ਵੀ ਵੱਧ ਫਿਲਮਾਂ 'ਚ ਕੰਮ ਕੀਤਾ।
ਉਨ੍ਹਾਂ ਨੂੰ ਸਾਲ 2011 'ਚ ਪਦਮ ਭੂਸ਼ਣ ਨਾਲ ਅਤੇ 2015 'ਚ ਦਾਦਾ ਸਾਹਬ ਫਾਲਕੇ ਪੁਰਸਕਾਰ ਨਾਲ ਨਿਵਾਜ਼ਿਆ ਗਿਆ।












