#BBCInnovators: ਇੱਕ ਵੀਡੀਓ ਲਿੰਕ ਨੇ ਗਰਭਵਤੀ ਔਰਤਾਂ ਨੂੰ ਦਿੱਤੀ ਨਵੀਂ ਜ਼ਿੰਦਗੀ

ਵੀਡੀਓ ਕੈਪਸ਼ਨ, ਮਾਵਾਂ ਲਈ ਇੱਕ ਵੀਡੀਓ ਲਿੰਕ ਕਿਵੇਂ ਬਣਿਆ ਮਸੀਹਾ?
    • ਲੇਖਕ, ਪੌਲਿਨ ਮੈਸਨ
    • ਰੋਲ, ਇਨੋਵੇਟਰਸ, ਬੀਬੀਸੀ ਨਿਊਜ਼

ਦਾਈ ਫ਼ਾਤਿਮਾ ਆਪਣੇ ਕਲੀਨਿਕ ਦੀਆਂ ਕੁਝ ਖੜ੍ਹੀਆਂ ਪੌੜੀਆਂ ਤੋਂ ਧਿਆਨ ਨਾਲ ਉਤਰਦੇ ਹੋਏ ਕਹਿੰਦੀ ਹੈ, "ਮੈਂ ਇਸ ਸਮੇਂ ਨੌਂ ਮਹੀਨੇ ਦੀ ਗਰਭਵਤੀ ਹਾਂ ਅਤੇ ਮੇਰੇ ਲਈ ਸਫ਼ਰ ਥੋੜਾ ਮੁਸ਼ਕਲ ਹੈ।

"ਪਰ ਮੈਂ ਆਪਣੇ ਮਰੀਜ਼ਾਂ ਲਈ ਇੱਥੇ ਆਉਂਦੀ ਹਾਂ।"

ਇਹ ਮੰਨਿਆ ਜਾਂਦਾ ਹੈ ਕਿ ਜੇਕਰ ਡਾਕਟਰ ਜਾਂ ਫ਼ਾਤਿਮਾ ਵਰਗੀ ਮਾਹਰ ਦਾਈ ਮੌਜੂਦ ਹੋਏ ਤਾਂ 99 ਫ਼ੀਸਦ ਤੱਕ ਜੱਚਾ ਮੌਤਾਂ ਰੋਕੀਆਂ ਜਾ ਸਕਦੀਆਂ ਹਨ।

ਪੇਂਡੂ ਵਿਕਾਸ ਲਈ ਕੰਮ ਕਰਨ ਵਾਲੀ ਸੰਸਥਾ ਮੁਤਾਬਕ ਪਾਕਿਸਤਾਨ ਵਿੱਚ ਹਰ 20 ਮਿੰਟ ਵਿੱਚ ਇੱਕ ਔਰਤ ਦੀ ਗਰਭ ਅਵਸਥਾ ਜਾਂ ਬੱਚੇ ਦੇ ਜਨਮ ਸਮੇਂ ਆਉਣ ਵਾਲੀਆਂ ਦਿੱਕਤਾਂ ਕਰਕੇ ਮੌਤ ਹੋ ਜਾਂਦੀ ਹੈ।

ਫ਼ਾਤਿਮਾ ਇੱਕ ਸੰਸਥਾ 'ਸਿਹਤ ਕਹਾਣੀ' ਨਾਲ ਕੰਮ ਕਰਦੀ ਹੈ, ਜੋ ਭਾਈਚਾਰੇ (ਕਮਿਉਨਿਟੀ) ਦੀਆਂ ਦਾਈਆਂ ਨੂੰ ਸਿਖਲਾਈ ਦਿੰਦੀ ਹੈ ਅਤੇ ਉਨ੍ਹਾਂ ਨੂੰ ਵੀਡੀਓ ਲਿੰਕ ਜ਼ਰੀਏ ਮਹਿਲਾਂ ਡਾਕਟਰਾਂ ਨਾਲ ਜੋੜਦੀ ਹੈ।

ਇਸ ਵੀਡੀਓ ਸਲਾਹ ਦੀ ਲਾਗਤ ਸਿਰਫ਼ 1.30 ਡਾਲਰ ਹੈ।

ਅੱਜ ਫ਼ਾਤਿਮਾ ਇਸਲਾਮਾਬਾਦ ਦੇ 71 ਕਿਲੋਮੀਟਰ ਦੂਰ ਇੱਕ ਕਸਬੇ, ਮਾਨਸੇਹਰਾ ਵਿੱਚ ਰਹਿਣ ਵਾਲੀ ਰੁਬੀਨਾ ਮੁਖਤਿਆਰ ਦੀ ਜਾਂਚ ਕਰ ਰਹੀ ਹੈ।

Pakistan midwives

ਉਹ ਦੱਸਦੀ ਹੈ, "ਮੇਰੇ ਦੋ ਮੁੰਡੇ ਮਰੇ ਹੋਏ ਪੈਦਾ ਹੋਏ ਅਤੇ ਚਾਰ ਵਾਰ ਗਰਭਪਾਤ ਹੋਇਆ ਅਤੇ ਹੁਣ ਮੈਂ ਦੋ ਮਹੀਨੇ ਦੀ ਗਰਭਵਤੀ ਹਾਂ।"

ਨਵੀਂ ਪਹਿਲ

ਰੁਬੀਨਾ ਖੁਸ਼ਕਿਸਮਤ ਹੈ ਕਿ ਉਹ ਜ਼ਿੰਦਾ ਹੈ।

ਉਹ ਆਪਣੇ ਪਿਛਲੇ ਗਰਭ ਦੌਰਾਨ ਹੋਣ ਵਾਲੀ ਗੰਭੀਰ ਸਿਰ ਦਰਦ, ਸਰੀਰਕ ਅੰਗਾਂ ਦੀ ਸੋਜਿਸ਼ ਅਤੇ ਚੱਕਰ ਆਉਣ ਬਾਰੇ ਦੱਸਦੀ ਹੈ ਜੋ ਕਿ ਹਾਈ ਬਲੱਡ ਪ੍ਰੈਸ਼ਰ ਦੀ ਇੱਕ ਕਿਸਮ, ਪ੍ਰੀ-ਇਕਲਾਂਪਸਿਆ ਦੇ ਲੱਛਣ ਹਨ। ਇਹ ਮਾਂ ਅਤੇ ਬੱਚੇ ਦੋਵਾਂ ਦੀ ਜਾਨ ਲੈ ਸਕਦੀ ਹੈ।

ਜਦੋਂ ਤੱਕ ਉਹ ਇਸਲਾਮਾਬਾਦ ਹਸਪਤਾਲ ਪਹੁੰਚੀ, ਉਸਦੇ ਜੁੜਵਾਂ ਬੱਚਿਆਂ ਲਈ ਬਹੁਤ ਮੁਸ਼ਕਲ ਹੋ ਚੁੱਕੀ ਸੀ।

"ਜਦੋਂ ਉਨ੍ਹਾਂ ਨੇ ਮੇਰਾ ਅਲਟਰਾਸਾਉਂਡ ਕੀਤਾ ਤਾਂ ਉਨ੍ਹਾਂ ਨੇ ਮੈਨੂੰ ਦੱਸਿਆ ਕਿ ਬੱਚੇ 15 ਦਿਨ ਪਹਿਲਾਂ ਹੀ ਮਰ ਚੁੱਕੇ ਸਨ।

"ਮੇਰੀ ਬਹੁਤ ਸਮੇਂ ਤੋਂ ਮੁੰਡੇ ਦੀ ਖੁਆਇਸ਼ ਸੀ....ਪਰ ਜਿਵੇਂ ਅੱਲਾਹ ਦੀ ਮਰਜ਼ੀ।"

Pregnant women's

ਇਹ ਰੁਬੀਨਾ ਦਾ ਦਸਵਾਂ ਜਣੇਪਾ ਹੈ ਪਰ ਇਹ ਮਾਹਰ ਦਾਈ ਅਤੇ ਡਾਕਟਰ ਨਾਲ ਜਣੇਪੇ ਤੋਂ ਪਹਿਲਾਂ ਨਿਯਮਿਤ ਜਾਂਚ ਨਾਲ ਪਹਿਲੀ ਡਿਲੀਵਰੀ ਹੋਵੇਗੀ।

ਫ਼ਾਤਿਮਾ ਰੁਬੀਨਾ ਦਾ ਬਲੱਡ ਪ੍ਰੈਸ਼ਰ ਚੈੱਕ ਕਰਦੀ ਹੈ ਅਤੇ ਆਪਣੇ ਲੈਪਟਾਪ ਦੀ ਸਕ੍ਰੀਨ 'ਤੇ ਡਾਕਟਰ ਨੂੰ ਰਿਪੋਰਟ ਦਿੰਦੀ ਹੈ। ਸਭ ਕੁਝ ਠੀਕ ਜਾਪਦਾ ਹੈ।

ਰੁਬੀਨਾ ਦੱਸਦੀ ਹੈ, "ਮੇਰੇ ਗੁਆਂਢ ਵਿੱਚ ਰਹਿੰਦੀ ਇੱਕ ਔਰਤ ਨੇ ਮੈਨੂੰ 'ਸਿਹਤ ਕਹਾਣੀ' ਕੋਲ ਜਾਣ ਦੀ ਸਲਾਹ ਦਿੱਤੀ।"

ਇੱਥੇ ਆਉਣ ਮਗਰੋਂ ਹੁਣ ਮੈਨੂੰ ਪੂਰੀ ਉਮੀਦ ਹੈ ਕਿ ਪਹਿਲਾਂ ਹੋਏ ਗਰਭਪਾਤ ਦੇ ਬਾਵਜੂਦ, ਇਸ ਵਾਰ ਮੈਂ ਇੱਕ ਸਿਹਤਮੰਦ ਮੁੰਡੇ ਨੂੰ ਜਨਮ ਦਵਾਂਗੀ।"

Doctors

ਤਸਵੀਰ ਸਰੋਤ, Sehat Kahani

ਰੁਬੀਨਾ ਦੀ ਜਾਂਚ ਕਰਨ ਤੋਂ ਬਾਅਦ ਫ਼ਾਤਿਮਾ ਕਹਿੰਦੀ ਹੈ," ਮੈਨੂੰ ਉਨ੍ਹਾਂ ਲਈ ਬਹੁਤ ਦੁੱਖ ਹੁੰਦਾ ਹੈ।"

"ਵਾਰ ਵਾਰ ਗਰਭਪਾਤ ਹੋਣ ਦਾ ਦਰਦ ਤਾਂ ਇੱਕ ਮਾਂ ਹੀ ਸਮਝ ਸਕਦੀ ਹੈ।"

ਕੰਮ ਕਰਨ ਦੀ ਇਜਾਜ਼ਤ ਨਹੀਂ

ਫ਼ਾਤਿਮਾ ਕਹਿੰਦੀ ਹੈ, "ਪਹਿਲਾਂ ਮੇਰੇ ਪਰਿਵਾਰ ਵੱਲੋਂ ਇਜਾਜ਼ਤ ਨਾ ਮਿਲਣ ਕਰਕੇ ਮੈਂ ਕੰਮ ਨਹੀਂ ਕਰ ਸਕਦੀ ਸੀ।"

"ਇੱਥੇ ਮੇਰਾ ਵਾਸਤਾ ਸਿਰਫ਼ ਔਰਤਾਂ ਨਾਲ ਹੁੰਦਾ ਹੈ ਇਸ ਲਈ ਮੈਨੂੰ ਇੱਥੇ ਕੰਮ ਕਰਨ ਦੀ ਇਜਾਜ਼ਤ ਮਿਲ ਗਈ ਹੈ। ਮੈਨੂੰ ਮਰਦਾਂ ਨਾਲ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ।"

ਔਰਤਾਂ ਨੂੰ ਘਰੋਂ ਬਾਹਰ ਜਾਣ ਦੀ ਇਜਾਜ਼ਤ ਨਾ ਮਿਲਣ ਦਾ ਮਤਲਬ ਇਹ ਹੈ ਕਿ ਹਜ਼ਾਰਾਂ ਕਾਬਿਲ ਮਹਿਲਾ ਡਾਕਟਰ ਅਤੇ ਦਾਈਆਂ ਪਾਕਿਸਤਾਨ ਦੇ ਡਾਕਟਰੀ ਖੇਤਰ ਤੋਂ ਬਾਹਰ ਹਨ।

ਪਾਕਿਸਤਾਨ ਮੈਡੀਕਲ ਅਤੇ ਡੈਂਟਲ ਕੌਂਸਲ ਮੁਤਾਬਕ 70 ਫ਼ੀਸਦ ਤੋਂ ਵੱਧ ਮੈਡੀਕਲ ਵਿਦਿਆਰਥੀ ਔਰਤਾਂ ਹਨ ਇਨ੍ਹਾਂ ਵਿਚੋਂ ਅੱਧੀਆਂ ਡਾਕਟਰਾਂ ਨੇ ਹੀ ਪ੍ਰੈਕਟਿਸ ਕੀਤੀ ਹੈ।

'ਸਿਹਤ ਕਹਾਣੀ' ਦੀ ਪਹਿਲ ਡਾਕਟਰ ਸਾਰਾ ਸਈਅਦ ਅਤੇ ਇਫ਼ਤ ਜ਼ਫਰ ਵੱਲੋਂ ਕੀਤੀ ਗਈ ਹੈ।

Doctors

ਤਸਵੀਰ ਸਰੋਤ, Sara Saeed

ਡਾ. ਸਾਰਾ ਦਾ ਕਹਿਣਾ ਹੈ, "ਅਸੀਂ ਦੋਵੇਂ ਮੈਡੀਕਲ ਡਾਕਟਰ ਹਾਂ। ਅਸੀਂ ਦੋਹਾਂ ਨੇ ਪਾਕਿਸਤਾਨ ਦੀਆਂ ਬਿਹਤਰੀਨ ਯੂਨਿਵਰਸਿਟੀਆਂ ਤੋਂ ਡਿਗਰੀ ਹਾਸਲ ਕੀਤੀ ਕੀਤੀ ਹੈ।"

"ਸਾਨੂੰ ਦੋਹਾਂ ਨੂੰ ਵਿਆਹ ਜਾਂ ਬੱਚੇ ਹੋਣ ਮਗਰੋਂ ਕੰਮ 'ਤੇ ਵਾਪਸ ਜਾਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਇਸ ਲਈ ਅਸੀਂ ਉਨ੍ਹਾਂ ਲੁਪਤ ਡਾਕਟਰਾਂ ਨਾਲ ਜੁੜੇ ਹੋਏ ਹਾਂ ਜੋ ਅੱਜ ਕੰਮ ਨਹੀਂ ਕਰ ਰਹੇ।"

ਉਨ੍ਹਾਂ ਨੇ 2014 ਵਿੱਚ ਡਾਕਟਹਰਸ ਕਾਇਮ ਕੀਤਾ। ਇਸ ਨਾਲ ਉਨ੍ਹਾਂ ਨੂੰ ਵੀਡੀਓ ਲਿੰਕਸ ਦੀ ਵਰਤੋਂ ਨਾਲ ਘਰ ਤੋਂ ਪ੍ਰੈਕਟਿਸ ਕਰਨ ਦੀ ਇਜਾਜ਼ਤ ਮਿਲੀ।

ਇਸ ਨਾਲ ਪਾਕਿਸਤਾਨ ਦੇ ਬਹੁਤੇ ਹਿੱਸੇ ਵਿੱਚ ਕਿਫ਼ਾਇਤੀ ਸਿਹਤ ਸੰਭਾਲ ਦੀ ਕਮੀ ਨੂੰ ਪੂਰਾ ਕਰਨ ਵਿੱਚ ਵੀ ਮਦਦ ਮਿਲੀ ਹੈ।

2017 ਵਿੱਚ ਸਾਰਾ ਅਤੇ ਇਫ਼ਤ ਨੇ ਔਰਤਾਂ ਲਈ ਮੁਢੱਲੀ ਸਿਹਤ ਸੰਭਾਲ 'ਤੇ ਧਿਆਨ ਕੇਂਦਰਿਤ ਕਰਨ ਦਾ ਫੈਸਲਾ ਕੀਤਾ ਅਤੇ ਸਿਹਤ ਕਹਾਣੀ ਕਾਇਮ ਕੀਤੀ ਜਿਸਦਾ ਉਰਦੂ ਵਿੱਚ ਮਤਲਬ ਹੈ ਸਿਹਤ ਦੀ ਕਹਾਣੀ।

ਸਾਰਾ ਕਹਿੰਦੀ ਹੈ, "ਅਸੀਂ ਮਹਿਸੂਸ ਕੀਤਾ ਕਿ ਬਹੁਤੇ ਲੋਕਾਂ ਦੀ ਸਿਹਤ ਸੈਂਟਰਾਂ ਤੱਕ ਪਹੁੰਚ ਨਹੀਂ ਹੈ।"

Midwives

ਇਸ ਲਈ ਅਸੀਂ ਇੱਕ ਟੈਬਲੇਟ ਅਤੇ ਇੱਕ ਬੈਗ ਵਾਲੀ ਦਾਈ ਜਾਂ ਔਰਤ ਸਿਹਤ ਵਰਕਰ ਦਾ ਵਿਚਾਰ ਬਣਾਇਆ।

ਉਹ ਉਨ੍ਹਾਂ ਮਰੀਜ਼ਾਂ ਦਾ ਘਰ ਜਾ ਕੇ ਇਲਾਜ ਕਰਦੇ ਹਨ ਜੋ ਕਲੀਨਿਕ ਨਹੀਂ ਜਾ ਸਕਦੇ।

ਤਾਇਬਾ ਅੰਜੁਮ ਅਲੀ, ਫ਼ਾਤਿਮਾ ਦੇ ਮਰੀਜ਼ਾਂ ਵਿਚੋਂ ਇੱਕ ਹੈ। ਉਸਦੇ ਇੱਕ ਨਵਜੰਮੇ ਮੁੰਡੇ ਸਮੇਤ ਚਾਰ ਬੱਚੇ ਹਨ।

"ਜਦੋਂ ਮੈਂ ਪਹਿਲੀ ਵਾਰ ਗਰਭਵਤੀ ਹੋਈ, ਤਾਂ ਮੈਨੂੰ ਬਹੁਤ ਤਕਲੀਫ਼ ਹੋਈ ਪਰ ਇਸ ਗਰਭ ਲਈ ਸਭ ਕੁਝ ਬਹੁਤ ਸੁਖਾਲਾ ਰਿਹਾ ਹੈ।"

"ਜੇਕਰ ਮੈਂ ਆਪਣੇ ਬਚਿਆਂ ਨੂੰ ਇੱਕਲਿਆਂ ਛੱਡ ਕੇ ਘਰੋਂ ਬਾਹਰ ਨਹੀਂ ਜਾ ਸਕਦੀ ਤਾਂ ਮੈਂ ਆਪਣੀ ਦਾਈ ਨੂੰ ਆਪਣੇ ਘਰ ਬੁਲਾ ਸਕਦੀ ਹਾਂ ਅਤੇ ਕੋਈ ਟੈਸਟ ਕਰਾ ਸਕਦੀ ਹਾਂ।"

ਫ਼ਾਤਿਮਾ ਮਾਂ ਅਤੇ ਬੱਚੇ ਦੋਵਾਂ ਦੀ ਜਾਂਚ ਕਰਦੀ ਹੈ ਅਤੇ ਫਿਰ ਤਾਇਬਾ ਨੂੰ ਆਪਣੇ ਟੈਬਲੇਟ ਕੰਪਿਊਟਰ 'ਤੇ ਦੁੱਧ ਪਿਆਉਣ ਬਾਰੇ ਛੋਟੀ ਜਿਹੀ ਵੀਡੀਓ ਦਿਖਾਉਂਦੀ ਹੈ।

"ਮੈਂ ਇੱਕ ਕਸਬੇ ਵਿੱਚ ਕੰਮ ਕਰਦੀ ਹਾਂ ਜਿੱਥੇ ਔਰਤਾਂ ਡਾਕਟਰ ਕੋਲ ਜਾਣਾ ਅਹਿਮ ਨਹੀਂ ਸਮਝਦੀਆਂ। ਮੈਂ ਇੱਕ ਸੰਸਥਾ ਲਈ ਕੰਮ ਕਰਦੀ ਹਾਂ ਜੋ ਔਰਤਾਂ ਨੂੰ ਚੰਗੇ ਡਾਕਟਰ ਦੇਣ ਦੇ ਨਾਲ ਜਾਗਰੂਕ ਵੀ ਕਰਦੀ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)