You’re viewing a text-only version of this website that uses less data. View the main version of the website including all images and videos.
ਦੁਨੀਆਂ ਦਾ ਉਹ ਸ਼ਹਿਰ ਜਿੱਥੇ ਕੋਈ ਗੁੱਸਾ ਨਹੀਂ ਕਰਦਾ
- ਲੇਖਕ, ਮੇਗਨ ਫ੍ਰੇ
- ਰੋਲ, ਬੀਬੀਸੀ ਟਰੈਵਲ
ਗੁੱਸਾ ਇਨਸਾਨ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਉਹ ਇਨਸਾਨ ਨੂੰ ਖ਼ਤਮ ਕਰ ਦਿੰਦਾ ਹੈ। ਫਿਰ ਵੀ ਇਨਸਾਨ ਇਸ ਤੋਂ ਬੱਚ ਨਹੀਂ ਪਾਉਂਦਾ। ਕਦੀ ਨਾ ਕਦੀ, ਕੋਈ ਨਾ ਕੋਈ ਗੁੱਸੇ ਵਿੱਚ ਗਲਤੀ ਕਰ ਹੀ ਬੈਠਦਾ ਹੈ।
ਇੱਕ ਅਜਿਹਾ ਸ਼ਹਿਰ ਹੈ ਜਿੱਥੇ ਗੁੱਸਾ ਕਰਨਾ ਸ਼ਾਨ ਦੇ ਖ਼ਿਲਾਫ਼ ਸਮਝਿਆ ਜਾਂਦਾ ਹੈ। ਜੇਕਰ ਕੋਈ ਉੱਚੀ ਅਵਾਜ਼ ਵਿੱਚ ਗੱਲ ਕਰਦਾ ਹੈ ਤਾਂ ਉਸਨੂੰ ਮਾੜਾ ਸਮਝਿਆ ਜਾਂਦਾ ਹੈ। ਉਸ ਤੋਂ ਦੁਰੀ ਬਣਾ ਲਈ ਜਾਂਦੀ ਹੈ।
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਪੱਕਾ ਲਖਨਊ ਸ਼ਹਿਰ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਇਹ ਗੱਲਾਂ ਤਾਂ ਲਖਨਊ ਦੇ ਬਾਰੇ ਹੀ ਕੀਤੀਆ ਜਾਂਦੀਆਂ ਹਨ।
ਕਹਿੰਦੇ ਹਨ ਲਖਨਊ ਦੇ ਲੋਕ ਤਾਂ ਗਾਲ ਵੀ ਤਮੀਜ਼ ਦੇ ਘੇਰੇ ਵਿੱਚ ਰਹਿ ਕੇ ਕੱਢਦੇ ਹਨ।
ਇੱਥੇ ਤੁਸੀਂ ਗਲਤ ਹੋ। ਅਸੀਂ ਲਖਨਊ ਦੀ ਗੱਲ ਨਹੀਂ ਕਰ ਰਹੇ। ਬਲਕਿ ਅਸੀਂ ਗੱਲ ਕਰ ਰਹੇ ਹਾਂ ਸੱਤ ਸਮੁੰਦਰ ਪਾਰ ਮੈਕਸਿਕੋ ਸ਼ਹਿਰ ਦੀ।
ਮੈਕਸਿਕੋ ਸਿਟੀ ਵਿੱਚ ਜਨਤਕ ਥਾਵਾਂ 'ਤੇ ਹਰ ਕੋਈ ਆਪਣੇ ਆਪੇ 'ਤੇ ਕਾਬੂ ਰੱਖਦਾ ਹੈ। ਬਹਿਸਬਾਜ਼ੀ ਹੋਣ 'ਤੇ ਵੀ ਉਸਨੂੰ ਪਿਆਰ ਨਾਲ ਸੁਲਝਾ ਲਿਆ ਜਾਂਦਾ ਹੈ।
ਸ਼ਰਾਬ ਪੀਣ ਤੋਂ ਬਾਅਦ ਕੋਈ ਨਸ਼ੇ ਦੀ ਹਾਲਤ ਵਿੱਚ ਤਾਂ ਸ਼ਾਇਦ ਬਦਸਲੂਕੀ ਕਰ ਵੀ ਲਵੇ ਪਰ ਹੋਸ਼-ਹਵਾਸ ਵਿੱਚ ਕੋਈ ਅਜਿਹੀ ਗ਼ਲਤੀ ਨਹੀਂ ਕਰਦਾ।
ਮੈਕਸਿਕੋ ਸਿਟੀ ਵਿੱਚ ਬਚਪਨ ਤੋਂ ਹੀ ਬੱਚਿਆਂ ਨੂੰ ਆਪਣੇ ਜਜ਼ਬਾਤ 'ਤੇ ਕਾਬੂ ਰੱਖਣਾ ਅਤੇ ਸ਼ਾਂਤ ਰਹਿਣਾ ਸਿਖਾਇਆ ਜਾਂਦਾ ਹੈ। ਇੱਥੋਂ ਦੇ ਲੋਕਾਂ ਦਾ ਮੰਨਣਾ ਹੈ ਕਿ ਗੁੱਸੇ ਵਿੱਚ ਤੁਸੀਂ ਅਪਣਾ ਸਭ ਕੁਝ ਗਵਾ ਦਿੰਦੇ ਹੋ।
ਇੱਥੋਂ ਦੇ ਲੋਕਾਂ ਵਿੱਚ ਗਜ਼ਬ ਦਾ ਸਬਰ ਦੇਖਣ ਨੂੰ ਮਿੱਲਦਾ ਹੈ। ਜੇਕਰ ਲੋਕ ਕਿਤੇ ਲਾਈਨ ਵਿੱਚ ਖੜ੍ਹੇ ਹੁੰਦੇ ਹਨ ਤਾਂ ਸ਼ਾਂਤੀ ਨਾਲ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹਨ।
ਇੱਥੇ ਕੋਈ ਹੜਬੜੀ ਵਿੱਚ ਦਿਖਾਈ ਨਹੀਂ ਦਿੰਦਾ। ਛੋਟੀ-ਛੋਟੀ ਗ਼ਲਤੀਆਂ 'ਤੇ ਬਿਨਾਂ ਝਿਜਕ ਮਾਫ਼ੀ ਮੰਗ ਲਈ ਜਾਂਦੀ ਹੈ। ਛੋਟੇ ਜਿਹੇ ਕੰਮ ਲਈ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ।
ਸਲੀਕੇ ਵਾਲਾ ਵਿਹਾਰ ਇੱਥੋਂ ਦੇ ਲੋਕਾਂ ਵਿੱਚ ਪੀੜ੍ਹੀਆਂ ਤੋਂ ਚੱਲਦਾ ਆ ਰਿਹਾ ਹੈ। ਇਸਦੇ ਪਿੱਛੇ ਮੈਕਸੀਕੋ ਦੇ ਮੂਲ ਨਿਵਾਸੀ ਮੰਨੇ ਜਾਂਦੇ ਹਨ। ਯੂਰੋਪਿਅਨ ਲੋਕਾਂ ਦੇ ਮੈਕਸਿਕੋ ਪਹੁੰਚਣ ਤੋਂ ਪਹਿਲਾਂ ਉੱਥੇ ਐਜ਼ਟੈਕ ਸੱਭਿਅਤਾ ਸੀ।
1519 ਵਿੱਚ ਜਦੋਂ ਸਪੇਨ ਨੇ ਮੈਕਸਿਕੋ 'ਤੇ ਆਪਣਾ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਇੱਥੇ ਸਪੇਨ ਅਤੇ ਐਜਟੈਕ ਸੱਭਿਅਤਾਵਾਂ ਦੇ ਮੇਲ ਤੋਂ ਨਵੇਂ ਸੱਭਿਆਚਾਰ ਨੇ ਜਨਮ ਲਿਆ।
ਸਪੇਨ ਦੇ ਰਾਜਿਆਂ ਨੇ ਕਰੀਬ 300 ਸਾਲ ਤੱਕ ਇੱਥੇ ਅਪਣਾ ਦਬਦਬਾ ਬਣਾ ਕੇ ਰੱਖਿਆ ਪਰ ਸੱਭਿਆਚਾਰ ਦੇ ਮਾਮਲੇ ਵਿੱਚ ਮੈਕਸਿਕੋ ਹਮੇਸ਼ਾ ਅੱਗੇ ਰਿਹਾ।
ਐਜ਼ਟੈਕ ਸਾਮਰਾਜ ਦੇ ਦੌਰ ਵਿੱਚ ਅੱਜ ਦੇ ਮੈਕਸਿਕੋ ਸਿਟੀ ਦੇ ਇਲਾਕੇ ਨੂੰ ਨਾਹੂਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਬਾਅਦ ਵਿੱਚ ਇਸ ਇਲਾਕੇ 'ਤੇ ਸਪੇਨ ਦੇ ਲੋਕਾਂ ਦਾ ਰਸੂਖ਼ ਕਾਇਮ ਹੋ ਗਿਆ ਸੀ।
ਇਨ੍ਹਾਂ ਦੀ ਭਾਸ਼ਾ ਨਾਹੂਆਂ ਦੇ ਵਿੱਚ ਸਥਾਨਕ ਪੱਧਰ 'ਤੇ ਬੋਲੇ ਜਾਣ ਵਾਲੇ ਸ਼ਬਦ ਵੱਡੇ ਪੈਮਾਨੇ ਉੱਤੇ ਸ਼ਾਮਿਲ ਹੋ ਗਏ।
ਐਜ਼ਟੈਕ ਆਦਿਵਾਸੀਆਂ ਦੀ ਨਾਹੁਲਤ ਭਾਸ਼ਾ ਅੱਜ ਕਰੀਬ 15 ਲੱਖ ਲੋਕ ਬੋਲਦੇ ਹਨ। ਇਸ ਜ਼ੁਬਾਨ ਵਿੱਚ ਖ਼ਾਸ ਤਰ੍ਹਾਂ ਦੀ ਮਿਠਾਸ ਅਤੇ ਅਪਣਾਪਨ ਹੈ।
ਨਾਹੂਆ ਦੇ ਕੁਝ ਭਾਈਚਾਰੇ ਵਿੱਚ ਇੱਕ ਚਲਨ ਹੋਰ ਵੀ ਹੈ। ਉਹ ਕਿਸੇ ਨਾਲ ਅੱਖ ਮਿਲਾ ਕੇ ਗੱਲ ਨਹੀਂ ਕਰਦੇ।
ਹਾਲਾਂਕਿ ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਸਾਹਮਣੇ ਵਾਲੇ ਦੀ ਅੱਖ ਵਿੱਚ ਅੱਖ ਪਾ ਕੇ ਗੱਲ ਕਰੋ।
ਇਸ ਨਾਲ ਤੁਹਾਡਾ ਆਤਮਵਿਸ਼ਵਾਸ ਜ਼ਾਹਰ ਹੁੰਦਾ ਹੈ ਪਰ ਇੱਥੋਂ ਦੇ ਲੋਕ ਇਸਨੂੰ ਤਹਿਜ਼ੀਬ ਦੇ ਖ਼ਿਲਾਫ਼ ਮੰਨਦੇ ਹਨ।
ਦਰਅਸਲ ਮੈਕਸਿਕੋ 'ਤੇ ਲੰਬੇ ਸਮੇਂ ਤੱਕ ਵਿਦੇਸ਼ੀਆਂ ਦਾ ਰਾਜ ਰਿਹਾ ਹੈ। ਇੱਥੋਂ ਦੇ ਲੋਕਾਂ ਵਿੱਚ ਸੱਤਾਧਾਰੀ ਪੱਖ ਲਈ ਹਮੇਸ਼ਾ ਹੀ ਇੱਕ ਨਾਵਿਸ਼ਵਾਸ ਰਿਹਾ ਹੈ।
ਸ਼ਾਇਦ ਇਸ ਲਈ ਇੱਥੋਂ ਦੇ ਲੋਕ ਬਾਹਰ ਦੀ ਦੁਨੀਆਂ ਅਤੇ ਆਪਣੇ ਵਿੱਚ ਇੱਕ ਸੀਮਾ ਰੱਖਣਾ ਚਾਹੁੰਦੇ ਹਨ।
ਸ਼ਾਇਦ ਇਸ ਲਈ ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਨ੍ਹਾਂ ਦੇ ਸ਼ਬਦਾਂ ਤੋਂ ਕੋਈ ਦੁਖੀ ਨਾ ਹੋਵੇ।
ਇੱਥੋਂ ਤੱਕ ਕਿ ਜੇ ਤੁਸੀਂ ਕਿਸੇ ਤੋਂ ਰਸਤਾ ਪੁੱਛਦੇ ਹੋ ਅਤੇ ਉਸਨੂੰ ਪਤਾ ਨਹੀਂ ਤਾਂ ਵੀ ਉਸਨੂੰ ਨਾ ਕਰਨਾ ਚੰਗਾ ਨਹੀਂ ਲੱਗੇਗਾ।
ਜੇਕਰ ਤੁਹਾਡੇ ਮਿਜਾਜ਼ ਵਿੱਚ ਜ਼ਰਾ ਵੀ ਆਕੜ ਹੈ, ਜ਼ੁਬਾਨ ਵਿੱਚ ਮਿਠਾਸ ਨਹੀਂ ਹੈ ਤਾਂ ਇੱਥੋਂ ਦੇ ਲੋਕ ਤੁਹਾਨੂੰ ਨਾਕਾਮ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਕਰ ਲੈਣਗੇ।
ਤਮਾਮ ਖ਼ਬੂੀਆਂ ਦੇ ਬਾਵਜੂਦ ਇਹ ਕਹਿਣਾ ਵੀ ਗ਼ਲਤ ਹੋਵੇਗਾ ਕਿ ਮੈਕਸਿਕੋ ਵਿੱਚ ਸਾਰੇ ਬਹੁਤ ਚੰਗੇ ਮਿਜਾਜ਼ ਦੇ ਲੋਕ ਹਨ।
ਕੁਝ ਬੁਰਾਈਆਂ ਇੱਥੋਂ ਦੇ ਲੋਕਾਂ ਵਿੱਚ ਵੀ ਹਨ ਪਰ ਜ਼ਿਆਦਾਤਰ ਖੁਸ਼ਮਿਜਾਜ਼ ਹਨ। ਅਪਣੇ ਸ਼ਹਿਰ ਵਿੱਚ ਆਉਣ ਵਾਲੇ ਸੈਲਾਨੀਆ ਨੂੰ ਪੂਰਾ ਸਮਾਂ ਦਿੰਦੇ ਹਨ।
ਸ਼ਾਇਦ ਇੱਥੋਂ ਦੇ ਲੋਕਾਂ ਦੀ ਇਹੀ ਅਦਾ ਇਸ ਸ਼ਹਿਰ ਨੂੰ ਵਹਿੰਦੇ ਪਾਣੀ ਦੀ ਤਰ੍ਹਾਂ ਆਪਣੇ ਨਾਲ ਵਹਾਅ ਕੇ ਲੈ ਜਾ ਰਹੀ ਹੈ ਅਤੇ ਇਸ ਸ਼ਹਿਰ ਨੇ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ।
ਕਦੀ ਮੌਕਾ ਮਿਲੇ ਤਾਂ ਤੁਸੀਂ ਵੀ ਮੈਕਸਿਕੋ ਸ਼ਹਿਰ ਜ਼ਰੂਰ ਘੁੰਮ ਕੇ ਆਓ।