ਕੁਲਭੂਸ਼ਣ ਜਾਧਵ ਦੀ ਉਮੀਦ ਬਣੇ ਦਲਵੀਰ ਭੰਡਾਰੀ ਫਿਰ ਚੁਣੇ ਗਏ ਆਈਸੀਜੇ ਜੱਜ

ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ (ਆਈਸੀਜੇ) ਵਿੱਚ ਭਾਰਤ ਦੇ ਦਲਵੀਰ ਭੰਡਾਰੀ ਨੂੰ ਦੂਜਾ ਕਾਰਜਕਾਲ ਦਿੱਤੇ ਜਾਣ ਦਾ ਰਾਹ ਸਾਫ਼ ਹੋ ਗਿਆ ਹੈ।

ਸੋਮਵਾਰ ਨੂੰ ਬ੍ਰਿਟੇਨ ਨੇ ਆਈਸੀਜੇ ਦੀ ਦੌੜ ਵਿੱਚ ਸ਼ਾਮਿਲ ਹੋਏ ਆਪਣੇ ਉਮੀਦਵਾਰ ਕ੍ਰਿਸਟੋਫ਼ਰ ਗ੍ਰੀਨਵੁਡ ਦਾ ਨਾਮ ਵਾਪਿਸ ਲੈ ਲਿਆ।

ਕੁਝ ਦਿਨ ਪਹਿਲਾਂ ਆਈਸੀਜੇ ਨੇ ਪਾਕਿਸਾਤਾਨੀ ਜੇਲ੍ਹ ਵਿੱਚ ਕੈਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੀ ਫਾਂਸੀ 'ਤੇ ਰੋਕ ਲਾਈ ਸੀ। ਇਸ ਕੋਰਟ ਦੇ 15 ਜੱਜਾਂ ਵਿੱਚ ਭਾਰਤ ਦੇ ਜਸਟਿਸ ਦਲਵੀਰ ਭੰਡਾਰੀ ਵੀ ਸ਼ਾਮਿਲ ਰਹੇ ਹਨ।

ਉਨ੍ਹਾਂ ਦਾ ਮੌਜੂਦਾ ਕਾਰਜਕਾਲ 15 ਫਰਵਰੀ, 2018 ਤੱਕ ਹੈ ਅਤੇ ਦੂਜੇ ਕਾਰਜਕਾਲ ਲਈ ਉਨ੍ਹਾਂ ਨੂੰ ਬ੍ਰਿਟੇਨ ਦੇ ਗ੍ਰੀਨਵੁਡ ਤੋਂ ਸਖ਼ਤ ਟੱਕਰ ਮਿਲ ਰਹੀ ਸੀ।

ਗ੍ਰੀਨਵੁਡ ਦੀ ਸੁਰੱਖਿਆ ਕੌਂਸਲ ਦੀ ਹਮਾਇਤ ਹਾਸਿਲ ਸੀ, ਜਦਕਿ ਭੰਡਾਰੀ ਨੂੰ ਯੂਐੱਨ ਮਹਾਸਭਾ ਦਾ ਸਮਰਥਨ ਹਾਸਿਲ ਸੀ।

ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰ ਕੇ ਇਸ ਜਿੱਤ 'ਤੇ ਵਧਾਈ ਦਿੱਤੀ ਹੈ।

ਕੌਣ ਹਨ ਜਸਟਿਸ ਦਲਬੀਰ ਭੰਡਾਰੀ

  • ਪਦਮਭੂਸ਼ਣ ਨਾਲ ਸਨਮਾਨੇ ਜਸਟਿਸ ਭੰਡਾਰੀ 40 ਸਾਲ ਤੋਂ ਵੀ ਜ਼ਿਆਦਾ ਸਮੇਂ ਤੱਕ ਭਾਰਤੀ ਨਿਆਂ ਪ੍ਰਣਾਲੀ ਦਾ ਹਿੱਸਾ ਰਹੇ ਹਨ। ਕਦੇ ਵਕੀਲ ਦੇ ਰੂਪ ਵਿੱਚ, ਕਦੇ ਹਾਈ ਕੋਰਟ, ਸੁਪਰੀਮ ਕੋਰਟ ਦੇ ਜੱਜ ਤਾਂ ਕਦੇ ਕੌਮਾਂਤਰੀ ਅਦਾਲਤ ਦੇ ਜੱਜ ਦੇ ਰੂਪ ਵਿੱਚ।
  • ਜਸਟਿਸ ਭੰਡਾਰੀ ਨੇ 1973 ਤੋਂ 1976 ਤੱਕ ਰਾਜਸਥਾਨ ਹਾਈਕੋਰਟ ਵਿੱਚ ਵਕਾਲਤ ਕੀਤੀ ਅਤੇ ਉਸ ਦੇ ਬਾਅਦ ਦਿੱਲੀ ਆ ਗਏ। ਇੱਥੇ ਉਹ ਕੋਰਟ ਵਿੱਚ ਉਦੋਂ ਤੱਕ ਪ੍ਰੈਕਟਿਸ ਕਰਦੇ ਰਹੇ, ਜਦੋਂ ਤੱਕ 1991 ਵਿੱਚ ਦਿੱਲੀ ਹਾਈਕੋਰਟ ਦੇ ਜੱਜ ਨਹੀਂ ਬਣ ਗਏ।
  • ਦਿੱਲੀ ਹਾਈਕੋਰਟ ਦਾ ਜੱਜ ਬਣਨ ਤੋਂ ਬਾਅਦ ਜਸਟਿਸ ਭੰਡਾਰੀ ਬੰਬੇ ਹਾਈਕੋਟ ਦੇ ਮੁੱਖ ਜੱਜ ਬਣੇ।
  • ਜਸਟਿਸ ਦਲਵੀਰ ਭੰਡਾਰੀ 2005 ਵਿੱਚ ਸੁਪਰੀਮ ਕੋਰਟ ਦੇ ਜੱਜ ਬਣ ਗਏ। 2012 ਵਿੱਚ ਸੁਪਰੀਮ ਕੋਰਟ ਤੋਂ ਰਿਟਾਇਰ ਹੋਣ ਤੋਂ ਬਾਅਦ ਉਹ ਆਈਸੀਜੇ ਵਿੱਚ ਜੱਜ ਬਣ ਗਏ। 2012 ਵਿੱਚ ਭਾਰਤੀ ਉਮੀਦਵਾਰ ਦੇ ਰੂਪ ਵਿੱਚ ਜਸਟਿਸ ਭੰਡਾਰੀ ਨੂੰ ਕੌਮਾਂਤਰੀ ਅਦਾਲਤ ਵਿੱਚ ਜੱਜ ਦੇ ਅਹੁਦੇ ਲਈ ਭਾਰੀ ਵੋਟਾਂ ਨਾਲ ਚੁਣਿਆ ਗਿਆ।
  • ਚੋਣਾਂ ਵਿੱਚ ਭਾਰਤੀ ਉਮੀਦਵਾਰ ਦਲਵੀਰ ਭੰਡਾਰੀ ਨੂੰ ਕੁੱਲ 193 ਦੇਸਾਂ ਵਿੱਚੋਂ 122 ਦੇਸਾਂ ਦਾ ਸਮਰਥਨ ਮਿਲਿਆ। ਜਸਟਿਸ ਭੰਡਾਰੀ ਦਾ ਕਾਰਜਕਾਲ ਫਰਵਰੀ 2018 ਤੱਕ ਰਹੇਗਾ।
  • ਜਸਟਿਸ ਭੰਡਾਰੀ ਤੋਂ ਪਹਿਲਾਂ 1988-90 ਵਿੱਚ ਭਾਰਤ ਦੇ ਸਾਬਕਾ ਚੀਫ਼ ਜਸਟਿਸ ਆਰਐੱਸ ਪਾਠਕ ਨੂੰ ਵੀ ਇਸ ਅਹੁਦੇ 'ਤੇ ਚੁਣਿਆ ਗਿਆ ਸੀ।
  • ਜਸਟਿਸ ਦਲਵੀਰ ਭੰਡਾਰੀ ਦੇ ਆਈਸੀਜੇ ਵਿੱਚ ਜੱਜ ਦੀ ਚੋਣ ਲਈ ਭਾਰਤ ਸਰਕਾਰ ਵੱਲੋਂ ਕੀਤੀ ਗਈ ਨਾਮਜ਼ਦਗੀ ਲਈ ਉਦੋਂ ਵਿਵਾਦ ਪੈਦਾ ਹੋ ਗਿਆ ਸੀ, ਜਦੋਂ ਭਾਰਤੀ ਸੁਪਰੀਮ ਕੋਰਟ ਵਿੱਚ ਇੱਕ ਜਨਹਿੱਤ ਪਟੀਸ਼ਨ ਦਾਖਿਲ ਕਰਕੇ ਮੰਗ ਕੀਤੀ ਗਈ ਸੀ ਕਿ ਉਨ੍ਹਾਂ ਦੀ ਨਾਮਜ਼ਦਗੀ ਰੱਦ ਕੀਤੀ ਜਾਵੇ।
  • ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਭਾਰਤੀ ਸੁਪਰੀਮ ਕੋਰਟ ਵਿੱਚ ਜਸਟਿਸ ਭੰਡਾਰੀ ਇੱਕ ਜੱਜ ਹੈ ਅਤੇ ਇਸ ਲਈ ਸਰਕਾਰ ਵੱਲੋਂ ਉੰਨ੍ਹਾਂ ਦੀ ਚੋਣ ਲਈ ਕੀਤੇ ਪ੍ਰਚਾਰ ਕਰਕੇ ਭਾਰਤੀ ਨਿਆਂ ਪ੍ਰਬੰਧ ਦੀ ਨਿਰਪੱਖਤਾ 'ਤੇ ਸਵਾਲ ਖੜੇ ਹੁੰਦੇ ਹਨ।
  • ਜਸਟਿਸ ਭੰਡਾਰੀ ਨੂੰ ਯੂਐੱਨ ਵੱਲੋਂ ਇੰਟਰਨੈਸ਼ਨਲ ਕੋਰਟ ਆਫ਼ ਜਸਟਿਸ ਦੇ ਜੱਜ ਦੇ ਤੌਰ 'ਤੇ ਚੁਣੇ ਜਾਣ ਤੋਂ ਇੱਕ ਦਿਨ ਪਹਿਲਾਂ ਹੀ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਅਲਤਮਸ ਕਬੀਰ, ਜੇ ਚੇਲਾਮੇਸ਼ਵਰ ਅਤੇ ਰੰਜਨ ਗੋਗੋਈ ਦੀ ਖੰਡਪੀਠ ਨੇ ਜਸਟਿਸ ਭੰਡਾਰੀ ਦੀ ਨਾਮਜ਼ਦਗੀ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
  • ਭਾਰਤ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਜਸਟਿਸ ਦਲਵੀਰ ਭੰਡਾਰੀ ਨੇ ਅਮਰੀਕਾ ਦੀ ਸ਼ਿਕਾਗੋ ਸਥਿਤ ਨੌਰਥ ਵੈਸਟਰਨ ਯੂਨੀਵਰਸਿਟੀ ਤੋਂ ਕਾਨੂੰਨ ਵਿੱਚ ਮਾਸਟਰਸ ਦੀ ਡਿਗਰੀ ਵੀ ਹਾਸਿਲ ਕੀਤੀ ਅਤੇ ਕੌਮਾਂਤਰੀ ਕਾਨੂੰਨ ਦਾ ਕਾਫ਼ੀ ਅਨੁਭਵ ਲਿਆ।
  • 1994 ਤੋਂ ਹੀ ਜਸਟਿਸ ਭੰਡਾਰੀ ਇੰਟਰਨੈਸ਼ਨਲ ਲਾ ਫਾਊਂਡੇਸ਼ਨ ਦੇ ਪ੍ਰਧਾਨ ਚੁਣੇ ਗਏ।
  • ਜਸਟਿਸ ਦਲਵੀਰ ਭੰਡਾਰੀ ਨੇ ਇੱਕ ਕਿਤਾਬ ਵੀ ਲਿਖੀ ਹੈ- 'ਜੁਡੀਸ਼ਿਅਲ ਰਿਫਾਰਮਸ: ਰੀਸੇਂਟ ਗਲੇਬਲ ਟ੍ਰੈਂਡਸ'

ਇਸ ਕੌਮਾਂਤਰੀ ਅਦਾਲਤ ਦੀ ਸਥਾਪਨਾ 1945 ਵਿੱਚ ਹੋਈ ਸੀ, ਉਦੋਂ ਤੋਂ ਹੀ ਅਜਿਹਾ ਪਹਿਲੀ ਵਾਰੀ ਹੋਇਆ ਹੋਵੇਗਾ ਜਦੋਂ ਇਸ ਵਿੱਚ ਕੋਈ ਬ੍ਰਿਟਿਸ਼ ਜੱਜ ਨਹੀਂ ਹੋਵੇਗਾ।

ਆਈਸੀਜੇ ਦੇ 15 ਜੱਜਾਂ ਚੋਂ ਤਿੰਨ ਜੱਜ ਅਫ਼ਰੀਕਾ ਤੋਂ ਅਤੇ ਤਿੰਨ ਜੱਜ ਏਸ਼ੀਆ ਦੇ ਹਨ ਅਤੇ ਉਨ੍ਹਾਂ ਤੋਂ ਇਲਾਵਾ ਦੋ ਜੱਜ ਲਾਤੀਨੀ ਅਮਰੀਕਾ ਅਤੇ ਦੋ ਪੂਰਬੀ ਯੂਰਪ ਦੇ ਹਨ। ਪੰਜ ਜੱਜ ਪੱਛਮੀ ਯੂਰਪ ਅਤੇ ਹੋਰਨਾਂ ਇਲਾਕਿਆਂ ਦੇ ਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)