ਇੰਡੋਨੇਸ਼ੀਆ: ਮਿਊਜ਼ੀਅਮ 'ਚੋਂ ਹਿਟਲਰ ਦਾ ਮੋਮ ਦਾ ਪੁਤਲਾ ਹਟਾਇਆ ਗਿਆ

ਤਸਵੀਰ ਸਰੋਤ, AFP
ਅਡੋਲਫ਼ ਹਿਟਲਰ ਦਾ ਪੁਤਲਾ ਜਿਸ ਨਾਲ 'ਸੈਲਫ਼ੀਆਂ' ਲਈਆਂ ਜਾ ਰਹੀਆਂ ਸੀ ਉਸ ਨੂੰ ਇੰਡੋਨੇਸ਼ੀਆ ਦੇ ਮਿਊਜ਼ਮ 'ਚੋਂ ਹਟਾ ਦਿੱਤਾ ਗਿਆ ਹੈ।
ਨਾਜ਼ੀ ਆਗੂ ਦੇ ਨਾਲ ਔਸ਼ਵਿਟਜ਼ ਕੈਂਪ ਦੇ ਗੇਟ ਦੇ ਬਾਹਰ ਲੱਗੀ ਪੁਤਲੇ ਨਾਲ ਤਸਵੀਰਾਂ ਖਿਚਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਜਾਣ 'ਤੇ ਲੋਕਾਂ ਨੇ ਰੋਸ ਪ੍ਰਗਟਾਇਆ ਹੈ।
ਕੌਮਾਂਤਰੀ ਪੱਧਰ 'ਤੇ ਰੋਸ ਦੇ ਪ੍ਰਗਟਾਵੇ ਤੋਂ ਬਾਅਦ 'ਡੇ ਏਆਰਸੀਏ ਸਟੈਚੂ ਆਰਟ ਮਿਊਜ਼ਅਮ' ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ।
ਹਾਲਾਂਕਿ ਇੰਡੋਨੇਸ਼ੀਆ ਦੇ ਜੋਗਜਕਾਰਤਾ ਵਿੱਚ ਸਥਿੱਤ ਇਸ ਮਿਊਜ਼ੀਅਮ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਸਿਰਫ਼ ਲੋਕਾਂ ਨੂੰ ਜਾਣਕਾਰੀ ਦੇਣਾ ਸੀ।
ਖ਼ਬਰ ਏਜੰਸੀ ਏਐੱਫ਼ਪੀ ਨੂੰ ਮਿਊਜ਼ੀਅਮ ਦੇ ਆਪਰੇਸ਼ਨ ਮੈਨੇਜਰ ਜੈਮੀ ਮਿਸਬਾਹ ਨੇ ਕਿਹਾ, "ਅਸੀਂ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ।"
ਨਾਲ ਹੀ ਸੈਲਫੀ, ਨਾਲ ਹੀ ਨਾਜ਼ੀ ਸਲਾਮ
ਸੋਸ਼ਲ ਮੀਡੀਆ 'ਤੇ ਹਿਟਲਰ ਦੇ ਇਸ ਫਾਈਬਰ ਗਲਾਸ ਪੁਤਲੇ ਨਾਲ ਕਈ ਲੋਕਾਂ ਨੇ ਤਸਵੀਰਾਂ ਖਿਚਵਾ ਕੇ ਪਾਈਆਂ। ਉਨ੍ਹਾਂ ਵਿੱਚ ਇੱਕ ਨੌਜਵਾਨ ਮੁੰਡਿਆਂ ਦਾ ਗਰੁੱਪ ਵੀ ਸ਼ਾਮਲ ਸੀ ਜਿਨ੍ਹਾਂ ਨੇ ਪੁਤਲੇ ਨਾਲ ਸੰਤਰੀ ਰੰਗ ਦੀ ਯੂਨੀਫਾਰਮ ਪਾ ਕੇ ਨਾਜ਼ੀ ਅੰਦਾਜ਼ ਵਿੱਚ ਸਲਾਮੀ ਦਿੰਦਿਆਂ ਤਸਵੀਰਾਂ ਖਿਚਵਾਈਆਂ।
ਇਸ ਨੇ ਕਈ ਲੋਕਾਂ ਨੂੰ ਨਾਰਾਜ਼ ਕੀਤਾ ਹੈ। ਹਾਲਾਂਕਿ ਮਿਊਜ਼ੀਅਮ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕੋਈ ਸ਼ਿਕਾਇਤ ਨਹੀਂ ਮਿਲੀ ਹੈ।
ਯਹੂਦੀ ਮਨੁੱਖੀ ਅਧਿਕਾਰ ਜੱਥੇਬੰਦੀ 'ਦ ਸਿਮੌਨ ਵੀਜ਼ਿਨਟਾਲ ਸੈਂਟਰ' ਦੇ ਕਾਰਕੁੰਨ ਰੱਬੀ ਅਬਰਾਹਮ ਕੂਪਰ ਨੇ ਨਿਊਜ਼ ਏਜੰਸੀ ਏਪੀ ਨੂੰ ਦੱਸਿਆ ਕਿ ਮਿਊਜ਼ੀਅਮ ਵਿੱਚ ਹਿਟਲਰ ਦੇ ਪੁਤਲੇ ਨਾਲ ਤਸਵੀਰਾਂ ਖਿਚਵਾਉਣਾ ਬੇਹੱਦ ਘਿਨਾਉਣਾ ਕੰਮ ਹੈ।
'ਪੀੜ੍ਹਤਾਂ ਦਾ ਮਜ਼ਾਕ ਉਡਾਇਆ ਗਿਆ'
ਉਨ੍ਹਾਂ ਅੱਗੇ ਕਿਹਾ, "ਪੁਤਲੇ ਦੇ ਪਿੱਛੇ ਦੀ ਤਸਵੀਰ ਉਨ੍ਹਾਂ ਲੋਕਾਂ ਦਾ ਮਜ਼ਾਕ ਉਡਾ ਰਹੀ ਹੈ, ਜੋ ਔਸ਼ਵਿਟਜ਼ ਕਨਸਨਟ੍ਰੇਸ਼ਨ ਕੈਂਪ ਤੋਂ ਵਾਪਸ ਨਹੀਂ ਆਏ।''
ਇੱਕ ਅੰਦਾਜ਼ੇ ਮੁਤਾਬਕ 11 ਲੱਖ ਲੋਕ, ਖਾਸ ਕਰਕੇ ਯੂਰਪੀਅਨ ਜਿਊਸ ਅਤੇ ਰੋਮਾ ਜਿਪਸੀਜ਼ ਸਣੇ ਸੋਵੀਅਤ ਰੂਸ ਦੇ ਜੰਗੀ ਕੈਦੀਆਂ ਦਾ ਕਤਲ ਔਸ਼ਵਿਟਜ਼ ਕਨਸਨਟ੍ਰੇਸ਼ਨ ਕੈਂਪ ਵਿੱਚ ਕੀਤਾ ਗਿਆ ਸੀ।
ਕੁਝ ਲੋਕਾਂ ਮੁਤਾਬਕ ਇਸਦੇ ਪਿੱਛੇ ਹੋਲੋਕੋਸਟ ਨਾਲ ਜੁੜੀਆਂ ਘਟਨਾਵਾਂ ਬਾਰੇ ਲੋਕਾਂ ਵਿੱਚ ਸੰਜੀਦਗੀ ਦੀ ਘਾਟ ਇੱਕ ਵਜ੍ਹਾ ਹੈ।
ਮਨੁੱਖੀ ਅਧਿਕਾਰ ਮਾਮਲਿਆਂ ਦੇ ਰਿਚਰਚਰ ਐਂਡਰੇਸ ਹਾਰਤੂਨੋ ਮੁਤਾਬਕ ਇਹ ਇੰਡੋਨੇਸ਼ੀਆ ਵਰਗੇ ਮੁਸਲਿਮ ਬਹੁਗਿਣਤੀ ਮੁਲਕ ਵਿੱਚ ਯਹੂਦੀ ਵਿਰੋਧੀ ਭਾਵਨਾਵਾਂ ਵੱਲ ਇਸ਼ਾਰਾ ਕਰ ਰਿਹਾ ਹੈ।
ਇਸ ਮਿਊਜ਼ੀਅ ਵਿੱਚ ਹਿਟਲਰ ਦਾ ਪੁਤਲਾ ਇੱਕ ਨਾਜ਼ੀ-ਥੀਮ ਕੈਫੇ ਦੇ ਬੰਦ ਹੋਣ ਤੋਂ ਬਾਅਦ ਉੱਥੋਂ ਲਿਆ ਕੇ ਇੱਥੇ ਲਾਇਆ ਗਿਆ ਸੀ।












