ਕੈਟੇਲੋਨੀਆ ਦੀ ਅਜ਼ਾਦੀ ਕੁਝ ਹੀ ਦਿਨਾਂ ਵਿੱਚ: ਕਾਰਲਸ ਪੁਆਇਦੇਮੋਂਟ

ਤਸਵੀਰ ਸਰੋਤ, AFP/GETTY IMAGES
ਕੈਟੇਲੋਨੀਆ ਸਪੇਨ ਤੋਂ ਅਜ਼ਾਦੀ ਦਾ ਐਲਾਨ ਕੁਝ ਹੀ ਦਿਨਾਂ ਵਿੱਚ ਕਰੇਗਾ। ਅਜ਼ਾਦ ਖੇਤਰ ਦੇ ਆਗੂ ਕਾਰਲਸ ਪੁਆਇਦੇਮੋਂਟ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਇਹ ਦਾਅਵਾ ਕੀਤਾ।
ਐਤਵਾਰ ਦੀ ਰਾਏਸ਼ੁਮਾਰੀ ਤੋਂ ਬਾਅਦ ਪਹਿਲੇ ਇੰਟਰਵਿਊ ਵਿੱਚ ਕਾਰਲਸ ਪੁਆਇਦੇਮੋਂਟ ਨੇ ਕਿਹਾ "ਉਨ੍ਹਾਂ ਦੀ ਸਰਕਾਰ ਇਸ ਹਫ਼ਤੇ ਅਖੀਰ ਜਾਂ ਅਗਲੇ ਹਫ਼ਤੇ ਦੀ ਸ਼ੁਰੂਆਤ ਵਿੱਚ ਕਾਰਵਾਈ ਕਰੇਗੀ।"
ਇਸ ਵਿਚਾਲੇ ਸਪੇਨ ਦੇ ਰਾਜਾ ਫੈਲੀਪੇ VI ਨੇ ਕਿਹਾ ਕਿ ਵੋਟਿੰਗ ਦੇ ਪ੍ਰਬੰਧਕਾਂ ਨੇ ਕਨੂੰਨ ਨੂੰ ਛਿੱਕੇ ਟੰਗਿਆ।
ਉਨ੍ਹਾਂ ਨੇ ਕਿਹਾ ਕਿ ਸਪੇਨ ਵਿੱਚ ਹਲਾਤ ਬੇਹੱਦ ਮਾੜੇ ਸਨ।
ਹਿੰਸਾ ਤੇ ਮੁਜ਼ਾਹਰੇ
ਵੋਟਿੰਗ ਦੌਰਾਨ ਸਪੇਨ ਪੁਲਿਸ ਵੱਲੋਂ ਕੀਤੀ ਕਾਰਵਾਈ ਵਿੱਚ ਤਕਰੀਬਨ 900 ਲੋਕ ਜ਼ਖਮੀ ਹੋਏ ਸਨ। ਜਿਸ ਦੇ ਵਿਰੋਧ ਵਿੱਚ ਸੈਂਕੜੇ ਲੋਕ ਮੁਜ਼ਾਹਰੇ ਕਰ ਰਹੇ ਹਨ।
ਸਥਾਨਕ ਮੈਡੀਕਲ ਅਫ਼ਸਰਾਂ ਮੁਤਾਬਕ ਵੋਟਿੰਗ ਦੌਰਾਨ 33 ਪੁਲਿਸ ਅਧਿਕਾਰੀ ਵੀ ਜ਼ਖਮੀ ਹੋ ਗਏ ਸਨ।

ਤਸਵੀਰ ਸਰੋਤ, EPA
ਜਦੋਂ ਕਾਰਲਸ ਪੁਆਇਦੇਮੋਂਟ ਤੋਂ ਪੁੱਛਿਆ ਗਿਆ ਕਿ ਜੇ ਸਪੇਨ ਦੀ ਸਰਕਾਰ ਦਖ਼ਲ ਦੇਵੇ ਅਤੇ ਕੈਟਲੋਨੀਆ ਆਪਣੇ ਅਧੀਨ ਕਰ ਲਏ ਫਿਰ ਉਹ ਕੀ ਕਰਨਗੇ?
ਜਵਾਬ ਵਿੱਚ ਕਾਰਲਸ ਪੁਆਇਦੇਮੋਂਟ ਨੇ ਕਿਹਾ, "ਇਹ ਮਹਿਜ਼ ਇੱਕ ਗਲਤੀ ਹੋਏਗਾ ਜੋ ਸਭ ਕੁਝ ਬਦਲ ਕੇ ਰੱਖ ਦੇਵੇਗਾ।"
ਕਾਰਲਸ ਪੁਆਇਦੇਮੋਂਟ ਨੇ ਕਿਹਾ ਕਿ ਮੈਡਰਿਡ ਦੀ ਕੇਂਦਰ ਸਰਕਾਰ ਅਤੇ ਉਨ੍ਹਾਂ ਵਿਚਾਲੇ ਕੋਈ ਸੰਪਰਕ ਨਹੀਂ ਹੈ।
ਉਨ੍ਹਾਂ ਯੂਰੋਪੀਅਨ ਕਮਿਸ਼ਨ ਦੇ ਉਸ ਬਿਆਨ 'ਤੇ ਅਸਹਿਮਤੀ ਪ੍ਰਗਟਾਈ ਜਿਸ ਵਿੱਚ ਕਿਹਾ ਗਿਆ ਕਿ ਕੈਟਲੋਨੀਆ ਦੇ ਹਲਾਤ ਸਪੇਨ ਦਾ ਅੰਦਰੂਨੀ ਮਾਮਲਾ ਹੈ।

ਤਸਵੀਰ ਸਰੋਤ, Getty Images
ਦੇਸ਼ ਦੇ ਨਾਂ ਟੀਵੀ ਜ਼ਰੀਏ ਦਿੱਤੇ ਸੰਦੇਸ਼ 'ਚ ਰਾਜਾ ਨੇ ਕਿਹਾ, "ਕੈਟਲੈਨ ਆਗੂ ਜਿੰਨ੍ਹਾਂ ਨੇ ਰਾਏਸ਼ੁਮਾਰੀ ਕਰਵਾਈ, ਉਨ੍ਹਾਂ ਨੇ ਦੇਸ਼ ਦੇ ਕਾਨੂੰਨ ਦੀ ਬੇਇਜ਼ਤੀ ਕੀਤੀ ਹੈ।"
"ਉਨ੍ਹਾਂ ਨੇ ਲੋਕਤੰਤਰਿਕ ਨੇਮਾਂ ਨੂੰ ਤੋੜਿਆ। ਅੱਜ ਕੈਟਲੈਨ ਸਮਾਜ ਅਪਾਹਿਜ ਹੋ ਗਿਆ ਹੈ।"
ਉਨ੍ਹਾਂ ਚੇਤਾਵਨੀ ਦਿੱਤੀ ਕਿ ਚੋਣ ਦੀ ਵਜ੍ਹਾ ਕਰਕੇ ਧਨਾਢ ਉੱਤਰ-ਪੂਰਬੀ ਖੇਤਰ ਅਤੇ ਪੂਰੇ ਸਪੇਨ ਦੀ ਵਿੱਤੀ ਹਾਲਤ ਨੂੰ ਖ਼ਤਰਾ ਹੋ ਗਿਆ ਹੈ।
ਉਨ੍ਹਾਂ ਦਾਅਵਾ ਕੀਤਾ, "ਸਪੇਨ ਮੁਸ਼ਕਿਲ ਹਲਾਤਾਂ ਨਾਲ ਨਜਿੱਠ ਲਏਗਾ।"
ਕੇਂਦਰ ਸਰਕਾਰ ਪਹਿਲਾਂ ਹੀ ਰਾਏਸ਼ੁਮਾਰੀ ਨੂੰ ਗੈਰ-ਕਾਨੂੰਨੀ ਕਰਾਰ ਦੇ ਚੁੱਕੀ ਹੈ।












