‘ਔਰਤਾਂ ਵਿੱਚ ਹੁੰਦਾ ਹੈ ਇੱਕ-ਚੌਥਾਈ ਦਿਮਾਗ’

ਤਸਵੀਰ ਸਰੋਤ, REUTERS/Faisal Al Nasser
- ਲੇਖਕ, ਜਾਰਜੀਨਾ ਰਨਾਰਡਨ ਅਤੇ ਮੁਹੰਮਦ ਸ਼ੁਕਰੀ
- ਰੋਲ, ਬੀਬੀਸੀ ਪੱਤਰਕਾਰ
ਸਉਦੀ ਅਰਬ ਦੇ ਇੱਕ ਧਾਰਮਿਕ ਆਗੂ ਨੇ ਕਿਹਾ ਹੈ ਕਿ ਔਰਤਾਂ ਗੱਡੀ ਚਲਾਉਣ ਦੇ ਕਾਬਿਲ ਨਹੀਂ ਹੁੰਦੀਆਂ ਹਨ, ਕਿਉਂਕਿ ਉਨ੍ਹਾਂ ਕੋਲ ਦਿਮਾਗ ਦਾ ਕੇਵਲ ਇੱਕ-ਚੌਥਾਈ ਹਿੱਸਾ ਹੁੰਦਾ ਹੈ।
ਇੱਕ ਭਾਸ਼ਣ ਵਿੱਚ ਸਾਦ ਅਲ-ਹਿਜਰੀ ਨੇ ਕਿਹਾ ਕਿ ਔਰਤਾਂ ਕੋਲ ਕੇਵਲ ਅੱਧਾ ਦਿਮਾਗ ਹੁੰਦਾ ਹੈ। ਜਦੋਂ ਉਹ ਸ਼ਾਪਿੰਗ ਕਰਨ ਜਾਂਦੀਆਂ ਹਨ ਤਾਂ ਉਨ੍ਹਾਂ ਕੋਲ ਸਿਰਫ ਉਸਦਾ ਅੱਧਾ ਦਿਮਾਗ ਰਹਿ ਜਾਂਦਾ ਹੈ।
ਸਾਦ ਅਲ-ਹਿਜਰੀ 'ਤੇ ਪਾਬੰਦੀ
ਵੀਰਵਾਰ ਨੂੰ ਸਉਦੀ ਦੇ ਅਸਿਰ ਸੂਬੇ ਦੇ ਫਤਵਾ (ਕਨੂੰਨ ਰਾਏ) ਮੁਖੀ ਸਾਦ ਵੱਲੋਂ ਉਪਦੇਸ਼ ਦੇਣ ਅਤੇ ਦੂਜੀਆਂ ਧਾਰਮਿਕ ਗਤੀਵਿਧੀਆਂ ਨੂੰ ਅੰਜਾਮ ਦੇਣ 'ਤੇ ਰੋਕ ਲਗਾ ਦਿੱਤੀ ਗਈ।
ਸਉਦੀ ਵਿੱਚ ਔਰਤਾਂ ਦੇ ਡ੍ਰਾਈਵ ਕਰਨ 'ਤੇ ਪਾਬੰਦੀ ਹੈ। ਜਿਸਨੂੰ ਲੈ ਕੇ ਪ੍ਰਦਰਸ਼ਨ ਵੀ ਹੋਏ ਹਨ।
ਧਾਰਮਿਕ ਆਗੂ ਵੱਲੋਂ ਕੀਤੀ ਗਈ ਟਿੱਪਣੀ ਦਾ ਵੀਡੀਓ ਸਉਦੀ ਅਰਬ ਵਿੱਚ ਬੁੱਧਵਾਰ ਨੂੰ ਫੈਲਣ ਲੱਗਿਆ। ਜਿਸ ਤੋਂ ਬਾਅਦ ਇਸ 'ਤੇ ਸੋਸ਼ਲ ਮੀਡੀਆ ਵਿੱਚ ਕਾਫ਼ੀ ਚਰਚਾ ਹੋਈ।

ਤਸਵੀਰ ਸਰੋਤ, YOUTUBE
ਸੋਸ਼ਲ ਮੀਡੀਆ 'ਤੇ ਵਿਰੋਧ
ਔਰਤਾਂ ਦੇ ਕੋਲ ਕੇਵਲ ਇੱਕ-ਚੌਥਾਈ ਦਿਮਾਗ ਹੋਣ ਦੇ ਅਰਬੀ ਵਿੱਚ ਲਿਖੇ ਹੈਸ਼ਟੈਗ ਨੂੰ 24 ਘੰਟਿਆਂ ਵਿੱਚ 1.19 ਲੱਖ ਵਾਰ ਇਸੇਮਾਲ ਕੀਤਾ ਗਿਆ।
ਕਈ ਲੋਕਾਂ ਨੇ ਉਨ੍ਹਾਂ ਦੀ ਇਸ ਟਿੱਪਣੀ ਦੀ ਆਲੋਚਨਾ ਕਰਦੇ ਹੋਏ ਟਵੀਟ ਕੀਤੇ।
ਜਿਸ ਵਿੱਚ ਸ਼ਿਕ ਨਾਮਕ ਇੱਕ ਯੂਜ਼ਰ ਨੇ ਲਿਖਿਆ, "ਮੈਂ ਭਗਵਾਨ ਦੀ ਸਹੁੰ ਚੁੱਕਦਾ ਹਾਂ ਕਿ ਜਿਨ੍ਹਾਂ ਦੇ ਕੋਲ ਦਿਮਾਗ ਦਾ ਇੱਕ-ਚੌਥਾਈ ਹਿੱਸਾ ਹੁੰਦਾ ਹੈ ਉਹ ਤੁਹਾਡੇ ਵਰਗੇ ਲੋਕ ਹਨ, ਜੋ ਤੁਹਾਡੀ ਸਟੇਜ ਤੋਂ ਅਜਿਹੇ ਕੱਟੜ ਵਿਚਾਰ ਦਿੰਦੇ ਹਨ। ਉਹ ਔਰਤ ਹੈ, ਜੋ ਮਰਦ ਨੂੰ ਵੱਡਾ ਕਰਦੀ ਹੈ ਅਤੇ ਉਸਦੀ ਕਾਮਯਾਬੀ ਦੀ ਮੁੱਖ ਵਜ੍ਹਾ ਹੈ।''
ਸਾਦ 'ਤੇ ਪਾਬੰਦੀ ਲਾਏ ਜਾਣ ਨੂੰ ਘੱਟ ਦੱਸਦੇ ਹੋਏ ਨਕਾ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ ਕਿ ਸਾਦ ਦੇ ਉਪਦੇਸ਼ ਦੇਣ 'ਤੇ ਪਾਬੰਦੀ ਲਾਏ ਜਾਣ ਨਾਲ ਕੁਝ ਨਹੀਂ ਹੋਵੇਗਾ ਕਿਉਂਕਿ ਹੋਰ ਵੀ ਅਜਿਹੇ ਕਾਲੀ ਦਾੜੀ ਵਾਲੇ ਲੋਕ ਹਨ, ਜੋ ਭੜਕਾਊ ਫ਼ਤਵੇ ਦਿੰਦੇ ਹਨ।

ਤਸਵੀਰ ਸਰੋਤ, REUTERS/Amena Bakr
ਹਮਾਇਤ 'ਚ ਵੀ ਲੋਕ
ਉੱਥੇ ਹੀ ਕਈ ਸੋਸ਼ਲ ਮੀਡੀਆ ਇਸਤਮਾਲ ਕਰਨ ਵਾਲਿਆਂ ਨੇ ਉਨ੍ਹਾਂ ਦੀ ਟਿੱਪਣੀ ਦੀ ਹਮਾਇਤ ਵੀ ਕੀਤੀ।
'ਸਾਦ ਔਰਤਾਂ ਦੇ ਨਾਲ ਹਨ ਨਾ ਕੀ ਉਨ੍ਹਾਂ ਦੇ ਖ਼ਿਲਾਫ਼', ਅਰਬੀ ਦੇ ਇਸ ਹੈਸ਼ਟੈਗ ਤੋਂ 24 ਘੰਟਿਆਂ ਵਿੱਚ 20 ਹਜ਼ਾਰ ਟਵੀਟ ਕੀਤੇ ਗਏ।
ਅਬਦੁੱਲ ਰਹਾਨ ਅਹਿਮਦ ਅਸੀਰੀ ਨੇ ਟਵੀਟ ਕੀਤਾ, "ਸਾਡੇ ਸ਼ੇਖ਼ ਸਾਦ ਅਲ-ਹਿਜਰੀ ਸਾਡੀ ਧੀਆਂ ਤੇ ਭੈਣਾਂ ਦੇ ਲਈ ਚਿੰਤਿਤ ਹਨ। ਉਨ੍ਹਾਂ ਨੇ ਅਜਿਹੀ ਕੋਈ ਗਲਤੀ ਨਹੀਂ ਕੀਤੀ ਕਿ ਜਿਸਦੇ ਲਈ ਉਨ੍ਹਾਂ 'ਤੇ ਪਾਬੰਦੀ ਲਾਈ ਜਾਏ। ਅਸਿਰ ਦੇ ਗਵਰਨਰ, ਭਗਵਾਨ ਦਾ ਖ਼ੌਫ਼ ਕਰੋ ਅਤੇ ਧਰਮ ਨਿਰਪੱਖ ਤਾਕਤਾਂ ਦਾ ਕਹਿਣਾ ਨਾ ਮੰਨੋ।''
ਅਸਿਰ ਸੂਬੇ ਦੇ ਬੁਲਾਰੇ ਨੇ ਕਿਹਾ ਕਿ ਧਾਰਮਿਕ ਸਟੇਜਾਂ ਦੇ ਇਸਤੇਮਾਲ ਅਤੇ ਸਮਾਜ ਵਿੱਚ ਵਿਵਾਦ ਪੈਦਾ ਕਰਨ ਵਾਲੇ ਵਿਚਾਰਾਂ ਨੂੰ ਸੀਮਿਤ ਕਰਨ ਲਈ ਧਾਰਮਿਕ ਆਗੂ 'ਤੇ ਪਾਬੰਦੀ ਲਾਈ ਗਈ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗ੍ਰਾਮ ਪੰਨਾ ਦੇਖੋ।)












