ਸਿਰਫ 11 ਸੈਕਿੰਡ 'ਚ 100 ਮੀਟਰ ਦੀ ਦੌੜ

ਤਸਵੀਰ ਸਰੋਤ, NISHAR AHMED
- ਲੇਖਕ, ਅਭਿਮਨਯੂ ਕੁਮਾਰ ਸਾਹਾ
- ਰੋਲ, ਬੀਬੀਸੀ ਪੱਤਰਕਾਰ
ਮੁਸ਼ਕਿਲ ਹਾਲਾਤਾਂ ਚੋਂ ਲੰਘ ਕੇ ਸਿਖਰਾਂ 'ਤੇ ਪਹੁੰਚਣ ਵਾਲਾ ਹੀ ਸਿਕੰਦਰ ਕਹਾਉਂਦਾ ਹੈ। ਦਿੱਲੀ ਦੇ 15 ਸਾਲਾ ਨਿਸਾਰ ਅਹਿਮਦ ਨੇ ਇਸ ਗੱਲ ਨੂੰ ਸਾਬਿਤ ਕਰ ਦਿੱਤਾ ਹੈ। ਨਿਸਾਰ ਨੇ 11 ਸੈਕਿੰਡ 'ਚ 100 ਮੀਟਰ ਦੀ ਦੌੜ ਲਗਾ ਕੇ ਇੱਕ ਨਵਾਂ ਰਿਕਾਰਡ ਬਣਾਇਆ ਹੈ।
ਕੁਝ ਸਮਾਂ ਪਹਿਲਾਂ ਦਿੱਲੀ 'ਚ ਹੋਏ ਐਥਲੈਟਿਕ ਮੁਕਾਬਲੇ 'ਚ ਅੰਡਰ-16 ਕੈਟੇਗੀਰੀ 'ਚ ਨਿਸਾਰ ਨੇ ਇਹ ਮੁਕਾਮ ਹਾਸਲ ਕੀਤਾ ਹੈ। ਉਸ ਨੇ 200 ਮੀਟਰ ਦੀ ਦੌੜ ਵੀ 22.08 ਸੈਕਿੰਡ ਵਿੱਚ ਪੂਰੀ ਕਰ ਸਫਲਤਾ ਹਾਸਿਲ ਕੀਤੀ।
ਪਿਤਾ ਹਨ ਰਿਕਸ਼ਾ ਚਾਲਕ
ਨਿਸਾਰ ਦੇ ਪਿਤਾ ਦਿੱਲੀ 'ਚ ਰਿਕਸ਼ਾ ਚਲਾਉਂਦੇ ਹਨ ਤੇ ਮਾਂ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਦੀ ਹੈ।
ਦਿੱਲੀ ਦੇ ਆਜ਼ਾਦਪੁਰ ਰੇਲਵੇ ਸਟੇਸ਼ਨ ਦੇ ਵੱਡੇ ਬਾਗ ਸਲੱਮ 'ਚ ਇੱਕ ਕਮਰੇ ਦੇ ਮਕਾਨ ਵਿੱਚ ਰਹਿਣ ਵਾਲੇ ਨਿਸਾਰ ਨੇ ਮੰਦਹਾਲੀ ਹੋਣ ਦੇ ਬਾਵਜੂਦ ਵੀ ਹਾਰ ਨਹੀਂ ਮੰਨੀ।

ਤਸਵੀਰ ਸਰੋਤ, NISHAR AHMED
ਨਿਸਾਰ ਨੇ ਬੀਬੀਸੀ ਨੂੰ ਕਿਹਾ,''ਮੈਂ ਇੱਕ ਵਾਰ ਜੂਨੀਅਰ ਕੈਟੇਗਰੀ 'ਚ ਖੇਡਣ ਗਿਆ। ਬਿਨਾਂ ਟ੍ਰੇਨਿੰਗ ਦੇ ਮੈਂ ਪਹਿਲਾ ਸਥਾਨ ਹਾਸਲ ਕੀਤਾ । ਉਸ ਵੇਲੇ ਮੈਨੂੰ ਲੱਗਿਆ ਕਿ ਪੜ੍ਹਾਈ ਦੇ ਨਾਲ ਮੈਨੂੰ ਐਥਲੇਟਿਕਸ 'ਚ ਵੀ ਆਪਣੀ ਕਿਸਮਤ ਅਜ਼ਮਾਉਣੀ ਚਾਹੀਦੀ ਹੈ।''
ਇਸ ਤੋਂ ਬਾਅਦ ਉਸ ਨੇ ਛਤਰਸਾਲ ਸਟੇਡੀਅਮ ਸੁਨੀਤਾ ਰਾਏ ਤੋਂ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ। ਇਹ ਸਫਲਤਾ ਉਸੀ ਦਾ ਨਤੀਜਾ ਹੈ।
ਜਸਿਟਨ ਗੇਟਲਿਨ ਤੋਂ ਪ੍ਰੇਰਿਤ
ਨਿਸਾਰ ਦੇ ਪੰਸਦੀਦਾ ਦੌੜਾਕ ਜਸਟਿਨ ਗੇਟਲਿਨ ਹਨ।
ਉਸਨੇ ਦੱਸਿਆ, ''100 ਮੀਟਰ 'ਚ ਮੇਰੇ ਪੰਸਦੀਦਾ ਦੌੜਾਕ ਹਨ ਅਮਰੀਕਾ ਦੇ ਜਸਿਟਨ ਗੇਟਲਿਨ । ਉਨਾਂ ਦੀ ਸ਼ੁਰੂਆਤ ਮੈਨੂੰ ਬਹੁਤ ਪਸੰਦ ਹੈ। ਮੈਂ ਉਸੇ ਤਰ੍ਹਾਂ ਹੀ ਸ਼ੁਰੂਆਤ ਕਰਨਾ ਚਾਹੁੰਦਾ ਹਾਂ। ਮੈਂ ਉਨਾਂ ਦੀ ਵੀਡੀਓ ਦੇਖਦਾ ਹਾਂ ਤਾਂਕਿ ਮੈਂ ਉਨਾਂ ਦੀ ਤਕਨੀਕ ਨੂੰ ਅਪਣਾ ਸਕਾ ਤੇ ਆਪਣੀ ਕਮੀਆਂ ਨੂੰ ਦੂਰ ਕਰ ਸਕਾਂ।''
ਤੰਗਹਾਲੀ ਦੇ ਬਾਵਜੂਦ ਪਿਤਾ ਵੱਲੋਂ ਹੌਂਸਲਾ
ਨਿਸਾਰ ਦੇ ਪਿਤਾ ਨਨਕੂ ਅਹਿਮਦ ਨੂੰ ਆਪਣੇ ਮੁੰਡੇ 'ਤੇ ਮਾਣ ਹੈ। ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲੇ ਨਾਲ ਸਬੰਧ ਰੱਖਣ ਵਾਲੇ ਨਨਕੂ ਪਿਛਲੇ 38 ਸਾਲਾਂ ਤੋਂ ਦਿੱਲੀ 'ਚ ਰਹਿ ਰਹੇ ਹਨ। ਉਹ 28 ਸਾਲਾਂ ਤੋਂ ਰਿਕਸ਼ਾ ਚਲਾ ਰਹੇ ਹਨ।

ਤਸਵੀਰ ਸਰੋਤ, NISHAR AHMED
ਨਨਕੂ ਕਹਿੰਦੇ ਹਨ, ''ਜਦੋਂ ਨਿਸਾਰ ਨੇ ਪ੍ਰੈਕਟਿਸ ਸ਼ੁਰੂ ਕੀਤੀ, ਤਾਂ ਉਸਨੇ ਮੈਨੂੰ ਕਿਹਾ ਪਾਪਾ ਮੈਂ ਦੇਸ਼ ਲਈ ਕੁਝ ਕਰਨਾ ਚਾਹੁੰਦਾ ਹਾਂ। ਮੈਂ ਉਸਨੂੰ ਪੁੱਛਿਆ ਕੀ ਕਰੋਗੇ? ਤਾਂ ਸਨੇ ਕਿਹਾ ਕਿ ਮੈਂ ਦੌੜਨਾ ਚਾਹੁੰਦਾ ਹਾਂ। ਫਿਰ ਮੈਂ ਕਿਹਾ, ਤੁਸੀਂ ਜੋ ਕਰਨਾ ਚਾਹੁੰਦੇ ਹੋ, ਕਰੋ, ਅਸੀਂ ਤੇਰੇ ਨਾਲ ਹਾਂ। ਜਿਵੇਂ ਵੀ ਹੋਵੇਗਾ,ਅਸੀਂ ਅਮੀਰੀ-ਗਰੀਬੀ ਨਾਲ ਨਿਪਟ ਲਵਾਂਗੇ।''
'ਹੁਣ ਮੇਰਾ ਮੁੰਡਾ ਦੇਸ ਦਾ ਪੁੱਤਰ'
ਬੇਟਾ ਅੱਗੇ ਵਧੇ ਤੇ ਉਸਨੂੰ ਚੰਗੀਆਂ ਸੁਵਿਧਾਵਾਂ ਮਿਲਣ, ਇਸਨੂੰ ਲੈ ਕੇ ਨਨਕੂ ਦੇ ਮਨ 'ਚ ਕਈ ਸਵਾਲ ਉੱਠ ਰਹੇ ਸੀ। ਉਨ੍ਹਾਂ ਸਰਕਾਰ ਤੋਂ ਚਿੱਠੀ ਲਿਖ ਕੇ ਮਦਦ ਮੰਗੀ ਹੈ।
ਉਨਾਂ ਨੇ ਕਿਹਾ, ''ਹੁਣ ਮੇਰਾ ਮੁੰਡਾ ਦੇਸ ਦਾ ਮੁੰਡਾ ਹੈ। ਮੈਂ ਸਰਕਾਰ ਤੋਂ ਮਦਦ ਮੰਗੀ।ਮੇਰਾ ਪੈਰ ਖ਼ਰਾਬ ਹੋ ਚੁਕਿਆ ਹੈ। ਪਤਨੀ ਦੇ ਪੈਰ 'ਚ ਵੀ ਤਕਲੀਫ ਰਹਿਣ ਲੱਗੀ ਹੈ।''
ਨਿਸਾਰ ਦੀ ਟ੍ਰੇਨਰ ਸੁਨੀਤਾ ਰਾਏ ਵੀ ਕਹਿੰਦੀ ਹੈ ਕਿ ਜੇਕਰ ਉਸਨੂੰ ਬੇਹਤਰ ਸਹੂਲਤਾਂ ਮਿਲਣ, ਤਾਂ ਉਹ ਐਥਲੀਟ 'ਚ ਹੋਰ ਅੱਗੇ ਵਧ ਸਕਦਾ ਹੈ।
ਸੁਨੀਤਾ ਰਾਏ ਮੁਤਾਬਿਕ,'' ਨਿਸਾਰ ਆਪਣੇ ਅੰਦਰ ਤੇਜ਼ੀ ਨਾਲ ਸੁਧਾਰ ਲਿਆ ਰਿਹਾ ਹੈ। ਸ਼ੁਰੂਆਤ 'ਚ 100 ਮੀਟਰ ਦੀ ਦੌੜ ਪੂਰੀ ਕਰਨ ਲਈ ਉਹ 12 ਸੈਕਿੰਡ ਲਗਾਉਂਦਾ ਸੀ, ਪਰ ਉਹ ਹੁਣ ਇਸਨੂੰ 11 ਸੈਕਿੰਡ 'ਚ ਪੂਰਾ ਕਰ ਰਿਹਾ ਹੈ।
''ਉਸਨੂੰ ਹੋਰ ਵੀ ਬੇਹਤਰ ਬਣਾਉਣ ਲਈ ਵਿਸ਼ੇਸ਼ ਖਾਣ-ਪੀਣ ਅਤੇ ਸਹੂਲਤਾਂ ਦੀ ਲੋੜ ਹੈ। ਜੇਕਰ ਉਸਨੂੰ ਇਹ ਸਭ ਕੁਝ ਮਿਲਦਾ ਹੈ, ਤਾਂ ਉਹ ਹੋਰ ਵੀ ਵਧੀਆ ਕਰ ਸਕਦਾ ਹੈ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












