ਬਲਾਗ: ਜਿੱਤੀ ਕੁਲਸੁਮ, ਚਰਚਾ ਹਾਫ਼ਿਜ਼ ਸਈਅਦ ਦੀ

    • ਲੇਖਕ, ਵੁਸਤੁੱਲ੍ਹਾ ਖ਼ਾਨ
    • ਰੋਲ, ਪੱਤਰਕਾਰ, ਪਾਕਿਸਤਾਨ ਤੋਂ

ਇਸ ਵੇਲੇ ਪਾਕਿਸਤਾਨ 'ਚ ਮੀਡੀਆ ਨੂੰ ਕੌਮੀ ਅਸੰਬਲੀ ਦੇ ਹਲਕਾ-120 ਲਾਹੌਰ ਦੀ ਜ਼ਿਮਨੀ ਚੋਣ ਦਾ ਬੁਖ਼ਾਰ ਚੜ੍ਹਿਆ ਹੋਇਆ ਹੈ। ਇਸ ਚੋਣ ਖੇਤਰ ਨੇ ਨਵਾਜ਼ ਸ਼ਰੀਫ਼ ਨੂੰ ਤਿੰਨ ਵਾਰ ਪ੍ਰਧਾਨ ਮੰਤਰੀ ਦੀ ਗੱਦੀ ਤੱਕ ਪਹੁੰਚਾਇਆ ਹੈ।

ਇਸ ਵਾਰ ਉਨ੍ਹਾਂ ਦੀ ਪਤਨੀ ਬੇਗਮ ਕੁਲਸੁਮ ਨਵਾਜ਼ ਨੇ ਬਾਜ਼ੀ ਮਾਰੀ। ਤਹਿਰੀਕ-ਏ-ਇਨਸਾਫ਼ ਦੀ ਉਮੀਦਵਾਰ ਯਾਸਮਿਨ ਰਾਸ਼ਿਦ ਨੂੰ ਤਕਰੀਬਨ 15 ਹਜ਼ਾਰ ਵੋਟਾਂ ਨਾਲ ਹਰਾਇਆ।

ਮੁਸਲਿਮ ਲੀਗ ਨਵਾਜ਼ ਅਤੇ ਤਹਿਰੀਕ-ਏ-ਇਨਸਾਫ਼ ਤੋਂ ਬਾਅਦ ਤੀਜੇ ਨੰਬਰ 'ਤੇ ਇੱਕ ਅਜਿਹੇ ਅਜ਼ਾਦ ਉਮੀਦਵਾਰ ਨੇ ਪੰਜ ਹਜ਼ਾਰ ਵੋਟਾਂ ਲਈਆਂ।

ਇਸ ਉਮੀਦਵਾਰ ਨੂੰ ਲਸ਼ਕਰ-ਏ-ਤਾਇਬਾ ਉਰਫ਼ ਜਮਾਤ-ਉਦ-ਦਾਵਾ ਦੇ ਲੀਡਰ ਹਾਫ਼ਿਜ਼ ਸਈਅਦ ਦਾ ਸਮਰਥਨ ਹਾਸਿਲ ਹੈ।

ਮਿੱਲੀ ਮੁਸਲਿਮ ਲੀਗ

ਆਸਿਫ਼ ਅਲੀ ਜ਼ਰਦਾਰੀ ਦੀ ਪਾਰਟੀ ਨੂੰ ਸਿਰਫ਼ ਢਾਈ ਹਜ਼ਾਰ ਵੋਟਾਂ ਮਿਲੀਆਂ ਹਨ।

ਸ਼ੇਖ਼ ਮੁਹੰਮਦ ਯਾਕੂਬ ਦਾ ਚੋਣ ਪ੍ਰਚਾਰ ਜਮਾਤ-ਉਦ-ਦਾਵਾ 'ਚੋ ਡੇਢ ਮਹੀਨੇ ਪਹਿਲਾਂ ਨਿਕਲੀ ਮਿੱਲੀ ਮੁਸਲਿਮ ਲੀਗ ਦੇ ਵਰਕਰਾਂ ਨੇ ਕੀਤਾ।

ਇਸ ਨੂੰ ਕੁਝ ਇਸ ਤਰ੍ਹਾਂ ਸਮਝੋ, ਜੋ ਸਬੰਧ ਬੀਜੇਪੀ ਦਾ ਆਰਐੱਸਐੱਸ ਨਾਲ ਹੈ, ਉਹੀ ਸਬੰਧ ਮਿੱਲੀ ਮੁਸਲਿਮ ਲੀਗ ਦਾ ਹਾਫ਼ਿਜ਼ ਸਈਦ ਦੀ ਜਮਾਤ ਉਦ ਦਾਵਾ ਨਾਲ ਹੈ।

ਮਿੱਲੀ ਮੁਸਲਿਮ ਲੀਗ ਹਾਲੇ ਚੋਣ ਕਮਿਸ਼ਨ 'ਚ ਰਜਿਸਟਰ ਨਹੀਂ ਹੈ। ਇਸ ਲਈ ਉਸ ਦੇ ਉਮੀਦਵਾਰ ਨੇ ਅਜ਼ਾਦ ਤੌਰ 'ਤੇ ਚੋਣ ਲੜੀ। ਮਿੱਲੀ ਮੁਸਲਿਮ ਲੀਗ ਨੇ ਚੋਣ ਪ੍ਰਚਾਰ ਲਈ ਚੰਗਾ ਪੈਸਾ ਖ਼ਰਚ ਕੀਤਾ।

ਨਾਗਰਿਕ ਸਰਕਾਰ

ਉਸ ਦੀਆਂ ਰੈਲੀਆਂ 'ਚ ਹਾਫ਼ਿਜ਼ ਸਈਦ ਦੇ ਪੋਸਟਰ ਵੀ ਨਜ਼ਰ ਆਏ। ਹਾਲਾਂਕਿ ਚੋਣ ਕਮਿਸ਼ਨ ਨੇ ਸਖ਼ਤੀ ਨਾਲ ਮਨ੍ਹਾ ਕੀਤਾ ਹੈ ਕਿ ਜਿੰਨ੍ਹਾਂ ਲੋਕਾਂ 'ਤੇ ਕੱਟੜਪੰਥੀ ਹੋਣ ਦਾ ਇਲਜ਼ਾਮ ਹੈ, ਉਨ੍ਹਾਂ ਦਾ ਨਾਮ ਚੋਣ ਪ੍ਰਚਾਰ 'ਚ ਇਸਤੇਮਾਲ ਨਹੀਂ ਹੋ ਸਕਦਾ।

ਖੁਦ ਹਾਫ਼ਿਜ਼ ਸਈਦ ਜਨਵਰੀ ਤੋਂ ਆਪਣੇ ਘਰ ਨਜ਼ਰਬੰਦ ਹਨ। ਮਿੱਲੀ ਮੁਸਲਿਮ ਲੀਗ ਦਾ ਆਪਣੀ ਪੈਦਾਇਸ਼ ਦੇ ਕੁਝ ਹਫ਼ਤਿਆਂ ਬਾਅਦ ਹੀ ਚੋਣ 'ਚ ਹਿੱਸਾ ਲੈਣਾ ਅਤੇ ਤੀਜੇ ਨੰਬਰ 'ਤੇ ਆਉਣਾ ਕਾਫ਼ੀ ਅਹਿਮ ਹੈ।

ਬ੍ਰਿਕਸ ਆਗੂਆਂ ਦੀ ਬੈਠਕ 'ਚ ਪਾਕਿਸਤਾਨ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਦੇਸ਼ 'ਚ ਅਜਿਹੇ ਗਿਰੋਹ ਨੂੰ ਰੋਕੇ ਜਿੰਨ੍ਹਾਂ 'ਤੇ ਕੱਟੜਤਾ ਫੈਲਾਉਣ ਦਾ ਇਲਜ਼ਾਮ ਹੈ।

ਉਸੇ ਵੇਲੇ ਤੋਂ ਹੀ ਪਾਕਿਸਤਾਨ ਸਰਕਾਰ 'ਚ ਦੋ ਤਰ੍ਹਾਂ ਦੀ ਬਹਿਸ ਚੱਲ ਰਹੀ ਹੈ। ਸਿਵਲੀਅਨ ਹਕੂਮਤ ਚਾਹੁੰਦੀ ਹੈ ਕਿ ਵਿਦੇਸ਼ ਨੀਤੀ 'ਚ ਤਿੱਖਾ ਬਦਲਾਅ ਲਿਆਂਦਾ ਜਾਵੇ।

ਦੂਜੇ ਪਾਸੇ ਦਲੀਲ ਦਿੱਤੀ ਜਾਂਦੀ ਹੈ ਕਿ ਅੱਤਵਾਦੀਆਂ ਨੂੰ ਦੇਸ਼ ਦੀ ਸਿਆਸੀ ਧਾਰਾ 'ਚ ਸ਼ਾਮਿਲ ਕੀਤਾ ਜਾ ਰਿਹਾ ਹੈ। ਕੋਸ਼ਿਸ਼ ਦੁਨੀਆਂ ਨੂੰ ਦੱਸਣ ਦੀ ਹੈ ਕਿ ਅਸੀਂ ਇੰਨ੍ਹਾਂ ਲੋਕਾਂ ਨੂੰ ਇੱਕ ਨਵਾਂ ਰਾਹ ਸੁਝਾਇਆ ਹੈ, ਜਿਸ 'ਚ ਕੱਟੜਤਾ ਦੀ ਕੋਈ ਗੁੰਜਾਇਸ਼ ਨਹੀਂ।

ਕੌਮਾਂਤਰੀ ਪਾਬੰਦੀ

ਜਾਣੇ-ਪਛਾਣੇ ਟੀਕਾਕਾਰ ਖ਼ਾਲਿਦ ਅਹਿਮਦ ਦਾ ਮੰਨਣਾ ਹੈ ਕਿ ਜੇ ਹਾਫ਼ਿਜ਼ ਸਈਅਦ ਕੌਮੀ ਸਿਆਸਤ ਦਾ ਹਿੱਸਾ ਬਣਦੇ ਹਨ ਤਾਂ ਅਜਿਹਾ ਨਹੀਂ ਹੋਵੇਗਾ ਕਿ ਹਾਫ਼ਿਜ਼ ਸਾਹਿਬ ਆਪਣਾ ਅੱਤਵਾਦੀ ਨਜ਼ਰੀਆ ਛੱਡ ਦੇਣਗੇ।

ਸਗੋਂ ਇੰਨ੍ਹਾਂ ਵਰਗਿਆਂ ਦੇ ਆਉਣ ਨਾਲ ਦੇਸ਼ ਦੀ ਸਿਆਸਤ ਕੱਟੜਪੰਥ ਦੇ ਰਾਹ 'ਤੇ ਚੱਲ ਸਕਦੀ ਹੈ। ਉਦੋਂ ਹਾਫ਼ਿਜ਼ ਸਈਅਦ ਦੇ ਪਿੱਛੇ ਲੱਖਾਂ ਵੋਟਾਂ ਹੋਣਗੀਆਂ।

ਇਹ ਨੌਬਤ ਵੀ ਆ ਸਕਦੀ ਹੈ ਕਿ ਸਰਕਾਰ ਕੌਮਾਂਤਰੀ ਪਾਬੰਦੀਆਂ ਤੋਂ ਬਚਣ ਦੇ ਚੱਕਰ 'ਚ ਕਿਸੇ ਖਾਈ 'ਚ ਡਿੱਗ ਜਾਵੇ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)