ਕਿ ਇੱਕ ਅੱਖ ਨਾ ਹੋਣਾ ਇੰਸਟਾਗ੍ਰਾਮ ਦੇ ਨਿਯਮਾਂ ਦੀ ਉਲੰਘਣਾ ਹੋ ਸਕਦੀ ਹੈ ?

12 ਸਾਲਾ ਹੈਰੀ ਬੇਸਵਿਕ ਨੂੰ ਜਨਮ ਤੋਂ ਹੀ 'ਗੋਲਡਨਹਰ ਸਿੰਡਰੋਮ' ਨਾਮੀ ਬਿਮਾਰੀ ਹੈ। ਜਿਸ ਦੇ ਕਾਰਨ ਉਸ ਦੀ ਇੱਕ ਪਾਸੇ ਦੀ ਅੱਖ, ਨੱਕ ਅਤੇ ਕੰਨ ਨਹੀਂ ਹਨ।

ਹੈਰੀ ਦੀ ਮਾਂ ਚਾਰਲੀ ਬੇਸਵਿਕ ਨੇ ਸੋਸ਼ਲ ਮੀਡੀਆ ਵੈੱਬਸਾਈਟ 'ਇੰਸਟਾਗ੍ਰਾਮ' 'ਤੇ ਉਸ ਦੀ ਇੱਕ ਤਸਵੀਰ ਪੋਸਟ ਕੀਤੀ, ਜਿਸ ਵਿੱਚ ਹੈਰੀ ਦੀ ਨਕਲੀ ਅੱਖ ਨਹੀਂ ਸੀ।

ਇਸ ਕਰਕੇ ਇੰਸਟਾਗ੍ਰਾਮ ਨੇ ਇਸ ਨੂੰ ਨਿਯਮਾਂ ਦੀ ਉਲੰਘਣਾ ਦੱਸਦਿਆਂ ਹਟਾ ਦਿੱਤਾ।

ਹਾਲਾਂਕਿ, ਬਾਅਦ ਵਿੱਚ ਇੰਸਟਾਗ੍ਰਾਮ ਨੇ ਈਮੇਲ ਰਾਹੀਂ ਚਾਰਲੀ ਨੂੰ ਸੂਚਿਤ ਵੀ ਕੀਤਾ ਕਿ ਇਹ ਤਸਵੀਰ ਗ਼ਲਤ ਤਰੀਕੇ ਨਾਲ ਹਟਾਈ ਗਈ ਸੀ।

ਦੋ ਵਾਰੀ ਤਸਵੀਰ ਹਟਾਈ ਗਈ

ਬ੍ਰਿਟੇਨ ਦੀ ਰਹਿਣ ਵਾਲੀ ਚਾਰਲੀ ਪਿਛਲੇ ਛੇ ਮਹੀਨਿਆਂ ਤੋਂ ਲਗਾਤਾਰ ਆਪਣੇ ਬੱਚੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਰਹੀ ਹੈ।

ਚਾਰਲੀ ਨੇ ਦੱਸਿਆ ਕਿ ਇਹ ਦੂਜੀ ਵਾਰ ਹੈ ਜਦੋਂ ਉਨ੍ਹਾਂ ਦੇ ਬੇਟੇ ਦੀ ਤਸਵੀਰ ਹਟਾਈ ਗਈ ਹੈ। ਦੋਵਾਂ ਤਸਵੀਰਾਂ ਵਿੱਚ ਹੈਰੀ ਦੀ ਨਕਲੀ ਅੱਖ ਨਹੀਂ ਲੱਗੀ ਹੋਈ ਸੀ।

ਉਸ ਦਾ ਕਹਿਣਾ ਹੈ ਕਿ, "ਮੈਂ ਇਸ ਗੱਲ ਦੀ ਕਦਰ ਕਰਦੀ ਹਾਂ ਕਿ ਉਹ ਵੱਖਰਾ ਦਿਸਦਾ ਹੈ। ਲੋਕ ਉਸ ਦਾ ਚਿਹਰਾ ਨਹੀਂ ਵੇਖਣਾ ਚਾਹੁੰਦੇ, ਪਰ ਇੰਸਟਾਗ੍ਰਾਮ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।"

ਚਾਰਲੀ ਮੁਤਾਬਕ ਇੰਸਟਾਗ੍ਰਾਮ ਦਾ ਇਹ ਫੈਸਲਾ ਠੀਕ ਨਹੀਂ ਹੈ, ਉਨ੍ਹਾਂ ਨਾਲ ਵਿਤਕਰਾ ਹੋਇਆ ਹੈ।

ਟਵਿੱਟਰ 'ਤੇ ਜਦੋਂ ਚਾਰਲੀ ਬੇਸਵਿਕ ਨੇ ਮਾਮਲੇ ਬਾਰੇ ਪੋਸਟ ਸਾਂਝੀ ਕੀਤੀ ਤਾਂ ਤਕਰੀਬਨ 46 ਹਜ਼ਾਰ ਵਾਰ ਇਸ ਨੂੰ ਰੀਟਵੀਟ ਕੀਤਾ ਗਿਆ ਤੇ 24 ਹਜ਼ਾਰ ਲਾਇਕ ਮਿਲੇ।

ਚਾਰਲੀ ਕਹਿੰਦੀ ਹੈ ਕਿ ਕਈ ਵਾਰ ਤਸਵੀਰ ਪੋਸਟ ਕਰਨ 'ਤੇ ਉਸ ਨੂੰ ਟ੍ਰੋਲ ਕੀਤਾ ਜਾਂਦਾ ਹੈ, ਜਦਕਿ ਹੌਂਸਲਾ ਅਫਜ਼ਾਈ ਕਰਨ ਵਾਲਿਆਂ ਦੀ ਵੀ ਘਾਟ ਨਹੀਂ।

ਇੰਸਟਾਗ੍ਰਾਮ ਨੇ ਵੀ ਹੈਰੀ ਦੀ ਤਸਵੀਰ ਪੋਸਟ ਕਰ ਦਿੱਤੀ ਹੈ। ਚਾਰਲੀ ਦਾ ਕਹਿਣਾ ਹੈ ਕਿ ਇਸ ਸਬੰਧੀ ਮੁਆਫ਼ੀ ਨਹੀਂ ਮੰਗੀ ਗਈ ਤੇ ਨਾ ਹੀ ਤਸਵੀਰ ਹਟਾਉਣ ਦਾ ਕੋਈ ਕਾਰਨ ਦੱਸਿਆ ਗਿਆ।

ਹੈਰੀ ਦੇ ਹੋਏ 10 ਆਪਰੇਸ਼ਨ

ਹਾਲਾਂਕਿ ਇੰਸਟਾਗ੍ਰਾਮ ਨੇ ਕਿਹਾ ਹੈ ਕਿ ਤਸਵੀਰ ਦੁਬਾਰਾ ਨਾ ਹਟਾਈ ਜਾਵੇ, ਇਸ ਲਈ ਕਦਮ ਚੁੱਕੇ ਜਾਣਗੇ।

ਬੀਬੀਸੀ ਨੇ ਵੀ ਇੰਸਟਾਗ੍ਰਾਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਜਵਾਬ ਨਹੀਂ ਮਿਲਿਆ।

ਹੁਣ ਤੱਕ ਹੈਰੀ ਦੀ ਅੱਖ ਦਾ ਸੌਕਟ ਬਣਾਉਣ ਅਤੇ ਸਿਰ ਦੇ ਅਕਾਰ ਨੂੰ ਬਦਲਣ ਲਈ ਦਸ ਆਪਰੇਸ਼ਨ ਹੋ ਚੁੱਕੇ ਹਨ।

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)