ਅਮਰੀਕਾ ਵਿੱਚ ਗਾਂਧੀ ਦੇ ਬੁੱਤ ’ਤੇ 'ਖ਼ਾਲਿਸਤਾਨੀ ਝੰਡਾ' ਪਾਇਆ ਗਿਆ

ਖ਼ਬਰ ਏਜੰਸੀ ਏਐੱਨਆਈ ਮੁਤਾਬਕ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਕੁਝ 'ਸ਼ਰਾਰਤੀ ਅਨਸਰਾਂ' ਵੱਲੋਂ ਭਾਰਤੀ ਸਫ਼ਾਰਤਖਾਨੇ ਦੇ ਬਾਹਰ ਗਾਂਧੀ ਦੇ ਬੁੱਤ ਨੂੰ 'ਖ਼ਾਲਿਸਤਾਨੀ ਝੰਡੇ' ਨਾਲ ਢਕਿਆ ਗਿਆ।

ਏਜੰਸੀ ਮੁਤਾਬਕ ਮੁਜ਼ਾਹਰਾਕਾਰੀ ਭਾਰਤ ਸਰਕਾਰ ਵਲੋਂ ਅਮਲ ਵਿੱਚ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ। ਅਮਰੀਕਾ ਵਿੱਚ ਭਾਰਤੀ ਸਫ਼ਾਰਤਖਾਨੇ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।

ਭਾਰਤੀ ਅੰਬੈਸੀ ਨੇ ਆਪਣੇ ਬਿਆਨ ਵਿੱਚ ਕਿਹਾ, "ਅੰਬੈਸੀ ਮੁਜ਼ਾਹਰਾਕੀਆਂ ਦੀ ਆੜ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਅਮਨ ਅਤੇ ਨਿਆਂ ਦੇ ਸਰਬ ਸਨਮਾਨਤ ਆਇਕਨ ਖ਼ਿਲਾਫ਼ ਕੀਤੀ ਗਈ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦੀ ਹੈ।"

ਖ਼ਬਰ ਏਜੰਸੀ ਨੇ ਉੱਥੇ ਮੌਜੂਦ ਪ੍ਰਬੰਧਕਾਂ ਵਿੱਚੋਂ ਇੱਕ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ:

ਮੁਜ਼ਾਹਰਾਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ, "ਧਰਤੀ ਉੱਪਰ ਹਰੇਕ ਨੂੰ ਆਪਣੇ ਹਿਸਾਬ ਨਾਲ ਚੱਲਣ ਦਾ ਹੱਕ ਹੈ। ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ, ਤੁਸੀਂ ਕਿਵੇਂ ਦਿਸਦੇ ਹੋ, ਤੁਸੀਂ ਕਿੱਥੇ ਰਹਿੰਦੇ ਹੋ ਜਾਂ ਤੁਸੀਂ ਕਿਸ ਨੂੰ ਮੰਨਦੇ ਹੋ।"

"ਜੇ ਭਾਰਤੀ ਮੀਡੀਆ ਤੇ ਸਰਕਾਰ ਲੋਕਾਂ ਨੂੰ ਖ਼ਾਲਿਸਤਾਨੀ ਕਹਿਣਾ ਚਾਹੁੰਦੀ ਹੈ ਤਾਂ ਉਹ ਅਜਿਹਾ ਲੰਬੇ ਸਮੇਂ ਤੋਂ ਕਰ ਰਹੀ ਹੈ।"

"ਜੇ ਲੋਕ ਕਿਸੇ ਦੇਸ਼ ਤੋਂ ਵੱਖ ਹੋਣਾ ਚਾਹੁੰਦੇ ਹਨ ਕਿਉਂਕਿ ਉਹ ਉਸ ਸੂਬੇ ਨੂੰ ਬਹੁਤ ਪਿਆਰ ਕਰਦੇ ਹਨ। ਅਮਰੀਕਾ ਵਿੱਚ ਟੈਕਸਸ ਅਤੇ ਨਿਊਯਾਰਕ ਦੇ ਲੋਕ ਬਿਲਕੁਲ ਵੱਖਰਾ ਸੋਚਦੇ ਹਨ। ਟੈਕਸਸ ਹਮੇਸ਼ਾ ਵੱਖ ਹੋਣ ਦੀ ਗੱਲ ਕਰਦਾ ਹੈ, ਕੀ ਅਮਰੀਕਾ ਉੱਥੇ ਫ਼ੌਜ ਚਾੜ੍ਹ ਦਿੰਦਾ ਹੈ? ਨਹੀਂ, ਕਿਉਂਕਿ ਉਨ੍ਹਾਂ ਦਾ ਅਜਿਹਾ ਕਹਿਣ ਦਾ ਹੱਕ ਹੈ।"

"ਭਾਰਤੀ ਸੁਪਰੀਮ ਕੋਰਟ ਨੇ ਇਹ ਹੱਕ ਕਾਇਮ ਰੱਖਿਆ ਹੈ ਕਿ ਲੋਕ ਆਪਣੀ ਗੱਲ ਰੱਖ ਸਕਣ।''

ਬੁੱਤ ਨਾਲ ਛੇੜਛਾੜ ਬਾਰੇ ਉਨ੍ਹਾਂ ਨੇ ਦੱਸਿਆ, ''ਪੂਰੇ ਅਮਰੀਕਾ ਵਿੱਚ ਕਨਫੈਡਰੇਟ ਬੁੱਤਾਂ ਨੂੰ ਵੈਂਡਲਾਈਜ਼ ਕੀਤਾ ਗਿਆ ਤੇ ਹੁਣ ਉਨ੍ਹਾਂ ਨੂੰ ਹਟਾ ਲਿਆ ਗਿਆ ਹੈ। ਲੋਕ ਖੜ੍ਹੇ ਹੋਏ ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਅਤੀਤ ਦੇ ਅਜਿਹੇ ਲੋਕਾਂ 'ਤੇ ਇਤਬਾਰ ਨਹੀਂ ਕਰਦੇ ਹਾਂ।"

ਗਾਂਧੀ ਬਾਰੇ ਉਨ੍ਹਾਂ ਨੇ ਕਿਹਾ,"ਤੁਸੀਂ ਗਾਂਧੀ ਦੀਆਂ ਲਿਖਤਾਂ ਦੇਖੋ ਅਤੇ ਜਦੋਂ ਉਹ ਦੱਖਣੀ ਅਫ਼ਰੀਕਾ ਵਿੱਚ ਰਹੇ ਸਨ ਉਸ ਸਮੇਂ ਦੀਆਂ ਰਿਪੋਰਟਾਂ ਦੇਖੋ। ਉਨ੍ਹਾਂ ਨੇ ਅਸਲ ਵਿੱਚ ਬ੍ਰਿਟਸ਼ਰ ਬਸਤੀਵਾਦੀਆਂ ਕੋਲ ਸਿਆਹਫ਼ਾਮਾਂ ਨਾਲ ਘਟੀਆ ਵਿਹਾਰ ਕਰਨ ਦੀ ਵਕਾਲਤ ਕੀਤੀ।"

"ਹਿੰਦੁਸਤਾਨੀਆਂ ਨੇ 1947 ਵਿੱਚ ਬਰਤਾਨਵੀਆਂ ਖ਼ਿਲਾਫ਼ ਇਹੀ ਕੀਤਾ ਸੀ, ਅਸੀਂ ਅੱਤਵਾਦੀਆਂ ਨੂੰ ਇਸ ਹਿਸਾਬ ਨਾਲ ਪਰਿਭਾਸ਼ਿਤ ਨਹੀਂ ਕਰਦੇ, ਅਸੀਂ ਉਨ੍ਹਾਂ ਦੇ ਕੰਮਾਂ ਤੋਂ ਪਰਿਭਾਸ਼ਿਤ ਕਰਦੇ ਹਾਂ।''

ਭਾਰਤੀ ਅੰਬੈਸੀ ਦੇ ਬਾਹਰ ਗਾਂਧੀ ਮੈਮੋਰੀਅਲ ਪਲਾਜ਼ਾ ਵਿੱਚ ਇਸ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ 16 ਸਤੰਬਰ 2000 ਵਿੱਚ ਅਦਾ ਕੀਤੀ ਗਈ ਸੀ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)