ਮਣੀਪੁਰ ਵਿੱਚ ‘ਸ਼ੂਟ ਐਟ ਸਾਈਟ’ ਦੇ ਹੁਕਮਾਂ ਮਗਰੋਂ ਕੀ ਹਨ ਹਾਲਾਤ, ਕਿਉਂ ਭੜਕੀ ਹੈ ਹਿੰਸਾ, ਪੂਰਾ ਮਾਮਲਾ ਸਮਝੋ

ਤਸਵੀਰ ਸਰੋਤ, Getty Images
- ਲੇਖਕ, ਦਿਲੀਪ ਕੁਮਾਰ ਸ਼ਰਮਾ
- ਰੋਲ, ਬੀਬੀਸੀ ਸਹਿਯੋਗੀ
ਮਣੀਪੁਰ ਵਿੱਚ, ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ ਮਣੀਪੁਰ ਵੱਲੋਂ ਕੀਤੀ ਇੱਕ ਜਨਤਕ ਰੈਲੀ ਦੌਰਾਨ ਸ਼ੁਰੂ ਹੋਈ ਹਿੰਸਾ ਵਿੱਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 54 ਹੋ ਗਈ ਹੈ।
ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਇਹ ਅੰਕੜੇ ਅਧਿਕਾਰਤ ਹਨ ਪਰ ਅਸਲ ਵਿੱਚ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਸ਼ੁਕਰਵਾਰ ਨੂੰ 'ਸ਼ੂਟ ਐਟ ਸਾਈਟ' ਯਾਨੀ ਦੇਖਦਿਆਂ ਹੀ ਗੋਲੀ ਚਲਾਉਣ ਦੇ ਹੁਕਮ ਵੀ ਜਾਰੀ ਕੀਤੇ ਸਨ।
ਇੰਫ਼ਾਲ ਘਾਟੀ 'ਚ ਸ਼ਨੀਵਾਰ ਨੂੰ ਜ਼ਿੰਦਗੀ ਪਟੜੀ 'ਤੇ ਪਰਤਦੀ ਨਜ਼ਰ ਆ ਰਹੀ ਹੈ, ਦੁਕਾਨਾਂ ਅਤੇ ਬਾਜ਼ਾਰ ਖੁੱਲ੍ਹ ਗਏ ਹਨ ਅਤੇ ਸੜਕਾਂ 'ਤੇ ਵਾਹਨ ਨਜ਼ਰ ਆ ਰਹੇ ਹਨ।
ਹਾਲਾਂਕਿ, ਸਾਰੀਆਂ ਪ੍ਰਮੁੱਖ ਸੜਕਾਂ ਅਤੇ ਥਾਵਾਂ 'ਤੇ ਰੈਪਿਡ ਐਕਸ਼ਨ ਫੋਰਸ ਅਤੇ ਕੇਂਦਰੀ ਪੁਲਿਸ ਬਲਾਂ ਦੇ ਜਵਾਨਾਂ ਦੀ ਭਾਰੀ ਮੌਜੂਦਗੀ ਹੈ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲੇ 54 ਲੋਕਾਂ ਵਿੱਚੋਂ 16 ਦੀਆਂ ਲਾਸ਼ਾਂ ਚੂਰਾਚੰਦਪੁਰ ਜ਼ਿਲ੍ਹੇ ਦੇ ਹਸਪਤਾਲ ਦੇ ਮੁਰਦਾਘਰ ਵਿੱਚ ਰੱਖੀਆਂ ਗਈਆਂ ਹਨ, ਜਦੋਂ ਕਿ 15 ਲਾਸ਼ਾਂ ਨੂੰ ਇੰਫ਼ਾਲ ਪੂਰਬੀ ਜ਼ਿਲ੍ਹੇ ਦੇ ਜਵਾਹਰ ਲਾਲ ਨਹਿਰੂ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਵਿੱਚ ਰੱਖਿਆ ਗਿਆ ਹੈ।
23 ਲਾਸ਼ਾਂ ਨੂੰ ਇੰਫਾਲ ਪੱਛਮੀ ਦੇ ਖੇਤਰੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਹਸਪਤਾਲ ਵਿੱਚ ਰੱਖਿਆ ਗਿਆ ਹੈ।
ਪੁਲਸ ਨੇ ਦੱਸਿਆ ਕਿ ਚੂਰਾਚੰਦਪੁਰ ਜ਼ਿਲੇ 'ਚ ਸ਼ੁੱਕਰਵਾਰ ਰਾਤ ਨੂੰ ਦੋ ਵੱਖ-ਵੱਖ ਮੁਠਭੇੜਾਂ 'ਚ ਪੰਜ ਕੱਟੜਵਾਦੀ ਮਾਰੇ ਗਏ ਜਦਕਿ ਭਾਰਤੀ ਰਿਜ਼ਰਵ ਬਟਾਲੀਅਨ ਦੇ ਦੋ ਜਵਾਨ ਜ਼ਖਮੀ ਹੋ ਗਏ।
ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਕਿ ਹਿੰਸਾ ਪ੍ਰਭਾਵਿਤ ਇਲਾਕਿਆਂ ਤੋਂ ਹੁਣ ਤੱਕ 13,000 ਲੋਕਾਂ ਨੂੰ ਸੁਰੱਖਿਅਤ ਪਨਾਹਗਾਹਾਂ 'ਤੇ ਪਹੁੰਚਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਫ਼ੌਜ ਦੇ ਕੈਂਪਾਂ ਵਿੱਚ ਵੀ ਰੱਖਿਆ ਗਿਆ ਹੈ।
ਸੈਨਾ ਦਾ ਕਹਿਣਾ ਹੈ ਕਿ ਚੂਰਾਚੰਦਪੁਰ, ਮੋਰੇਹ, ਕਾਕਚਿੰਗ ਅਤੇ ਕਾਂਗਪੋਕਪੀ ਜ਼ਿਲ੍ਹਿਆਂ ਵਿੱਚ ਸਥਿਤੀ ਨੂੰ ਕਾਬੂ ਵਿੱਚ ਕਰ ਲਿਆ ਗਿਆ ਹੈ।
ਸਥਿਤੀ 'ਤੇ ਕਾਬੂ ਪਾਉਣ ਲਈ ਫ਼ੌਜ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਫ਼ੌਜ ਨੇ ਕਿਹਾ ਸੀ ਕਿ ਉਸ ਨੇ ਸੂਬਾ ਪੁਲਿਸ ਨਾਲ ਮਿਲ ਕੇ ਕਈ ਥਾਵਾਂ 'ਤੇ ਹਿੰਸਾ ਨੂੰ ਕਾਬੂ ਕੀਤਾ ਅਤੇ ਫਲੈਗ ਮਾਰਚ ਵੀ ਕੱਢਿਆ।
ਬੁੱਧਵਾਰ ਤੋਂ ਸੂਬੇ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਫ਼ੌਰੀ ਪ੍ਰਭਾਵ ਨਾਲ ਪੰਜ ਦਿਨਾਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਹਾਲਾਂਕਿ ਇਸ ਹਿੰਸਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਜੋ ਤਸਵੀਰਾਂ ਅਤੇ ਵੀਡੀਓ ਸਾਂਝੀਆਂ ਕੀਤੀਆਂ ਗਈਆਂ ਹਨ, ਉਨ੍ਹਾਂ 'ਚ ਕਈ ਥਾਵਾਂ 'ਤੇ ਘਰਾਂ ਨੂੰ ਅੱਗ ਨਾਲ ਸੜਦੇ ਦੇਖਿਆ ਜਾ ਸਕਦਾ ਹੈ।

ਤਸਵੀਰ ਸਰੋਤ, AVIK
ਇੱਕ ਵੀਡੀਓ ਵਿੱਚ, ਕੁਝ ਲੋਕਾਂ ਨੂੰ ਚੂਰਾਚੰਦਪੁਰ ਵਿੱਚ ਇੱਕ ਹਥਿਆਰਾਂ ਦੀ ਦੁਕਾਨ ਦੀ ਭੰਨ-ਤੋੜ ਕਰਦਿਆਂ ਅਤੇ ਬੰਦੂਕਾਂ ਨੂੰ ਲੁੱਟਦਿਆਂ ਦੇਖਿਆ ਜਾ ਸਕਦਾ ਹੈ।
ਹਾਲਾਂਕਿ, ਬੀਬੀਸੀ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਅਜਿਹੀਆਂ ਤਸਵੀਰਾਂ ਅਤੇ ਵੀਡੀਓਜ਼ ਦੀ ਪੁਸ਼ਟੀ ਨਹੀਂ ਕਰਦਾ।
ਮੀਡੀਆ 'ਚ ਚੱਲ ਰਹੀਆਂ ਖਬਰਾਂ ਮੁਤਾਬਕ ਇਸ ਹਿੰਸਾ 'ਚ ਹੁਣ ਤੱਕ ਘੱਟੋ-ਘੱਟ ਤਿੰਨ ਲੋਕ ਮਾਰੇ ਜਾ ਚੁੱਕੇ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨਾਲ ਗੱਲ ਕੀਤੀ ਅਤੇ ਸੂਬੇ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲਈ।
ਇਸ ਦੌਰਾਨ ਮਣੀਪੁਰ ਦੇ ਮੁੱਖ ਮੰਤਰੀ ਨੇ ਇੱਕ ਵੀਡੀਓ ਬਿਆਨ ਜਾਰੀ ਕਰਕੇ ਸੂਬੇ ਦੇ ਸਾਰੇ ਭਾਈਚਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਟਵੀਟ ਵਿੱਚ ਹਿੰਸਾ ਦੀਆਂ ਖ਼ਬਰਾਂ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਉਨ੍ਹਾਂ ਕਿਹਾ, "ਇਹ ਰਾਜਨੀਤੀ ਦਾ ਸਮਾਂ ਨਹੀਂ ਹੈ। ਰਾਜਨੀਤੀ ਅਤੇ ਚੋਣਾਂ ਦਾ ਇੰਤਜ਼ਾਰ ਕੀਤਾ ਜਾ ਸਕਦਾ ਹੈ ਪਰ ਤਰਜੀਹ ਸਾਡੇ ਖ਼ੂਬਸੂਰਤ ਸੂਬੇ ਮਣੀਪੁਰ ਨੂੰ ਬਚਾਉਣ ਦੀ ਹੋਣੀ ਚਾਹੀਦੀ ਹੈ।"
ਮਸ਼ਹੂਰ ਮੁੱਕੇਬਾਜ਼ ਮੈਰੀਕਾਮ ਨੇ ਇੱਕ ਟਵੀਟ ਵਿੱਚ ਅੱਗਜ਼ਨੀ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਟੈਗ ਕੀਤਾ ਹੈ ਅਤੇ ਲਿਖਿਆ ਹੈ, "ਮਣੀਪੁਰ ਸੜ ਰਿਹਾ ਹੈ, ਕਿਰਪਾ ਕਰਕੇ ਮਦਦ ਕਰੋ।"

ਤਸਵੀਰ ਸਰੋਤ, GOVERNMENT OF MANIPUR
ਵਿਰੋਧ ਅਤੇ ਹਿੰਸਾ ਦਾ ਕਾਰਨ ਕੀ ਹੈ?
ਦਰਅਸਲ, 19 ਅਪ੍ਰੈਲ ਨੂੰ, ਮਣੀਪੁਰ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਕਿਹਾ ਕਿ ਉਹ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ (ਐੱਸਟੀ) ਸ਼੍ਰੇਣੀ ਵਿੱਚ ਸ਼ਾਮਲ ਕਰਨ ਦੀ ਬੇਨਤੀ 'ਤੇ ਚਾਰ ਹਫ਼ਤਿਆਂ ਦੇ ਅੰਦਰ ਵਿਚਾਰ ਕਰੇ।
ਅਦਾਲਤ ਨੇ ਆਪਣੇ ਹੁਕਮਾਂ ਵਿੱਚ ਕੇਂਦਰ ਸਰਕਾਰ ਨੂੰ ਇਸ ਬਾਰੇ ਵਿਚਾਰ ਕਰਨ ਲਈ ਸਿਫ਼ਾਰਸ਼ ਭੇਜਣ ਲਈ ਵੀ ਕਿਹਾ ਸੀ।
ਇਸ ਦੇ ਵਿਰੋਧ 'ਚ ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ, ਮਣੀਪੁਰ ਨੇ ਬੁੱਧਵਾਰ ਨੂੰ ਰਾਜਧਾਨੀ ਇੰਫਾਲ ਤੋਂ ਕਰੀਬ 65 ਕਿਲੋਮੀਟਰ ਦੂਰ ਚੂਰਾਚੰਦਪੁਰ ਜ਼ਿਲ੍ਹੇ ਦੇ ਟੋਰਬੰਗ ਇਲਾਕੇ 'ਚ 'ਕਬਾਇਲੀ ਏਕਤਾ ਮਾਰਚ' ਰੈਲੀ ਕੱਢੀ।
ਇਸ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਹਿੰਸਾ ਭੜਕ ਗਈ।
ਚੂਰਾਚੰਦਪੁਰ ਜ਼ਿਲ੍ਹੇ ਤੋਂ ਇਲਾਵਾ ਸੈਨਾਪਤੀ, ਉਖਰੁਲ, ਕਾਂਗਪੋਕਪੀ, ਤਾਮੇਂਗਲੋਂਗ, ਚੰਦੇਲ ਅਤੇ ਟੇਂਗਨੋਪਾਲ ਸਣੇ ਸਾਰੇ ਪਹਾੜੀ ਜ਼ਿਲ੍ਹਿਆਂ ਵਿੱਚ ਅਜਿਹੀਆਂ ਰੈਲੀਆਂ ਕੱਢੀਆਂ ਗਈਆਂ ਸਨ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਹਜ਼ਾਰਾਂ ਅੰਦੋਲਨਕਾਰੀਆਂ ਨੇ ਤੋਰਬੰਗ ਖੇਤਰ ਵਿੱਚ 'ਕਬਾਇਲੀ ਏਕਤਾ ਮਾਰਚ' ਰੈਲੀ ਵਿੱਚ ਹਿੱਸਾ ਲਿਆ ਸੀ, ਜਿਸ ਤੋਂ ਬਾਅਦ ਕਬਾਇਲੀ ਸਮੂਹਾਂ ਅਤੇ ਗ਼ੈਰ-ਕਬਾਇਲੀ ਸਮੂਹਾਂ ਵਿਚਕਾਰ ਝੜਪਾਂ ਸ਼ੁਰੂ ਹੋ ਗਈਆਂ।
ਸਭ ਤੋਂ ਵੱਧ ਹਿੰਸਕ ਘਟਨਾਵਾਂ ਵਿਸ਼ਨੂੰਪੁਰ ਅਤੇ ਚੂਰਾਚੰਦਪੁਰ ਜ਼ਿਲ੍ਹਿਆਂ ਵਿੱਚ ਹੋਈਆਂ। ਜਦੋਂ ਕਿ ਰਾਜਧਾਨੀ ਇੰਫਾਲ ਤੋਂ ਵੀਰਵਾਰ ਸਵੇਰੇ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ।
ਮਣੀਪੁਰ ਵਿੱਚ ਹਿੰਸਾ ਪ੍ਰਭਾਵਿਤ ਖੇਤਰਾਂ ਵਿੱਚ ਮੌਜੂਦਾ ਸਥਿਤੀ ਬਾਰੇ ਗੱਲ ਕਰਦਿਆਂ ਫ਼ੌਜ ਦੇ ਲੋਕ ਸੰਪਰਕ ਅਧਿਕਾਰੀ ਲੈਫਟੀਨੈਂਟ ਕਰਨਲ ਮਹਿੰਦਰ ਰਾਵਤ ਨੇ ਬੀਬੀਸੀ ਨੂੰ ਦੱਸਿਆ, "ਸਥਿਤੀ ਹੁਣ ਕਾਬੂ ਵਿੱਚ ਹੈ। ਹਿੰਸਾ ਨੂੰ ਅੱਜ (ਵੀਰਵਾਰ) ਸਵੇਰ ਤੱਕ ਕਾਬੂ ਕਰ ਲਿਆ ਗਿਆ ਹੈ।"
ਉਨ੍ਹਾਂ ਨੇ ਕਿਹਾ, "3 ਅਤੇ 4 ਮਈ ਦੀ ਦਰਮਿਆਨੀ ਰਾਤ ਨੂੰ ਫ਼ੌਜ ਅਤੇ ਅਸਾਮ ਰਾਈਫਲਜ਼ ਤੈਨਾਤ ਕਰਨ ਦੀ ਮੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਸਾਡੇ ਜਵਾਨ ਲਗਾਤਾਰ ਹਿੰਸਾ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰ ਰਹੇ ਹਨ।"
"ਤਕਰੀਬਨ 13,000 ਪਿੰਡਾਂ ਦੇ ਲੋਕਾਂ ਨੂੰ ਹਿੰਸਾ ਪ੍ਰਭਾਵਿਤ ਖੇਤਰਾਂ ਤੋਂ ਬਾਹਰ ਕੱਢਿਆ ਗਿਆ ਅਤੇ ਸੂਬਾ ਸਰਕਾਰ ਵੱਲੋਂ ਮੁਹੱਈਆਂ ਕਰਵਾਈਆਂ ਗਈਆਂ ਵੱਖ-ਵੱਖ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਸਥਿਤੀ ਨੂੰ ਕਾਬੂ ਹੇਠ ਰੱਖਣ ਲਈ ਫ਼ਲੈਗ ਮਾਰਚ ਕੱਢੇ ਜਾ ਰਹੇ ਹਨ।"
ਲੈਫਟੀਨੈਂਟ ਕਰਨਲ ਮਹਿੰਦਰ ਰਾਵਤ ਮੁਤਾਬਕ, ਭਾਰਤੀ ਫ਼ੌਜ ਅਤੇ ਅਸਾਮ ਰਾਈਫਲਜ਼ ਨੇ ਸੂਬੇ ਵਿੱਚ ਕਾਨੂੰਨ ਵਿਵਸਥਾ ਬਹਾਲ ਕਰਨ ਲਈ ਸਾਰੇ ਭਾਈਚਾਰਿਆਂ ਦੇ ਨੌਂ ਹਜ਼ਾਰ ਤੋਂ ਵੱਧ ਨਾਗਰਿਕਾਂ ਨੂੰ ਕੱਢਣ ਲਈ ਸਾਰੀ ਰਾਤ ਕੰਮ ਕੀਤਾ ਤੇ ਇਹ ਹਾਲੇ ਵੀ ਜਾਰੀ ਹੈ।

ਤਸਵੀਰ ਸਰੋਤ, AVIK

ਮਣੀਪੁਰ ਵਿੱਚ ਹਿੰਸਾ ਤੇ 5 ਦਿਨਾਂ ਲਈ ਸੂਬੇ ਵਿੱਚ ਇੰਟਰਨੈੱਟ ਸੇਵਾਵਾਂ ਬੰਦ
ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ, ਮਣੀਪੁਰ ਵਲੋਂ ਕੀਤੀ ਇੱਕ ਜਨਤਕ ਰੈਲੀ ਦੌਰਾਨ ਹੋਈ ਹਿੰਸਾ
ਸੂਬੇ ਦੇ ਬਹੁਤੇ ਜ਼ਿਲ੍ਹਿਆਂ 'ਚ ਕਰਫ਼ਿਊ ਲਗਾ ਦਿੱਤਾ ਗਿਆ ਹੈ।
ਸਥਿਤੀ 'ਤੇ ਕਾਬੂ ਪਾਉਣ ਲਈ ਫ਼ੌਜ ਅਤੇ ਅਸਾਮ ਰਾਈਫਲਜ਼ ਦੇ ਜਵਾਨਾਂ ਨੂੰ ਤੈਨਾਤ ਕੀਤਾ ਗਿਆ ਹੈ।
ਫ਼ੌਜ ਨੇ ਕਿਹਾ ਸੀ ਕਿ ਉਸ ਨੇ ਸੂਬਾ ਪੁਲਿਸ ਨਾਲ ਮਿਲ ਕੇ ਕਈ ਥਾਵਾਂ 'ਤੇ ਹਿੰਸਾ ਨੂੰ ਕਾਬੂ ਕੀਤਾ ਅਤੇ ਫਲੈਗ ਮਾਰਚ ਵੀ ਕੱਢਿਆ।
ਬੁੱਧਵਾਰ ਤੋਂ ਸੂਬੇ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਫ਼ੌਰੀ ਪ੍ਰਭਾਵ ਨਾਲ ਪੰਜ ਦਿਨਾਂ ਲਈ ਮੁਅੱਤਲ ਕਰ ਦਿੱਤੀਆਂ ਗਈਆਂ ਹਨ।
ਮਾਮਲਾ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਸੀ

ਮੈਤੇਈ ਭਾਈਚਾਰੇ ਅਤੇ ਪਹਾੜੀ ਕਬੀਲਿਆਂ ਦਰਮਿਆਨ ਝਗੜਾ ਕੀ ਹੈ?
ਮਣੀਪੁਰ ਦੀ ਆਬਾਦੀ ਲਗਭਗ 28 ਲੱਖ ਹੈ। ਇਸ 'ਚ ਕਰੀਬ 52 ਫ਼ੀਸਦ ਲੋਕ ਮੈਤੇਈ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਇਹ ਲੋਕ ਮੁੱਖ ਤੌਰ 'ਤੇ ਇੰਫਾਲ ਘਾਟੀ ਵਿੱਚ ਵਸੇ ਹੋਏ ਹਨ।
ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦਿੱਤੇ ਜਾਣ ਦਾ ਵਿਰੋਧ ਕਰ ਰਹੀ ਜਨਜਾਤੀ 'ਕੁਕੀ' ਇੱਕ ਕਬੀਲਾਈ ਸਮੂਬ ਹੈ ਜਿਸ ਵਿੱਚ ਹੋਰ ਬਹੁਤ ਸਾਰੇ ਕਬੀਲੇ ਸ਼ਾਮਲ ਹਨ।
ਮੁੱਖ ਤੌਰ 'ਤੇ ਮਣੀਪੁਰ ਦੀਆਂ ਪਹਾੜੀਆਂ ਵਿੱਚ ਰਹਿਣ ਵਾਲੇ ਵੱਖ-ਵੱਖ ਕੂਕੀ ਕਬੀਲੇ ਵਰਤਮਾਨ ਵਿੱਚ ਸੂਬੇ ਦੀ ਕੁੱਲ ਆਬਾਦੀ ਦਾ 30 ਫ਼ੀਸਦ ਬਣਦੇ ਹਨ।
ਇਸ ਲਈ ਪਹਾੜੀ ਖੇਤਰਾਂ ਵਿੱਚ ਵਸੇ ਇਨ੍ਹਾਂ ਕਬੀਲਿਆਂ ਦਾ ਕਹਿਣਾ ਹੈ ਕਿ ਮੈਤੇਈ ਭਾਈਚਾਰੇ ਨੂੰ ਰਾਖਵਾਂਕਰਨ ਦੇਣ ਨਾਲ ਉਹ ਸਰਕਾਰੀ ਨੌਕਰੀਆਂ ਅਤੇ ਵਿਦਿਅਕ ਅਦਾਰਿਆਂ ਵਿੱਚ ਦਾਖ਼ਲੇ ਤੋਂ ਵਾਂਝੇ ਰਹਿ ਜਾਣਗੇ ਕਿਉਂਕਿ ਉਨ੍ਹਾਂ ਦਾ ਦਾਅਵਾ ਹੈ ਕਿ ਰਾਖਵੇਂਕਰਨ ਦਾ ਬਹੁਤਾ ਫ਼ਾਇਦਾ ਮੈਤੇਈ ਭਾਈਚਾਰੇ ਦੇ ਲੋਕਾਂ ਨੂੰ ਹੀ ਹੋਵੇਗਾ।
ਮਣੀਪੁਰ ਵਿੱਚ ਤਾਜ਼ਾ ਹਿੰਸਾ ਨੇ ਮੈਤੇਈ ਭਾਈਚਾਰੇ ਅਤੇ ਸੂਬੇਦੇ ਮੈਦਾਨੀ ਇਲਾਕਿਆਂ ਵਿੱਚ ਰਹਿਣ ਵਾਲੇ ਪਹਾੜੀ ਕਬੀਲਿਆਂ ਵਿਚਕਾਰ ਇੱਕ ਪੁਰਾਣੀ ਨਸਲੀ ਦਰਾਰ ਨੂੰ ਮੁੜ ਸੁਰਜੀਤ ਦਿੱਤਾ ਹੈ।
ਸੀਨੀਅਰ ਪੱਤਰਕਾਰ ਪ੍ਰਦੀਪ ਫੰਜੋਬਮ ਕਹਿੰਦੇ ਹਨ, "ਸੂਬੇ ਵਿੱਚ ਇਹ ਹਿੰਸਾ ਇੱਕ ਦਿਨ ਵਿੱਚ ਨਹੀਂ ਭੜਕੀ ਹੈ। ਸਗੋਂ ਕਈ ਮੁੱਦਿਆਂ ਨੂੰ ਲੈ ਕੇ ਕਬੀਲਿਆਂ ਵਿੱਚ ਨਾਰਾਜ਼ਗੀ ਪਹਿਲਾਂ ਤੋਂ ਹੀ ਫ਼ੈਲੀ ਹੋਈ ਹੈ। ਮਣੀਪੁਰ ਸਰਕਾਰ ਨੇ ਨਸ਼ਿਆਂ ਵਿਰੁੱਧ ਇੱਕ ਵੱਡੀ ਮੁਹਿੰਮ ਚਲਾਈ ਹੋਈ ਹੈ।"
ਉਨ੍ਹਾਂ ਮੁਤਾਬਕ, "ਇਸ ਤੋਂ ਇਲਾਵਾ ਵਨਾਚਲਾਂ ਵਿੱਚ ਕਈ ਜਨਜਾਤੀਆਂ ਦੇ ਕਬਜ਼ੇ ਵਾਲੀ ਜ਼ਮੀਨ ਨੂੰ ਵੀ ਖਾਲੀ ਕਰਵਾਇਆ ਜਾ ਰਿਹਾ ਹੈ। ਇਸ ਨਾਲ ਕੁਕੀ ਭਾਈਚਾਰੇ ਦੇ ਲੋਕ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਸਨ। ਜਿਸ ਥਾਂ ਤੋਂ ਹਿੰਸਾ ਭੜਕੀ ਹੈ, ਉਹ ਚੂਰਾਚੰਦਪੁਰ ਇਲਾਕਾ ਹੈ, ਯਾਨੀ ਕੁਕੀ ਦਾ ਦਬਦਬੇ ਵਾਲਾ ਇਲਾਕਾ। ਇਨ੍ਹਾਂ ਸਭ ਗੱਲਾਂ ਕਾਰਨ ਹੀ ਉਥੇ ਤਣਾਅ ਪੈਦਾ ਹੋਇਆ ਹੈ।"

ਤਸਵੀਰ ਸਰੋਤ, ANI
ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਵਿਵਾਦ
ਪ੍ਰਦੀਪ ਫੰਜੋਬਮ ਕਹਿੰਦੇ ਹਨ, "ਅਦਾਲਤ ਨੇ ਰਾਜ ਸਰਕਾਰ ਨੂੰ ਸਿਰਫ਼ ਇੱਕ ਨਜ਼ਰਸਾਨੀ ਕੀਤੀ ਸੀ। ਕਿਉਂਕਿ ਮਣੀਪੁਰ ਵਿੱਚ ਮੈਤੇਈ ਭਾਈਚਾਰੇ ਦਾ ਇੱਕ ਸਮੂਹ ਲੰਬੇ ਸਮੇਂ ਤੋਂ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਕਰ ਰਿਹਾ ਹੈ।
ਇਸ ਮੰਗ ਨੂੰ ਲੈ ਕੇ ਮੈਤੇਈ ਭਾਈਚਾਰਾ ਵੀ ਵੰਡਿਆ ਹੋਇਆ ਹੈ। ਕੁਝ ਮੈਤੇਈ ਇਸ ਮੰਗ ਦਾ ਸਮਰਥਨ ਕਰਦੇ ਹਨ ਅਤੇ ਕੁਝ ਵਿਰੋਧ ਕਰਦੇ ਹਨ।
ਉਨ੍ਹਾਂ ਕਿਹਾ, "ਅਨੁਸੂਚਿਤ ਜਨਜਾਤੀ ਮੰਗ ਕਮੇਟੀ ਮਣੀਪੁਰ ਬੀਤੇ 10 ਸਾਲਾਂ ਤੋਂ ਸੂਬਾ ਸਰਕਾਰ ਤੋਂ ਇਸ ਦੀ ਮੰਗ ਕਰ ਰਹੀ ਹੈ। ਪਰ ਅਜੇ ਤੱਕ ਕਿਸੇ ਵੀ ਸਰਕਾਰ ਨੇ ਇਸ ਮੰਗ 'ਤੇ ਬਹੁਤਾ ਗੌਰ ਨਹੀਂ ਕੀਤਾ।"
"ਇਸ ਲਈ ਮੈਤੇਈ ਜਨਜਾਤੀ ਕਮੇਟੀ ਨੇ ਅਦਾਲਤ ਤੱਕ ਪਹੁੰਚ ਕੀਤੀ। ਅਦਾਲਤ ਨੇ ਇਹ ਮੰਗ ਸਬੰਧੀ ਸੂਬਾ ਸਰਕਾਰ ਤੋਂ ਕੇਂਦਰ ਕੋਲ ਸਿਫਾਰਸ਼ ਕਰਨ ਲਈ ਕਿਹਾ ਹੈ, ਪਰ ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ ਮਣੀਪੁਰ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।"
ਵਿਰੋਧ ਕਰ ਰਹੇ ਕਬੀਲਿਆਂ ਦਾ ਕਹਿਣਾ ਹੈ ਕਿ ਮੈਤੇਈ ਭਾਈਚਾਰੇ ਨੂੰ ਪਹਿਲਾਂ ਹੀ ਅਨੁਸੂਚਿਤ ਜਾਤੀਆਂ ਤੇ ਹੋਰ ਪੱਛੜੀਆਂ ਜਾਤੀਆਂ ਨਾਲ ਆਰਥਿਕ ਤੌਰ 'ਤੇ ਪੱਛੜੀਆਂ ਸ਼੍ਰੇਣੀਆਂ ਦਾ ਰਾਖਵਾਂਕਰਨ ਮਿਲਿਆ ਹੋਇਆ ਹੈ।
ਅਜਿਹੀ ਸਥਿਤੀ ਵਿੱਚ, ਮੈਤੇਈ ਜਨਜਾਤੀ ਇਕੱਲਿਆਂ ਸਭ ਕੁਝ ਹਾਸਲ ਨਹੀਂ ਕਰ ਸਕਦੀ। ਮੈਤੇਈ ਆਦਿਵਾਸੀ ਨਹੀਂ ਹਨ, ਬਲਕਿ ਉਹ ਅਨੁਸੂਚਿਤ ਜਾਤੀ, ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਬ੍ਰਾਹਮਣ ਜਮਾਤ ਦਾ ਹਿੱਸਾ ਹਨ।
ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦਿੱਤਾ ਜਾਂਦਾ ਹੈ ਤਾਂ ਉਨ੍ਹਾਂ ਦੀਆਂ ਜ਼ਮੀਨਾਂ ਸੁਰੱਖਿਅਤ ਨਹੀਂ ਬਚਣਗੀਆਂ।
ਮੈਤੇਈ ਭਾਈਚਾਰੇ ਨਾਲ ਸਬੰਧਤ ਇੱਕ ਵਿਅਕਤੀ ਨੇ ਆਪਣਾ ਨਾਂ ਜ਼ਾਹਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਮੈਤੇਈ ਭਾਈਚਾਰੇ ਦੇ ਲੋਕ ਆਪਣੇ ਸੂਬੇ ਦੇ ਪਹਾੜੀ ਇਲਾਕਿਆਂ 'ਚ ਜਾ ਕੇ ਨਹੀਂ ਵਸ ਸਕਦੇ। ਜਦੋਂ ਕਿ ਕੁਕੀ ਅਤੇ ਅਨੁਸੂਚਿਤ ਕਬੀਲੇ ਦਾ ਦਰਜਾ ਹਾਸਿਲ ਕਬੀਲੇ ਇੰਫਾਲ ਘਾਟੀ ਵਿੱਚ ਆ ਕੇ ਵਸ ਸਕਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਜੇ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਮਿਲਦਾ ਹੈ ਤਾਂ ਉਨ੍ਹਾਂ ਕੋਲ ਰਹਿਣ ਲਈ ਕੋਈ ਜ਼ਮੀਨ ਨਹੀਂ ਬਚੇਗੀ।

ਤਸਵੀਰ ਸਰੋਤ, Getty Images
ਪੁਰਾਣਾ ਸੰਵੇਦਨਸ਼ੀਲ ਮਾਮਲਾ
ਮਣੀਪੁਰ ਦੇ ਇੱਕ ਸੀਨੀਅਰ ਪੱਤਰਕਾਰ ਯੁਮਨਾਮ ਰੂਪਚੰਦਰ ਸਿੰਘ ਦਾ ਕਹਿਣਾ ਹੈ, "ਮਣੀਪੁਰ ਵਿੱਚ ਮੌਜੂਦਾ ਪ੍ਰਣਾਲੀ ਤਹਿਤ, ਮੈਤੇਈ ਭਾਈਚਾਰੇ ਦੇ ਲੋਕ ਪਹਾੜੀ ਜ਼ਿਲ੍ਹਿਆਂ ਵਿੱਚ ਨਹੀਂ ਵਸ ਸਕਦੇ। ਮਣੀਪੁਰ ਦੇ 22,300 ਵਰਗ ਕਿਲੋਮੀਟਰ ਖੇਤਰ ਵਿੱਚੋਂ ਮਹਿਜ਼ 8 ਤੋਂ 10 ਫ਼ੀਸਦ ਹੀ ਮੈਦਾਨੀ ਇਲਾਕਾ ਹੈ।"
"ਮੈਤੇਈ ਭਾਈਚਾਰੇ ਦੀ ਸਭ ਤੋਂ ਵੱਡੀ ਸ਼ਿਕਾਇਤ ਇਹ ਹੈ ਕਿ ਪਹਾੜੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਮੈਦਾਨੀ ਇਲਾਕਿਆਂ ਵਿੱਚ ਜਾ ਕੇ ਵਸ ਸਕਦੇ ਹਨ ਪਰ ਮੈਤੇਈ ਲੋਕ ਪਹਾੜਾਂ ਵਿੱਚ ਜਾ ਕੇ ਨਹੀਂ ਵਸ ਸਕਦੇ। ਵਾਹੀਯੋਗ ਜ਼ਮੀਨਾਂ ਵਿੱਚ ਆਦਿਵਾਸੀ ਲੋਕਾਂ ਦਾ ਦਬਦਬਾ ਵਧ ਰਿਹਾ ਹੈ। ਅਜਿਹੇ ਕਈ ਮਸਲੇ ਇਸ ਵਿਵਾਦ ਦੀ ਜੜ੍ਹ ਹਨ।"
ਸੀਨੀਅਰ ਪੱਤਰਕਾਰ ਯੁਮਨਾਮ ਰੂਪਚੰਦਰ ਦਾ ਕਹਿਣਾ ਹੈ, "ਅਨੁਸੂਚਿਤ ਕਬੀਲੇ ਦਾ ਦਰਜਾ ਦੇਣ 'ਤੇ ਹਾਈਕੋਰਟ ਦੀ ਨਜ਼ਰਸਾਨੀ ਦੀ ਗ਼ਲਤ ਵਿਆਖਿਆ ਕੀਤੀ ਗਈ ਹੈ। ਅਦਾਲਤ ਨੇ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦਾ ਕੋਈ ਹੁਕਮ ਨਹੀਂ ਦਿੱਤਾ ਹੈ। ਅਸਲ 'ਚ ਇਹ ਵਿਵਾਦ ਪਹਾੜੀ ਅਤੇ ਪਹਾੜੀ ਭਾਈਚਾਰੇ ਵਿਚਕਾਰ ਬਹੁਤ ਪੁਰਾਣਾ ਤੇ ਸੰਵੇਦਨਸ਼ੀਲ ਹੈ। ਇਹ ਹਿੰਸਾ ਗ਼ਲਤ ਜਾਣਕਾਰੀ ਫ਼ੈਲਾਉਣ ਦਾ ਨਤੀਜਾ ਲੱਗ ਰਹੀ ਹੈ।"
ਅਨੁਸੂਚਿਤ ਜਨਜਾਤੀ ਮੰਗ ਕਮੇਟੀ, ਮਣੀਪੁਰ, ਜੋ ਕਿ ਮੈਤੇਈ ਲੋਕਾਂ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਅਦਾਲਤ ਵਿੱਚ ਗਈ ਹੈ, ਦਾ ਕਹਿਣਾ ਹੈ ਕਿ ਮੈਤੇਈ ਨੂੰ ਇਸ ਸ਼੍ਰੇਣੀ ਵਿੱਚ ਸ਼ਾਮਲ ਕਰਨ ਦੀ ਮੰਗ ਸਿਰਫ਼ ਨੌਕਰੀਆਂ, ਵਿਦਿਅਕ ਸੰਸਥਾਵਾਂ ਅਤੇ ਟੈਕਸ ਵਿੱਚ ਰਾਹਤ ਲਈ ਰਾਖਵਾਂਕਰਨ ਨਹੀਂ ਹੈ, ਸਗੋਂ ਇਹ ਮੰਗ ਹੈ, ਉਨ੍ਹਾਂ ਦੀ ਜੱਦੀ ਜ਼ਮੀਨ, ਸੱਭਿਆਚਾਰ ਅਤੇ ਪਛਾਣ ਨੂੰ ਸੁਰੱਖਿਅਤ ਰੱਖਣ ਲਈ ਹੈ।

ਤਸਵੀਰ ਸਰੋਤ, Getty Images
ਗ੍ਰਹਿ ਮੰਤਰੀ ਨੇ ਕੀਤੀ ਬੈਠਕ
ਚੱਲ ਰਹੀ ਹਿੰਸਾ ਦੌਰਾਨ ਮਣੀਪੁਰ ਸਰਕਾਰ ਨੇ ਸਾਬਕਾ ਆਈਪੀਐੱਸ ਅਧਿਕਾਰੀ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐੱਫ਼) ਦੇ ਮੁਖੀ ਰਹੇ ਕੁਲਦੀਪ ਸਿੰਘ ਨੂੰ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਕੁਲਦੀਪ ਸਿੰਘ ਰਾਜਧਾਨੀ ਇੰਫਾਲ ਪਹੁੰਚ ਗਏ ਹਨ।
ਇਸ ਦੇ ਨਾਲ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਥਿਤੀ ਦਾ ਜਾਇਜ਼ਾ ਲੈਣ ਦਿੱਲੀ 'ਚ ਮੀਟਿੰਗ ਕੀਤੀ ਹੈ।
ਪੀਟੀਆਈ ਦੇ ਅਨੁਸਾਰ, ਉਨ੍ਹਾਂ ਨੇ ਵੀਡੀਓ ਕਾਨਫਰੰਸ ਰਾਹੀਂ ਦੋ ਮੀਟਿੰਗਾਂ ਕੀਤੀਆਂ ਹਨ। ਉਨ੍ਹਾਂ ਨੇ ਮਣੀਪੁਰ ਦੇ ਗੁਆਂਢੀ ਸੂਬਿਆਂ ਅਸਾਮ, ਨਾਗਾਲੈਂਡ ਅਤੇ ਮਿਜ਼ੋਰਮ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕੇਂਦਰ ਅਤੇ ਸੂਬੇ ਦੇ ਉੱਚ ਅਧਿਕਾਰੀਆਂ ਨਾਲ ਵੀ ਹਾਲਾਤ ਬਾਰੇ ਵਿਚਾਰ ਚਰਚਾ ਕੀਤੀ ਹੈ।
ਇਸ ਬੈਠਕ 'ਚ ਹਿੰਸਾ 'ਤੇ ਕਾਬੂ ਪਾਉਣ ਲਈ ਗੁਆਂਢੀ ਸੂਬਿਆਂ ਤੋਂ ਨੀਮ ਫੌਜੀ ਬਲਾਂ ਨੂੰ ਮਣੀਪੁਰ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)












