‘ਸਲਮਾਨ, ਦਿੱਕਤ ਕੁੜੀਆਂ ਦੇ ਕੱਪੜਿਆਂ ’ਚ ਨਹੀਂ ਸਗੋਂ ਮੁੰਡਿਆਂ ਦੀਆਂ ਨਜ਼ਰਾਂ ’ਚ ਹੈ’- ਨਜ਼ਰੀਆ

- ਲੇਖਕ, ਨਾਸੀਰੂਦੀਨ
- ਰੋਲ, ਬੀਬੀਸੀ ਦੇ ਲਈ
ਗੱਲ ਜਦੋਂ ਔਰਤਾਂ ਜਾਂ ਕੁੜੀਆਂ ਦੇ ਬਾਰੇ ਹੁੰਦੀ ਹੈ ਤਾਂ ਬਹੁਤ ਕੁਝ ਲੁਕਾਇਆਂ ਵੀ ਨਹੀਂ ਲੁਕਦਾ ਹੈ। ਅਕਸਰ ਹੀ ਸਾਡੇ ਦਿਲੋ-ਦਿਮਾਗ ’ਚ ਅੰਦਰ ਤੱਕ ਲੁਕੀਆਂ ਅਸਲ ਗੱਲਾਂ ਬਾਹਰ ਆ ਹੀ ਜਾਂਦੀਆ ਹਨ।
ਕਈ ਵਾਰ ਉਹ ਢੱਕਣ ਦੀ ਕੋਸ਼ਿਸ਼ ਕੀਤੇ ਵੀ ਨਹੀਂ ਢੱਕੀਆਂ ਜਾਂਦੀਆਂ। ਕਈ ਵਾਰ ਤਾਂ ਸਾਨੂੰ ਇਹ ਵੀ ਭੁਲੇਖਾ ਪੈ ਜਾਂਦਾ ਹੈ ਕਿ ਅਸੀਂ ਬਹੁਤ ਵਧੀਆ ਗੱਲਾਂ ਕਰ ਰਹੇ ਹਾਂ।
ਪਿਛਲੇ ਦਿਨੀਂ ਸਲਮਾਨ ਖ਼ਾਨ ਨਾਲ ਵੀ ਕੁਝ ਅਜਿਹਾ ਹੀ ਹੋਇਆ।
ਉਨ੍ਹਾਂ ਨੂੰ ਲੱਗਾ ਕਿ ਉਹ ਕੁੜੀਆਂ ਦੇ ਸ਼ੁਭਚਿੰਤਕ ਅਤੇ ਰੱਖਿਅਕ ਹਨ। ਸਲਮਾਨ ‘ਭਾਈਜਾਨ’ ਹਨ। ਉਨ੍ਹਾਂ ਨੇ ਕੁੜੀਆਂ ਬਾਰੇ ਆਪਣੇ ਖ਼ਿਆਲ ਪ੍ਰਗਟ ਕੀਤੇ ਤਾਂ ਵਾਹੋ-ਵਾਹੀ ਵੀ ਖੱਟ ਲਈ।
ਪਰ ਕੀ ਉਹ ਸੱਚਮੁੱਚ ਔਰਤਾਂ ਦੇ ਸ਼ੁਭਚਿੰਤਕ ਹਨ? ਜਾਂ ਸ਼ੁਭਚਿੰਤਕ ਬਣਨ ਲਈ ਉਨ੍ਹਾਂ ਨੇ ਜੋ ਗੱਲਾਂ ਕਹੀਆਂ, ਕੀ ਉਸ ਨਾਲ ਕੁੜੀਆਂ ਦੀ ਜ਼ਿੰਦਗੀ ਬਿਹਤਰ ਹੋ ਜਾਵੇਗੀ? ਇਹ ਗੱਲ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੁੰਦੀ ਹੈ।
ਪਲਕ ਨੇ ਸਲਮਾਨ ਬਾਰੇ ਕੀ ਕਿਹਾ ਸੀ
ਪਲਕ ਤਿਵਾਰੀ ਬਾਲੀਵੁੱਡ ਦੀ ਇੱਕ ਨਵੀਂ ਉਭਰਦੀ ਅਦਾਕਾਰਾ ਹੈ। ਬਤੌਰ ਅਦਾਕਾਰਾ ਉਨ੍ਹਾਂ ਦੀ ਪਹਿਲੀ ਫਿਲਮ ਸਲਮਾਨ ਖਾਨ ਦੇ ਨਾਲ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਹੈ।
ਇੱਕ ਖ਼ਬਰ ਮੁਤਾਬਕ ਉਨ੍ਹਾਂ ਨੇ ਫਿਲਮ ਦੇ ਸੈੱਟ ’ਤੇ ਸਲਮਾਨ ਖਾਨ ਦੇ ਇੱਕ ਨਿਯਮ ਬਾਰੇ ਦੱਸਿਆ। ਇਹ ਨਿਯਮ ਕੁੜੀਆਂ ਦੇ ਲਈ ਸੀ। ਸਲਮਾਨ ਦੇ ਸੈੱਟ ’ਤੇ ਕਿਸੇ ਵੀ ਕੁੜੀ ਨੂੰ ਗਲੇ ਤੱਕ ਕੱਪੜੇ ਪਾ ਕੇ ਆਉਣਾ ਚਾਹੀਦਾ ਹੈ।
ਕਿਉਂ? ਕਿਉਂਕਿ ਜੇ ਕੱਪੜਾ ਗਲੇ ਤੋਂ ਹੇਠਾਂ ਖਿਸਕੇਗਾ ਤਾਂ ਮਰਦਾਂ ਦੀ ਨਜ਼ਰ ਪਵੇਗੀ। ਇਹ ਸਲਮਾਨ ਨੂੰ ਪਸੰਦ ਨਹੀਂ ਹੈ। ਚੰਗੀਆਂ ਕੁੜੀਆਂ ਦੀ ਤਰ੍ਹਾਂ ਸਾਰੀਆਂ ਕੁੜੀਆਂ ਨੂੰ ਆਪਣਾ ਸਰੀਰ ਪੂਰੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ।
ਇੰਨਾ ਹੀ ਨਹੀਂ, ਸਲਮਾਨ ਖਾਨ ਦਾ ਮੰਨਣਾ ਹੈ ਕਿ ਕੁੜੀਆਂ ਦੀ ਹਮੇਸ਼ਾਂ ਹੀ ਰੱਖਿਆ ਕਰਨੀ ਚਾਹੀਦੀ ਹੈ।
ਕੁੜੀਆਂ ਨੂੰ ਹਮੇਸ਼ਾਂ ਮਹਿਫੂਜ਼/ਸੁਰੱਖਿਅਤ ਰਹਿਣਾ ਚਾਹੀਦਾ ਹੈ। ਪਲਕ ਵੀ ਸਲਮਾਨ ਦੀਆਂ ਗੱਲਾਂ ਨਾਲ ਸਹਿਮਤ ਨਜ਼ਰ ਆਉਂਦੀ ਹੈ।
ਪਲਕ ਤਿਵਾਰੀ ਦੀਆਂ ਇਹ ਗੱਲਾਂ ਪਿਛਲੇ ਦਿਨੀਂ ਕਾਫੀ ਚਰਚਾ ’ਚ ਰਹੀਆਂ ਹਨ।

ਤਸਵੀਰ ਸਰੋਤ, INDIATV
‘ਅਦਾਲਤ’ ’ਚ ਬੈਠੇ ਸਲਮਾਨ ਨੇ ਕੀ ਸਪੱਸ਼ਟੀਕਰਨ ਦਿੱਤਾ?
ਹਾਲ ਹੀ ’ਚ ਨਿਊਜ਼ ਚੈਨਲ ‘ਇੰਡੀਆ ਟੀਵੀ’ ਦੇ ਰਜਤ ਸ਼ਰਮਾ ਦੇ ਪ੍ਰੋਗਰਾਮ ‘ਆਪ ਕੀ ਅਦਾਲਤ’ ’ਚ ਸਲਮਾਨ ਖਾਨ ਮਹਿਮਾਨ ਵੱਜੋਂ ਪਹੁੰਚੇ।
ਉਨ੍ਹਾਂ ਤੋਂ ਪੁੱਛਿਆ ਗਿਆ ਪਹਿਲਾ ਹੀ ਸਵਾਲ ਪਲਕ ਤਿਵਾਰੀ ਦੀ ਉਸ ਗੱਲ ਨਾਲ ਜੁੜਿਆ ਸੀ।
ਰਜਤ ਸ਼ਰਮਾ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਦੋਹਰੀ ਨੀਤੀ ਹੈ। ਉਹ ਖੁਦ ਤਾਂ ਝੱਟ ਆਪਣੀ ਕਮੀਜ਼ ਉਤਾਰ ਲੈਂਦੇ ਹਨ ਅਤੇ ਕੁੜੀਆਂ ਲਈ ਪੂਰੇ ਕੱਪੜੇ ਪਾਉਣ ਦੇ ਨਿਯਮ ਬਣਾਉਂਦੇ ਹਨ।
ਸਲਮਾਨ ਨੇ ਪਲਕ ਵੱਲੋਂ ਕਹੀਆਂ ਆਪਣੀਆਂ ਗੱਲਾਂ ਨੂੰ ਹੀ ਸਹੀ ਠਹਿਰਾਉਣ ਦੀ ਪੂਰੀ ਕੋਸ਼ਿਸ਼ ਕੀਤੀ।
ਉਹ ਜਵਾਬ ਦਿੰਦੇ ਹਨ, “ਮੈਂ ਸੋਚਦਾ ਹੈ ਕਿ ਇਹ ਜੋ ਔਰਤਾਂ ਦੀ ਬੌਡੀ (ਸਰੀਰ) ਹੈ, ਉਹ ਕਿਤੇ ਵਧੇਰੇ ਪ੍ਰੀਸ਼ੀਅਸ (ਬੇਸ਼ਕੀਮਤੀ) ਹੈ। ਇਸ ਲਈ ਉਹ ਜਿੰਨਾਂ ਆਪਣੇ ਆਪ ਨੂੰ ਢੱਕ ਕੇ ਰੱਖਣਗੀਆਂ, ਮੈਨੂੰ ਲੱਗਦਾ ਹੈ ਕਿ ਬੇਟਰ (ਵਧੀਆ) ਹੋਵੇਗਾ।”

ਤਸਵੀਰ ਸਰੋਤ, TWITTER/PALAKTIWARII
ਸਲਮਾਨ ਦੀ ਇਸ ਗੱਲ ’ਤੇ ਹਾਲ ’ਚ ਬੈਠੇ ਲੋਕ ਤਾੜੀਆਂ ਵਜਾਉਂਦੇ ਹਨ। ਇਸ ਗੱਲ ’ਤੇ ਰਜ਼ਾਮੰਦੀ ’ਚ ਮੁਸਕਰਾਉਣ ਅਤੇ ਤਾੜੀਆਂ ਵਜਾਉਣ ਵਾਲਿਆਂ ’ਚ ਔਰਤਾਂ ਵੀ ਸ਼ਾਮਲ ਹਨ।
ਜਦੋਂ ਗੱਲਬਾਤ ਅੱਗੇ ਵਧਦੀ ਹੈ ਤਾਂ ਸਲਮਾਨ ਖਾਨ ਕਹਿੰਦੇ ਹਨ, ''ਇਹ ਕੁੜੀਆਂ ਦਾ ਚੱਕਰ ਨਹੀਂ ਹੈ, ਇਹ ਤਾਂ ਮੁੰਡਿਆਂ ਦਾ ਚੱਕਰ ਹੈ। ਜਿਸ ਤਰ੍ਹਾਂ ਨਾਲ ਮੁੰਡੇ ਕੁੜੀਆਂ ਨੂੰ ਵੇਖਦੇ ਹਨ, ਤੁਹਾਡੀਆਂ ਮਾਵਾਂ, ਭੈਣਾਂ, ਧੀਆਂ, ਪਤਨੀ, ਮੈਨੂੰ ਇਹ ਸਭ ਚੰਗਾ ਨਹੀਂ ਲੱਗਦਾ ਹੈ। ਮੈਂ ਨਹੀਂ ਚਾਹੁੰਦਾ ਕਿ ਉਹ ਇਨ੍ਹਾਂ ਸਾਰੇ ਹਾਲਾਤਾਂ ’ਚੋਂ ਲੰਘਣ।''
ਫਿਰ ਉਨ੍ਹਾਂ ਤੋਂ ਪੁੱਛਿਆ ਜਾਂਦਾ ਹੈ ਕਿ ਉਹ ਮੁੰਡਿਆਂ ਨੂੰ ਕੀ ਸਿਖਾ ਰਹੇ ਹਨ।
ਸਲਮਾਨ ਜਵਾਬ ਦਿੰਦੇ ਹਨ, “ਹਰ ਕੋਈ ਜਾਣਦਾ ਹੈ, ਪਰ ਕਈ ਵਾਰ ਉਨ੍ਹਾਂ ਦੀ ਨੀਅਤ ਖਰਾਬ ਹੋ ਜਾਂਦੀ ਹੈ। ਇਸ ਲਈ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਜਦੋਂ ਅਸੀਂ ਕੋਈ ਫਿਲਮ ਬਣਾਈਏ ਤਾਂ ਅਸੀਂ ਉਨ੍ਹਾਂ ਨੂੰ ਇਹ ਮੌਕਾ ਹੀ ਨਾ ਦੇਈਏ ਕਿ ਉਹ ਆ ਕੇ ਸਾਡੀ ਹੀਰੋਇਨ ਨੂੰ ਜਾਂ ਸਾਡੀਆਂ ਔਰਤਾਂ ਨੂੰ ਉਸ ਨਜ਼ਰ ਨਾਲ ਵੇਖਣ।”
ਫਿਰ ਤਾੜੀਆਂ ਵੱਜ ਦੀਆਂ ਹਨ।
ਇਸ ਪ੍ਰੋਗਰਾਮ ਦੇ ਸ਼ੁਰੂ ’ਚ ਸਲਮਾਨ ਕਹਿੰਦੇ ਹਨ ਕਿ ਸਮੱਸਿਆ ਇਹ ਨਹੀਂ ਹੈ ਕਿ ਕੀ ਪੁੱਛਿਆ ਜਾਵੇਗਾ। ਸਮੱਸਿਆ ਤਾਂ ਇਹ ਹੈ ਕਿ ਮੈਂ ਜਵਾਬ ਕੀ ਦੇਵਾਂਗਾ?
ਸਹੀ ’ਚ ਸਮੱਸਿਆ ਸਲਮਾਨ ਦੇ ਨਜ਼ਰੀਏ ਅਤੇ ਜਵਾਬ ’ਚ ਹੈ।

ਚੰਗੀ ਕੁੜੀ ਮਤਲਬ ਕਿਸ ਤਰ੍ਹਾਂ ਦੀ ਕੁੜੀ
ਪਲਕ ਨੇ ਸਲਮਾਨ ਦੇ ਹਵਾਲੇ ਤੋਂ ਇੱਕ ਚੰਗੀ ਕੁੜੀ ਦਾ ਜ਼ਿਕਰ ਕੀਤਾ ਹੈ। ਇੱਥੇ ਸਵਾਲ ਇਹ ਹੈ ਕਿ ਇਹ ਚੰਗੀ ਕੁੜੀ ਕਿਵੇਂ ਦੀ ਹੁੰਦੀ ਹੈ, ਜਿਸ ਦੀ ਗੱਲ ਇਹ ਦੋਵੇਂ ਕਰ ਰਹੇ ਹਨ।
ਇਨ੍ਹਾਂ ਦੀ ਯਾਨਿ ਕਿ ਸਲਮਾਨ ਵਰਗੇ ਲੋਕਾਂ ਦੀ ਚੰਗੀ ਕੁੜੀ ਸਿਰਫ ਕੱਪੜਿਆਂ ਨਾਲ ਨਹੀਂ ਬਣਦੀ ਹੈ। ਸਿਰਫ ਕੱਪੜਿਆਂ ਤੱਕ ਹੀ ਨਹੀਂ ਰੁੱਕਦੀ। ਉਹ ਕੱਪੜਿਆਂ ਤੋਂ ਸ਼ੁਰੂ ਹੁੰਦੇ ਹਨ ਅਤੇ ਬਹੁਤ ਅੱਗੇ ਤੱਕ ਜਾਂਦੇ ਹਨ।
ਅਜਿਹੇ ਲੋਕਾਂ ਮੁਤਾਬਕ, ਚੰਗੀ ਕੁੜੀ , ਮਤਲਬ ਜਿਹੜੀ ਸਾਰਿਆਂ ਦੀ ਗੱਲ ਮੰਨੇ। ਪਿਤਾ, ਭਰਾ, ਪਤੀ ਦੇ ਕਹੇ ’ਚ ਰਹੇ। ਪਲਟ ਕੇ ਜਵਾਬ ਨਾ ਦੇਵੇ। ਆਪਣੇ ਮਨ ਦੀ ਕਹਿੰਦੀ ਹੋਵੇ ਪਰ ਕਰਦੀ ਨਾ ਹੋਵੇ। ਜ਼ਿਆਦਾ ਅਤੇ ਉੱਚੀ ਨਾ ਬੋਲਦੀ ਹੋਵੇ।
ਦੇਰ ਸ਼ਾਮ ਤੱਕ ਬਾਹਰ ਨਾ ਘੁੰਮਦੀ ਹੋਵੇ। ਮੁੰਡਿਆਂ ਨਾਲ ਮੇਲਜੋਲ ਨਾ ਰੱਖਦੀ ਹੋਵੇ। ਘਰ ਦੇ ਮਰਦਾਂ ਅਤੇ ਸਾਰਿਆਂ ਦੀ ਖੁਸ਼ੀ ਦਾ ਧਿਆਨ ਰੱਖਦੀ ਹੋਵੇ। ਪਰੰਪਰਾ ਅਤੇ ਰੀਤੀ-ਰਿਵਾਜ਼ਾਂ ਦੀ ਪਾਲਣਾ ਕਰਨ ਵਾਲੀ ਹੋਵੇ।
ਘਰ-ਸਮਾਜ ਦੀ ‘ਇੱਜ਼ਤ’ ਦਾ ਖਿਆਲ ਰੱਖਦੀ ਹੋਵੇ। ਘਰ ਦੀ ਦੇਖਰੇਖ ਕਰਨੀ ਆਉਂਦੀ ਹੋਵੇ…ਵਗੈਰਾ….ਵਗੈਰਾ…. ਜੋੜਦੇ ਜਾਓ ਅਤੇ ਇੱਕ ਲੰਮੀ ਸੂਚੀ ਚੰਗੀਆਂ ਕੁੜੀਆਂ ਦੇ ਲਈ ਬਣਾਉਂਦੇ ਜਾਓ।
ਇਹ ਕਿਸ ਤਰ੍ਹਾਂ ਦੀ ਕੁੜੀ ਸਲਮਾਨ ਬਣਾਉਣਾ ਚਾਹੁੰਦੇ ਹਨ?
ਕੀ ਅੱਜ ਦੀਆ ਕੁੜੀਆਂ ਇਸ ਤਰ੍ਹਾਂ ‘ਚੰਗੀਆਂ’ ਬਣਨਾ ਚਾਹੁੰਦੀਆਂ ਹਨ?
ਸਾਡੇ ਆਲੇ ਦੁਆਲੇ ਪਲਕ ਵਰਗੀਆਂ ਕੁੜੀਆਂ ਹਨ ਜੋ ਕਿ ਚੰਗੀ ਕੁੜੀ ਦੇ ਸਮਾਜਿਕ ਢਾਂਚੇ ’ਚ ਆਪਣੇ ਆਪ ਨੂੰ ਫਿੱਟ ਕਰਨਾ ਚਾਹੁੰਦੀਆਂ ਹਨ। ਦੂਜੇ ਪਾਸੇ ਇਸ ਦੇ ਉਲਟ ਸੋਚਣ ਵਾਲੀਆਂ ਕੁੜੀਆਂ ਦੀ ਗਿਣਤੀ ਵੀ ਘੱਟ ਨਹੀਂ ਹੈ।
ਅੱਜ ਦੀਆਂ ਕੁੜੀਆਂ ਜੋ ਬਣ ਰਹੀਆਂ ਹਨ ਅਤੇ ਜੋ ਬਣਨਾ ਚਾਹੁੰਦੀਆਂ ਹਨ, ਉਹ ਸਲਮਾਨ ਵਰਗੇ ਲੋਕਾਂ ਦੀਆਂ ਨਜ਼ਰਾਂ ’ਚ ‘ਬੁਰੀਆਂ ਕੁੜੀਆਂ’ ਹੋਣਗੀਆਂ। ਇਸ ਲਈ ਅੱਜ ਕੁੜੀਆਂ ਦਾ ਇੱਕ ਵੱਡਾ ਸਮੂਹ ਇਹ ਵੀ ਕਹਿਣ ਤੋਂ ਪਰਹੇਜ਼ ਨਹੀਂ ਕਰਦਾ ਹੈ ਕਿ “ਹਾਂ, ਅਸੀਂ ਮਾੜੀਆਂ ਕੁੜੀਆਂ ਹਾਂ। ਅਸੀਂ ਇਨ੍ਹਾਂ ਗੱਲਾਂ ਨੂੰ ਮੰਨਣ ਤੋਂ ਇਨਕਾਰ ਕਰਦੀਆਂ ਹਾਂ।”

ਬੇਸ਼ਕੀਮਤੀ ਸਰੀਰ ਅਤੇ ਚਲਾਕੀ ਭਰੀਆਂ ਗੱਲਾਂ
ਪਿੱਤਰ ਸੱਤਾ ਬਹੁਤ ਹੀ ਚਲਾਕੀ ਨਾਲ ਕੰਮ ਕਰਦੀ ਹੈ। ਸਲਮਾਨ ਦੀਆਂ ਗੱਲਾਂ ਪਹਿਲੀ ਨਜ਼ਰ ’ਚ ਕਿਸੇ ਨੂੰ ਚੰਗੀਆਂ ਲੱਗ ਸਕਦੀਆਂ ਹਨ।
ਇਸ ’ਚ ਔਰਤਾਂ ਪ੍ਰਤੀ ਚਿੰਤਾ ਪ੍ਰਗਟ ਕੀਤੀ ਗਈ ਹੈ। ਉਨ੍ਹਾਂ ਦੀ ਸੁਰੱਖਿਆ ਦੀ ਗੱਲ ਹੈ। ਇਸ ਲਈ ਉਨ੍ਹਾਂ ਦੀਆ ਗੱਲਾਂ ’ਤੇ ਲਗਾਤਾਰ ਤਾੜੀਆਂ ਵੱਜਦੀਆਂ ਹਨ।
ਇਸ ਦਾ ਮਤਲਬ ਇਹ ਹੈ ਕਿ ਉਨ੍ਹਾਂ ਦੀਆ ਗੱਲਾਂ ਦਾ ਸਮਾਜ ’ਚ ਅਧਾਰ ਹੈ। ਸਮਾਜ ’ਚ ਔਰਤਾਂ ਬਾਰੇ ਸੋਚਣ ਵਾਲੇ ਉਹ ਇੱਕਲੇ ਨਹੀਂ ਹਨ। ਭਾਵ ਇਹ ਇੱਕ ਮਜ਼ਬੂਤ ਵਿਚਾਰ ਹੈ, ਜਿਸ ਨੇ ਸਾਡੇ ਅੰਦਰ ਤੱਕ ਆਪਣੀ ਥਾਂ ਬਣਾਈ ਹੋਈ ਹੈ।
ਸਵਾਲ ਇਹ ਹੈ ਕਿ ਕੀ ਸੱਚਮੁੱਚ ਸਲਮਾਨ ਨੂੰ ਔਰਤਾਂ ਦੀ ਹੀ ਚਿੰਤਾ ਹੈ?
ਕੀ ਔਰਤਾਂ ਦਾ ਸਰੀਰ ਹੀ ਬੇਸ਼ਕੀਮਤੀ ਹੁੰਦਾ ਹੈ?
ਮਰਦ ਦਾ ਸਰੀਰ ਬੇਸ਼ਕੀਮਤੀ ਕਿਉਂ ਨਹੀਂ ਹੈ?
ਔਰਤ ਦੀ ਜ਼ਿੰਦਗੀ ਬੇਸ਼ਕੀਮਤੀ ਹੈ ਜਾਂ ਫਿਰ ਸਰੀਰ?
ਜਿਵੇਂ ਹੀ ਅਸੀਂ ਕਿਸੇ ਨੂੰ ਬੇਸ਼ਕੀਮਤੀ ਮੰਨਦੇ ਹਾਂ ਤਾਂ ਅਸੀਂ ਉਸ ਨੂੰ ਸੁਰੱਖਿਅਤ ਤਰੀਕੇ ਨਾਲ ਲੁਕਾ ਕੇ ਰੱਖਦੇ ਹਾਂ।
ਇਸ ਲਈ ਕਈ ਲੋਕ ਔਰਤ ਦੇ ਸਰੀਰ ਦੀ ਤੁਲਨਾ ਬੇਸ਼ਕੀਮਤੀ ਸਮਾਨ ਨਾਲ ਵੀ ਕਰਦੇ ਹਨ। ਕੁਝ ਤਾਂ ਮਿਠਾਈਆਂ ਨਾਲ ਵੀ ਕਰਦੇ ਹਨ।
ਔਰਤ ਦਾ ਸਰੀਰ ਬਹੁਤ ਹੀ ਕੀਮਤੀ ਹੈ ਇਸ ਲਈ ਔਰਤ ਦੇ ਸਰੀਰ ਦਾ ਸਬੰਧ ਪਰਿਵਾਰ ਅਤੇ ਸਮਾਜ ਦੀ ਇੱਜ਼ਤ ਨਾਲ ਜੋੜ ਦਿੱਤਾ ਜਾਂਦਾ ਹੈ।

ਤਸਵੀਰ ਸਰੋਤ, Getty Images
ਮਤਲਬ ਜੇਕਰ ਇਸ ਬੇਸ਼ਕੀਮਤੀ ਸਰੀਰ ਨੂੰ ਕੁਝ ਹੋਇਆ ਤਾਂ ਸਮਾਜ ਦੇ ਅਨੁਸਾਰ ਇਸ ’ਤੇ ਦਾਗ ਲੱਗ ਜਾਂਦਾ ਹੈ।
ਕਿਉਂਕਿ ਉਸ ਦਾ ਸਰੀਰ ਹੀ ਬਹੁਤ ਕੀਮਤੀ ਹੈ ਅਤੇ ਉਸ ਨਾਲ ਹੀ ਇੱਜ਼ਤ ਵੀ ਜੁੜੀ ਹੋਈ ਹੈ , ਇਸ ਲਈ ਉਸ ਦੀ ਸੁਰੱਖਿਆ ਬਹੁਤ ਹੀ ਜ਼ਰੂਰੀ ਬਣ ਜਾਂਦੀ ਹੈ। ਹਿਫਾਜ਼ਤ ਭਾਵ ਸੁਰੱਖਿਆ ਦਾ ਮਤਲਬ ਔਰਤ ’ਤੇ ਕੰਟਰੋਲ ਤੋਂ ਹੈ। ਔਰਤ ’ਤੇ ਕਾਬੂ, ਉਸ ਦੀ ਹਰ ਹਰਕਤ ’ਤੇ ਕਾਬੂ ਅਤੇ ਨਜ਼ਰ ਤੋਂ ਹੈ।
ਇਸ ਲਈ ਸਲਮਾਨ ਕੁੜੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਦੀ ਜ਼ਿੰਮੇਵਾਰੀ ਖੁਦ ’ਤੇ ਭਾਵ ਮਰਦਾਨਾ ਸਮਾਜ ’ਤੇ ਲੈਂਦੇ ਹਨ।
ਇਹ ਮਾਸੂਮ ਚਿੰਤਾ ਨਾਲ ਭਰੀਆਂ ਗੱਲਾਂ ਅਸਲ ’ਚ ਕੁੜੀ ਜਾਂ ਔਰਤ ਨੂੰ ਖੁਦ ਦੇ ਚੁੰਗਲ ’ਚ ਦਬਾ ਕੇ ਰੱਖਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ।
ਇਸ ਦਾ ਮਤਲਬ ਇਹ ਹੈ ਕਿ ਅਸੀਂ ਹਾਂ ਤਾਂ ਹੀ ਕੁੜੀਆਂ ਸੁਰੱਖਿਅਤ ਹਨ। ਆਓ ਕੁੜੀਓ, ਅਸੀਂ ਤੁਹਾਨੂੰ ਸੁਰੱਖਿਅਤ ਰੱਖਾਂਗੇ! ਇਹ ਕੁੜੀ ਦੀ ਆਜ਼ਾਦ ਹੈਸੀਅਤ ਅਤੇ ਸ਼ਖ਼ਸੀਅਤ ਤੋਂ ਇਨਕਾਰ ਵੀ ਹੈ। ਯਾਨਿ ਕੁੜੀ ਆਪਣਾ ਕੁਝ ਵੀ ਬੁਰਾ-ਭਲਾ ਨਹੀਂ ਹੋ ਸੋਚ ਸਕਦੀ।
ਕੁਝ ਵੀ ਸੋਚਣ ਵਿਚਾਰਨ ਲਈ ਉਨ੍ਹਾਂ ਨੂੰ ਸਲਮਾਨ ਵਰਗੇ ਮਰਦ ਦੀ ਲੋੜ ਹੈ। ਉਹ ਆਪਣੀ ਰਾਖੀ ਖੁਦ ਨਹੀਂ ਕਰ ਸਕਦੀ। ਉਨ੍ਹਾਂ ਦੀ ਸੁਰੱਖਿਆ ਕੋਈ ‘ਭਰਾ’ ਜਾਂ ਫਿਰ ‘ਟਾਈਗਰ’ ਹੀ ਕਰ ਸਕਦਾ ਹੈ।
ਕੱਪੜੇ ਤੋਂ ਹੁੰਦੀ ਹਿੰਸਾ
ਕੀ ਹਿੰਸਾ ਦਾ ਕੱਪੜਿਆਂ ਨਾਲ ਕੋਈ ਸਬੰਧ ਹੈ? ਸਲਮਾਨ ਦੀਆਂ ਗੱਲਾਂ ਤੋਂ ਤਾਂ ਅਜਿਹਾ ਹੀ ਲੱਗਦਾ ਹੈ। ਇਸ ਲਈ ਉਹ ਉਨ੍ਹਾਂ ਕੱਪੜਿਆਂ ਦੇ ਖਿਲਾਫ ਹਨ, ਜੋ ਕਿ ਕੁੜੀਆਂ ਦੇ ਗਲੇ ਤੋਂ ਹੇਠਾਂ ਆਉਂਦੇ ਹਨ। ਕਿਉਂਕਿ ਇਸ ਨਾਲ ਮੁੰਡਿਆਂ ਦੀਆਂ ਨਜ਼ਰਾਂ ਵੀ ਹੇਠਾਂ ਡਿੱਗਦੀਆਂ ਹਨ।
ਜੇਕਰ ਸਲਮਾਨ ਦੀ ਮੰਨੀਏ ਤਾਂ ਔਰਤਾਂ ਨਾਲ ਹੋਣ ਵਾਲੀ ਹਿੰਸਾ ਦੇ ਲਈ ਉਨ੍ਹਾਂ ਦੇ ਕੱਪੜੇ ਹੀ ਜ਼ਿੰਮੇਵਾਰ ਹੁੰਦੇ ਹਨ। ਇਹ ਦਲੀਲ ਉਸੇ ਤਰ੍ਹਾਂ ਦੀ ਹੈ ਜੋ ਕਿ ਸਾਡਾ ਸਮਾਜ ਅਕਸਰ ਹੀ ਕੁੜੀਆਂ ਨਾਲ ਹੋਣ ਵਾਲੇ ਜਿਨਸੀ ਸ਼ੋਸ਼ਣ ਤੋਂ ਬਾਅਦ ਦਿੰਦਾ ਹੈ। ਜਿਵੇਂ ਕਿ ਕੁੜੀਆਂ ਦੇ ਕੱਪੜੇ ਭੜਕੀਲੇ ਅਤੇ ਭੜਕਾਊ ਸਨ। ਤੰਗ ਅਤੇ ਛੋਟੇ ਕੱਪੜੇ ਪਾਏ ਹੋਏ ਸਨ।
ਸਰੀਰ ਵਿਖਾਈ ਦੇ ਰਿਹਾ ਸੀ… ਪਰ ਅਸੀਂ ਜਾਣਦੇ ਹਾਂ ਕਿ ਕੁੜੀਆਂ ਨਾਲ ਹੋਣ ਵਾਲੀ ਹਿੰਸਾ ਪਿੱਛੇ ਕੱਪੜੇ ਨਹੀਂ ਬਲਕਿ ਮਰਦ ਜ਼ਿੰਮੇਵਾਰ ਹਨ। ਕੁੜੀਆਂ ਭਾਵੇਂ ਕਿਸੇ ਵੀ ਤਰ੍ਹਾਂ ਦੇ ਕੱਪੜੇ ਪਾਉਣ, ਹਿੰਸਕ ਮਰਦ ਹਿੰਸਾ ਲਈ ਕੱਪੜੇ ਨਹੀਂ ਵੇਖਦਾ ਹੈ।
ਘਰ ਦੇ ਅੰਦਰ ਹੋਣ ਵਾਲੀ ਜਿਨਸੀ ਹਿੰਸਾ ਹੋਵੇ ਜਾਂ ਫਿਰ ਰਸਤੇ ’ਚ ਤੁਰੀਆਂ ਜਾਂਦੀਆਂ ਕੁੜੀਆਂ ਨਾਲ ਹਿੰਸਾ ਹੋਵੇ- ਇਸ ਪਿੱਛੇ ਕੱਪੜੇ ਹੀ ਕਾਰਨ ਨਹੀਂ ਹੁੰਦੇ ਹਨ।
ਦੁੱਧ ਪੀਂਦੀ ਬੱਚੀ ਨਾਲ ਜਿਨਸੀ ਹਿੰਸਾ ਹੋਵੇ ਜਾਂ ਕਿਸੇ ਬਜ਼ੁਰਗ ਨਾਲ, ਇਸ ਦਾ ਕਾਰਨ ਕੱਪੜੇ ਨਹੀਂ ਹੁੰਦੇ।
ਹਿੰਸਕ ਆਦਮੀ ਸਿਰ ਤੋਂ ਪੈਰਾਂ ਤੱਕ ਢੱਕੀ ਭਾਵ ਕੱਪੜਿਆਂ ’ਚ ਲਿਪਟੀ ਕੁੜੀ ਜਾਂ ਔਰਤ ਨੂੰ ਆਰ-ਪਾਰ ਵੇਖਣ ਦੇ ਯੋਗ ਹੁੰਦਾ ਹੈ। ਇਸ ਲਈ ਇਹ ਸਮਝ ਹੀ ਗਲਤ ਹੈ ਕਿ ਕੁੜੀਆਂ ਦੇ ਨਾਲ ਹਿੰਸਾ ਉਨ੍ਹਾਂ ਦੇ ਕੱਪੜਿਆਂ ਦੇ ਕਾਰਨ ਹੁੰਦੀ ਹੈ।
ਸਵਾਲ ਮੁੰਡਿਆਂ ਦਾ ਹੈ ਤਾਂ ਫਿਰ ਗੱਲ ਵੀ ਮੁੰਡਿਆਂ ਬਾਰੇ ਹੋਣੀ ਚਾਹੀਦੀ ਹੈ
ਸਲਮਾਨ ਬਹੁਤ ਹੀ ਖੂਬਸੂਰਤੀ ਨਾਲ ਇਹ ਗੱਲ ਮੰਨਦੇ ਹਨ ਕਿ ਇਹ ਸਭ ਜੋ ਹੈ ਉਹ ਕੁੜੀਆਂ ਦਾ ਨਹੀਂ ਬਲਕਿ ਮੁੰਡਿਆਂ ਦਾ ਚੱਕਰ ਹੈ। ਮੁੰਡਿਆਂ ਦੀ ਨੀਅਤ ਖਰਾਬ ਹੋ ਜਾਂਦੀ ਹੈ। ਇਸ ਲਈ ਮੁੰਡਿਆਂ ਦੀ ਖਰਾਬ ਨੀਅਤ ਤੋਂ ਬਚਣ ਲਈ ਕੁੜੀਆਂ ’ਤੇ ਕਾਬੂ ਰੱਖਣਾ ਜ਼ਰੂਰੀ ਹੈ- ਅਜਿਹਾ ਸਲਮਾਨ ਦਾ ਕਹਿਣਾ ਹੈ।

ਤਸਵੀਰ ਸਰੋਤ, Getty Images
ਹਾਲਾਂਕਿ ਮਸਲਾ ਤਾਂ ਕੁੜੀਆਂ ਦਾ ਹੈ ਹੀ ਨਹੀਂ। ਮਸਲਾ ਤਾਂ ਹੈ ਮਰਦਾਨਾ ਨਜ਼ਰੀਏ ਦਾ। ਮੁੰਡਿਆਂ ਦਾ। ਮੁੰਡਿਆਂ ਦੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਦਾ। ਮੁੰਡਿਆਂ ਦੀ ਪਰਵਰਿਸ਼ ਦਾ।
ਕੋਈ ਇਹ ਸਵਾਲ ਕਿਉਂ ਨਹੀਂ ਕਰਦਾ ਕਿ ਸਲਮਾਨ, ਮੁੰਡਿਆਂ ਦੀ ਨੀਅਤ ਇੰਨੀ ਕਮਜ਼ੋਰ ਕਿਉਂ ਹੈ, ਜਿਹੜੀ ਗੱਲ-ਗੱਲ ’ਤੇ ਡਿੱਗ ਜਾਂਦੀ ਹੈ? ਜਿਹੜੀ ਕਿਸੇ ਕੁੜੀ ਨੂੰ ਵੇਖਦਿਆਂ ਹੀ ਡਿੱਗਣ ਲੱਗਦੀ ਹੈ?
ਕੁੜੀ ਦਾ ਸਰੀਰ ਨਜ਼ਰ ਆਇਆ ਨਹੀਂ ਕਿ ਉਨ੍ਹਾਂ ਦੀ ਨੀਅਤ ਬਦਨੀਅਤ ਹੋਣ ਲੱਗਦੀ ਹੈ? ਫਿਰ ਦਿੱਕਤ ਕਿੱਥੇ ਅਤੇ ਕਿਸ ’ਚ ਹੈ? ਕੁੜੀਆਂ ਦੇ ਕੱਪੜਿਆਂ ’ਚ ਜਾਂ ਫਿਰ ਮੁੰਡਿਆਂ ਦੀ ਨੀਅਤ ’ਚ?
ਸਲਮਾਨ ਗੰਭੀਰ ਬਿਮਾਰੀ ਦੀ ਗਲਤ ਦਵਾਈ ਦੱਸ ਰਹੇ ਹਨ। ਬਿਮਾਰੀ ਦਾ ਕਾਰਨ ਦਬੰਗ ਆਦਮੀ ਜਾਂ ਮੁੰਡੇ ਹਨ ਤਾਂ ਫਿਰ ਦਵਾਈ ਦੀ ਲੋੜ ਵੀ ਉਨ੍ਹਾਂ ਮਰਦਾਂ ਜਾਂ ਮੁੰਡਿਆਂ ਨੂੰ ਹੀ ਹੋਣੀ ਚਾਹੀਦੀ ਹੈ। ਕੁੜੀਆਂ ਨੂੰ ਨਹੀਂ।
ਜੇਕਰ ਬਿਮਾਰੀ ਦਾ ਕਾਰਨ ਮਰਦਾਂ ਦੀ ਨਜ਼ਰ ਜਾਂ ਨਜ਼ਰੀਆ ਹੈ ਤਾਂ ਬਦਲਣ ਦੀ ਲੋੜ ਵੀ ਉਸ ਨਜ਼ਰੀਏ ਨੂੰ ਹੀ ਹੈ, ਕੱਪੜਿਆਂ ਨੂੰ ਨਹੀਂ।
ਇਸ ਲਈ ਗੱਲ ਵੀ ਮੁੰਡਿਆਂ ਜਾਂ ਮਰਦਾਂ ਦੀ ਹੀ ਕੀਤੀ ਜਾਣੀ ਚਾਹੀਦੀ ਹੈ। ਕਿੰਨਾ ਵਧੀਆ ਹੁੰਦਾ ਜੇਕਰ ਸਲਮਾਨ ਆਪਣੇ ਸੁਪਰ ਹੀਰੋ ਦੇ ਅਕਸ ਦੀ ਵਰਤੋਂ ਮੁੰਡਿਆਂ ਨੂੰ ਹਮਦਰਦ ਮਰਦ ਬਣਾਉਣ ਲਈ ਕਰਦੇ।
ਉਨ੍ਹਾਂ ਨੂੰ ਅਪਣਾ ਨਜ਼ਰੀਆ ਅਤੇ ਨਜ਼ਰ ਬਿਹਤਰ ਕਰਨ ਦਾ ਸੁਝਾਅ ਦਿੰਦੇ।
ਪਰ ਮੁਸ਼ਕਲ ਤਾਂ ਇਹ ਵੀ ਹੈ ਕਿ ਗੱਲ-ਗੱਲ ’ਤੇ ਕੱਪੜੇ ਉਤਾਰਨ ਵਾਲੇ ਸਲਮਾਨ ਫਿਲਮਾਂ ’ਚ ਜਿਸ ਤਰ੍ਹਾਂ ਦੇ ਮਰਦ ਦਾ ਅਕਸ ਪੇਸ਼ ਕਰਦੇ ਹਨ, ਉਸ ਤਰ੍ਹਾਂ ਦੇ ਮਰਦ ਔਰਤਾਂ ਦੇ ਸਾਥੀ, ਦੋਸਤ ਜਾਂ ਹਮਦਰਦ ਨਹੀਂ ਬਣ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਵੀ ਨਵੇਂ ਮਰਦ ਦਾ ਅਕਸ ਕਾਇਮ ਕਰਨਾ ਪਵੇਗਾ।












