'ਪੁਲਿਸ ਨੇ ਕੁੱਟਮਾਰ ਕੀਤੀ, ਦੋ ਲੋਕਾਂ ਦੇ ਸਿਰ ਭੰਨੇ': ਜੰਤਰ-ਮੰਤਰ 'ਤੇ ਅੱਧੀ ਰਾਤ ਹੋਏ ਡਰਾਮੇ ਦਾ ਅੱਖੀਂ ਡਿੱਠਾ ਹਾਲ

ਤਸਵੀਰ ਸਰੋਤ, CHANDAN SINGH RAJPUT/BBC
- ਲੇਖਕ, ਵਾਤਸਲਿਆ ਰਾਏ
- ਰੋਲ, ਬੀਬੀਸੀ ਪੱਤਰਕਾਰ
ਬੇਮੌਸਮੀ ਮੀਂਹ ਕਾਰਨ ਬੁੱਧਵਾਰ ਨੂੰ ਪੂਰੇ ਦਿਨ ਦਿੱਲੀ ਭਿੱਜਿਆ ਰਿਹਾ। ਅਸਮਾਨ ਤੋਂ ਜਦੋਂ ਬੂੰਦਾਂ ਟਪਕਣੀਆਂ ਬੰਦ ਹੋਈਆਂ ਤਾਂ ਰਾਤ ਨੂੰ ਮਹਿਲਾ ਭਲਵਾਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਦੀ ਵਰਖਾ ਸ਼ੁਰੂ ਹੋ ਗਈ।
ਹੰਝੂਆਂ ਦੇ ਨਾਲ-ਨਾਲ ਗੁੱਸੇ, ਦੁੱਖ ਅਤੇ ਸ਼ਿਕਾਇਤਾਂ ਦਾ ਹੜ੍ਹ ਵੀ ਨਿਕਲ ਰਿਹਾ ਸੀ।
ਉਹ ਥਾਂ ਸੀ ਦਿੱਲੀ ਦਾ ਜੰਤਰ-ਮੰਤਰ ਜਿੱਥੇ ਪਿਛਲੇ 11 ਦਿਨਾਂ ਤੋਂ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ, ਬਜਰੰਗ ਪੂਨੀਆ ਅਤੇ ਰਾਸ਼ਟਰਮੰਡਲ ਤਮਗਾ ਜੇਤੂ ਵਿਨੇਸ਼ ਫੋਗਾਟ ਦੀ ਅਗਵਾਈ 'ਚ ਕਈ ਚੈਂਪੀਅਨ ਭਲਵਾਨਾਂ ਨੇ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜਭੂਸ਼ਣ ਸ਼ਰਨ ਸਿੰਘ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।
ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਬੀਬੀਸੀ ਕੈਮਰੇ 'ਤੇ ਕਿਹਾ, "ਦੇਖੋ, ਤੁਸੀਂ ਸਥਿਤੀ ਨੂੰ ਦੇਖੋ, ਸਾਰਾ ਦਿਨ ਮੀਂਹ ਪਿਆ, ਅਸੀਂ (ਸੌਣ ਲਈ) ਤਖਤੀਆਂ ਲਿਆ ਰਹੇ ਸੀ, ਪੁਲਿਸ ਵਾਲਿਆਂ ਨੇ ਸਾਨੂੰ ਕੁੱਟਿਆ, ਗਾਲ੍ਹਾਂ ਕੱਢੀਆਂ।"
ਰਾਤ ਕਰੀਬ 10.30 ਵਜੇ ਵਾਪਰੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਸਾਕਸ਼ੀ ਨੇ ਇਲਜ਼ਾਮ ਲਾਇਆ, "ਦੋ ਲੋਕਾਂ ਦੇ ਸਿਰ ਵੀ ਪਾਟ ਗਏ ਹਨ। ਬਹੁਤ ਮਾੜਾ ਵਿਵਹਾਰ ਹੋਇਆ ਹੈ। ਪੂਰੇ ਦੇਸ਼ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਸਾਡੇ ਸਮਰਥਨ ਵਿੱਚ ਆਉਣ, ਧੀਆਂ ਦੀ ਇੱਜ਼ਤ ਦੀ ਗੱਲ ਹੈ।"
ਜੰਤਰ-ਮੰਤਰ ਨੂੰ ਜਾਣ ਵਾਲੀਆਂ ਦੋਵੇਂ ਸੜਕਾਂ ਜਿੱਥੇ ਭਲਵਾਨ ਧਰਨਾ ਦੇ ਰਹੇ ਹਨ, ਦੇ ਅੱਗੇ ਕਰੀਬ 50 ਮੀਟਰ ਪਹਿਲਾਂ ਬੈਰੀਕੇਡ ਲਗਾ ਦਿੱਤੇ ਗਏ ਹਨ। ਬੁੱਧਵਾਰ ਦੇਰ ਰਾਤ ਵੱਡੀ ਗਿਣਤੀ ਵਿੱਚ ਪੁਲਿਸ ਬਲ ਉੱਥੇ ਤੈਨਾਤ ਕੀਤੇ ਗਏ ਸਨ। ਪੁਲਿਸ ਕਿਸੇ ਨੂੰ ਵੀ ਬੈਰੀਕੇਡਾਂ ਤੋਂ ਅੱਗੇ ਨਹੀਂ ਜਾਣ ਦੇ ਰਹੀ ਸੀ।
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਅਤੇ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਪ੍ਰਦਰਸ਼ਨ ਵਾਲੀ ਥਾਂ 'ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ।
ਪ੍ਰਦਰਸ਼ਨ ਕਰ ਰਹੇ ਭਲਵਾਨਾਂ ਦਾ ਕੀ ਕਹਿਣਾ ਹੈ
ਰਾਤ ਕਰੀਬ 12.30 ਵਜੇ ਹੋਈ ਪ੍ਰੈੱਸ ਕਾਨਫਰੰਸ 'ਚ ਵਿਨੇਸ਼ ਫੋਗਾਟ ਨੇ ਰੋਂਦੇ ਹੋਏ ਪੁੱਛਿਆ, “ਕੀ ਤੁਸੀਂ ਇਹ ਦਿਨ ਦੇਖਣ ਲਈ ਦੇਸ਼ ਲਈ ਮੈਡਲ ਲੈ ਕੇ ਆਏ ਹੋ?”
"ਮੈਂ ਪੁੱਛ ਰਹੀ ਹਾਂ, ਬ੍ਰਿਜਭੂਸ਼ਣ ਮੰਜੇ 'ਤੇ ਖੁਸ਼ੀ ਨਾਲ ਸੌਂ ਰਿਹਾ ਹੈ। ਅਸੀਂ ਸੌਣ ਲਈ ਲੱਕੜ ਦੇ (ਫੋਲਡਿੰਗ ਬੈੱਡ) ਬਿਸਤਰੇ ਲਿਆ ਰਹੇ ਹਾਂ, ਉਸ ਵਿੱਚ ਵੀ...।"
"ਇੱਕ ਪੁਲਿਸ ਵਾਲੇ ਨੇ ਦੁਸ਼ਯੰਤ ਦਾ ਸਿਰ ਭੰਨ ਦਿੱਤਾ। ਉਹ ਹੁਣ ਹਸਪਤਾਲ ਗਿਆ ਹੈ। ਇਸ ਵਿਚਾਰੇ (ਰਾਹੁਲ) ਨੂੰ ਦੇਖੋ, ਇਸ ਦਾ ਸਿਰ ਭੰਨਿਆ ਹੋਇਆ ਹੈ।"
"ਅਸੀਂ ਇੱਜ਼ਤ ਲਈ ਲੜ ਰਹੇ ਹਾਂ ਅਤੇ ਉਹ ਪੁਲਿਸ ਮੁਲਾਜ਼ਮ ਕੁੜੀਆਂ ਨੂੰ ਛਾਤੀ 'ਤੇ ਧੱਕਾ ਮਾਰ ਰਿਹਾ ਹੈ।"
"ਕੀ ਅਸੀਂ ਦੇਸ਼ ਦੇ ਇੰਨੇ ਦੋਸ਼ੀ ਹਾਂ? ਅਸੀਂ ਇੰਨੇ ਵੀ ਅਪਰਾਧੀ ਨਹੀਂ ਹਾਂ ਜਿੰਨਾ ਉਨ੍ਹਾਂ ਨੇ ਸਾਡੇ ਨਾਲ ਕੀਤਾ ਹੈ।"
"ਮੈਂ ਚਾਹਾਂਗੀ ਕਿ ਦੇਸ਼ ਦਾ ਕੋਈ ਵੀ ਖਿਡਾਰੀ ਕਦੇ ਮੈਡਲ ਨਾ ਲੈ ਕੇ ਆਵੇ। ਉਨ੍ਹਾਂ ਨੇ ਇੱਥੇ ਸਾਡਾ ਇੰਨਾ ਨੁਕਸਾਨ ਕੀਤਾ ਹੈ। ਅਜੇ ਤੱਕ ਕਿਸੇ ਨੇ ਰੋਟੀ ਵੀ ਨਹੀਂ ਖਾਧੀ।"
ਜੰਤਰ-ਮੰਤਰ 'ਤੇ ਇਕੱਠੇ ਹੋਏ ਭਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਹਨ।
ਦਿੱਲੀ ਪੁਲਿਸ ਨੇ ਮਹਿਲਾ ਭਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਬ੍ਰਿਜ ਭੂਸ਼ਣ ਖ਼ਿਲਾਫ਼ ਦੋ ਐਫਆਈਆਰ ਦਰਜ ਕੀਤੀਆਂ ਹਨ। ਬ੍ਰਿਜ ਭੂਸ਼ਣ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਖਾਰਜ ਕਰਦੇ ਰਹੇ ਹਨ।

ਤਸਵੀਰ ਸਰੋਤ, ANI
ਚੱਪੇ-ਚੱਪੇ 'ਤੇ ਪੁਲਿਸ ਦੀ ਤੈਨਾਤੀ
ਜਿੱਥੇ ਭਲਵਾਨ ਧਰਨਾ ਦੇ ਰਹੇ ਹਨ ਉਸ ਥਾਂ ’ਤੇ ਬੈਰੀਕੇਡ ਵੀ ਲਗਾਏ ਗਏ ਹਨ। ਬਿਜਲੀ ਨਾ ਹੋਣ ਕਾਰਨ ਰਾਤ ਸਮੇਂ ਉੱਥੇ ਛਾਇਆ ਰਹਿਣ ਵਾਲਾ ਹਨ੍ਹੇਰਾ ਮੀਡੀਆ ਕਰਮੀਆਂ ਦੇ ਕੈਮਰੇ ਦੀਆਂ ਲਾਈਟਾਂ ਨਾਲ ਦੂਰ ਹੋ ਰਿਹਾ ਸੀ।
ਘਟਨਾ ਨਾਲ ਸਬੰਧਤ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਣ ਤੋਂ ਬਾਅਦ ਭਲਵਾਨਾਂ ਦੇ ਸਮਰਥਕ ਅਤੇ ਪੱਤਰਕਾਰ ਲਗਾਤਾਰ ਧਰਨੇ ਵਾਲੀ ਥਾਂ 'ਤੇ ਪਹੁੰਚ ਰਹੇ ਸਨ।
ਪਰ ਪੁਲਿਸ ਚੋਣਵੇਂ ਪੱਤਰਕਾਰਾਂ ਤੋਂ ਇਲਾਵਾ ਕਿਸੇ ਨੂੰ ਵੀ ਪਹਿਲੇ ਬੈਰੀਕੇਡ ਤੋਂ ਅੱਗੇ ਨਹੀਂ ਜਾਣ ਦੇ ਰਹੀ ਸੀ। ਬੈਰੀਕੇਡਾਂ 'ਤੇ ਖੜ੍ਹੇ ਲੋਕਾਂ ਨੂੰ ਵੀ ਉੱਥੋਂ ਜਾਣ ਲਈ ਕਿਹਾ ਜਾ ਰਿਹਾ ਸੀ। ਜੋ ਨਹੀਂ ਜਾ ਰਹੇ ਸਨ, ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਬੱਸ ਵਿੱਚ ਬਿਠਾਇਆ ਜਾ ਰਿਹਾ ਸੀ।
ਪੱਤਰਕਾਰਾਂ ਨਾਲ ਗੱਲ ਕਰਨ ਦੇ ਨਾਲ ਹੀ ਵਿਨੇਸ਼ ਅਤੇ ਬਜਰੰਗ ਲੋਕਾਂ ਨੂੰ ਫੋਨ ਕਰਕੇ ਜੰਤਰ-ਮੰਤਰ ਪਹੁੰਚਣ ਲਈ ਕਹਿ ਰਹੇ ਸਨ।
ਪੁਲਿਸ ਦੇ ਸਖ਼ਤ ਪ੍ਰਬੰਧਾਂ ਕਾਰਨ ਉਨ੍ਹਾਂ ਦੇ ਕੁਝ ਸਮਰਥਕ ਹੀ ਧਰਨੇ ਵਾਲੀ ਥਾਂ ’ਤੇ ਪੁੱਜ ਸਕੇ।
ਭਲਵਾਨ, ਪੱਤਰਕਾਰਾਂ ਨੂੰ ਜ਼ਖਮੀ ਰਾਹੁਲ ਦੇ ਸਿਰ ਦੀ ਸੱਟ ਦਿਖਾ ਰਹੇ ਸਨ। ਰਾਤ ਕਰੀਬ ਇੱਕ ਵਜੇ ਐਂਬੂਲੈਂਸ ਉੱਥੇ ਪਹੁੰਚੀ ਅਤੇ ਰਾਹੁਲ ਨੂੰ ਇਲਾਜ ਲਈ ਹਸਪਤਾਲ ਲੈ ਗਈ।
ਇਸ ਤੋਂ ਠੀਕ ਪਹਿਲਾਂ ਭਲਵਾਨਾਂ ਨੇ ਪ੍ਰੈੱਸ ਕਾਨਫਰੰਸ ਕੀਤੀ। ਪ੍ਰੈੱਸ ਕਾਨਫਰੰਸ ਦੌਰਾਨ ਸਾਕਸ਼ੀ ਮਲਿਕ ਜ਼ਿਆਦਾਤਰ ਸਮਾਂ ਸਿਰ ਝੁਕਾ ਕੇ ਖੜ੍ਹੇ ਰਹੇ।
ਵਿਨੇਸ਼ ਫੋਗਾਟ ਅਤੇ ਉਨ੍ਹਾਂ ਦੇ ਇਕ ਰਿਸ਼ਤੇਦਾਰ ਨੇ ਘਟਨਾ ਦੀ ਜਾਣਕਾਰੀ ਮੀਡੀਆ ਨੂੰ ਦਿੱਤੀ।

ਤਸਵੀਰ ਸਰੋਤ, ANI

ਕੌਣ ਹਨ ਬ੍ਰਿਜ਼ ਭੂਸ਼ਣ ਸਰਣ ਸਿੰਘ
- ਬ੍ਰਿਜ਼ ਭੂਸ਼ਣ ਸਰਣ ਸਿੰਘ ਖ਼ਿਲਾਫ਼ ਦੇਸ਼ ਦੇ ਉੱਘੇ ਭਲਵਾਨਾਂ ਨੇ ਸ਼ੋਸ਼ਣ ਦੇ ਇਲਜ਼ਾਮ ਲਗਾਏ ਹਨ।
- ਬ੍ਰਿਜ ਭੂਸ਼ਣ ਸਿੰਘ, ਜੋ ਪਹਿਲੀ ਵਾਰ 1991 ਵਿੱਚ ਲੋਕ ਸਭਾ ਲਈ ਚੁਣੇ ਗਏ ਸਨ।
- ਹੁਣ ਤੱਕ ਛੇ ਵਾਰ 1999, 2004, 2009, 2014 ਅਤੇ 2019 ਵਿੱਚ ਵੀ ਲੋਕ ਸਭਾ ਚੋਣਾਂ ਜਿੱਤ ਚੁੱਕੇ ਹਨ।
- ਬ੍ਰਿਜ ਭੂਸ਼ਣ ਸ਼ਰਣ ਸਿੰਘ 2011 ਤੋਂ ਕੁਸ਼ਤੀ ਫ਼ੈਡਰੇਸ਼ਨ ਦੇ ਪ੍ਰਧਾਨ ਵੀ ਹਨ।
- 2019 ਵਿੱਚ, ਉਹ ਤੀਜੀ ਵਾਰ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਚੁਣਿਆ ਗਿਆ।
- 1999 ਤੋਂ ਬਾਅਦ ਇੱਕ ਵੀ ਚੋਣ ਨਹੀਂ ਹਾਰੇ।
- 1992 ਵਿੱਚ ਅਯੁੱਧਿਆ ਵਿੱਚ ਬਾਬਰੀ ਮਸਜਿਦ ਦੇ ਢਾਂਚਾ ਨੂੰ ਢਾਹੁਣ ਲਈ ਜ਼ਿੰਮੇਵਾਰ ਠਹਿਰਾਏ ਗਏ 40 ਦੋਸ਼ੀਆਂ ਵਿੱਚ ਭੂਸ਼ਣ ਸ਼ਰਣ ਸਿੰਘ ਦਾ ਨਾਮ ਵੀ ਸ਼ਾਮਲ ਸੀ।
- ਸਤੰਬਰ 2020 ਵਿੱਚ, ਅਦਾਲਤ ਨੇ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।
- ਬ੍ਰਿਜ਼ ਭੂਸ਼ਣ ਸ਼ਰਣ ਸਿੰਘ ਮਹਿੰਗੀਆਂ ਐੱਸਯੂਵੀ ਗੱਡੀਆਂ ਦਾ ਬਹੁਤ ਸ਼ੌਕੀਨ ਹਨ ਤੇ ਬੇਬਾਕ ਬੋਲਣ ਕਾਰਨ ਵਿਵਾਦਾਂ ’ਚ ਰਹਿੰਦੇ ਹਨ।
- ਉਨ੍ਹਾਂ ਨੇ ਸ਼ੋਸ਼ਣ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਭਲਵਾਨਾਂ ਦੀ ਪ੍ਰੈੱਸ ਕਾਨਫਰੰਸ
ਵਿਨੇਸ਼ ਫੋਗਾਟ ਨੇ ਕਿਹਾ, "ਤੁਸੀਂ ਅੰਦਰ ਜਾ ਕੇ ਦੇਖ ਲੈਣਾ, ਪਾਣੀ ਭਰਿਆ ਹੋਇਆ ਹੈ, ਸਾਡੇ ਕੋਲ ਸੌਣ ਲਈ ਜਗ੍ਹਾ ਨਹੀਂ ਹੈ। ਕਿਸੇ ਕੋਲ ਵੀ ਨਹੀਂ। ਅਸੀਂ ਸੋਚਿਆ ਕਿ ਫੱਟੇ (ਬੈੱਡ) ਮੰਗਵਾ ਕੇ ਸੌਂ ਜਾਵਾਂਗੇ।"
''ਫੱਟੇ ਲੈ ਕੇ ਆਉਣ ਲੱਗੇ ਤਾਂ ਧਰਮਿੰਦਰ (ਪੁਲਿਸ ਵਾਲਾ) ਜੋ ਵੀ ਹੈ, ਉਹ ਖੁਦ ਇੱਕਲਾ ਹੀ ਸਾਨੂੰ ਧੱਕੇ ਮਾਰਨ ਲੱਗਾ। ਮਹਿਲਾ ਪੁਲਿਸ ਕਰਮੀ ਨਹੀਂ ਸੀ, ਉਹ ਆਪ ਹੀ ਸਾਨੂੰ ਧੱਕਾ ਮਾਰਨ ਲੱਗਾ।"
ਬਜਰੰਗ ਪੂਨੀਆ ਨੇ ਇਲਜ਼ਾਮ ਲਾਇਆ, "ਸਾਨੂੰ ਵੀ ਧੱਕੇ ਦਿੱਤੇ ਹਨ, ਜਿਹੜੀਆਂ-ਜਿਹੜੀਆਂ ਗਾਲ੍ਹਾਂ ਦੇ ਸਕਦੇ ਸਨ ਦਿੱਤੀਆਂ। ਦੋ-ਤਿੰਨ (ਪੁਲਿਸ ਵਾਲਿਆਂ) ਨੇ ਸ਼ਰਾਬ ਪੀ ਰੱਖੀ ਸੀ।
ਵਿਨੇਸ਼ ਨੇ ਇਲਜ਼ਾਮ ਲਾਇਆ, "ਮੈਂ ਅੰਦਰ ਖੜ੍ਹੀ ਸੀ। ਮੈਨੂੰ ਗਾਲ਼ ਦਿੱਤੀ ਉਸ (ਪੁਲਿਸ ਵਾਲੇ) ਨੇ।"
"ਇੱਕ ਪੁਲਿਸ ਵਾਲੇ ਨੇ ਦੁਸ਼ਯੰਤ ਦਾ ਸਿਰ ਭੰਨ ਦਿੱਤਾ। ਉਹ ਹਸਪਤਾਲ ਗਿਆ ਹੈ। ਇਸ ਵਿਚਾਰੇ (ਰਾਹੁਲ) ਨੂੰ ਦੇਖੋ, ਇਸ ਦਾ ਸਿਰ ਭੰਨਿਆ ਹੋਇਆ ਹੈ।"
ਇਸ ਦੌਰਾਨ ਜ਼ਖਮੀ ਭਲਵਾਨ ਰਾਹੁਲ ਚੱਕਰ ਆਉਣ ਕਾਰਨ ਹੇਠਾਂ ਡਿੱਗ ਪਏ ਅਤੇ ਸਾਥੀ ਉਨ੍ਹਾਂ ਨੂੰ ਸੰਭਾਲਣ 'ਚ ਲੱਗ ਗਏ।

ਤਸਵੀਰ ਸਰੋਤ, CHANDAN SINGH RAJPUT/BBC
ਜੇਕਰ ਅੱਜ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਤਾਂ...
ਜਦੋਂ ਸਥਿਤੀ ਥੋੜੀ ਠੀਕ ਹੋਈ ਤਾਂ ਭਲਵਾਨਾਂ ਨੂੰ ਪੁੱਛਿਆ ਗਿਆ ਕਿ ਕੀ ਸੋਮਨਾਥ ਭਾਰਤੀ ਬਿਨਾਂ ਮਨਜ਼ੂਰੀ ਤੋਂ ਬਿਸਤਰਾ ਲੈ ਕੇ ਆਏ ਹਨ, ਇਸ 'ਤੇ ਬਜਰੰਗ ਪੁਨੀਆ ਨੇ ਕਿਹਾ, ''ਇੱਥੇ ਸੀਸੀਟੀਵੀ ਕੈਮਰੇ ਲੱਗੇ ਹੋਣਗੇ, ਉਹ (ਫੁਟੇਜ) ਕਢਵਾ ਲਓ ਇੱਕ ਵਾਰ, ਸੋਮਨਾਥ ਭਾਰਤੀ ਇੱਥੇ ਖੜ੍ਹੇ ਸਨ। ਪਲੰਗ ਤਾਂ ਉੱਥੇ 10-15 ਮਿੰਟ ਬਾਅਦ ਆਏ, ਉੱਧਰੋਂ। ਅਸੀਂ ਮੰਗਵਾਏ ਸੀ।
ਵਿਨੇਸ਼ ਨੇ ਕਿਹਾ, ''ਕੁਝ ਵੀ ਨਹੀਂ ਦੇ ਰਹੇ, ਤੁਸੀਂ ਦੇਖੋ, ਅਸੀਂ ਕਿਵੇਂ ਟੈਂਟ ਲਗਾ ਰੱਖੇ ਹਨ, ਕੀ ਅਸੀਂ ਦੇਸ਼ ਦੇ ਇੰਨੇ ਦੋਸ਼ੀ ਹਾਂ? ਅਸੀਂ ਐਨੇ ਤਾਂ ਅਪਰਾਧੀ ਨਹੀਂ, ਜਿਨਾਂ ਸਾਡੇ ਨਾਲ ਹਾਲ ਕੀਤਾ ਜਾ ਰਿਹਾ ਹੈ।''
ਵਿਨੇਸ਼ ਨੇ ਇਲਜ਼ਾਮ ਲਗਾਉਂਦਿਆਂ ਕਿਹਾ, "ਉਹ (ਪੁਲਿਸ ਕਰਮਚਾਰੀ) ਸ਼ਰਾਬ ਪੀ ਰਿਹਾ ਸੀ ਜਿਸ ਨੇ ਸਿਰ ਭੰਨਿਆ ਹੈ।''
"ਗੇਮ ਸਾਡੀ ਖਤਮ ਕਰ ਦਿੱਤੀ। ਜਾਨ ਸਾਡੀ ਦਾਅ 'ਤੇ ਲਗਾ ਦਿੱਤੀ, ਸੜਕ 'ਤੇ ਅਸੀਂ ਬੈਠੇ ਹਾਂ, ਫਿਰ ਵੀ ਸਾਡੇ 'ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਹ ਲੋਕ ਬ੍ਰਿਜ ਭੂਸ਼ਣ ਨੂੰ ਕਿਉਂ ਨਹੀਂ ਫੜ੍ਹ ਰਹੇ?"
ਬਜਰੰਗ ਨੇ ਕਿਹਾ, "ਸਿਰ ਫੋੜ੍ਹਨ ਤੋਂ ਬਾਅਦ, ਡੀਸੀਪੀ ਸਨ ਜਾਂ ਏਸੀਪੀ ਸਨ.. ਉਹ ਉਸ ਦੇ (ਪੁਲਿਸ ਕਰਮੀ ਦੀਆਂ) ਲਾਠੀਆਂ ਲੁਕਾ ਰਹੇ ਸਨ। ਅਜੇ ਤੱਕ ਬਿਆਨ ਨਹੀਂ ਲਿਆ ਹੈ। ਉਹ ਝੂਠ ਫੈਲਾ ਰਹੇ ਹਨ ਕਿ ਖਿਡਾਰੀ ਬਿਆਨ ਨਹੀਂ ਦੇ ਰਹੇ ਹਨ।"
ਵੀਰਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੈ, ਕੀ ਤੁਸੀਂ ਇਸ ਗੱਲ ਨੂੰ ਰੱਖੋਗੇ? ਇਸ ਸਵਾਲ 'ਤੇ ਵਿਨੇਸ਼ ਨੇ ਜਵਾਬ ਦਿੰਦੇ ਹੋਏ ਕਿਹਾ, 'ਸੁਪਰੀਮ ਕੋਰਟ 'ਚ (ਸੁਣਵਾਈ) ਕੱਲ੍ਹ ਹੈ, ਅਸੀਂ ਅੱਜ ਰਾਤ ਕਿੱਥੇ ਰੁਕੀਏ, ਕਿੱਥੇ ਜਾਈਏ।''
ਇੱਕ ਹੋਰ ਮਹਿਲਾ ਭਲਵਾਨ ਨੇ ਕਿਹਾ, "ਹਰੇਕ ਪੁਲਿਸ ਵਾਲੇ ਨੂੰ ਪੁੱਛੋ ਕਿ ਕੀ ਅਸੀਂ ਕਿਸੇ ਨਾਲ ਦੁਰਵਿਵਹਾਰ ਕੀਤਾ ਹੈ। ਅਸੀਂ 10 ਦਿਨਾਂ ਤੋਂ ਗੱਦੇ 'ਤੇ ਸੌਂ ਰਹੇ ਹਾਂ। ਅਸੀਂ ਨਹੀਂ ਕਿਹਾ ਕਿ ਪਲੰਗ ਲੈ ਕੇ ਆਓ। ਅੱਜ ਸਾਰੇ ਗਿੱਲੇ ਹੋ ਗਏ, ਕਿੱਥੇ ਸੌਂਈਏ।"
ਵਿਨੇਸ਼ ਫੋਗਾਟ ਨੇ ਮੀਡੀਆ ਰਾਹੀਂ ਆਪਣੇ ਲਈ ਸਮਰਥਨ ਮੰਗਿਆ।
ਉਨ੍ਹਾਂ ਨੇ ਰੋਂਦੇ ਹੋਏ ਅਪੀਲ ਕੀਤੀ, "ਸਾਨੂੰ ਸਭ ਦੀ ਲੋੜ ਹੈ, ਜਿੰਨੇ ਵੀ ਹੋ ਸਕਣ ਹੁਣੇ ਆ ਜਾਣ, ਬਹੁਤ ਬਦਤਮੀਜ਼ੀ ਹੋਈ ਹੈ, ਧੀਆਂ ਦੀ ਇੱਜ਼ਤ ਦਾਅ 'ਤੇ ਲਗਾ ਦਿੱਤੀ ਹੈ ਇਨ੍ਹਾਂ ਨੇ, ਸਭ ਨੂੰ ਅਪੀਲ ਹੈ, ਜਿੰਨੇ ਵੀ ਲੋਕ ਆ ਸਕਣ ਆ ਜਾਓ ਭਾਈ।''
ਪੁਲਿਸ ਨੇ ਕੀ ਕਿਹਾ

ਤਸਵੀਰ ਸਰੋਤ, ANI
ਦਿੱਲੀ ਪੁਲਿਸ ਮੁਤਾਬਕ ਇਹ ਸਾਰਾ ਝਗੜਾ ਬਿਨਾਂ ਇਜਾਜ਼ਤ ਬਿਸਤਰੇ ਲਿਆਉਣ ਕਾਰਨ ਹੋਇਆ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਬੈੱਡ ਸੋਮਨਾਥ ਭਾਰਤੀ ਲੈ ਕੇ ਆਏ ਸੀ।
ਦਿੱਲੀ ਪੁਲਿਸ ਦੇ ਡੀਸੀਪੀ ਪ੍ਰਣਵ ਤਾਇਲ ਨੇ ਕਿਹਾ, "ਜੰਤਰ-ਮੰਤਰ ਵਿਰੋਧ ਦਾ ਸਥਾਨ ਹੈ, ਸੋਮਨਾਥ ਭਾਰਤੀ ਕੁਝ ਫੋਲਡਿੰਗ ਬੈੱਡ ਲੈ ਕੇ ਆਏ ਸਨ। ਇਜਾਜ਼ਤ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਰੋਕਿਆ ਗਿਆ। ਪ੍ਰਦਰਸ਼ਨਕਾਰੀ ਭਲਵਾਨਾਂ ਦੇ ਸਮਰਥਕ ਹਨ, ਉਹ ਬੈਰੀਕੇਡਾਂ 'ਤੇ ਆਏ ਅਤੇ ਬੈੱਡ ਕੱਢਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਹੱਥੋਪਾਈ ਹੋ ਗਈ। ਕੁਝ ਪੁਲਿਸ ਵਾਲੇ ਅਤੇ ਉਨ੍ਹਾਂ ਦੇ ਭਲਵਾਨਾਂ ਨੂੰ ਵੀ ਸੱਟਾਂ ਲੱਗੀਆਂ ਹਨ।"
ਦਿੱਲੀ ਪੁਲਿਸ ਦੇ ਏਸੀਪੀ ਰਵੀਕਾਂਤ ਕੁਮਾਰ ਜੰਤਰ-ਮੰਤਰ 'ਤੇ ਮੌਜੂਦ ਸਨ। ਪ੍ਰੈੱਸ ਕਾਨਫਰੰਸ ਤੋਂ ਬਾਅਦ ਭਲਵਾਨਾਂ ਵੱਲੋਂ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ।
ਰਵੀਕਾਂਤ ਕੁਮਾਰ ਨੇ ਬੀਬੀਸੀ ਨੂੰ ਦੱਸਿਆ, "ਸਾਨੂੰ ਸ਼ਿਕਾਇਤ ਮਿਲੀ ਹੈ। ਅਸੀਂ ਸੀਸੀਟੀਵੀ ਫੁਟੇਜ ਦੇਖ ਰਹੇ ਹਾਂ ਅਤੇ ਉਸ ਦੇ ਆਧਾਰ 'ਤੇ ਭਲਵਾਨਾਂ ਦੇ ਦਾਅਵਿਆਂ ਦੀ ਪੁਸ਼ਟੀ ਕਰਾਂਗੇ।"
ਰਵੀਕਾਂਤ ਦੂਜੇ ਅਧਿਕਾਰੀਆਂ ਨੂੰ ਫੋਨ ਰਾਹੀਂ ਘਟਨਾ ਦੀ ਅਪਡੇਟ ਦੇ ਰਿਹਾ ਸਨ। ਇਸ ਦੌਰਾਨ ਜੰਤਰ-ਮੰਤਰ ਸਥਿਤ ਜੇਡੀਯੂ ਦਫ਼ਤਰ ਤੋਂ ਕਿਸਾਨ ਮੋਰਚਾ ਦੇ ਕੁਝ ਸਮਰਥਕਾਂ ਨੇ ਧਰਨੇ ਵਾਲੀ ਥਾਂ ’ਤੇ ਆਉਣ ਦੀ ਕੋਸ਼ਿਸ਼ ਕੀਤੀ।
ਰਸਤਾ ਬੰਦ ਹੋਣ ਕਾਰਨ ਉਹ ਧਰਨੇ ਵਾਲੀ ਥਾਂ ਤੱਕ ਨਹੀਂ ਪਹੁੰਚ ਸਕੇ ਸਨ। ਉਨ੍ਹਾਂ ਉੱਥੇ ਹੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਪੁਲਿਸ ਨੇ ਕੁਝ ਲੋਕਾਂ ਨੂੰ ਅੰਦਰ ਜਾਣ ਦਿੱਤਾ।
ਸਵਾਤੀ ਮਾਲੀਵਾਲ ਅਤੇ ਦੀਪੇਂਦਰ ਹੁੱਡਾ ਨੂੰ ਰੋਕਿਆ

ਤਸਵੀਰ ਸਰੋਤ, Chandan Singh Rajput/BBC
ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਵੀ ਧਰਨੇ ਵਾਲੀ ਥਾਂ 'ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੀ ਅਤੇ ਪੁਲਿਸ ਵਾਲਿਆਂ ਵਿਚਕਾਰ ਝੜਪ ਹੋ ਗਈ।
ਰੋਕੇ ਜਾਣ 'ਤੇ ਸਵਾਤੀ ਮਾਲੀਵਾਲ ਨੇ ਕਿਹਾ, "ਇਹ ਕੀ ਮਜ਼ਾਕ ਹੈ? ਤੁਸੀਂ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੂੰ ਕਿਉਂ ਰੋਕ ਰਹੇ ਹੋ?"
ਜਦੋਂ ਮਹਿਲਾ ਪੁਲਿਸ ਮੁਲਾਜ਼ਮ ਸਵਾਤੀ ਨੂੰ ਹਟਾਉਣ ਲੱਗੇ ਤਾਂ ਸਵਾਤੀ ਨੇ ਕਿਹਾ, "ਤੁਹਾਡੀ ਹਿੰਮਤ ਕਿਵੇਂ ਹੋਈ ਮੈਨੂੰ ਛੂਹਣ ਦੀ? ਮੈਡਮ ਡੌਂਟ ਟਚ ਮੀ।"
ਇਸ ’ਤੇ ਇੱਕ ਪੁਲੀਸ ਅਧਿਕਾਰੀ ਨੇ ਮਹਿਲਾ ਪੁਲੀਸ ਮੁਲਾਜ਼ਮਾਂ ਨੂੰ ਹਦਾਇਤ ਕੀਤੀ, ‘‘ਇਨ੍ਹਾਂ ਨੂੰ ਲੈ ਕੇ ਆਓ। ਅਤੇ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਹੱਥ-ਪੈਰ ਫੜ ਕੇ ਚੁੱਕ ਲਿਆ ਅਤੇ ਕਾਰ ਵਿੱਚ ਬਿਠਾ ਲਿਆ। ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਮੰਦਰ ਮਾਰਗ ਥਾਣੇ ਲੈ ਕੇ ਜਾਣ ਦਾ ਹੁਕਮ ਦਿੱਤਾ।
ਬਾਅਦ ਵਿੱਚ ਸਵਾਤੀ ਮਾਲੀਵਾਲ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਆਪਣੀ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ।
ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੂੰ ਵੀ ਭਲਵਾਨਾਂ ਦੇ ਨੇੜੇ ਨਹੀਂ ਜਾਣ ਦਿੱਤਾ ਗਿਆ। ਹੁੱਡਾ ਨੇ ਟਵਿੱਟਰ 'ਤੇ ਦੱਸਿਆ ਕਿ ਉਨ੍ਹਾਂ ਨੂੰ ਹਿਰਾਸਤ 'ਚ ਲੈ ਕੇ ਵਸੰਤ ਵਿਹਾਰ ਪੁਲਿਸ ਚੌਕੀ ਲਿਜਾਇਆ ਗਿਆ।
ਸੋਮਨਾਥ ਭਾਰਤੀ ਨੇ ਵੀ ਇਸ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਕਿਹਾ, "ਮੈਂ ਹੈਰਾਨ ਹਾਂ, ਸ਼ਰਮਿੰਦਾ ਹਾਂ।"
ਭਲਵਾਨਾਂ ਦੇ ਸਮਰਥਕਾਂ ਅਤੇ ਪੁਲਿਸ ਵਿਚਕਾਰ ਬਹਿਸ
ਭਲਵਾਨਾਂ ਦੇ ਕਈ ਸਮਰਥਕਾਂ ਨੂੰ ਪੁਲਿਸ ਨੇ ਬਾਹਰੀ ਬੈਰੀਕੇਡਾਂ ’ਤੇ ਰੋਕ ਲਿਆ। ਇਨ੍ਹਾਂ 'ਚੋਂ ਕੁਝ ਸਮਰਥਕ ਪੁਲਿਸ ਨਾਲ ਬਹਿਸ ਕਰਦੇ ਰਹੇ। ਕੁਝ ਸਮਰਥਕਾਂ ਨੇ ਪੁਲਿਸ ਨੂੰ ਸਵਾਲ ਕੀਤਾ, "ਤੁਹਾਡੇ ਕੋਲ ਲਿਖਤੀ ਹੁਕਮ ਹੈ (ਰੋਕਣ ਦਾ)?"
ਬੈਰੀਕੇਡ 'ਤੇ ਖੜ੍ਹੇ ਪੁਲਿਸ ਅਧਿਕਾਰੀ ਨੇ ਜਵਾਬ ਦਿੱਤਾ, "ਲਿਖਤ ਹੁਕਮ ਹੈ। ਤੁਸੀਂ ਦਫ਼ਤਰ ਜਾ ਕੇ ਲੈ ਕੇ ਆਓ। ਅਸੀਂ ਇੱਥੇ ਨਹੀਂ ਦੇ ਸਕਦੇ। ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰ ਸਕਦਾ।"
ਇੱਕ ਹੋਰ ਪੁਲਿਸ ਅਧਿਕਾਰੀ ਨੇ ਕਿਹਾ, "ਅੰਦਰ ਕਾਨੂੰਨ ਵਿਵਸਥਾ ਦਾ ਮੁੱਦਾ ਚੱਲ ਰਿਹਾ ਹੈ। ਬਹਿਸ ਨਾ ਕਰੋ। ਜੇਕਰ ਤੁਸੀਂ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਤੁਹਾਨੂੰ ਹਿਰਾਸਤ ਵਿੱਚ ਲੈ ਲਵਾਂਗੇ।"
ਇਸ ਦੌਰਾਨ ਅੰਦਰ ਪਹੁੰਚਣ 'ਚ ਕਾਮਯਾਬ ਹੋਏ ਸਮਰਥਕ ਧਰਨੇ ਵਾਲੀ ਥਾਂ ਦੇ ਸਾਹਮਣੇ ਸੜਕ 'ਤੇ ਗੱਦੇ ਪਾ ਕੇ ਬੈਠ ਗਏ। ਕੁਝ ਸਮਰਥਕ ਬੈਰੀਕੇਡਾਂ ਤੋਂ ਭਲਵਾਨਾਂ ਲਈ ਤਾੜੀਆਂ ਮਾਰਦੇ ਰਹੇ, "ਭੈਣ ਚਿੰਤਾ ਨਾ ਕਰੋ, ਅਸੀਂ ਹਾਂ।"
ਹਾਲਾਂਕਿ ਇਸ ਭਰੋਸੇ ਤੋਂ ਬਾਅਦ ਵੀ ਮਹਿਲਾ ਭਲਵਾਨਾਂ ਦੀਆਂ ਅੱਖਾਂ 'ਚੋਂ ਵਗਣ ਵਾਲੇ ਹੰਝੂ ਨਹੀਂ ਰੁਕੇ।














