You’re viewing a text-only version of this website that uses less data. View the main version of the website including all images and videos.
ਅਮ੍ਰਿਤਪਾਲ ਸਿੰਘ ਨੇ ਕੁੱਟਮਾਰ ਦਾ ਕੇਸ ਝੂਠਾ ਦੱਸਿਆ, ਸਾਥੀ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
- ਲੇਖਕ, ਰਵਿੰਦਰ ਸਿੰਘ ਰੌਬਿਨ
- ਰੋਲ, ਬੀਬੀਸੀ ਸਹਿਯੋਗੀ
"ਅਸੀਂ ਟਕਰਾਅ ਨਹੀਂ ਚਾਹੁੰਦੇ, ਪਰ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਹਨ।" ਇਹ ਸ਼ਬਦ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਨੇ ਪੁਲਿਸ ਨੂੰ ਵੰਗਾਰਦੇ ਹੋਏ ਕਹੇ।
ਅਮ੍ਰਿਤਪਾਲ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ਨੀਵਾਰ ਨੂੰ ਇੱਕ ਵੀਡੀਓ ਜਾਰੀ ਕੀਤਾ।
ਕੁੱਟਮਾਰ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਗੁਰਦਾਸਪੁਰ ਤੋਂ ਉਨ੍ਹਾਂ ਦੇ ਸਾਥੀ ਲਵਪ੍ਰੀਤ ਸਿੰਘ ਨੂੰ ਸ਼ਨੀਵਾਰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਗ੍ਰਿਫ਼ਤਾਰੀ ਤੋਂ ਬਾਅਧ ਅਮ੍ਰਿਤਪਾਲ ਸਿੰਘ ਨੇ ਆਪਣੇ ਪਿੰਡ ਜੱਲੂਪੁਰਾ ਖੇੜਾ ਵਿੱਚ ਕਿਹਾ ਕਿ ਅਗਲਾ ਫੈਸਲਾ ਦੀਪ ਸਿੱਧੂ ਦੀ ਬਰਸੀ ਉੱਤੇ ਰੱਖੇ ਪ੍ਰੋਗਰਾਮ ਵਿੱਚ ਲਿਆ ਜਾਵੇਗਾ।
ਇਹ ਸਮਾਗਮ ਬੁੱਧ ਸਿੰਘ ਵਾਲਾ ਪਿੰਡ ਵਿੱਚ ਐਤਵਾਰ ਨੂੰ ਹੈ।
ਜ਼ਿਕਰਯੋਗ ਹੈ ਕਿ ਥਾਣਾ ਅਜਨਾਲਾ ਵਿੱਚ ਵਰਿੰਦਰ ਸਿੰਘ ਨਾਮੀ ਨੌਜਵਾਨ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਅਮ੍ਰਿਤਪਾਲ ਸਿੰਘ ਅਤੇ ਉੁਨ੍ਹਾਂ ਦੇ ਸਾਥੀਆਂ ਖ਼ਿਲਾਫ਼ ਕੁੱਟਮਾਰ ਤੇ ਲੁੱਟ-ਖੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਸ਼ਿਕਾਇਤ ਮੁਤਾਬਕ 15 ਫਰਵਰੀ ਨੂੰ ਵਰਿੰਦਰ ਸਿੰਘ ਨਾਲ ਕਥਿਤ ਤੌਰ 'ਤੇ ਕੁੱਟਮਾਰ ਹੋਈ। ਮਾਮਲਾ 16 ਫਰਵਰੀ ਨੂੰ ਦਰਜ ਹੋਇਆ।
ਵਰਿੰਦਰ ਸਿੰਘ ਦੇ ਵੀਡੀਓ ਸਾਹਮਣੇ ਆਏ ਜਿਸ ਵਿੱਚ ਉਨ੍ਹਾਂ ਨੂੰ ਕਥਿਤ ਤੌਰ 'ਤੇ ਸੱਟਾਂ ਲੱਗੀਆਂ ਦੇਖੀਆ ਜਾ ਸਕਦੀਆਂ ਹਨ।
ਹਾਲਾਂਕਿ ਉਸੇ ਵਰਿੰਦਰ ਸਿੰਘ ਦੀ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਅਮ੍ਰਿਤਪਾਲ ਸਿੰਘ ਖਿਲਾਫ਼ ਬਿਆਨਬਾਜ਼ੀ ਬਾਰੇ ਮਾਫ਼ੀ ਮੰਗਦੇ ਨਜ਼ਰ ਆ ਰਹੇ ਹਨ।
ਉਸ ਤੋਂ ਬਾਅਦ ਇੱਕ ਹੋਰ ਵੀਡੀਓ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਤੋਂ ਜ਼ਬਰਨ ਮਾਫ਼ੀ ਵਾਲੀ ਇਹ ਵੀਡੀਓ ਬਣਵਾਇਆ ਗਿਆ ਸੀ।
ਬੀਬੀਸੀ ਇਹ ਪੁਸ਼ਟੀ ਨਹੀਂ ਕਰਦਾ ਕਿ ਕਿਹੜਾ ਵੀਡੀਓ ਪਹਿਲਾਂ ਬਣਿਆ ਅਤੇ ਕਿਹੜਾ ਬਾਅਦ ਵਿੱਚ।
ਦਰਅਸਲ ਵਰਿੰਦਰ ਸਿੰਘ ਅਮ੍ਰਿਤਪਾਲ ਦੇ ਆਲੋਚਕ ਹਨ।
ਕੀ ਸੀ ਮਾਮਲਾ?
ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਅਜਨਾਲਾ ਦੇ ਡੀਐੱਸਪੀ ਸੰਜੀਵ ਕੁਮਾਰ ਨੇ ਦੱਸਿਆ, "ਵਰਿੰਦਰ ਸਿੰਘ ਦਾ ਦਾਅਵਾ ਹੈ ਕਿ ਉਹ ਆਪਣੇ ਦੋਸਤਾਂ ਨਾਲ ਗੁਰਮਤਿ ਵਿਦਿਆਲਿਆ ਦਮਦਮੀ ਟਕਸਾਲ ਅਜਨਾਲਾ ਵਿਖੇ ਚੱਲ ਰਹੇ ਧਾਰਮਿਕ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਆਏ ਸਨ।
"ਇਸੇ ਦੌਰਾਨ ਉਨ੍ਹਾਂ ਨੂੰ ਇੱਕ ਅਣਪਛਾਤੇ ਵਿਅਕਤੀ ਦਾ ਫ਼ੋਨ ਆਇਆ ਜਿਸ ਨੇ ਅਮ੍ਰਿਤਪਾਲ ਨਾਲ ਚਲ ਰਹੇ ਵਿਚਾਰਕ ਮਤਭੇਦ ਬਾਰੇ ਗੱਲਬਾਤ ਜ਼ਰੀਏ ਖ਼ਤਮ ਕਰਨ ਦੀ ਗੱਲ ਆਖੀ।"
ਪੁਲਿਸ ਦੇ ਮੁਤਾਬਕ ਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਅਮ੍ਰਿਤਪਾਲ ਨੂੰ ਮਿਲਣ ਗਏ ਸਨ, ਜਿਥੇ ਕੁਝ ਨੌਜਵਾਨ ਉਨ੍ਹਾਂ ਨੂੰ ਇੱਕ ਅਣਪਛਾਤੀ ਥਾਂ 'ਤੇ ਲੈ ਕੇ ਗਏ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ।
ਵਰਿੰਦਰ ਸਿੰਘ ਮੁਤਾਬਕ, ''ਉਨ੍ਹਾਂ ਨਾਲ ਕੁੱਟਮਾਰ ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕੀਤੀ ਗਈ ਸੀ।''
ਡੀਐੱਸਪੀ ਅਜਨਾਲਾ ਨੇ ਦੱਸਿਆ ਕਿ ਪੀੜਤ ਵਿਅਕਤੀ ਵਰਿੰਦਰ ਸਿੰਘ ਦੇ ਬਿਆਨਾਂ 'ਤੇ ਅਮ੍ਰਿਤਪਾਲ ਸਿੰਘ ਸਮੇਤ ਉਨ੍ਹਾਂ ਦੇ ਸਾਥੀਆਂ ਬਿਕਰਮਜੀਤ ਸਿੰਘ, ਪਪਲਪ੍ਰੀਤ ਸਿੰਘ, ਕੁਲਵੰਤ ਸਿੰਘ ਰਾਉਂਕੇ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ।
ਉਨ੍ਹਾਂ ਖ਼ਿਲਾਫ਼ ਕੁੱਟਮਾਰ ਦੇ ਨਾਲ ਨਾਲ ਲੁੱਟ-ਖੋਹ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਹਨ।
ਇਸ ਦੇ ਨਾਲ ਹੀ 20 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੀ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਵੱਡੇ ਪੱਧਰ ’ਤੇ ਕਾਰਵਾਈ ਦੀ ਸੰਭਾਵਨਾ-ਅਮ੍ਰਿਤਪਾਲ
ਅਮ੍ਰਿਤਪਾਲ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਦੋ ਸਾਥੀਆਂ ਨੂੰ ਅਜਨਾਲਾ ਪੁਲਿਸ ਵਲੋਂ ਗੁਰਦਾਸਪੁਰ ਤੋਂ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਜਾਰੀ ਕੀਤੀ ਵੀਡੀਓ ਵਿੱਚ ਉਨ੍ਹਾਂ ਖ਼ਿਲਾਫ਼ ਲੱਗੇ ਇਲਜ਼ਾਮਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਵਿਰੁੱਧ ਝੂਠਾ ਪਰਚਾ ਦਰਜ ਕੀਤਾ ਗਿਆ ਹੈ।
ਅਮ੍ਰਿਤਪਾਲ ਸਿੰਘ ਨੇ ਆਪਣੇ ਦੋਵਾਂ ਸਾਥੀਆਂ ਦੀ ਰਿਹਾਈ ਦੀ ਮੰਗ ਕਰਦਿਆਂ ਕਿਹਾ, "ਜੇ ਪੁਲਿਸ ਫੌਰੀ ਤੌਰ 'ਤੇ ਸਾਡੇ ਸਾਥੀਆਂ ਨੂੰ ਰਿਹਾਅ ਨਹੀਂ ਕਰਦੀ ਤਾਂ ਵੱਡੇ ਪੱਧਰ ਉੱਤੇ ਕਾਰਵਾਈ ਉਲੀਕਾਂਗੇ।"
ਹਾਲਾਂਕਿ ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਨੇ ਦੱਸਿਆ ਕਿ ਸਥਾਨਕ ਪੁਲਿਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਮਾਮਲੇ ਵਿੱਚ ਜਾਂਚ ਦੇ ਚਲਦਿਆਂ ਛਾਪੇਮਾਰੀ ਕੀਤੀ ਹੈ।
ਉੱਧਰ ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨੂੰ ਦੱਸਿਆ ਹੈ ਕਿ ਪੁਲਿਸ ਨੇ ਕੇਸ ਨਾਲ ਸਬੰਧਤ ਲਵਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਮ੍ਰਿਤਪਾਲ ਸਿੰਘ ਨੇ ਲੋਕਾਂ ਨੂੰ ਉਨ੍ਹਾਂ ਦੇ ਪਿੰਡ ਜੱਲੂਪੁਰ ਖੇੜਾ ਵਿੱਚ ਇਕੱਤਰ ਹੋਣ ਦੀ ਅਪੀਲ ਕੀਤੀ ਸੀ ਅਤੇ ਕਿਹਾ ਕਿ ਉਸ ਤੋਂ ਬਾਅਦ ਕਾਰਵਾਈ ਬਾਰੇ ਵਿਚਾਰ ਚਰਚਾ ਕਰਕੇ ਫ਼ੈਸਲਾ ਲਿਆ ਜਾਵੇਗਾ।
ਸ਼ਿਕਾਇਤਕਰਤਾ ਵਰਿੰਦਰ ਸਿੰਘ ਕੌਣ ਹਨ
ਸ਼ਿਕਾਇਤਕਰਤਾ ਵਰਿੰਦਰ ਸਿੰਘ ਚਮਕੌਰ ਸਾਹਿਬ ਦੇ ਪਿੰਡ ਸਲੇਮਪੁਰ ਦੇ ਵਾਸੀ ਹਨ। ਉਹ ਧਰਮ ਪ੍ਰਚਾਰ ਦਾ ਕੰਮ ਕਰਦੇ ਹਨ।
ਡੀਐੱਸਪੀ ਸੰਜੀਵ ਕੁਮਾਰ ਮੁਤਾਬਕ, "ਵਰਿੰਦਰ ਸਿੰਘ ਨੇ ਅਮ੍ਰਿਤਪਾਲ ਖ਼ਿਲਾਫ਼ ਇੱਕ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਆਪਣੇ ਵਿਚਾਰ ਰੱਖੇ। ਜਿਸ ਤੋਂ ਬਾਅਦ ਉਨ੍ਹਾਂ ਦਰਮਿਆਨ ਮਤਭੇਦ ਵੱਧ ਗਿਆ।"
ਉਨ੍ਹਾਂ ਕਿਹਾ ਕਿ ਇਸੇ ਕਾਰਨ ਹੀ ਮੌਜੂਦਾ ਘਟਨਾਕ੍ਰਮ ਵਾਪਰਿਆ ਹੋ ਸਕਦਾ ਹੈ।
ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਮੁਤਾਬਕ ਵਰਿੰਦਰ ਸਿੰਘ ਆਪਣੇ ਪਿੰਡ ਸਲੇਮਪੁਰ ਹਲੇ ਨਹੀਂ ਪਹੁੰਚੇ ਹਨ।
ਅਮਰੀਕ ਸਿੰਘ ਅਜਨਾਲਾ ਨੇ ਕੀਤੀ ਨਿਖੇਧੀ
ਗੁਰਮਤਿ ਵਿਦਿਆਲਿਆ ਦਮਦਮੀ ਟਕਸਾਲ (ਜੀਵੀਡੀਟੀ) ਦੇ ਮੁਖੀ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਇਹ ਘਟਨਾ ਨਿੰਦਣਯੋਗ ਹੈ।
ਉਨ੍ਹਾਂ ਕਿਹਾ, "ਜੇਕਰ ਅਮ੍ਰਿਤਪਾਲ ਅਤੇ ਉਨ੍ਹਾਂ ਦੇ ਸਾਥੀਆਂ ਦਾ ਵਰਿੰਦਰ ਸਿੰਘ ਨਾਲ ਕੋਈ ਮਤਭੇਦ ਸੀ ਤਾਂ ਉਨ੍ਹਾਂ ਨੂੰ ਉਸਦੇ ਪਿੰਡ ਜਾ ਕੇ ਮਿਲਣਾ ਚਾਹੀਦਾ ਸੀ। ਇਸ ਮੁੱਦੇ ਨੂੰ ਸੁਲਝਾਇਆ ਜਾਣਾ ਚਾਹੀਦਾ ਸੀ।"
ਅਮਰੀਕ ਸਿੰਘ ਨੇ ਕਿਹਾ, "ਵਰਿੰਦਰ ਸਿੰਘ ਦਾ ਸਾਡੀ ਸੰਸਥਾ ਨਾਲ ਕੋਈ ਸਬੰਧ ਨਹੀਂ ਹੈ, ਪਰ ਉਹ ਇਥੇ ਸੰਗਤ ਵਜੋਂ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਇਆ ਸੀ।"
ਇਹ ਵੀ ਪੜ੍ਹੋ: