ਅਕਬਰ ਦੀ ਦਾਈ ਅਤੇ ਮੁਗ਼ਲ ਸਾਮਰਾਜ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ ਮਾਹਮ ਅੰਗਾ ਦਾ ਪਤਨ ਕਿਵੇਂ ਹੋਇਆ

    • ਲੇਖਕ, ਵਕਾਰ ਮੁਸਤਫ਼ਾ
    • ਰੋਲ, ਪੱਤਰਕਾਰ ਅਤੇ ਖੋਜਕਾਰ, ਲਾਹੌਰ

ਮਾਹਮ ਅੰਗਾ ਮੁਗ਼ਲ ਬਾਦਸ਼ਾਹ ਹੁਮਾਯੂੰ ਦੇ ਦੁੱਧ ਸ਼ਰੀਕ ਭਰਾ (ਇੱਕ ਹੀ ਔਰਤ ਦਾ ਦੁੱਧ ਚੁੰਘਣ ਵਾਲੇ) ਨਦੀਮ ਖ਼ਾਨ ਦੀ ਬੇਗ਼ਮ ਸੀ ਅਤੇ ਇਸ ਰਿਸ਼ਤੇ ਤੋਂ ਉਨ੍ਹਾਂ ਦੀ ਭਾਬੀ ਸੀ।

ਸ਼ੇਰਸ਼ਾਹ ਸੂਰੀ ਤੋਂ ਹਾਰਨ ਮਗਰੋਂ ਹੁਮਾਯੂੰ ਅਤੇ ਉਨ੍ਹਾਂ ਦੀ ਪਤਨੀ ਹਮੀਦਾ ਬਾਨੋ ਬੇਗ਼ਮ ਸਿਆਸੀ ਸਮਰਥਨ ਹਾਸਲ ਕਰਨ ਲਈ ਫਾਰਸ ਭਾਵ ਈਰਾਨ ਗਏ ਤਾਂ ਨਦੀਮ ਖ਼ਾਨ ਵੀ ਉਨ੍ਹਾਂ ਦੇ ਨਾਲ ਸਨ।

ਆਪਣੇ ਦੋ ਪੁੱਤਰਾਂ ਕੁਲੀ ਖ਼ਾਨ ਅਤੇ ਆਧਮ ਖ਼ਾਨ ਦੇ ਨਾਲ-ਨਾਲ ਉਨ੍ਹਾਂ ਦੀ ਪਤਨੀ ਦੇ ਜ਼ਿੰਮੇ ਮੁਗ਼ਲ ਸਾਮਰਾਜ ਦੇ ਦੁੱਧ ਚੁੰਘੇ ਵਾਰਿਸ ਅਕਬਰ ਦੀ ਦੇਖਭਾਲ ਵੀ ਆਈ ਸੀ।

ਹਾਲਾਂਕਿ, ਮਾਹਮ ਅੰਗਾ ਨੇ ਅਕਬਰ ਨੂੰ ਆਪਣਾ ਦੁੱਧ ਨਹੀਂ ਚੁੰਘਾਇਆ, ਪਰ ਉਹ ਅਕਬਰ ਨੂੰ ਦੁੱਧ ਪਿਲਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੀਆਂ 10 ਔਰਤਾਂ ਦੀ ਮੁਖੀ ਸੀ।

ਉਨ੍ਹਾਂ 'ਚ ਜੀਜੀ ਅੰਗਾ ਵੀ ਸ਼ਾਮਲ ਸੀ, ਜਿੰਨ੍ਹਾਂ ਦੇ ਪਤੀ ਸ਼ਮਸੁਦੀਨ ਮੁਹੰਮਦ ਖ਼ਾਨ ਉਰਫ਼ ਅਤਗਾ ਖ਼ਾਨ (ਦੁੱਧ ਸ਼ਰੀਕ ਭਰਾ ਦੇ ਪਿਤਾ) ਨੇ ਇਕ ਵਾਰ ਹੁਮਾਯੂੰ ਦੀ ਜਾਨ ਬਚਾਈ ਸੀ।

'ਅਕਬਰਨਾਮਾ' 'ਚ ਇਸ ਗੱਲ ਦਾ ਵਰਣਨ ਹੈ ਕਿ ਕਿਵੇਂ, "ਪਾਕੀ (ਅਗਿਆਤ) ਦੇ ਗੁੰਬਦ 'ਚ ਬੈਠਣ ਵਾਲੀ ਜੀਜੀ ਅੰਗਾ, ਪਾਕਦਾਮਣੀ ਦਾ ਨਕਾਬ ਬੰਨਣ ਜਾਂ ਸ਼ਰਾਫ਼ਤ ਦਾ ਨਕਾਬ ਪਾਉਣ ਵਾਲੀ ਮਾਹਮ ਅੰਗਾ ਅਤੇ ਦੂਜੀਆਂ ਔਰਤਾਂ ਦੇ ਵਿਰੋਧ ਤੋਂ ਦੁੱਖੀ ਸੀ ਅਤੇ ਹੁਮਾਯੂੰ ਨੂੰ ਇਹ ਕਹਿਣ ਤੋਂ ਡਰਦੀ ਸੀ ਕਿ ਉਹ ਔਰਤਾਂ ਜਾਦੂ ਕਰਦੀਆਂ ਹਨ ਤਾਂ ਜੋ ਰਾਜਕੁਮਾਰ ਉਨ੍ਹਾਂ ਤੋਂ ਇਲਾਵਾ ਕਿਸੇ ਹੋਰ ਦੇ ਦੁੱਧ ਵੱਲ ਧਿਆਨ ਹੀ ਨਾ ਕਰਨ।"

ਕੁਝ ਅੱਗੇ ਜਾ ਕੇ ਅਬੁਲ ਫਜ਼ਲ ਅਕਬਰ ਦੀ ਜ਼ਬਾਨੀ ਇੱਕ ਘਟਨਾ ਲਿਖਦੇ ਹਨ।

"ਇੱਕ ਸਾਲ ਤਿੰਨ ਮਹੀਨੇ ਦੇ ਅਕਬਰ ਉਸ ਸਮੇਂ ਕੰਧਾਰ ਵਿਖੇ ਸਨ। ਇੱਕ ਦਿਨ ਮਾਹਮ ਅੰਗਾ ਇਸ ਖੁਸ਼ਕਿਸਮਤੀ ਦੇ ਨਵੇਂ ਬੂਟੇ ਭਾਵ ਅਕਬਰ ਦੀ ਸੇਵਾ 'ਚ ਰੁੱਝੀ ਹੋਈ ਸੀ। ਮਿਰਜ਼ਾ ਅਸਕਰੀ (ਹੁਮਾਯੂੰ ਦੇ ਭਰਾ) ਨੂੰ ਗੁਜ਼ਾਰਿਸ਼ ਕੀਤੀ ਗਈ ਕਿ ਬੁਜ਼ਰਗਾਂ ਦੀ ਇਹ ਰੀਤ ਹੈ ਕਿ ਜਦੋਂ ਪੁੱਤਰ ਦੇ ਤੁਰਨ ਦਾ ਸਮਾਂ ਆਉਂਦਾ ਹੈ ਤਾਂ ਉਸ ਸਮੇਂ ਪਿਤਾ ਦਾ ਵੱਡਾ ਭਰਾ ਜਾਂ ਫਿਰ ਉਹ ਵਿਅਕਤੀ ਜੋ ਕਿ ਮਰਿਆਦਾ ਅਨੁਸਾਰ ਉਨ੍ਹਾਂ ਦੀ ਜਗ੍ਹਾ ਲੈ ਸਕਦਾ ਹੈ, ਉਹ ਵਿਅਕਤੀ ਆਪਣੀ ਪੱਗ ਲਾ ਕੇ ਉਸ ਬੇਟੇ ਦੇ ਤੁਰਨ ਵੇਲੇ ਉਸ ਨੂੰ ਮਾਰਦਾ ਹੈ।''

''ਹਜ਼ਰਤ ਜਹਾਂਬਾਨੀ, ਹਮਾਯੂੰ ਤਾਂ ਇਸ ਸਮੇਂ ਮੌਜੂਦ ਨਹੀਂ ਹਨ ਅਤੇ ਤੁਸੀਂ ਉਨ੍ਹਾਂ ਦੀ ਥਾਂ 'ਤੇ ਬਜ਼ੁਰਗ ਪਿਤਾ ਦੇ ਸਮਾਨ ਹੋ। ਇਸ ਲਈ ਉਚਿਤ ਹੈ ਕਿ ਇਹ ਸ਼ਗਨ ਜੋ ਕਿ ਬੁਰੀ ਨਜ਼ਰ ਤੋਂ ਬਚਾਉਂਦਾ ਹੈ, ਉਹ ਤੁਹਾਡੇ ਵੱਲੋਂ ਪੂਰਾ ਕੀਤਾ ਜਾਵੇ। ਮਿਰਜ਼ਾ ਨੇ ਉਸ ਸਮੇਂ ਆਪਣੀ ਪੱਗ ਲਾ ਕੇ ਮੇਰੇ ਵੱਲ ਸੁੱਟੀ ਅਤੇ ਮੈਂ ਡਿੱਗ ਗਿਆ।"

ਜਦੋਂ ਹਮਾਯੂੰ ਆਪਣੀ ਸਲਤਨਤ ਮੁੜ ਹਾਸਲ ਕਰਨ ਲਈ ਪਰਤੇ ਤਾਂ ਅਕਬਰ ਉਸ ਸਮੇਂ 13 ਸਾਲਾਂ ਦੇ ਸਨ।

ਦਿੱਲੀ ਪਰਤਣ ਮੌਕੇ ਸ਼ਾਹੀ ਔਰਤਾਂ ਤਾਂ ਕਾਬੁਲ ਵਿੱਚ ਹੀ ਰਹੀਆਂ ਪਰ ਮਾਹਮ ਅੰਗਾ ਉਨ੍ਹਾਂ ਦੇ ਨਾਲ ਹੀ ਦਿੱਲੀ ਆਈ।

ਅਗਲੇ ਹੀ ਸਾਲ ਹੁਮਾਯੂੰ ਦੀ ਮੌਤ ਹੋ ਗਈ।

ਜਦੋਂ 14 ਸਾਲ ਦੇ ਅਕਬਰ ਨੂੰ ਉਨ੍ਹਾਂ ਦੇ ਸੈਨਾਪਤੀ ਬੈਰਮ ਖ਼ਾਨ ਨੇ ਬਾਦਸ਼ਾਹ ਦਾ ਤਾਜ ਪਹਿਨਾਇਆ ਅਤੇ ਆਪਣੇ ਆਪ ਨੂੰ ਸਾਮਰਾਜ ਦਾ ਸਰਪ੍ਰਸਤ ਨਿਯੁਕਤ ਕੀਤਾ ਤਾਂ ਉਸ ਸਮੇਂ ਮਾਹਮ ਅੰਗਾ ਵੀ ਉੱਥੇ ਹੀ ਮੌਜੂਦ ਸੀ।

ਅਕਬਰ ਉਨ੍ਹਾਂ ਨੂੰ 'ਖ਼ਾਨ ਬਾਬਾ' ਕਿਹਾ ਕਰਦੇ ਸਨ ਅਤੇ ਉਹ ਰਿਸ਼ਤੇ 'ਚ ਉਨ੍ਹਾਂ ਦੇ ਫੁੱਫੜ ਵੀ ਲੱਗਦੇ ਸਨ।

ਜਦੋਂ ਅਕਬਰ ਦੇ ਕਹਿਣ 'ਤੇ ਸ਼ਾਹੀ ਔਰਤਾਂ ਕਾਬੁਲ ਤੋਂ ਆਗਰਾ ਆਈਆਂ ਤਾਂ ਇਹ ਅੰਗਾ ਹੀ ਸੀ ਜਿਸ ਨੇ ਉਨ੍ਹਾਂ ਦਾ ਸ਼ਹਿਰ ਤੋਂ ਬਾਹਰ ਸਵਾਗਤ ਕੀਤਾ ਸੀ।

ਬੈਰਮ ਖ਼ਾਨ ਬਾਦਸ਼ਾਹ ਦੀ ਮਾਹਮ ਅੰਗਾ ਨਾਲ ਨੇੜਤਾ ਤੋਂ ਘਬਰਾਉਂਦੇ ਸਨ ਕਿਉਂਕਿ ਉਹ ਹੌਲੀ-ਹੌਲੀ ਨੌਜਵਾਨ ਸ਼ਾਸਕ 'ਤੇ ਆਪਣਾ ਪ੍ਰਭਾਵ ਅਤੇ ਦਬਦਬਾ ਲਗਾਤਾਰ ਵਧਾ ਰਹੀ ਸੀ।

ਪਰ ਇਸ ਤੋਂ ਪਹਿਲਾਂ ਕਿ ਬੈਰਮ ਖ਼ਾਨ ਕੋਈ ਕਦਮ ਚੁੱਕਦੇ, ਮਾਹਮ ਅੰਗਾ ਨੇ ਅਕਬਰ ਨੂੰ ਬੈਰਮ ਖ਼ਾਨ ਨੂੰ ਮੱਕਾ ਦੀ ਯਾਤਰਾ 'ਤੇ ਭੇਜਣ ਲਈ ਮਨਾ ਲਿਆ ਸੀ।

ਕੌਣ ਸੀ ਮਾਹਮ ਅੰਗਾ

  • ਅਕਬਰ ਦੀ ਦਾਈ ਅਤੇ ਮੁਗ਼ਲ ਸਾਮਰਾਜ ਦੀ ਸਭ ਤੋਂ ਸ਼ਕਤੀਸ਼ਾਲੀ ਔਰਤ ਸੀ।
  • ਮਾਹਮ ਅੰਗਾ ਮੁਗ਼ਲ ਬਾਦਸ਼ਾਹ ਹੁਮਾਯੂੰ ਦੇ ਦੁੱਧ ਸ਼ਰੀਕ ਭਰਾ (ਇੱਕ ਹੀ ਔਰਤ ਦਾ ਦੁੱਧ ਚੁੰਘਣ ਵਾਲੇ) ਨਦੀਮ ਖ਼ਾਨ ਦੀ ਬੇਗ਼ਮ ਸੀ।
  • ਮਾਹਮ ਅੰਗਾ ਨੇ ਅਕਬਰ ਨੂੰ ਆਪਣਾ ਦੁੱਧ ਨਹੀਂ ਚੁੰਘਾਇਆ, ਪਰ ਉਹ ਅਕਬਰ ਨੂੰ ਦੁੱਧ ਪਿਲਾਉਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲੀਆਂ 10 ਔਰਤਾਂ ਦੀ ਮੁਖੀ ਸੀ।
  • ਦਿੱਲੀ ਪਰਤਣ ਮੌਕੇ ਸ਼ਾਹੀ ਔਰਤਾਂ ਤਾਂ ਕਾਬੁਲ ਵਿੱਚ ਹੀ ਰਹੀਆਂ ਪਰ ਮਾਹਮ ਅੰਗਾ ਅਕਬਰ ਦੇ ਨਾਲ ਹੀ ਦਿੱਲੀ ਆਈ।
  • ਬਹੁਤ ਸਾਰੇ ਅਹਿਲਕਾਰਾਂ ਨੇ ਮਾਹਮ ਅੰਗਾ ਨਾਲ ਵਫ਼ਾਦਾਰੀ ਦਾ ਵਾਅਦਾ ਕੀਤਾ ਅਤੇ ਬਦਲੇ 'ਚ ਬਹੁਤ ਸਾਰੇ ਇਨਾਮ ਹਾਸਲ ਕੀਤੇ।
  • ਮਾਹਮ ਅੰਗਾ ਨੇ 1561 'ਚ ਖ਼ੈਰੁਲ ਮਨਾਜ਼ਿਲ ਦੇ ਨਾਮ ਨਾਲ ਸਿਰਫ ਔਰਤਾਂ ਦੇ ਲਈ ਇੱਕ ਇਮਾਰਤ ਦਾ ਨਿਰਮਾਣ ਕਰਵਾਇਆ ਸੀ।
  • ਮਾਹਮ ਅੰਗਾ ਦਾ ਪਤਨ ਉਨ੍ਹਾਂ ਦੇ ਆਪਣੇ ਕੰਮਾਂ ਕਰਕੇ ਨਹੀਂ ਬਲਕਿ ਉਨ੍ਹਾਂ ਦੇ ਪੁੱਤਰ ਰਾਹੀਂ ਹੋਇਆ ਸੀ।
  • ਮਾਹਮ ਅੰਗਾ ਦੀ ਬਦੌਲਤ ਹੀ ਅਧਮ ਖ਼ਾਨ ਮੁਗ਼ਲ ਫੌਜ ਦੇ ਜਨਰਲ ਬਣੇ ਸਨ।

ਬੈਰਮ ਖ਼ਾਨ ਦਾ ਇੰਤਕਾਲ

ਇਸ ਤਰ੍ਹਾਂ ਤਕਨੀਕੀ ਤੌਰ 'ਤੇ, ਹਾਲਾਂਕਿ ਅਧਿਕਾਰਤ ਤੌਰ 'ਤੇ ਨਹੀਂ, ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ। ਬੈਰਮ ਖ਼ਾਨ ਕੁਝ ਨਾ ਕਰ ਸਕੇ।

1561 ਨੂੰ ਬੈਰਮ ਖ਼ਾਨ ਗੁਜਰਾਤ ਦੇ ਦੌਰੇ ਦੌਰਾਨ, ਮੁਬਾਰਕ ਖ਼ਾਨ ਲੋਹਾਨੀ ਦੀ ਅਗਵਾਈ ਵਾਲੇ ਅਫ਼ਗਾਨਾਂ ਦੇ ਇੱਕ ਗਿਰੋਹ ਹੱਥੋਂ ਮਾਰੇ ਗਏ ਸਨ।

ਲੋਹਾਨੀ ਦੇ ਪਿਤਾ 1555 'ਚ ਮਾਛੀਵਾੜੇ ਦੀ ਜੰਗ ਦੌਰਾਨ ਮੁਗ਼ਲਾਂ ਦੇ ਨਾਲ ਲੜਦੇ ਹੋਏ ਮਾਰੇ ਗਏ ਸਨ।

ਦਰਬਾਰ-ਏ-ਅਕਬਰੀ 'ਚ ਮੁਹੰਮਦ ਹੁਸੈਨ ਆਜ਼ਾਦ ਲਿਖਦੇ ਹਨ, " ਖ਼ਾਨ-ਏ-ਖ਼ਾਨਾ ਯਾਨੀ ਬੈਰਮ ਖ਼ਾਨ ਦੇ ਦੁਸ਼ਮਣ ਤਾਂ ਬਹੁਤ ਸਾਰੇ ਸਨ, ਪਰ ਮਾਹਮ ਬੇਗ਼ਮ, ਅਧਮ ਖ਼ਾਨ, ਉਨ੍ਹਾ ਦਾ ਬੇਟਾ, ਸ਼ਹਾਬ ਖ਼ਾਨ, ਉਨ੍ਹਾਂ ਦਾ ਜਵਾਈ ਅਤੇ ਹੋਰ ਅਜਿਹੇ ਰਿਸ਼ਤੇਦਾਰ ਸਨ, ਜਿੰਨ੍ਹਾਂ ਨੂੰ ਅੰਦਰ-ਬਾਹਰ ਹਰ ਤਰ੍ਹਾਂ ਦੀ ਗੱਲ ਰੱਖਣ ਦਾ ਮੌਕਾ ਮਿਲਦਾ ਸੀ।"

"ਅਕਬਰ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਵੀ ਬਹੁਤ ਇੱਜ਼ਤ ਮਾਣ ਕਰਦੇ ਸਨ। ਜਿਸ ਕਿਸੇ ਨੂੰ ਵੀ ਅਕਬਰ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਦਾ ਉਹ ਉਨ੍ਹਾਂ ਨੂੰ ਗੱਲ-ਗੱਲ 'ਤੇ ਉਕਸਾਉਂਦਾ/ਭੜਕਾਉਂਦਾ ਸੀ ਕਿ ਬੈਰਮ ਖ਼ਾਨ ਹਜ਼ੂਰ ਨੂੰ ਬੱਚਾ ਸਮਝਦਾ ਹੈ ਅਤੇ ਉਨ੍ਹਾਂ ਦੀ ਇੱਜ਼ਤ ਨਹੀਂ ਕਰਦਾ ਹੈ।"

"ਸਗੋਂ ਬੈਰਮ ਖ਼ਾਨ ਦਾ ਕਹਿਣਾ ਹੈ ਕਿ ਅਕਬਰ ਨੂੰ ਤਾਂ ਮੈਂ ਤਖ਼ਤ 'ਤੇ ਬਿਠਾਇਆ ਹੈ, ਜਦੋਂ ਚਾਹਾਂ ਸਿੰਘਾਸਨ ਤੋਂ ਉਤਾਰ ਦੇਵਾਂ ਅਤੇ ਜਿਸ ਨੂੰ ਚਾਹਾਂ ਬਿਠਾ ਦੇਵਾਂ।"

"ਖ਼ਾਨ-ਏ-ਖ਼ਾਨਾ ਨੇ ਵੇਖਿਆ ਕਿ ਦਰਬਾਰ ਦਾ ਰੰਗ ਬੇਰੰਗ ਹੈ ਤਾਂ ਉਨ੍ਹਾਂ ਨੇ ਇੱਕ ਅਰਜ਼ੀ ਲਿਖੀ ਕਿ ਜੋ ਘਰੇਲੂ ਨੌਕਰ ਇਸ ਜਗ੍ਹਾ ਦੀ ਸੇਵਾ ਸਾਫ਼ ਦਿਲ ਨਾਲ ਕਰਦੇ ਹਨ, ਉਨ੍ਹਾਂ ਪ੍ਰਤੀ ਗ਼ੁਲਾਮ (ਬੈਰਮ ਖ਼ਾਨ) ਦੇ ਦਿਲ 'ਚ ਕੋਈ ਬੁਰਾ ਵਿਚਾਰ ਨਹੀਂ ਹੈ।"

ਉਹ ਅੱਗੇ ਲਿਖਦੇ ਹਨ, " ਇੱਥੇ ਗੱਲ ਹੱਦੋਂ ਬਾਹਰ ਹੋ ਗਈ ਸੀ। ਅਰਜ਼ੀ ਲਿਖਣ ਦਾ ਕੋਈ ਅਸਰ ਨਾ ਹੋਇਆ…. ਸ਼ਹਾਬੁਦੀਨ ਅਹਿਮਦ ਖ਼ਾਨ ਬਾਹਰ ਅਸਲ 'ਚ ਸਰਪ੍ਰਸਤ ਬਣ ਗਏ ਅਤੇ ਮਾਹਮ ਅੰਦਰ ਬੈਠੀ ਹੁਕਮ ਜਾਰੀ ਕਰਨ ਲੱਗੀ। ਅਤੇ ਬਾਹਰ ਇਹ ਅਫ਼ਵਾਹ ਫੈਲਾ ਦਿੱਤੀ ਕਿ ਖ਼ਾਨ-ਏ-ਖਾਨਾ ਹਜ਼ੂਰ ਅਕਬਰ ਦੇ ਗੁੱਸੇ ਦੇ ਸ਼ਿਕਾਰ ਹੋ ਗਏ ਹਨ।''

''ਆਗਰਾ 'ਚ ਖ਼ਾਨ-ਏ-ਖਾਨਾ ਦੇ ਕੋਲ ਜੋ ਮੰਤਰੀ ਅਤੇ ਦਰਬਾਰੀ ਕਰਮਚਾਰੀ ਸਨ, ਉਹ ਸਾਰੇ ਦਿੱਲੀ ਵੱਲ ਨੱਸੇ। ਆਪਣੇ ਹੀ ਹੱਥੀਂ ਰੱਖੇ ਨੌਕਰ ਸ਼ਾਥ ਛੱਡ ਕੇ ਤੁਰ ਪਏ। ਇੱਥੇ ਜੋ ਵੀ ਆਉਂਦਾ ਮਾਹਮ ਅਤੇ ਸ਼ਹਾਬੁਦੀਨ ਅਹਿਮਦ ਉਸ ਦਾ ਅਹੁਦਾ ਵਧਾ ਦਿੰਦੇ ਅਤੇ ਉਸ ਨੂੰ ਜਗੀਰਾਂ ਅਤੇ ਸੇਵਾਵਾਂ ਪ੍ਰਦਾਨ ਕਰਵਾਉਂਦੇ।"

ਬੈਰਮ ਖ਼ਾਨ ਅੱਗੇ ਕਈ ਬਦਲ ਰੱਖੇ ਗਏ

ਅਬੁਲ ਫ਼ਜ਼ਲ 'ਅਕਬਰਨਾਮਾ' 'ਚ ਕਈ ਸਫ਼ਿਆਂ ਦਾ ਇੱਕ ਫ਼ਰਮਾਨ ਲਿਖਦੇ ਹਨ, "ਇੱਕ ਵਾਰ ਸ਼ਾਹੀ ਲਸ਼ਕਰ ਅਤੇ ਬੈਰਮ ਖ਼ਾਨ ਵਿਚਾਲੇ ਲੜਾਈ ਵੀ ਹੋਈ ਪਰ ਸਾਰੇ ਇਤਿਹਾਸਕਾਰ ਸਰਬਸੰਮਤੀ ਨਾਲ ਲਿਖਦੇ ਹਨ ਕਿ ਬੈਰਮ ਖ਼ਾਨ ਦੇ ਇਰਾਦੇ ਨੇਕ ਸਨ। ਬੈਰਮ ਖ਼ਾਨ ਨੂੰ ਜਦੋਂ ਬਾਦਸ਼ਾਹੀ ਖ਼ੇਮੇ ਦਾ ਉਪਰਲਾ ਹਿੱਸਾ ਨਜ਼ਰ ਆਇਆ ਤਾਂ ਉਹ ਘੋੜੇ ਤੋਂ ਹੇਠਾਂ ਉਤਰ ਗਿਆ।"

"ਖੁਦ ਬਖ਼ਤਰ 'ਚੋਂ ਤਲਵਾਰ ਖੋਲ ਕੇ ਗਲੇ 'ਚ ਪਾਈ, ਪਟਕੇ ਨਾਲ ਆਪਣੇ ਹੱਥ ਬੰਨ੍ਹੇ, ਪੱਗ ਸਿਰੋਂ ਲਾਹ ਕੇ ਗਲੇ 'ਚ ਲਪੇਟੀ। ਜਦੋਂ ਉਹ ਖ਼ੇਮੇ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਖ਼ਬਰ ਸੁਣ ਕੇ ਅਕਬਰ ਵੀ ਉੱਠ ਖੜ੍ਹੇ ਹੋਏ। ਬੈਰਮ ਖ਼ਾਨ ਨੇ ਦੌੜ ਕੇ ਅਪਣਾ ਸਿਰ ਅਕਬਰ ਦੇ ਪੈਰਾਂ 'ਚ ਰੱਖ ਦਿੱਤਾ ਅਤੇ ਰੋਣ ਲੱਗ ਪਏ।"

"ਬਾਦਸ਼ਾਹ ਵੀ ਉਨ੍ਹਾਂ ਦੀ ਗੋਦੀ 'ਚ ਖੇਡ-ਖੇਡ ਕੇ ਵੱਡੇ ਹੋਏ ਸਨ। ਉਨ੍ਹਾਂ ਦੇ ਵੀ ਹੰਝੂ ਵਹਿ ਤੁਰੇ। ਅਕਬਰ ਨੇ ਉਨ੍ਹਾਂ ਨੂੰ ਆਪਣੇ ਗਲੇ ਨਾਲ ਲਗਾਇਆ ਅਤੇ ਸੱਜੇ ਪਾਸੇ ਆਪਣੇ ਕੋਲ ਬਿਠਾਇਆ।"

"ਅਕਬਰ ਨੇ ਖੁਦ ਬੈਰਮ ਖ਼ਾਨ ਦੇ ਹੱਥ ਖੋਲ੍ਹੇ, ਪੱਗ ਸਿਰ 'ਤੇ ਧਰੀ ਅਤੇ ਕੁਝ ਪਲਾਂ ਬਾਅਦ ਅਕਬਰ ਨੇ ਕਿਹਾ ਕਿ ਖ਼ਾਨ ਬਾਬਾ ਹੁਣ ਸਿਰਫ਼ ਤਿੰਨ ਹੀ ਸਥਿਤੀਆਂ ਹਨ। ਪਹਿਲੀ ਇਹ ਹੈ ਕਿ ਜੇਕਰ ਹਕੂਮਤ ਕਰਨ ਨੂੰ ਦਿਲ ਕਰਦਾ ਹੈ ਤਾਂ ਚੰਦੇਰੀ ਅਤੇ ਕਾਲਪੀ ਦੇ ਜ਼ਿਲ੍ਹੇ ਲੈ ਲਓ। ਉੱਥੇ ਜਾਓ ਅਤੇ ਰਾਜ ਕਰੋ।

ਦੂਜਾ ਬਦਲ ਇਹ ਹੈ ਕਿ ਜੇਕਰ ਮੇਰੇ ਨਾਲ ਰਹਿਣਾ ਪਸੰਦ ਹੈ ਤਾਂ ਮੇਰੇ ਨਾਲ ਹੀ ਰਹੋ। ਜੋ ਤੁਹਾਡੀ ਇੱਜ਼ਤ ਪਹਿਲਾਂ ਸੀ, ਉਸ 'ਚ ਕੋਈ ਫਰਕ ਨਹੀਂ ਆਵੇਗਾ। ਅਤੇ ਤੀਜਾ ਬਦਲ ਇਹ ਹੈ ਕਿ ਜੇਕਰ ਹੱਜ ਦਾ ਇਰਾਦਾ ਹੈ ਤਾਂ ਬਿਸਮਿੱਲ੍ਹਾ, ਰਵਾਨਗੀ ਦਾ ਸਮਾਨ ਮੁਹੱਈਆ ਕਰਵਾ ਦਿੱਤਾ ਜਾਵੇਗਾ। ਚੰਦੇਰੀ ਤੁਹਾਡੀ ਹੋ ਗਈ ਹੈ ਅਤੇ ਜਿੱਥੇ ਕਹੋਗੇ ਉੱਥੇ ਹੀ ਆਮਦਨ ਪਹੁੰਚਾ ਦਿਆ ਕਰਾਂਗੇ।"

ਖ਼ਾਨ-ਏ-ਖਾਨਾ ਨੇ ਬੇਨਤੀ ਕੀਤੀ ਕਿ 'ਹੁਣ ਉਮਰ ਦਾ ਆਖਰੀ ਪੜਾਅ ਆ ਗਿਆ ਹੈ ਅਤੇ ਹੁਣ ਕੋਈ ਵੀ ਇੱਛਾ ਬਾਕੀ ਨਹੀਂ ਹੈ। ਹੁਣ ਤਾਂ ਬਸ ਇਹੀ ਇੱਛਾ ਹੈ ਕਿ ਅੱਲ੍ਹਾ ਦੇ ਘਰ ਚਲਿਆ ਜਾਵਾਂ ਅਤੇ ਹਜ਼ੂਰ (ਅਕਬਰ) ਦੀ ਉਮਰ ਅਤੇ ਦੌਲਤ ਲਈ ਦੁਆ ਕਰਾਂ।''

ਇਸ ਤਰ੍ਹਾਂ ਹੱਜ ਵਾਲਾ ਬਦਲ ਤੈਅ ਕੀਤਾ ਗਿਆ। ਬਾਦਸ਼ਾਹ ਨੇ ਵਿਸ਼ੇਸ਼ ਕੱਪੜੇ ਅਤੇ ਵਧੀਆ ਘੋੜੇ ਪ੍ਰਦਾਨ ਕੀਤੇ।

ਹਾਜੀ ਮੁਹੰਮਦ ਖ਼ਾਨ ਸੀਸਤਾਨੀ ਤੀਨ ਹਜ਼ਾਰੀ ਅਮੀਰ (ਖੇਤਰੀ ਸ਼ਾਸਕ) ਉਨ੍ਹਾਂ ਦਾ ਪੁਰਾਣਾ ਮਿੱਤਰ ਸੀ। ਬਾਦਸ਼ਾਹ ਨੇ ਰਸਤੇ 'ਚ ਬੈਰਮ ਖ਼ਾਨ ਦੀ ਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਨਾਲ ਭੇਜਿਆ।

"ਸਲੀਮ ਸ਼ਾਹ ਦੇ ਮਹਿਲ 'ਚ ਇੱਕ ਕਸ਼ਮੀਰੀ ਪਤਨੀ ਸੀ। ਉਸ ਤੋਂ ਸਲੀਮ ਸ਼ਾਹ ਦੀ ਇੱਕ ਧੀ ਸੀ। ਉਹ ਖਾਨ-ਏ-ਖਾਨਾ ਦੇ ਲਸ਼ਕਰ ਦੇ ਨਾਲ ਹੱਜ ਨੂੰ ਰਵਾਨਾ ਹੋਈ ਸੀ। ਉਹ ਬੈਰਮ ਖ਼ਾਨ ਦੇ ਪੁੱਤਰ ਮਿਰਜ਼ਾ ਅਬਦੁਰ ਰਹੀਮ ਨੂੰ ਬਹੁਤ ਪਸੰਦ ਕਰਦੀ ਸੀ ਅਤੇ ਮਿਰਜ਼ਾ ਵੀ ਉਸ ਨਾਲ ਬਹੁਤ ਖੁਸ਼ ਸੀ। ਖ਼ਾਨ-ਏ-ਖ਼ਾਨਾ ਆਪਣੇ ਪੁੱਤਰ ਮਿਰਜ਼ਾ ਦਾ ਵਿਆਹ ਉਸ ਕੁੜੀ ਨਾਲ ਕਰਨਾ ਚਾਹੁੰਦੇ ਸਨ।

"ਇਸ ਗੱਲ ਤੋਂ ਅਫ਼ਗਾਨ ਬਹੁਤ ਖ਼ਾਰ ਖਾਂਦੇ ਸਨ। ਇੱਕ ਦਿਨ ਸ਼ਾਮ ਵੇਲੇ ਉਹ ਕਿਸ਼ਤੀ ਤੋਂ ਨਮਾਜ਼ ਲਈ ਉਤਰੇ। ਮੁਬਾਰਕ ਖ਼ਾਨ ਲੋਹਾਨੀ 30-40 ਅਫ਼ਗਾਨਾਂ ਨੂੰ ਲੈ ਕੇ ਉਨ੍ਹਾਂ ਦੇ ਸਾਹਮਣੇ ਆਏ ਅਤੇ ਕਿਹਾ ਕਿ ਉਹ ਉਨ੍ਹਾਂ ਨੂੰ ਮਿਲਣ ਲਈ ਆਏ ਹਨ। ਬੈਰਮ ਖ਼ਾਨ ਉਨ੍ਹਾਂ ਦੀ ਸਾਜਿਸ਼ ਨਾ ਭਾਪ ਸਕੇ ਅਤੇ ਉਨ੍ਹਾਂ ਨੇ ਮੁਬਾਰਕ ਖ਼ਾਨ ਨੂੰ ਆਪਣੇ ਕੋਲ ਬੁਲਾ ਲਿਆ।"

"ਮੁਬਾਰਕ ਖ਼ਾਨ ਨੇ ਹੱਥ ਮਿਲਾਉਣ ਦੇ ਬਹਾਨੇ ਬੈਰਕ ਖ਼ਾਨ ਦੀ ਪਿੱਠ 'ਚ ਅਜਿਹਾ ਖੰਜਰ ਮਾਰਿਆ ਕਿ ਉਹ ਖੰਜਰ ਛਾਤੀ ਤੋਂ ਆਰ-ਪਾਰ ਹੋ ਗਿਆ। ਇੱਕ ਹੋਰ ਜ਼ਾਲਮ ਨੇ ਸਿਰ 'ਤੇ ਤਲਵਾਰ ਨਾਲ ਅਜਿਹਾ ਵਾਰ ਕੀਤਾ ਕਿ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।"

ਲੋਕਾਂ ਨੇ ਜਦੋਂ ਮੁਬਾਰਕ ਨੂੰ ਪੁੱਛਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ? ਤਾਂ ਉਸ ਨੇ ਜਵਾਬ ਦਿੱਤਾ ਕਿ ਮਾਛੀਵਾੜੇ ਦੀ ਲੜਾਈ 'ਚ ਮੇਰੇ ਅੱਬਾ ਮਾਰੇ ਗਏ ਸਨ ਅਤੇ ਮੈਂ ਹੁਣ ਉਨ੍ਹਾਂ ਦੀ ਮੌਤ ਦਾ ਬਦਲਾ ਲਿਆ ਹੈ।

ਸਲਤਨਤ ਦੀ ਡਿਪਟੀ ਬਣੀ ਅੰਗਾ

ਬੈਰਮ ਖ਼ਾਨ ਦੇ ਕਤਲ ਦਾ ਮਤਲਬ ਇਹ ਸੀ ਕਿ ਮਾਹਮ ਅੰਗਾ ਮੁਗ਼ਲ ਦਰਬਾਰ 'ਚ ਹੁਣ ਬੇਮਿਸਾਲ ਪ੍ਰਭਾਵ ਪਾ ਸਕਦੀ ਸੀ।

ਬਹੁਤ ਸਾਰੇ ਅਹਿਲਕਾਰਾਂ ਨੇ ਮਾਹਮ ਅੰਗਾ ਨਾਲ ਵਫ਼ਾਦਾਰੀ ਦਾ ਵਾਅਦਾ ਕੀਤਾ ਅਤੇ ਬਦਲੇ 'ਚ ਬਹੁਤ ਸਾਰੇ ਇਨਾਮ ਹਾਸਲ ਕੀਤੇ। ਉਹ ਪ੍ਰਤੀਭਾਸ਼ਾਲੀ ਅਤੇ ਕਾਬਲ ਸੀ। ਸ਼ਾਹੀ ਘਰਾਣਾ ਅਤੇ ਹਰਮ ਉਨ੍ਹਾਂ ਦੇ ਹੱਥਾਂ 'ਚ ਸੀ। ਇਸ ਲਈ ਬਹੁਤ ਜਲਦੀ ਹੀ ਅਕਬਰ ਦੇ ਦਰਬਾਰੀ ਮਾਮਲਿਆਂ ਨੂੰ ਵੀ ਉਨ੍ਹਾਂ ਨੇ ਆਪਣੇ ਹੱਥਾਂ 'ਚ ਲੈ ਲਿਆ।

ਉਹ ਨੌਜਵਾਨ ਸਮਰਾਟ ਦੀ ਰਾਜਨੀਤਿਕ ਸਲਾਹਕਾਰ ਅਤੇ ਮੁਗ਼ਲ ਸਾਮਰਾਜ ਦੀ ਸੰਭਵ ਹੱਦ ਤੱਕ ਦੂਜੀ ਸਭ ਤੋਂ ਸ਼ਕਤੀਸ਼ਾਲੀ ਹਸਤੀ ਬਣ ਕੇ ਉਭਰੀ।

ਔਰਤਾਂ ਲਈ ਮਸਜਿਦ ਅਤੇ ਮਦਰੱਸਾ ਬਣਵਾਇਆ

ਮਾਹਮ ਅੰਗਾ ਨੇ 1561 'ਚ ਖ਼ੈਰੁਲ ਮਨਾਜ਼ਿਲ ਦੇ ਨਾਮ ਨਾਲ ਸਿਰਫ ਔਰਤਾਂ ਦੇ ਲਈ ਇੱਕ ਇਮਾਰਤ ਦਾ ਨਿਰਮਾਣ ਕਰਵਾਇਆ, ਜਿਸ 'ਚ ਮਸਜਿਦ ਅਤੇ ਮਦਰੱਸਾ ਦੋਵੇਂ ਸਨ।

ਇਤਿਹਾਸਿਕ ਇਮਾਰਤਾਂ ਬਾਰੇ ਲਿਖਣ ਵਾਲੇ ਵਰੁਣ ਘੋਸ਼ ਦਾ ਮੰਨਣਾ ਹੈ ਕਿ ਹੁਮਾਯੂੰ ਦੇ ਦੀਨ ਪਨਾਹ ਕਿਲ੍ਹੇ (ਹੁਣ ਪੁਰਾਣੇ ਕਿਲ੍ਹੇ) ਦੇ ਬਿਲਕੁੱਲ ਸਾਹਮਣੇ ਅਤੇ ਸ਼ੇਰਸ਼ਾਹ ਸੂਰੀ ਦੇ ਲਾਲ ਦਰਵਾਜ਼ੇ ਤੋਂ ਤੁਰੰਤ ਬਾਅਦ ਬਣੀ ਇਹ ਇਮਾਰਤ ਮਾਹਮ ਅੰਗਾ ਦੇ ਸੰਕਲਪਾਂ ਨੂੰ ਦਰਸਾਉਂਦੀ ਹੈ।

ਮੁੱਖ ਗੇਟ 'ਤੇ ਫ਼ਾਰਸੀ ਭਾਸ਼ਾ 'ਚ ਇਸ ਅਰਥ ਦੇ ਸ਼ਬਦ ਉਕਰੇ ਹੋਏ ਹਨ:

"ਜਲਾਲੂਦੀਨ ਮੁਹੰਮਦ (ਅਕਬਰ) ਦੇ ਸਮੇਂ 'ਚ ਸਤਿਕਾਰਯੋਗ ਮਾਹਮ ਬੇਗ (ਅੰਗਾ) ਨੇ ਨਿਰਮਾਣ ਕਰਵਾਇਆ ਸੀ ਅਤੇ ਭਲੇ ਮਾਨਸ ਸ਼ਹਾਬੂਦੀਨ ਅਹਿਮਦ ਖ਼ਾਨ , ਜੋ ਕਿ ਅੰਗਾ ਦੇ ਜਵਾਈ ਸਨ, ਉਨ੍ਹਾਂ ਨੇ ਇਸ ਨੇਕ ਕੰਮ 'ਚ ਮਦਦ ਕੀਤੀ ਸੀ।"

ਘੋਸ਼ ਅੱਗੇ ਲਿਖਦੇ ਹਨ, " ਉੱਪਰਲੀ ਮੰਜ਼ਿਲ 'ਤੇ ਮਦਰੱਸੇ ਦੇ ਕਮਰੇ ਅਤੇ ਵਿਹੜਾ ਪਰਦੇ ਦੇ ਪਿੱਛੇ ਹੈ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਮਦਰੱਸਾ ਸਿਰਫ਼ ਕੁੜੀਆਂ ਦੇ ਲਈ ਅਤੇ ਮਸਜਿਦ ਸਿਰਫ਼ ਔਰਤਾਂ ਦੇ ਲਈ ਹੀ ਸੀ।"

"ਵਿਹੜੇ ਦੇ ਵਿਚਾਲੇ ਹੌਜ਼/ਟੈਂਕ ਕਈ ਵਾਰ ਪਾਣੀ ਨਾਲ ਭਰਿਆ ਰਹਿੰਦਾ ਅਤੇ ਇਸ਼ਨਾਨ ਲਈ ਵਰਤਿਆ ਜਾਂਦਾ ਹੋਵੇਗਾ। ਇਸ 'ਚ ਕੋਈ ਮੀਨਾਰ ਨਹੀਂ ਹੈ। ਕੰਧਾਂ 'ਤੇ ਮੱਧ ਏਸ਼ੀਆਈ ਸ਼ੈਲੀ ਵਾਂਗਰ ਨੱਕਾਸ਼ੀ ਅਤੇ ਨੀਲੀਆਂ ਟਾਈਲਾਂ ਲੱਗੀਆਂ ਹੋਣਗੀਆਂ। ਕੈਲੀਗ੍ਰਾਫੀ ਦੇ ਨਿਸ਼ਾਨ ਵੀ ਹਨ।"

ਮਾਹਮ ਅੰਗਾ ਦਾ ਪਤਨ

ਮਾਹਮ ਅੰਗਾ ਦਾ ਪਤਨ ਉਨ੍ਹਾਂ ਦੇ ਆਪਣੇ ਕੰਮਾਂ ਕਰਕੇ ਨਹੀਂ ਬਲਕਿ ਉਨ੍ਹਾਂ ਦੇ ਪੁੱਤਰ ਰਾਹੀਂ ਹੋਇਆ ਸੀ।

ਜਿਥੇ ਇੱਕ ਪਾਸੇ ਮਾਹਮ ਅੰਗਾ ਆਪਣੇ ਸਮਰਥਨ 'ਚ ਵਾਧਾ ਕਰ ਰਹੇ ਸਨ, ਉੱਥੇ ਹੀ ਅਧਮ ਖ਼ਾਨ ਉਨ੍ਹਾਂ ਦੀ ਮਿਹਨਤ ਦਾ ਫਲ ਖਾ ਰਹੇ ਸਨ। ਉਨ੍ਹਾਂ ਦੀ ਬਾਦਸ਼ਾਹ ਅਕਬਰ ਤੱਕ ਸਿੱਧੀ ਪਹੁੰਚ ਸੀ ਅਤੇ ਜ਼ਿੰਦਗੀ ਬੇਫ਼ਿਕਰ ਸੀ।

ਮਾਹਮ ਅੰਗਾ ਦੀ ਬਦੌਲਤ ਹੀ ਅਧਮ ਖ਼ਾਨ ਮੁਗ਼ਲ ਫੌਜ ਦੇ ਜਨਰਲ ਬਣੇ ਸਨ।

1561 'ਚ ਮੁਗ਼ਲ ਫੌਜ ਨੇ ਸਾਰੰਗਪੁਰ ਦੀ ਲੜਾਈ 'ਚ ਮਾਲਵਾ 'ਤੇ ਜਿੱਤ ਦਰਜ ਕੀਤੀ, ਪਰ ਅਧਮ ਖ਼ਾਨ ਨੇ ਜੰਗ ਦੌਰਾਨ ਜਿੱਤੀ ਜ਼ਿਆਦਾਤਰ ਦੌਲਤ ਅਤੇ ਚੀਜ਼ਾਂ ਆਪਣੇ ਕਬਜ਼ੇ ਹੇਠ ਹੀ ਰੱਖ ਲਈਆਂ।

ਅਕਬਰ ਨੇ ਮਾਹਮ ਅੰਗਾ ਦੇ ਕਹਿਣ 'ਤੇ ਅਧਮ ਖ਼ਾਨ ਨੂੰ ਸਜ਼ਾ ਤਾਂ ਨਾ ਦਿੱਤੀ ਪਰ ਉਸ ਖੇਤਰ ਦੀ ਕਮਾਨ ਪੀਰ ਮੁਹੰਮਦ ਖ਼ਾਨ ਨੂੰ ਸੌਂਪ ਦਿੱਤੀ।

ਨਵੰਬਰ 1561 'ਚ ਅਕਬਰ ਨੇ ਆਪਣੇ ਨਜ਼ਦੀਕੀ ਜਨਰਲ ਜੀਜੀ ਅੰਗਾ ਦੇ ਪਤੀ ਅਤਗਾ ਖ਼ਾਨ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ। ਜਿਸ 'ਤੇ ਮਾਹਮ ਅੰਗਾ ਨਾਰਾਜ਼ ਹੋ ਗਈ।

ਅਧਮ ਖ਼ਾਨ ਦਾ ਮਾਮਲਾ

16 ਮਈ 1562 ਨੂੰ ਅਧਮ ਖ਼ਾਨ ਨੇ ਆਪਣੇ ਸਾਥੀਆਂ ਨਾ ਮਿਲ ਕੇ ਉਨ੍ਹਾਂ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਤੋਂ ਬਾਅਦ ਅਧਮ ਜ਼ਨਾਨਾ (ਅੰਦਰ) ਵੱਲ ਭੱਜੇ, ਜਿੱਥੇ ਇੱਕ ਕਿਨਰ ਨੇਮਤ ਨੇ ਉਨ੍ਹਾਂ ਨੂੰ ਰੋਕਿਆ।

ਇਸ ਦੌਰਾਨ ਮਚੀ ਹਫ਼ੜਾ-ਤਫੜੀ ਅਤੇ ਡਰੇ ਹੋਏ ਲੋਕਾਂ ਦੀਆਂ ਚੀਕਾਂ ਸੁਣ ਕੇ ਅਕਬਰ ਦੀ ਜਾਗ ਖੁੱਲ੍ਹ ਗਈ ਅਤੇ ਉਹ ਬਾਹਰ ਆਏ ਤੇ ਅਧਮ ਨੂੰ ਫੜ੍ਹ ਲਿਆ।

ਅਧਮ ਖ਼ਾਨ ਨੇ ਆਪਣੇ ਜੁਰਮ ਦਾ ਕਾਰਨ ਦੱਸਣ ਦਾ ਯਤਨ ਕੀਤਾ, ਪਰ ਅਕਬਰ ਨੇ ਉਸ ਦੀ ਇੱਕ ਨਾ ਸੁਣੀ ਅਤੇ ਮੁੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ।

ਇਸ ਤੋਂ ਬਾਅਦ ਅਧਮ ਨੂੰ ਇੱਕ ਮੰਜ਼ਿਲਾ ਇਮਾਰਤ ਦੀ ਛੱਤ ਤੋਂ ਹੇਠਾਂ ਸੁੱਟਣ ਦਾ ਹੁਕਮ ਦਿੱਤਾ ਗਿਆ, ਜਿਸ ਦੀ ਉਚਾਈ ਲਗਭਗ 10 ਫੁੱਟ ਸੀ। ਅਧਮ 10 ਫੁੱਟ ਦੀ ਉਚਾਈ ਤੋਂ ਡਿੱਗਣ ਤੋਂ ਬਾਅਦ ਵੀ ਜ਼ਿੰਦਾ ਸਨ।

ਅਕਬਰ ਨੇ ਹੁਕਮ ਦਿੱਤਾ ਕਿ ਅਧਮ ਨੂੰ ਇੱਕ ਵਾਰ ਫਿਰ ਸਿਰ ਦੇ ਭਾਰ ਛੱਤ ਤੋਂ ਸੁੱਟਿਆ ਜਾਵੇ। ਇਸ ਵਾਰ ਅਧਮ ਖ਼ਾਨ ਦੀ ਮੌਤ ਹੋ ਗਈ।

ਬਾਦਸ਼ਾਹ ਅਕਬਰ ਨੇ ਖੁਦ ਇਹ ਖ਼ਬਰ ਮਾਹਮ ਅੰਗਾ ਨੂੰ ਸੁਣਾਈ ਅਤੇ ਮਾਹਮ ਅੰਗਾ ਨੇ ਕਥਿਤ ਤੌਰ 'ਤੇ ਜਵਾਬ ਦਿੱਤਾ, " ਤੁਸੀਂ ਸਹੀ ਕੀਤਾ।" ਪਰ ਅਧਮ ਖ਼ਾਨ ਦੀ ਮੌਤ ਨੇ ਮਾਹਮ ਅੰਗਾ 'ਤੇ ਬਹੁਤ ਅਸਰ ਪਾਇਆ ਅਤੇ ਕੁਝ ਹੀ ਸਮੇਂ ਬਾਅਦ ਉਨ੍ਹਾਂ ਦਾ ਇੰਤਕਾਲ ਹੋ ਗਿਆ।

ਮਾਹਮ ਅੰਗਾ ਦੇ ਦੂਜੇ ਪੁੱਤਰ ਕੁਲੀ ਖ਼ਾਨ, ਜੋ ਕਿ ਸੰਭਾਵਤ ਇੰਨ੍ਹਾਂ ਗਤੀਵਿਧੀਆਂ 'ਚ ਸ਼ਾਮਲ ਨਹੀਂ ਸਨ, ਉਹ ਅਕਬਰ ਦੇ ਸ਼ਾਸਨ ਦੌਰਾਨ ਸ਼ਾਂਤੀ ਨਾਲ ਆਪਣਾ ਜੀਵਨ ਬਤੀਤ ਕਰਦੇ ਰਹੇ।

ਭੁੱਲ-ਭੁਲਈਆ

ਅਕਬਰ ਨੇ ਉਨ੍ਹਾਂ ਨੂੰ ਦੁੱਧ ਪਿਲਾਉਣ ਵਾਲੀ ਔਰਤ ਮਾਹਮ ਅੰਗਾ, ਜਿੰਨ੍ਹਾਂ ਨੂੰ ਰਜ਼ਾਈ ਮਾਂ ਕਿਹਾ ਜਾਂਦਾ ਹੈ ਅਤੇ ਆਪਣੇ ਦੁੱਧ-ਸ਼ਰੀਕ ਭਰਾ ਅਧਮ ਖ਼ਾਨ ਨੂੰ ਦਫ਼ਨਾਉਣ ਲਈ ਇੱਕ ਮਕਬਰਾ ਬਣਾਉਣ ਦਾ ਹੁਕਮ ਜਾਰੀ ਕੀਤਾ।

1830 'ਚ ਇੱਕ ਅੰਗਰੇਜ਼ ਅਧਿਕਾਰੀ ਨੇ ਉਸ ਮਕਬਰੇ ਨੂੰ ਆਪਣੀ ਰਿਹਾਇਸ਼ ਬਣਾਇਆ ਅਤੇ ਉੱਥੋਂ ਕਬਰਾ ਨੂੰ ਹਟਾ ਦਿੱਤਾ। ਇਹ ਜਗ੍ਹਾ ਇੱਕ ਰੈਸਟ ਹਾਊਸ, ਪੁਲਿਸ ਸਟੇਸ਼ਨ ਅਤੇ ਡਾਕਘਰ ਵੱਜੋਂ ਵੀ ਵਰਤੀ ਜਾਂਦੀ ਰਹੀ ਹੈ।

ਭਾਰਤ ਦੇ ਵਾਇਸਰਾਏ ਅਤੇ ਗਵਰਨਰ ਜਨਰਲ ਲਾਰਡ ਕਰਜ਼ਨ ਨੇ ਮਕਬਰੇ ਨੂੰ ਮੁੜ ਬਹਾਲ ਕੀਤਾ। ਉਨ੍ਹਾਂ ਦੀਆ ਕੋਸ਼ਿਸ਼ਾਂ ਸਦਕਾ ਹੀ ਅਧਮ ਖ਼ਾਨ ਦੀਆਂ ਅਸਥੀਆਂ ਮੁੜ ਉਸ ਥਾਂ 'ਤੇ ਪਹੁੰਚ ਗਈਆਂ, ਪਰ ਮਾਹਮ ਅੰਗਾਂ ਦੀਆਂ ਅਸਥੀਆਂ ਕਦੇ ਨਾ ਮਿਲ ਸਕੀਆਂ।

ਦਿੱਲੀ ਦੇ ਦੱਖਣੀ ਖੇਤਰ ਮਹਿਰੌਲੀ 'ਚ ਕੁਤੁਬ ਮੀਨਾਰ ਦੇ ਉੱਤਰ ਵੱਲ ਇਹ ਮਕਬਰਾ ਸਥਾਪਤ ਹੈ ਅਤੇ ਚੂਨੇ ਪੱਥਰ ਨਾਲ ਬਣਿਆ ਹੋਇਆ ਹੈ।

'ਆਸਾਰੁਸ-ਸਨਾਦੀਦ' 'ਚ ਸਰ ਸੱਯਦ ਅਹਿਮਦ ਖ਼ਾਨ ਇਸ ਇਮਾਰਤ ਬਾਰੇ ਲਿਖਦੇ ਹਨ: " ਇਸ ਦੀ ਇੱਕ ਕੰਧ 'ਚ ਪੌੜੀਆਂ ਹਨ। ਬੁਰਜ ਦੀ ਕੰਧ ਇਸ ਤਰ੍ਹਾਂ ਬਣਾਈ ਗਈ ਹੈ ਕਿ ਇਸ ਦੇ ਆਸ-ਪਾਸ ਮੁੜ ਆਇਆ ਜਾ ਸਕਦਾ ਹੈ।"

"ਇਸ 'ਚ ਇੱਕ ਅਜਿਹਾ ਭੁਲੇਖਾ ਪਾਇਆ ਗਿਆ ਹੈ ਕਿ ਵਿਅਕਤੀ ਨੂੰ ਲੱਗਦਾ ਹੈ ਕਿ ਜਿਸ ਰਸਤੇ ਮੈਂ ਜਾਂਦਾ ਹਾਂ ਉਸੇ ਰਸਤੇ ਹੇਠਾਂ ਆ ਜਾਵਾਂਗਾ, ਪਰ ਇਸ ਦੇ ਉਲਟ ਹੇਠਾਂ ਆਉਣ ਦਾ ਰਸਤਾ ਇੱਕ ਕੋਨੇ 'ਚ ਲੁਕਿਆ ਹੋਇਆ ਹੈ।"

"ਇਸ ਕਰਕੇ ਹੀ ਇਹ ਭੁੱਲ-ਭੁਲਈਆ ਭਾਵ ਰਸਤਾ ਭੁੱਲ ਜਾਣ ਵਾਲੀ ਜਗ੍ਹਾ ਦੇ ਨਾਮ ਨਾਲ ਮਸ਼ਹੂਰ ਹੈ।"

ਇਹ ਮੁਗ਼ਲ ਸ਼ਾਸਨਕਾਲ ਦੌਰਾਨ ਬਣਨ ਵਾਲੇ ਸਭ ਤੋਂ ਪਹਿਲੇ ਮਕਬਰਿਆਂ 'ਚੋਂ ਇੱਕ ਹੈ।

ਸ਼ਾਹੀ ਸ਼ਕਲ ਦਾ, ਕਿਸੇ ਵੀ ਨੱਕਾਸ਼ੀ ਅਤੇ ਸਜਾਵਟ ਤੋਂ ਸੱਖਣਾ ਅਤੇ ਰਸਤਾ ਭੁੱਲਣ ਵਾਲਾ ਇਹ ਸਮਾਰਕ, ਇੱਥੇ ਦਫ਼ਨ ਹੋਣ ਵਾਲੀਆਂ ਉਨ੍ਹਾਂ ਸ਼ਖਸੀਅਤਾਂ ਦੇ ਪਤਨ ਦਾ ਪ੍ਰਤੀਕ ਹੈ, ਜੋ ਕਿ ਤੀਜੇ ਬਾਦਸ਼ਾਹ ਜਲਾਲੂਦੀਨ ਅਕਬਰ ਦੇ ਦਰਬਾਰ 'ਚ ਸਭ ਤੋਂ ਸ਼ਕਤੀਸ਼ਾਲੀ ਸਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)