ਕਲੀ ਜੋਟਾ: ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ਦੇ ਇਨ੍ਹਾਂ ਸੀਨਜ਼ ਉੱਤੇ ਉੱਠਿਆ ਵਿਵਾਦ

ਤਸਵੀਰ ਸਰੋਤ, Neeru Bajwa/Insta
ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀਆਂ ਮੁੱਖ ਭੂਮਿਕਾਵਾਂ ਵਾਲੀ ਪੰਜਾਬੀ ਫਿਲਮ 'ਕਲੀ ਜੋਟਾ' 3 ਫਰਵਰੀ ਨੂੰ ਰਿਲੀਜ਼ ਹੋਈ ਸੀ।
ਪਰ ਹੁਣ ਕਈ ਦਿਨਾਂ ਬਾਅਦ ਇਸ ਉੱਤੇ ਇੱਕ ਵਿਵਾਦ ਖੜ੍ਹਾ ਹੋਣ ਲੱਗਾ ਹੈ ਅਤੇ ਫਿਲਮ ਵਿੱਚ ਬੱਚਿਆਂ ਨੂੰ ਲੈ ਕੇ ਫਿਲਮਾਏ ਗਏ ਕੁਝ ਸੀਨਾਂ 'ਤੇ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ।
ਇਨ੍ਹਾਂ ਹੀ ਇਤਰਾਜ਼ਾਂ ਨੂੰ ਲੈ ਕੇ ਫਿਲਮ ਉੱਤੇ ਪੌਸਕੋ ਐਕਟ ਦੀ ਉਲੰਘਣਾ ਕਰਨ ਦੇ ਇਲਜ਼ਾਮ ਲਾਏ ਗਏ ਇਸ ਉੱਤੇ ਪੰਜਾਬ ਸਟੇਟ ਚਾਈਲਡ ਕਮਿਸ਼ਨ ਦੀ ਬੈਠਕ ਵਿਚ ਚਰਚਾ ਵੀ ਹੋਈ।
ਕਮਿਸ਼ਨ ਦੇ ਇੱਕ ਮੈਂਬਰ ਰਿੰਪਲ ਮਿੱਡਾ ਨੇ ਇਸ ਮਾਮਲੇ ਨੂੰ ਚਾਈਲਡ ਕਮਿਸ਼ਨ ਦੀ ਬੈਠਕ ਦੇ ਏਜੰਡੇ ਵਿੱਚ ਸ਼ਾਮਲ ਕਰਵਾਇਆ। ਪਰ ਇਸ ਉੱਤੇ ਕਮਿਸ਼ਨ ਨੇ ਕੋਈ ਰਸਮੀ ਫੈਸਲਾ ਨਹੀਂ ਲਿਆ।
ਉੱਧਰ ਫਿਲਮ ਨਿਰਮਾਤਾ ਦਾ ਕਹਿਣਾ ਹੈ ਕਿ ਫਿਲਮ ਸੈਂਸਰ ਬੋਰਡ ਵਲੋਂ ਪਾਸ ਕੀਤੇ ਜਾਣ ਤੋਂ ਬਾਅਦ ਹੀ ਸਿਨੇਮਾਘਰਾਂ ਵਿਚ ਲੱਗੀ ਹੈ।

ਫਿਲਮ ਬਾਰੇ ਮੁੱਖ ਗੱਲਾਂ
- ਫਿਲਮ ਕਲੀ ਜੋਟਾ 3 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਆਈ ਸੀ
- ਫਿਲਮ ਵਿੱਚ ਬੱਚਿਆਂ ਨਾਲ ਸੰਬਧਤ ਕੁਝ ਦ੍ਰਿਸ਼ਾਂ ਨੂੰ ਲੈ ਕੇ ਇਤਰਾਜ਼ ਜ਼ਾਹਿਰ ਕੀਤਾ ਗਿਆ ਹੈ
- ਫਿਲਮ ਦੇ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਹਨ
- ਫਿਲਮ ਦੀ ਕਹਾਣੀ ਹਰਿੰਦਰ ਕੌਰ ਨੇ ਲਿਖੀ ਹੈ ਅਤੇ ਇਸ ਦੇ ਡਾਇਰੈਕਟਰ ਵਿਜੇ ਕੁਮਾਰ ਅਰੋੜਾ ਹਨ।
- ਇਹ ਨੀਰੂ ਬਾਜਵਾ ਐਂਟਰਟੇਨਮੈਂਟ, ਯੂਐਂਡਆਈ ਫ਼ਿਲਮਜ਼ ਤੇ ਵੀਐੱਚ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਹੈ

ਕਲੀ ਜੋਟਾ ਉੱਤੇ ਕੀ ਹਨ ਇਲਜ਼ਾਮ
ਚਾਈਲਡ ਕਮਿਸ਼ਨ ਦੀ ਬੈਠਕ ਵਿੱਚ ਕੀ ਹੋਇਆ, ਇਲਜ਼ਾਮਾਂ ਨੂੰ ਲੈ ਕੇ ਕੀ ਕੋਈ ਸਹਿਮਤੀ ਬਣੀ ਅਤੇ ਕਾਰਵਾਈ ਲਈ ਕਦਮ ਚੁੱਕਿਆ ਗਿਆ।
ਇਸ ਬਾਰੇ ਜਾਣਨ ਲਈ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੇ ਕਮਿਸ਼ਨ ਦੇ ਮੈਂਬਰ ਰਿੰਪਲ ਮਿੱਡਾ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕੀਤੀ।
ਮਿੱਡਾ ਨੇ ਦੱਸਿਆ ਕਿ ਇਹ ਮੀਟਿੰਗ ਪਹਿਲਾਂ ਤੋਂ ਤੈਅ ਸੀ ਅਤੇ ਕਲੀ ਜੋਟਾ ਫਿਲਮ ਵਿੱਚ ਬੱਚਿਆਂ ਨੂੰ ਲੈ ਕੇ ਕੁਝ ਇਤਰਾਜ਼ਯੋਗ ਸੀਨ ਦਾ ਮਾਮਲਾ ਬਕਾਇਦਾ ਏਜੰਡੇ ਵਿੱਚ ਸ਼ਾਮਲ ਸੀ।
ਉਨ੍ਹਾਂ ਨੇ ਅੱਗੇ ਕਿਹਾ, "ਬਤੌਰ ਕਮਿਸ਼ਨ ਮੈਂਬਰ ਮੈਂ ਇਹ ਮਹਿਸੂਸ ਕੀਤਾ ਹੈ ਕਿ ਉਨ੍ਹਾਂ ਸੀਨਜ਼ ਨਾਲ ਬੱਚਿਆਂ ਦੀ ਮਾਨਸਿਕਤਾ 'ਤੇ ਗ਼ਲਤ ਪ੍ਰਭਾਵ ਪੈ ਸਕਦਾ ਹੈ। ਅਜਿਹੇ ਸੀਨ ਪੌਕਸੋ ਐਕਟ ਦੀ ਧਾਰਾ 13 ਦੀ ਉਲੰਘਣਾ ਕਰਦੇ ਹਨ।"
"ਇਸ ਲਈ ਇਹ ਫਿਲਮ ਰੋਕ ਕੇ ਇਸ ਵਿੱਚੋਂ ਉਹ ਸੀਨ ਕੱਟੇ ਜਾਣੇ ਚਾਹੀਦੇ ਹਨ। ਇਹੀ ਗੱਲ ਕਮਿਸ਼ਨ ਦੇ ਏਜੰਡੇ 'ਤੇ ਸੀ ਅਤੇ ਇਹ ਏਜੰਡਾ ਮੇਰੇ ਵੱਲੋਂ ਲਿਆਂਦਾ ਗਿਆ ਸੀ।"

ਉਨ੍ਹਾਂ ਨੇ ਅੱਗੇ ਦੱਸਿਆ ਕਿ ਕਮਿਸ਼ਨ ਇਸ 'ਤੇ ਹੋਰ ਵਿਚਾਰ ਕਰਨਾ ਚਾਹੁੰਦਾ ਹੈ ਅਤੇ ਇਸ ਲਈ ਇਸ ਬਾਰੇ ਤੁਰੰਤ ਫ਼ੈਸਲਾ ਨਹੀਂ ਲੈ ਸਕਿਆ ਅਤੇ ਇਹ ਗੱਲ ਵਿਚਾਰਧੀਨ ਹੀ ਰਹਿ ਗਈ ਹੈ।
ਫਿਲਮ ਵਿੱਚ ਇਤਰਾਜ਼ਯੋਗ ਸੀਨਾਂ ਬਾਰੇ ਗੱਲ ਕਰਦਿਆਂ ਮਿੱਡਾ ਨੇ ਦੱਸਿਆ ਕਿ ਇਸ ਵਿੱਚ ਇੱਕ ਸਕੂਲੀ ਬੱਚੀ ਨੂੰ ਜ਼ਬਰਦਸਤੀ ਬਾਂਹ ਫੜ੍ਹਦਿਆਂ ਦਿਖਾਇਆ ਗਿਆ, ਰਾਹ ਰੋਕਦਿਆਂ ਦਿਖਾਇਆ ਗਿਆ, ਇੱਕ ਖ਼ਲਨਾਇਕ ਕਿਰਦਾਰ ਦੀ ਪੇਸ਼ਕਾਰੀ ਕੀਤੀ ਗਈ ਹੈ।
ਮਿੱਡਾ ਆਖਦੇ ਹਨ, "ਅਜਿਹੇ ਸੀਨ ਬੱਚਿਆਂ ਦੀ ਪ੍ਰਵਿਰਤੀ, ਉਨ੍ਹਾਂ ਦੀ ਸੋਚ ਨੂੰ ਗ਼ਲਤ ਪਾਸੇ ਲੈ ਕੇ ਜਾਂਦੇ ਹਨ। ਮੈਂ ਬਤੌਰ ਕਮਿਸ਼ਨ ਮੈਂਬਰ ਇਹ ਮਹਿਸੂਸ ਕਰਦਾ ਹਾਂ ਕਿ ਅਜਿਹੇ ਸੀਨ ਫਿਲਮਾਂ ਵਿੱਚ ਨਹੀਂ ਦਿਖਾਏ ਜਾਣੇ ਚਾਹੀਦੇ।"
ਇਸ ਵਿੱਚ ਕਮਿਸ਼ਨ ਦੀ ਭੂਮਿਕਾ
ਮਿੱਡਾ ਦੱਸਦੇ ਹਨ ਕਿ ਕਮਿਸ਼ਨ ਚਾਰ ਐਕਟਾਂ ਤਹਿਤ ਕਾਰਵਾਈ ਕਰਨ ਦੀ ਸਿਫ਼ਾਰਿਸ਼ ਕਰ ਸਕਦਾ ਹੈ। ਜਿਨ੍ਹਾਂ ਵਿੱਚੋਂ ਜੇਜੇ ਐਕਟ ਅਤੇ ਪੋਕਸੋ ਐਕਟ, ਜੋ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਕਰਦੇ ਹਨ।
ਇਸ ਦੇ ਤਹਿਤ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਉਨ੍ਹਾਂ ਦੇ ਪਾਲਣ-ਪੋਸ਼ਣ ਵਿੱਚ ਕਿਸੇ ਕਿਸਮ ਦਾ ਵਿਘਨ ਨਾ ਪਵੇ, ਇਸ ਲਈ ਕਮਿਸ਼ਨ ਹਰ ਵੇਲੇ ਚੌਕਸ ਰਹਿੰਦਾ ਹੈ।

ਤਸਵੀਰ ਸਰੋਤ, Neeru bajwa/insta
ਮਿੱਡਾ ਆਖਦੇ ਹਨ, " ਸਾਨੂੰ ਐਕਟ ਦੀ ਉਲੰਘਣਾ ਦੀ ਕੋਈ ਗੱਲ ਜਾਪਦੀ ਹੈ ਤਾਂ ਅਸੀਂ ਨੋਟਿਸ ਲੈ ਸਕਦੇ ਹਾਂ, ਕੋਈ ਦਿਸ਼ਾ-ਨਿਰਦੇਸ਼ ਜਾਰੀ ਕਰ ਸਕਦੇ ਹਾਂ ਅਤੇ ਜਿਹੜੇ ਸਬੰਧਤ ਅਦਾਰੇ ਹਨ, ਉਨ੍ਹਾਂ ਇਸ 'ਤੇ ਰੋਕ ਲਈ ਆਖ ਸਕਦੇ ਹਾਂ।"
ਉਨ੍ਹਾਂ ਨੇ ਇਸ ਨੂੰ ਲੈ ਕੇ ਅਗਲੇਰੀ ਮੀਟਿੰਗ ਕਦੋਂ ਹੋਵੇਗੀ ਇਸ ਬਾਰੇ ਅਜੇ ਕੋਈ ਤਰੀਕ ਨਿਰਧਾਰਿਤ ਨਹੀਂ ਕੀਤੀ ਗਈ ਹੈ।
ਕਿਸ ਬਾਰੇ ਹੈ ਫਿਲਮ
ਇੱਕ ਨਿੱਜੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਦੌਰਾਨ ਨੀਰੂ ਬਾਜਵਾ ਨੇ ਕਿਹਾ ਸਮਾਜ ਵਿੱਚ ਔਰਤਾਂ ਨੂੰ ਲੈ ਕੇ ਕਈ ਗ਼ਲਤ ਧਰਾਨਾਵਾਂ ਬਣੀਆਂ ਹਨ।
ਉਹ ਕਹਿੰਦੇ ਹਨ, "ਜੇਕਰ ਕੁੜੀ ਹੱਸਦੀ ਹੋਵੇ, ਮਜ਼ਾਕੀਆ ਸੁਭਾਅ ਦੀ ਹੋਵੇ ਤਾਂ ਉਸ ਦੀ ਬਿਲਕੁਲ ਹੀ ਵੱਖਰਾ ਹੀ ਕੱਢਿਆ ਜਾਂਦਾ ਹੈ।"
ਇਹ ਫਿਲਮ 1990ਵਿਆਂ ਦੇ ਦਹਾਕੇ 'ਤੇ ਆਧਾਰਤਿ ਹੈ ਪਰ ਅਜੋਕੇ ਦੌਰ ਵਿੱਚ ਵੀ ਕੁੜੀਆਂ ਨੂੰ ਲੈ ਕੇ ਧਾਰਨਾਵਾਂ ਵਿੱਚ ਬਹੁਤਾ ਫਰਕ ਨਹੀਂ ਹੈ।
ਨੀਰੂ ਕਹਿੰਦੇ ਹਨ, "ਅੱਜ ਵੀ ਕੁੜੀਆਂ ਸਹਿਜ ਮਹਿਸੂਸ ਨਹੀਂ ਕਰਦੀਆਂ, ਦਿਨ ਵਿੱਚ ਇੱਕ ਵਾਰ ਤਾਂ ਜ਼ਰੂਰ ਅਸਹਿਜ ਹੁੰਦੀਆਂ ਹਨ।"
ਉਨ੍ਹਾਂ ਕਹਿੰਦੇ ਹਨ ਹਰਿੰਦਰ ਕੌਰ ਨੇ ਬਹੁਤ ਸੰਜੀਦਾ ਢੰਗ ਨਾਲ ਕਹਾਣੀ ਲਿਖੀ ਗਈ ਹੈ।
ਸਤਿੰਦਰ ਸਰਤਾਜ ਕਹਿੰਦੇ ਹਨ ਕਿ ਇਸ ਫਿਲਮ ਵਿੱਚ ਹਰੇਕ ਕਿਰਦਾਰ ਦਾ ਸਫ਼ਰ ਦਰਸਾਇਆ ਗਿਆ ਹੈ। ਇਹ ਭਵੁਕ ਸਫ਼ਰ ਹੈ।

ਤਸਵੀਰ ਸਰੋਤ, Neeru Bajwa/FB
ਫ਼ਿਲਮ ਨਿਰਮਾਤਾ ਦਾ ਪੱਖ਼
ਫਿਲਮ ਵਿੱਚ ਨੀਰੂ ਬਾਜਵਾ, ਸਤਿੰਦਰ ਸਰਤਾਜ ਤੇ ਵਾਮਿਕਾ ਗਾਬੀ ਮੁੱਖ ਭੂਮਿਕਾ ਨਿਭਾਅ ਰਹੇ ਹਨ।
ਫਿਲਮ ਦੀ ਕਹਾਣੀ ਹਰਿੰਦਰ ਕੌਰ ਨੇ ਲਿਖੀ ਹੈ ਤੇ ਇਸ ਨੂੰ ਡਾਇਰੈਕਟ ਵਿਜੇ ਕੁਮਾਰ ਅਰੋੜਾ ਨੇ ਕੀਤਾ ਹੈ।
ਫ਼ਿਲਮ ਨੀਰੂ ਬਾਜਵਾ ਐਂਟਰਟੇਨਮੈਂਟ, ਯੂਐਂਡਆਈ ਫ਼ਿਲਮਜ਼ ਤੇ ਵੀਐੱਚ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਹੈ, ਜਿਸ ਦੇ ਨਿਰਮਾਤਾ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਤੇ ਸੰਤੋਸ਼ ਸੁਭਾਸ਼ ਥੀਟੇ ਹਨ।
ਸੁਭਾਸ਼ ਥੀਟੇ ਨਾਲ ਜਦੋਂ ਬਾਲ ਕਮਿਸ਼ਨ ਦੇ ਇੱਕ ਮੈਂਬਰ ਦੇ ਇਲਜ਼ਾਮਾਂ ਬਾਰੇ ਫੋਨ ਉੱਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਿਲਮ ਸੈਂਸਰ ਬੋਰਡ ਵਲੋਂ ਪਾਸ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਸਾਨੂੰ ਅਜੇ ਅਜਿਹੇ ਇਲਜ਼ਾਮਾਂ ਬਾਰੇ ਪਤਾ ਹੀ ਲੱਗਿਆ ਹੈ, ਇਹ ਇਲਜ਼ਾਮ ਕੀ ਹਨ, ਇਸ ਦੇ ਵਿਸਥਾਰ ਵਿਚ ਜਾਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਤਸਵੀਰ ਸਰੋਤ, Neeru Bajwa/FB
ਮਾਪੇ ਬੱਚਿਆਂ ਦੇ ਕੋਲ ਬੈਠਕੇ ਫ਼ਿਲਮ ਦੇਖਣ
ਇਸ ਮਸਲੇ ਬਾਰੇ ਅਸੀਂ ਮਨੋਵਿਗਿਆਨੀ ਡਾ.ਸਿਮੀ ਵੜੈਚ ਨਾਲ ਇਨ੍ਹਾਂ ਦ੍ਰਿਸ਼ਾਂ ਦੇ ਬੱਚਿਆਂ ਦੀ ਮਾਨਸਿਕਤਾ 'ਤੇ ਪੈਂਦੇ ਸੰਭਾਵਿਤ ਪ੍ਰਭਾਵ ਬਾਰੇ ਗੱਲਬਾਤ ਕੀਤੀ।
ਡਾ. ਸਿੰਮੀ ਵੜੈਚ ਨੇ ਕਿਹਾ ਕਿ ਜੇਕਰ ਫ਼ਿਲਮਾਂ ਵਿੱਚ ਅਜਿਹੇ ਦ੍ਰਿਸ਼ ਸਹੀ ਸੰਦੇਸ਼ ਦੇਣ ਲਈ ਫਿਲਮਾਏ ਜਾਂਦੇ ਹਨ ਤਾਂ ਇਹ ਬੱਚਿਆਂ ਨੂੰ ਸਿੱਖਿਅਤ ਵੀ ਕਰ ਸਕਦੇ ਹਨ।
ਉਨ੍ਹਾਂ ਕਿਹਾ, "ਅਜਿਹੀਆਂ ਫ਼ਿਲਮਾਂ ਨੂੰ ਰੇਟਿੰਗ ਦੇਣ ਵੇਲੇ ਬਾਲਗ਼ਾਂ ਦੇ ਦੇਖਣ ਲਈ, ਜਾਂ ਮਾਪਿਆਂ ਦੀ ਨਿਗਰਾਨੀ ਹੇਠ ਬੱਚਿਆਂ ਨੂੰ ਦਿਖਾਉਣ ਦੀ ਹਿਦਾਇਤ ਕੀਤੀ ਜਾ ਸਕਦੀ ਹੈ।"
"ਅਜਿਹੀਆਂ ਫ਼ਿਲਮਾਂ ਮਾਪੇ ਬੱਚਿਆਂ ਦੇ ਨਾਲ ਬਹਿ ਕੇ ਵੇਖਣ, ਉਸ ਬਾਰੇ ਚਰਚਾ ਕਰਨ ਤਾਂ ਬੱਚਿਆਂ ਨੂੰ ਸਿੱਖਿਅਤ ਕੀਤਾ ਜਾ ਸਕਦਾ ਹੈ। ਫਿਰ ਵੀ ਜੇ ਲਗਦਾ ਹੈ ਕਿ ਕੁਝ ਦ੍ਰਿਸ਼ ਬੱਚਿਆਂ ਨੂੰ ਨਹੀਂ ਦੇਖਣੇ ਚਾਹੀਦੇ ਤਾਂ ਉਸ ਨੂੰ ਅਡਲਟ ਫ਼ਿਲਮ (ਸਿਰਫ਼ ਬਾਲਗ਼ਾਂ ਦੇ ਦੇਖਣ ਲਈ) ਰੇਟਿੰਗ ਦਿੱਤੀ ਜਾ ਸਕਦੀ ਹੈ।"
"ਜਿਨ੍ਹਾਂ ਬਾਲ ਕਲਾਕਾਰਾਂ ਦੇ ਨਾਲ ਜਾਂ ਸਾਹਮਣੇ ਅਜਿਹੇ ਦ੍ਰਿਸ਼ ਫ਼ਿਲਮਾਏ ਜਾਂਦੇ ਹਨ ਉਨ੍ਹਾਂ ਨਾਲ ਵੀ ਦ੍ਰਿਸ਼ ਫਿਲਮਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਇਸ ਬਾਰੇ ਚਰਚਾ ਹੋਣੀ ਚਾਹੀਦੀ ਹੈ ਅਤੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।"
ਉਹ ਕਹਿੰਦੇ ਹਨ,"ਉਨ੍ਹਾਂ ਨੂੰ ਦੱਸਿਆ ਜਾਣਾ ਚਾਹੀਦਾ ਹੈ ਕਿ ਉਕਤ ਸੀਨ ਕਿਉਂ ਫਿਲਮਾਇਆ ਜਾ ਰਿਹਾ ਹੈ। ਜਿਵੇਂ ਇਸ ਫ਼ਿਲਮ ਦੀ ਦ੍ਰਿਸ਼ਾਂ ਦੇ ਲਿਹਾਜ਼ ਨਾਲ ਚਰਚਾ ਹੋ ਸਕਦੀ ਹੈ ਕਿ ਤੁਸੀਂ ਆਪਣੇ ਸਕੂਲ ਵਿੱਚ ਅਜਿਹਾ ਕੁਝ ਦੇਖੋ ਤਾਂ ਕੀ ਕਰੋਗੇ, ਕਿਸ ਨੂੰ ਸੂਚਿਤ ਕਰੋਗੇ ਵਗੈਰਾ।"
ਉਨ੍ਹਾਂ ਕਿਹਾ ਕਿ ਅਜਿਹੇ ਦ੍ਰਿਸ਼ ਫਿਲਮਾਉਣ ਲਈ ਬਾਲ ਕਮਿਸ਼ਨ ਨੂੰ ਵੀ ਸੂਚਿਤ ਕੀਤਾ ਜਾ ਸਕਦਾ ਹੈ ਅਤੇ ਨਿਗਰਾਨ(ਅਬਜ਼ਰਵਰ) ਫ਼ਿਲਮ ਦੇ ਸੈਂਟਾਂ ਉੱਤੇ ਬੁਲਾਇਆ ਜਾ ਸਕਦਾ ਹੈ ਤਾਂ ਕਿ ਹੋਰ ਸੰਵੇਦਨਸ਼ੀਲ ਹੋ ਸਕੀਏ।
ਬਾਲ ਕਮਿਸ਼ਨ ਨੂੰ ਵੀ ਫ਼ਿਲਮਾਂ ਵਿੱਚ ਬਾਲ ਕਲਾਕਾਰਾਂ ਦੀ ਸ਼ਮੂਲੀਅਤ ਬਾਰੇ ਸਮੇਂ-ਸਮੇਂ ਨਿਰਦੇਸ਼ ਜਾਰੀ ਕਰਨੇ ਚਾਹੀਦੇ ਹਨ।
ਡਾ.ਸਿਮੀ ਵੜੈਚ ਨੇ ਕਿਹਾ ਕਈ ਫ਼ਿਲਮਾਂ ਵਿੱਚ ਬਾਲ ਸ਼ੋਸ਼ਣ ਵੀ ਦਿਖਾਇਆ ਜਾਂਦਾ ਹੈ, ਪਰ ਉਹ ਸਮਾਜ ਦੀ ਹਕੀਕਤ ਵੀ ਹੁੰਦੀ ਹੈ। ਅਜਿਹੀ ਸਚਾਈ ਲੁਕਾਉਣ ਦੀ ਬਜਾਇ ਇਸ ਬਾਰੇ ਚਰਚਾ ਹੋਵੇ ਤਾਂ ਬਿਹਤਰ ਹੈ ਤਾਂ ਕਿ ਉਹ ਖੁਦ ਲਈ ਸਹੀ ਫ਼ੈਸਲੇ ਲੈ ਸਕਣ।
ਚਰਚਾ ਕਰਨ 'ਤੇ ਉਨ੍ਹਾਂ ਨੂੰ ਆਪਣੇ ਹੱਕਾਂ ਜਿਵੇਂ ਕਿ ਪੌਕਸੋ ਐਕਟ ਬਾਰੇ ਪਤਾ ਲੱਗ ਸਕਦਾ ਹੈ।
ਬੱਚਿਆਂ ਨਾਲ ਉਮਰ ਮੁਤਾਬਕ ਹਰ ਵਿਸ਼ੇ 'ਤੇ ਗੱਲ ਹੋਣੀ ਜ਼ਰੂਰੀ ਹੈ, ਤਾਂ ਕਿ ਉਨ੍ਹਾਂ ਨੂੰ ਸਹੀ-ਗ਼ਲਤ ਬਾਰੇ ਦੱਸਿਆ ਜਾ ਸਕੇ।

ਇਹ ਵੀ ਪੜ੍ਹੋ-













