ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ: ਜਾਣੋ ਕੌਣ ਹਨ ਦਾਅਵੇਦਾਰ ਤੇ ਤੁਸੀਂ ਵੀ ਕਰੋ ਵੋਟਿੰਗ

ਤਸਵੀਰ ਸਰੋਤ, Getty Images/BBC
ਬੀਬੀਸੀ ਇਸ ਸਾਲ 'ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਐਵਾਰਡ' ਦੇ ਚੌਥੇ ਐਡੀਸ਼ਨ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਲਈ ਨਾਮਜ਼ਦ ਖਿਡਾਰਨਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਸਾਲ 2022 ਲਈ ਪੰਜ ਦਾਅਵੇਦਾਰਾਂ ਦੀ ਸੂਚੀ ਵਿੱਚ ਵੇਟਲਿਫਟਰ ਮੀਰਾਬਾਈ ਚਾਨੂ, ਪਹਿਲਵਾਨ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ, ਸ਼ਟਲਰ ਪੀਵੀ ਸਿੰਧੂ ਅਤੇ ਮੁੱਕੇਬਾਜ਼ ਨਿਖਤ ਜ਼ਰੀਨ ਸ਼ਾਮਲ ਹਨ।
ਸਮਾਗਮ ਦੀ ਮੁੱਖ ਮਹਿਮਾਨ ਏਕਤਾ ਭਿਆਨ, ਪੈਰਾ-ਐਥਲੀਟ ਅਤੇ ਸਾਲ 2018 ਵਿੱਚ ਏਸ਼ੀਅਨ ਪੈਰਾ ਖੇਡਾਂ ਵਿੱਚ ਸੋਨ ਤਗਮਾ ਜੇਤੂ, ਨੇ ਕਿਹਾ, 'ਔਰਤਾਂ ਦੇ ਸਸ਼ਕਤੀਕਰਨ ਲਈ ਖੇਡ ਸਭ ਤੋਂ ਵਧੀਆ ਸਾਧਨ ਹੈ। ਜਦੋਂ ਕੋਈ ਮਹਿਲਾ ਖੇਡਦੀ ਹੈ ਅਤੇ ਦੇਸ਼ ਲਈ ਤਗ਼ਮਾ ਜਿੱਤਦੀ ਹੈ, ਤਾਂ ਇਹ ਹੁਣ ਲਿੰਗ-ਆਧਾਰਿਤ ਨਹੀਂ ਰਿਹਾ ਹੈ। ਉਸ ਦੀ ਜਿੱਤ ਦੀ ਕਦਰ ਕੀਤੀ ਜਾਂਦੀ ਹੈ ਅਤੇ ਸਾਰੇ ਇੱਕੋ ਜਿਹੇ ਦੇਸ਼ ਭਗਤੀ ਦੇ ਜਜ਼ਬੇ ਨਾਲ ਇਸ ਨੂੰ ਸਾਂਝੀ ਕਰਦੇ ਹਨ ਅਤੇ ਜਸ਼ਨ ਮਨਾਉਂਦੇ ਹਨ।"
ਏਕਤਾ ਭਿਆਨ ਨੇ ਪੈਰਾ-ਐਥਲੀਟਾਂ ਨੂੰ ਇਨਾਮ ਦੇਣ ਅਤੇ ਸ਼ਕਤੀਸ਼ਾਲੀ ਸੰਦੇਸ਼ ਦੇਣ ਲਈ ਬੀਬੀਸੀ ਦੀ ਸ਼ਲਾਘਾ ਕੀਤੀ ਕਿ ਅਸਮਰੱਥ ਲੋਕਾਂ ਵਿੱਚ ਪ੍ਰਤਿਭਾ ਅਤੇ ਯੋਗਤਾਵਾਂ ਹੁੰਦੀਆਂ ਹਨ ਜਿਨ੍ਹਾਂ ਪਛਾਨਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਮਾਨਤਾ ਦੇਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ, "ਅਜਿਹੀ ਮਾਨਤਾ ਜਨਤਕ ਤੌਰ 'ਤੇ ਜਾਗਰੂਕਤਾ ਪੈਦਾ ਕਰਨ ਅਤੇ ਪੈਰਾ-ਸਪੋਰਟਸ ਦੀ ਸ਼ਮੂਲੀਅਤ ਵਧਾਉਣ ਵਿੱਚ ਮਦਦ ਕਰਦੀ ਹੈ। ਮੈਂ ਉਮੀਦ ਕਰਦੀ ਹਾਂ ਕਿ ਇਸ ਨਾਲ ਪੈਰਾ-ਐਥਲੀਟਾਂ ਨੂੰ ਮੁਕਾਬਲੇਬਾਜ਼ੀ ਤੇ ਅੱਗੇ ਵਧਣ ਦੇ ਹੋਰ ਮੌਕੇ ਮਿਲਣਗੇ ਅਤੇ ਸਰੀਰਕ ਪੱਖੋਂ ਅਸਮਰੱਥ ਲੋਕਾਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨਗੇ।"
ਏਕਤਾ ਆਖਦੇ ਹਨ, "ਪੈਰਾ ਐਥਲੀਟ ਹੋਣ ਕਾਰਨ ਸਾਡੇ ਕੋਲ ਕਈ ਚੁਣੌਤੀਆਂ ਹਨ। ਘਰੋਂ ਬਾਹਰ ਨਿਕਲਣਾ ਹੀ ਸਾਡੇ ਲਈ ਇੱਕ ਚੁਣੌਤੀ ਹੈ। ਬਦਕਿਸਮਤੀ ਨਾਲ ਸਾਡੇ ਕੋਲ ਅਜਿਹਾ ਕੋਈ ਵ੍ਹੀਲ ਚੇਅਰ ਨਹੀਂ ਜੋ ਜ਼ਿਆਦਾਤਰ ਜਨਤਕ ਥਾਵਾਂ 'ਤੇ ਜਾ ਸਕੇ।"" ਸਾਨੂੰ ਰੋਜ਼ਾਨਾ 'ਤੇ ਮਾਨਸਿਕ ਤੌਰ 'ਤੇ ਸਖ਼ਤ ਰਹਿਣਾ ਪੈਂਦਾ ਹੈ। ਸਹੀ ਮਾਨਸਿਕਤਾ ਨਾਲ ਅਸੀਂ ਚੁਣੌਤੀਆਂ 'ਤੇ ਕਾਬੂ ਪਾ ਰਹੇ ਹਾਂ।"
ਕੁੜੀਆਂ ਸਾਡੇ ਤੋਂ ਦੋ ਕਦਮ ਅੱਗੇ ਹਨ- ਵਿਜੇਂਦਰ
ਇਸ ਦੌਰਾਨ ਮੁੱਕੇਬਾਜ਼ ਅਤੇ ਓਲੰਪਿਕ ਤਗ਼ਮਾ ਜੇਤੂ ਵਿਜੇਂਦਰ ਸਿੰਘ ਨੇ ਕਿਹਾ, ''ਮੇਰੀ ਦਾਦੀ ਮੇਰੀ ਪ੍ਰੇਰਣਾ ਰਹੀ ਹੈ, ਮੈਂ ਜੋ ਹਾਂ ਉਨ੍ਹਾਂ ਦੀ ਸਿੱਖਿਆ ਕਰਕੇ ਹੀ ਹਾਂ। ਮੈਂ ਨਹੀਂ ਸਮਝਦਾ ਕਿ ਮਹਿਲਾਵਾਂ ਕਿਸੇ ਵੀ ਪੱਖੋਂ ਮਰਦਾਂ ਤੋਂ ਪਿੱਛੇ ਹੈ। ਮੈਂ ਹਰਿਆਣਾ ਹਰਿਆਣਾ ਦੇ ਖੇਤਾਂ ਤੋਂ ਲੈਕੇ ਖੇਡ ਮੈਦਾਨ ਵਿਚ ਜਦੋਂ ਦੇਖਦਾ ਹਾਂ ਤਾਂ ਪਾਉਂਦਾ ਹਾਂ ਕਿ ਮਹਿਲਾਵਾਂ ਮਰਦਾਂ ਤੋਂ ਵੀ ਅੱਗੇ ਹਨ। ਮੈਂ ਉਨ੍ਹਾਂ ਦਾ ਸਨਮਾਨ ਕਰਨ ਲਈ ਹੀ ਅੱਜ ਦੇ ਸਮਾਗਮ ਵਿਚ ਆਇਆ ਹਾਂ।''

''ਮੈਰੀਕੌਮ ਨੂੰ ਦੇਖੋ ਨਿਖਤ ਜ਼ਰੀਨ ਅਤੇ ਸਾਖ਼ਸ਼ੀ ਮਲਿਕ ਨੂੰ ਸਾਰੀਆਂ ਕੁੜੀਆਂ ਬਹੁਤ ਵਧੀਆਂ ਖੇਡ ਰਹੀਆਂ ਹਨ, ਮੈਨੂੰ ਤਾਂ ਲੱਗਦਾ ਹੈ ਕਿ ਕੁੜੀਆਂ ਸਾਡੇ ਤੋਂ ਦੋ ਕਦਮ ਅੱਗੇ ਹਨ।''
''ਸਾਡੀਆਂ ਖਿਡਾਰਨਾਂ ਨੇ ਵਾਰ-ਵਾਰ ਮੈਦਾਨ ਵਿੱਚ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਹੈ। ਉਹ ਅਸਲ ਜੁਝਾਰਨਾਂ ਹਨ। ਮੈਂ ਸਾਡੀਆਂ ਖਿਡਾਰਨਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨ ਲਈ ਬੀਬੀਸੀ ਦੀ ਵਚਨਬੱਧਤਾ ਦਾ ਸਵਾਗਤ ਕਰਦਾ ਹਾਂ।''
ਭਾਰਤ ਲ਼ਈ ਸੋਨਾ ਜਿੱਤਦੇ ਰਹਿਣਗੇ- ਅੰਜੁਮ
ਭਾਰਤੀ ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਅੰਜੁਮ ਚੋਪੜਾ ਇਸ ਸਮਾਗਮ ਵਿਚ ਵਿਦੇਸ਼ ਤੋਂ ਔਨਲਾਇਨ ਹਾਜ਼ਰ ਹੋਏ।
ਅੰਜੁਮ ਨੇ ਕਿਹਾ ਕਿ ਪਿਛਲੇ ਕੁਝ ਹਫ਼ਤੇ ਮਹਿਲਾ ਕ੍ਰਿਕਟ ਲਈ ਸ਼ਾਨਦਾਰ ਰਹੇ ਹਨ। ਸਭ ਕੁਝ ਪਲਟ ਗਿਆ ਹੈ। ਇਸ ਦਾ ਕਿੰਨਾ ਕੁ ਅਸਰ ਹੋਵੇਗਾ, ਇਹ ਦੇਖਣ ਲਈ ਸਾਨੂੰ ਉਡੀਕ ਕਰਨੀ ਪਵੇਗੀ।
ਉਨ੍ਹਾਂ ਕਿਹਾ ਕਿ ਜਿਹੜੀਆਂ ਖਿਡਾਰਨਾਂ ਨੂੰ ਚੁਣਿਆ ਗਿਆ ਗਿਆ ਹੈ, ਉਹ ਭਾਰਤ ਲਈ ਸੋਨਾ ਜਿੱਤ ਰਹੇ ਹਨ ਅਤੇ ਹੋਰ ਵੀ ਜਿੱਤਦੇ ਰਹਿਣਗੇ।

ਔਰਤਾਂ ਦੀ ਸਮਰੱਥਾ ਦਾ ਜਸ਼ਨ - ਰੂਪਾ
ਬੀਬੀਸੀ ਨਿਊਜ਼ ਦੀ ਭਾਰਤ ਦੀ ਮੁਖੀ ਰੂਪਾ ਝਾਅ ਨੇ ਅੱਜ ਦੀ ਪ੍ਰੈੱਸ ਕਾਨਫਰੰਸ ਵਿੱਚ ਕਿਹਾ: ਇਹ ਪੁਰਸਕਾਰ ਭਾਰਤੀ ਖਿਡਾਰਨਾਂ ਦੇ ਯੋਗਦਾਨ ਦਾ ਸਨਮਾਨ ਕਰਦਾ ਹੈ ਅਤੇ ਦੇਸ਼ ਵਿੱਚ ਖੇਡਾਂ ਵਿੱਚ ਔਰਤਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਾ ਹੈ।
ਤੁਸੀਂ ਬੀਬੀਸੀ ਦੀ ਕਿਸੇ ਵੀ ਭਾਰਤੀ ਭਾਸ਼ਾ ਦੀ ਵੈੱਬਸਾਈਟ (ਭਾਸ਼ਾ ਵਿਸ਼ੇਸ਼ ਦੇ ਯੂਆਰਐੱਲ) ਜਾਂ ਬੀਬੀਸੀ ਸਪੋਰਟ ਵੈੱਬਸਾਈਟ 'ਤੇ ਲੌਗਇਨ ਕਰਕੇ ਸਾਲ ਦੀ ਆਪਣੀ ਮਨਪਸੰਦ ਭਾਰਤੀ ਖਿਡਾਰਨ ਲਈ ਵੋਟ ਦੇ ਸਕਦੇ ਹੋ।
ਵੋਟਿੰਗ 20 ਫਰਵਰੀ 2023 ਨੂੰ ਭਾਰਤੀ ਸਮੇਂ ਅਨੁਸਾਰ ਰਾਤ 11.30 (1800GMT) ਤੱਕ ਜਨਤਾ ਲਈ ਖੁੱਲੀ ਰਹੇਗੀ। ਜੇਤੂ ਦਾ ਐਲਾਨ 5 ਮਾਰਚ 2023 ਨੂੰ ਦਿੱਲੀ ਵਿੱਚ ਇੱਕ ਪ੍ਰੋਗਰਾਮ ਵਿੱਚ ਕੀਤਾ ਜਾਵੇਗਾ।
ਇਸ ਦੇ ਸਾਰੇ ਨਿਯਮ ਅਤੇ ਸ਼ਰਤਾਂ ਅਤੇ ਗੁਪਤਤਾ ਨੋਟਿਸ ਵੈੱਬਸਾਈਟ 'ਤੇ ਉਪਲੱਬਧ ਹਨ।
ਨਤੀਜਿਆਂ ਦਾ ਐਲਾਨ ਬੀਬੀਸੀ ਭਾਰਤੀ ਭਾਸ਼ਾਵਾਂ ਦੀਆਂ ਸਾਈਟਾਂ ਅਤੇ ਬੀਬੀਸੀ ਸਪੋਰਟ ਵੈੱਬਸਾਈਟ 'ਤੇ ਵੀ ਕੀਤਾ ਜਾਵੇਗਾ।
ਸਭ ਤੋਂ ਵੱਧ ਜਨਤਕ ਵੋਟਾਂ ਹਾਸਲ ਕਰਨ ਵਾਲੀ ਖਿਡਾਰਨ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ਼ ਦਿ ਈਅਰ ਹੋਵੇਗੀ।
ਨਾਮਜ਼ਦ ਖਿਡਰਾਨਾਂ ਬਾਰੇ ਜਾਣੋ
ਮੀਰਾਬਾਈ ਚਾਨੂ

ਤਸਵੀਰ ਸਰੋਤ, Getty Images
ਵੇਟਲਿਫਟਿੰਗ ਚੈਂਪੀਅਨ ਸੈਖੋਮ ਮੀਰਾਬਾਈ ਚਾਨੂ ਨੇ 2021 ਵਿੱਚ ਖੇਡ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾਇਆ ਜਦੋਂ ਉਹ ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਵੇਟਲਿਫਟਰ ਬਣੀ। ਇਸ ਦੇ ਬਾਅਦ ਉਸ ਨੇ 2022 ਵਿੱਚ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਚਾਂਦੀ ਅਤੇ 2022 ਦੀਆਂ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ।
ਮੀਰਾਬਾਈ ਨੇ 2016 ਤੋਂ ਬਾਅਦ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ ਜਦੋਂ ਉਹ ਰੀਓ ਖੇਡਾਂ ਵਿੱਚ ਭਾਰ ਚੁੱਕਣ ਵਿੱਚ ਅਸਫਲ ਰਹੀ ਸੀ ਅਤੇ ਇਸ ਖੇਡ ਨੂੰ ਲਗਭਗ ਅਲਵਿਦਾ ਕਹਿ ਦਿੱਤਾ ਸੀ।
ਪਰ ਉਸ ਨੇ ਵਰਲਡ ਵੇਟਲਿਫਟਿੰਗ ਚੈਂਪੀਅਨਸ਼ਿਪ 2017 ਵਿੱਚ ਸੋਨ ਤਗ਼ਮਾ ਜਿੱਤ ਕੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ।
ਭਾਰਤ ਦੇ ਉੱਤਰ-ਪੂਰਬੀ ਰਾਜ ਮਨੀਪੁਰ ਵਿੱਚ ਪੈਦਾ ਹੋਈ ਅਤੇ ਚਾਹ ਦੀ ਸਟਾਲ ਲਗਾਉਣ ਵਾਲੇ ਦੀ ਧੀ, ਮੀਰਾਬਾਈ ਨੂੰ ਆਪਣੇ ਖੇਡ ਕਰੀਅਰ ਦੀ ਸ਼ੁਰੂਆਤੀ ਦੇ ਪੜਾਵਾਂ ਵਿੱਚ ਕਈ ਵਿੱਤੀ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਿਆ।
ਪਰ ਉਸ ਨੇ ਓਲੰਪਿਕ ਚੈਂਪੀਅਨ ਬਣਨ ਲਈ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ ਹੈ।
ਮੀਰਾਬਾਈ ਚਾਨੂ ਨੇ 2021 ਲਈ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ ਜਿੱਤਿਆ।
ਸਾਕਸ਼ੀ ਮਲਿਕ

ਤਸਵੀਰ ਸਰੋਤ, Getty Images
ਸਾਕਸ਼ੀ ਨੇ 2016 ਰੀਓ ਓਲੰਪਿਕ ਵਿੱਚ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਭਲਵਾਨ ਬਣ ਕੇ ਇਤਿਹਾਸ ਰਚਿਆ ਹੈ, ਜਿੱਥੇ ਉਹਨਾਂ ਨੇ 58 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
ਉਹ ਓਲੰਪਿਕ ਤਗ਼ਮਾ ਜਿੱਤਣ ਵਾਲੀ ਚੌਥੀ ਭਾਰਤੀ ਮਹਿਲਾ ਸੀ।
ਸਾਕਸ਼ੀ ਨੂੰ ਹਮੇਸ਼ਾ ਖੇਡਾਂ ਵਿੱਚ ਦਿਲਚਸਪੀ ਸੀ।
ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਦਾਦਾ ਜੀ ਵੀ ਭਲਵਾਨ ਸਨ ਤਾਂ ਉਸ ਨੂੰ ਹੋਰ ਪ੍ਰੇਰਨਾ ਮਿਲੀ।
ਰੀਓ ਓਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਬਾਅਦ ਸਾਕਸ਼ੀ ਦਾ ਕਰੀਅਰ ਲੜਖੜਾ ਗਿਆ, ਪਰ ਉਸ ਨੇ 2022 ਵਿੱਚ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ।
ਸਾਕਸ਼ੀ ਮਲਿਕ ਇਸ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਅਤੇ ਕਾਂਸੀ ਦਾ ਤਗ਼ਮਾ ਜਿੱਤ ਚੁੱਕੀ ਹੈ।
ਵਿਨੇਸ਼ ਫੋਗਾਟ

ਤਸਵੀਰ ਸਰੋਤ, Getty Images
ਵਿਨੇਸ਼ ਫੋਗਾਟ ਕੁਸ਼ਤੀ ਵਿੱਚ ਦੋ ਵਿਸ਼ਵ ਚੈਂਪੀਅਨਸ਼ਿਪ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ।
ਉਹ ਰਾਸ਼ਟਰਮੰਡਲ ਅਤੇ ਏਸ਼ਿਆਈ ਖੇਡਾਂ ਦੋਵਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਵੀ ਹੈ।
ਰਾਸ਼ਟਰਮੰਡਲ ਖੇਡਾਂ ਵਿੱਚ ਵਿਨੇਸ਼ ਦੇ ਨਾਮ ਲਗਾਤਾਰ ਤਿੰਨ ਸੋਨ ਤਗ਼ਮੇ ਹਨ।
ਹਾਲਾਂਕਿ ਇਹ ਤਗ਼ਮੇ ਵੱਖ-ਵੱਖ ਭਾਰ ਵਰਗਾਂ ਵਿੱਚੋਂ ਆਏ ਹਨ।
ਰਾਸ਼ਟਰਮੰਡਲ ਖੇਡਾਂ ਵਿੱਚ ਉਸ ਦਾ ਤਾਜ਼ਾ ਸੋਨ ਤਗ਼ਮਾ ਅਗਸਤ 2022 ਵਿੱਚ 53 ਕਿਲੋਗ੍ਰਾਮ ਭਾਰ ਵਰਗ ਵਿੱਚ ਜਿੱਤਿਆ ਗਿਆ ਸੀ।
ਵਿਨੇਸ਼ ਮਹਿਲਾ ਪਹਿਲਵਾਨਾਂ ਦੇ ਪਰਿਵਾਰ ਤੋਂ ਆਉਂਦੀ ਹੈ, ਉਸ ਦੀਆਂ ਚਚੇਰੀਆਂ ਭੈਣਾਂ ਗੀਤਾ ਅਤੇ ਬਬੀਤਾ ਫੋਗਾਟ ਨੇ ਵੀ ਕਈ ਅੰਤਰਰਾਸ਼ਟਰੀ ਤਗ਼ਮੇ ਜਿੱਤੇ ਹਨ।
ਪੀਵੀ ਸਿੰਧੂ

ਤਸਵੀਰ ਸਰੋਤ, Getty Images
ਬੈਡਮਿੰਟਨ ਖਿਡਾਰਨ ਪੁਸਰਲਾ ਵੈਂਕਟ ਸਿੰਧੂ (ਪੀਵੀ ਸਿੰਧੂ) ਓਲੰਪਿਕ ਵਿੱਚ ਦੋ ਵਿਅਕਤੀਗਤ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ।
ਟੋਕੀਓ ਖੇਡਾਂ ਦਾ ਕਾਂਸੀ ਤਗ਼ਮਾ ਉਸ ਦੀ ਦੂਜੀ ਓਲੰਪਿਕ ਜਿੱਤ ਹੈ।
ਉਸ ਨੇ 2016 ਵਿੱਚ ਰੀਓ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਸਿੰਧੂ ਨੇ 2022 ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਸੀ।
ਇਸ ਤੋਂ ਪਹਿਲਾਂ ਸਿੰਧੂ ਨੇ 2021 ਵਿੱਚ ਬੈਡਮਿੰਟਨ ਵਿਸ਼ਵ ਫੈਡਰੇਸ਼ਨ (ਬੀਡਬਲਯੂਐੱਫ) ਵਰਲਡ ਟੂਰ ਫਾਈਨਲਜ਼ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
ਸਿੰਧੂ 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਤਿਹਾਸਕ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ।
ਉਸ ਨੇ ਸਤੰਬਰ 2012 ਵਿੱਚ ਬੀਡਬਲਯੂਐੱਫ ਵਿਸ਼ਵ ਰੈਂਕਿੰਗ ਦੇ ਸਿਖਰਲੇ 20 ਵਿੱਚ 17 ਦੀ ਉਮਰ ਵਿੱਚ ਪ੍ਰਵੇਸ਼ ਕੀਤਾ ਸੀ।
ਉਸ ਨੇ ਜਨਤਕ ਵੋਟ ਦੇ ਬਾਅਦ 2019 ਲਈ ਸ਼ੁਰੂਆਤੀ ਬੀਬੀਸੀ ਇੰਡੀਅਨ ਸਪੋਰਟਸ ਵੂਮੈਨ ਆਫ ਦਿ ਈਅਰ ਐਵਾਰਡ ਜਿੱਤਿਆ ਸੀ।
ਨਿਖਤ ਜ਼ਰੀਨ

ਤਸਵੀਰ ਸਰੋਤ, Getty Images
2011 ਵਿੱਚ ਜੂਨੀਅਰ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਨਿਖਤ ਜ਼ਰੀਨ 2022 ਵਿੱਚ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਬਣਨ ਲਈ ਅੱਗੇ ਵਧੀ।
ਨਿਖਤ ਨੇ ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਵਿੱਚ ਫਲਾਈਵੇਟ ਵਰਗ ਵਿੱਚ ਮੁੱਕੇਬਾਜ਼ੀ ਵਿੱਚ ਸੋਨ ਤਗ਼ਮਾ ਵੀ ਜਿੱਤਿਆ।
ਉਸ ਨੇ 2022 ਦਾ ਅੰਤ ਭਾਰਤ ਵਿੱਚ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਨਾਲ ਕੀਤਾ।
ਇਹ ਜ਼ਰੀਨ ਦੇ ਪਿਤਾ ਹੀ ਸਨ ਜਿਨ੍ਹਾਂ ਨੇ ਉਸ ਨੂੰ ਖੇਡਾਂ ਨਾਲ ਜਾਣੂ ਕਰਵਾਇਆ ਕਿਉਂਕਿ ਉਹ ਚਾਹੁੰਦੇ ਸਨ ਕਿ ਉਸ ਦੀ ਊਰਜਾਵਾਨ ਧੀ ਆਪਣੀ ਊਰਜਾ ਨੂੰ ਚੈਨੇਲਾਇਜ਼ ਕਰੇ।
12 ਸਾਲ ਦੀ ਉਮਰ ਵਿੱਚ ਇੱਕ ਮੁਕਾਬਲੇ ਦੌਰਾਨ ਉਸ ਦੀ ਅੱਖ ਕਾਲੀ ਹੋਣ ਲੱਗਣ ਅਤੇ ਉਸ ਦੇ ਵਿਆਹ ਦੀਆਂ ਸੰਭਾਵਨਾਵਾਂ ਬਾਰੇ ਰਿਸ਼ਤੇਦਾਰਾਂ ਨੇ ਭੱਦੀਆਂ ਟਿੱਪਣੀਆਂ ਕੀਤੀਆਂ।
ਇਸ ਕਾਰਨ ਉਸ ਦੀ ਮਾਂ ਦੀਆਂ ਸ਼ੁਰੂਆਤੀ ਚਿੰਤਾਵਾਂ ਨੂੰ ਪਾਸੇ ਰੱਖਦਿਆਂ, ਨਿਖਤ ਦੇ ਪਿਤਾ ਨੇ ਉਸ ਨੂੰ ਆਪਣੇ ਸੁਪਨਿਆਂ ਦਾ ਪਿੱਛਾ ਕਰਨ ਲਈ ਉਤਸ਼ਾਹਿਤ ਕੀਤਾ।
ਉਦੋਂ ਤੋਂ ਲੈ ਕੇ ਹੁਣ ਤੱਕ ਨਿਖਤ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।













