You’re viewing a text-only version of this website that uses less data. View the main version of the website including all images and videos.
ਸੁਧੀਰ ਸੂਰੀ ਕੌਣ ਸਨ, ਜਿਨ੍ਹਾਂ ਦਾ ਅੰਮ੍ਰਿਤਸਰ ਵਿੱਚ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ
ਅੰਮ੍ਰਿਤਸਰ ਵਿੱਚ ਸਥਾਨਕ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਮਜੀਠਾ ਰੋਡ ਦੇ ਗੋਪਾਲ ਮੰਦਿਰ ਬਾਹਰ ਉਨ੍ਹਾਂ ਉੱਤੇ ਹਮਲਾ ਹੋਇਆ ਸੀ, ਜੋ ਅਕਸਰ ਭੀੜਭਾੜ ਵਾਲਾ ਇਲਾਕਾ ਮੰਨਿਆ ਜਾਂਦਾ ਹੈ।
ਜਦੋਂ ਸੂਰੀ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਸੀ।
ਉਹ ਹਮਲੇ ਤੋਂ ਪਹਿਲਾਂ ਗੋਪਾਲ ਮੰਦਿਰ ਦੇ ਬਾਹਰ ਧਰਨੇ ਉੱਤੇ ਬੈਠੇ ਹੋਏ ਸਨ।
ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਮੁਤਾਬਕ ਉਨ੍ਹਾਂ ਨਾਲ ਕਿਸੇ ਦੀ ਬਹਿਸਬਾਜ਼ੀ ਹੁੰਦੀ ਦਿਖਾਈ ਦੇ ਰਹੀ ਹੈ ਅਤੇ ਫਿਰ ਉਨ੍ਹਾਂ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ।
ਗੋਲੀਆਂ ਮਾਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸਦਾ ਹਥਿਆਰ ਵੀ ਜ਼ਬਤ ਕਰ ਲਿਆ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ-
ਕੌਣ ਹਨ ਸੂਰੀ
ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਅੰਮ੍ਰਿਤਸਰ ਵਿੱਚ ਜਨਮੇ ਸੁਧੀਰ ਸੂਰੀ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸਨ। ਪੇਸ਼ੇ ਤੋਂ ਟਰਾਂਸਪੋਰਟਰ ਸੂਰੀ ਇੱਕ ਹਿੰਦੂਤਵ ਦੱਖਣਪੰਥੀ ਆਗੂ ਸਨ।
ਸੂਰੀ ਦੇ ਤਿੰਨ ਪੁੱਤਰ ਅਤੇ ਇੱਕ ਧੀ ਹੈ। ਸ਼ੁਰੂ ਵਿੱਚ ਉਹ ਸੱਜੇ ਪੱਖੀ ਹਿੰਦੂ ਪਾਰਟੀਆਂ ਦੀਆਂ ਸਿਆਸੀ ਸਰਗਰਮੀਆਂ ਵਿੱਚ ਹਿੱਸਾ ਲੈਂਦੇ ਸਨ, ਬਾਅਦ ਵਿੱਚ ਉਨ੍ਹਾਂ ਨੇ ਲਗਭਗ ਸੱਤ ਸਾਲ ਪਹਿਲਾਂ ਸ਼ਿਵ ਸੈਨਾ (ਟਕਸਾਲੀ) ਨਾਮ ਦੀ ਆਪਣੀ ਸੰਸਥਾ ਬਣਾਈ ਸੀ।
ਉਨ੍ਹਾਂ ਵਿਰੁੱਧ ਧਾਰਾ 295 ਤਹਿਤ ਦੋ ਕੇਸ ਵੀ ਚੱਲ ਰਹੇ ਸਨ।
ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ 2021 ਵਿੱਚ ਉਨ੍ਹਾਂ ਦੇ ਕੋਲ ਲਗਭਗ 15 ਸੁਰੱਖਿਆ ਕਰਮਚਾਰੀ ਸਨ। ਉਨ੍ਹਾਂ ਨੂੰ ਵਾਈ ਕੈਟੇਗਰੀ ਦੀ ਸਕਿਊਰਿਟੀ ਮਿਲੀ ਹੋਈ ਸੀ।
ਉਹ ਅਕਸਰ ਵਿਵਾਦਤ ਬਿਆਨਾਂ ਕਰਕੇ ਚਰਚਾ ਵਿੱਚ ਰਹਿੰਦੇ ਸਨ।
ਉਨ੍ਹਾਂ ਨੂੰ ਅਪ੍ਰੈਲ 2020 ਵਿੱਚ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਤਬਲੀਗੀ ਜਮਾਤ ਭਾਈਚਾਰੇ ਦੇ ਵਿਰੁੱਧ ਸੋਸ਼ਲ ਮੀਡੀਆ 'ਤੇ ਇਤਰਾਜ਼ਯੋਗ ਟਿੱਪਣੀਆਂ ਲਈ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਸੂਰੀ ਨੂੰ ਜੁਲਾਈ 2020 ਵਿੱਚ ਅੰਮ੍ਰਿਤਸਰ ਪੁਲਿਸ ਨੇ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਇੱਕ ਵਾਰ ਫਿਰ ਗ੍ਰਿਫਤਾਰ ਕੀਤਾ ਸੀ ਕਿਉਂਕਿ ਉਨ੍ਹਾਂ ਦੀ ਇੱਕ ਵੀਡੀਓ ਕਲਿੱਪ ਵਾਇਰਲ ਹੋਈ ਸੀ, ਜਿਸ ਵਿੱਚ ਉਹ ਔਰਤਾਂ ਬਾਰੇ ਮਾੜੀ ਸ਼ਬਦਾਵਲੀ ਅਤੇ ਵੱਖ-ਵੱਖ ਸਮੂਹਾਂ ਦਰਮਿਆਨ ਦੁਸ਼ਮਣੀ ਭੜਕਾਉਣ ਵਾਲੀਆਂ ਗੱਲਾਂ ਕਰ ਰਹੇ ਸਨ।
ਬਾਅਦ ਵਿੱਚ ਉਨ੍ਹਾਂ ਨੂੰ ਜੁਲਾਈ 2021 ਵਿੱਚ ਅੰਮ੍ਰਿਤਸਰ ਪੁਲਿਸ ਵੱਲੋਂ ਮੁੜ ਗ੍ਰਿਫ਼ਤਾਰ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਕਥਿਤ ਤੌਰ 'ਤੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਅਪਲੋਡ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ਸਿੱਖ ਗੁਰੂਆਂ ਅਤੇ ਸਿੱਖ ਸ਼ਖਸੀਅਤਾਂ ਵਿਰੁੱਧ ਇਤਰਾਜ਼ਯੋਗ ਸ਼ਬਦਾਂ ਦੀ ਵਰਤੋ ਕੀਤੀ ਸੀ।
- ਅੰਮ੍ਰਿਤਸਰ ਵਿੱਚ ਸਥਾਨਕ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
- ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ ਸੀ।
- ਗੋਲੀਆਂ ਮਾਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
- ਸੂਰੀ ਅੰਮ੍ਰਿਤਸਰ ਤੋਂ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਵੀ ਸਨ ਅਤੇ ਉਨ੍ਹਾਂ ਵਿਰੁੱਧ ਧਾਰਾ 295 ਤਹਿਤ ਦੋ ਕੇਸ ਵੀ ਪੈਂਡਿੰਗ ਸਨ।
- ਉਹ ਅਕਸਰ ਵਿਵਾਦਿਤ ਬਿਆਨਾਂ ਕਰਕੇ ਚਰਚਾ ਵਿੱਚ ਰਹਿੰਦੇ ਸਨ।
- ਸੁਧੀਰ ਸੂਰੀ ਆਪਣੇ ਸਾਥੀਆਂ ਨਾਲ ਗੋਪਾਲ ਮੰਦਿਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ।
ਕੌਣ ਹੈ ਸੂਰੀ ਨੂੰ ਗੋਲੀ ਮਾਰਨ ਵਾਲਾ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਬਾਰੇ ਪ੍ਰੈੱਸ ਕਾਨਫਰੰਸ ਕਰਦਿਆਂ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ।
ਡੀਜੀਪੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤਾ ਗਿਆ ਸ਼ਖਸ ਸਥਾਨਕ ਦੁਕਾਨਦਾਰ ਹੈ ਅਤੇ ਜਿੱਥੇ ਧਰਨਾ ਚੱਲ ਰਿਹਾ ਸੀ ਉਸਦੇ ਨੇੜੇ ਹੀ ਦੁਕਾਨ ਹੈ।
ਉਨ੍ਹਾਂ ਕਿਹਾ, ''ਗ੍ਰਿਫ਼ਤਾਰ ਕੀਤਾ ਗਏ ਸ਼ਖਸ ਦਾ ਨਾਂ ਸੰਦੀਪ ਸੰਨੀ ਹੈ। ਉਸਦੀ ਨੇੜੇ ਹੀ ਕੱਪੜਿਆਂ ਦੀ ਦੁਕਾਨ ਹੈ। ਉਸਨੇ ਆਪਣੇ 32 ਬੋਰ ਦੇ ਲਾਇਸੈਂਸੀ ਰਿਵਾਲਵਰ ਨਾਲ ਪੰਜ ਗੋਲੀਆਂ ਚਲਾਈਆਂ। ਕੁਝ ਗੋਲੀਆਂ ਸੰਦੀਪ ਸੂਰੀ ਨੂੰ ਵੀ ਲੱਗੀਆਂ। ਤੁਰੰਤ ਹੀ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ।''
ਉਨ੍ਹਾਂ ਅੱਗੇ ਕਿਹਾ, "ਮੀਡੀਆ ਕਰਮੀਆਂ ਸਣੇ ਬਾਕੀ ਲੋਕਾਂ ਨੂੰ ਵੀ ਅਪੀਲ ਹੈ ਕਿ ਕ੍ਰਿਪਾ ਕਰਕੇ ਸੋਸ਼ਲ ਮੀਡੀਆ ਉੱਤੇ ਤੱਥਹੀਨ ਸੂਚਨਾਵਾਂ ਨਾ ਪੋਸਟ ਕਰੋ। ਲੋੜ ਪਈ ਤਾਂ ਸਖ਼ਤ ਕਾਨੂੰਨੀ ਕਾਰਵਾਈ ਵੀ ਕਰਾਂਗੇ।"
ਸੁਧੀਰ ਸੂਰੀ ਦੇ ਸਮਰਥਕ ਉਨ੍ਹਾਂ ਦੇ ਕਤਲ ਤੋਂ ਬਾਅਦ ਧਰਨੇ 'ਤੇ ਬੈਠੇ
ਸੁਧੀਰ ਸੂਰੀ ਆਪਣੇ ਸਾਥੀਆਂ ਨਾਲ ਗੋਪਾਲ ਮੰਦਿਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸਨ ਜਦੋਂ ਉਨ੍ਹਾਂ ਦੀ ਕਿਸੇ ਸ਼ਖਸ਼ ਨਾਲ ਬਹਿਸਬਾਜ਼ੀ ਹੋਈ। ਇਸ ਮਗਰੋਂ ਉਨ੍ਹਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ।
ਸੂਰੀ ਨੇ ਮੰਦਿਰ ਬਾਹਰ ਕੂੜੇ ਦੇ ਮੁੱਦੇ ਨੂੰ ਲੈ ਕੇ ਫੇਸਬੁੱਕ ਲਾਈਵ ਵੀ ਕੀਤਾ ਸੀ, ਉਨ੍ਹਾਂ ਦਾ ਇਸ ਲਾਈਵ ਤੋਂ ਕੁਝ ਘੰਟੇ ਬਾਅਦ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਉਹ ਜਿਸ ਥਾਂ ਉੱਤੇ ਧਰਨਾ ਦੇ ਰਹੇ ਸਨ ਉੱਥੇ ਸੜਕ ਦੇ ਵਿਚਾਲੇ ਹੀ ਉਨ੍ਹਾਂ ਨੇ ਗੱਡੀ ਖੜ੍ਹਾਈ ਹੋਈ ਸੀ।
ਸੂਰੀ ਨੂੰ ਜਿਵੇਂ ਹੀ ਗੋਲੀਆਂ ਮਾਰੀਆਂ ਗਈਆਂ ਉਨ੍ਹਾਂ ਦੇ ਸਾਥੀਆਂ ਨੇ ਵੀ ਆਪਣੇ ਹਥਿਆਰਾਂ ਨਾਲ ਕਈ ਹਵਾਈ ਫਾਇਰ ਕੀਤੇ।
ਇਹ ਵੀ ਪੜ੍ਹੋ-