You’re viewing a text-only version of this website that uses less data. View the main version of the website including all images and videos.
ਪਾਕਿਸਤਾਨ: ਇਮਰਾਨ ਖ਼ਾਨ ਨੇ ਲਾਹੌਰ ਤੋਂ ਸ਼ੁਰੂ ਕੀਤਾ 'ਹਕੀਕੀ ਆਜ਼ਾਦੀ ਮਾਰਚ', ਭਾਰਤ ਬਾਰੇ ਇਹ ਕਿਹਾ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ 'ਹਕੀਕੀ ਆਜ਼ਾਦੀ ਮਾਰਚ' ਅੱਜ ਲਾਹੌਰ ਤੋਂ ਇਸਲਾਮਾਬਾਦ ਲਈ ਰਵਾਨਾ ਹੋ ਗਿਆ ਹੈ।
ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਪ੍ਰਧਾਨ ਇਮਰਾਨ ਖ਼ਾਨ ਨੇ ਲਾਹੌਰ ਦੇ ਲਿਬਰਟੀ ਚੌਕ ਪਹੁੰਚ ਕੇ ਲੋਕਾਂ ਨੂੰ ਸੰਬੋਧਿਤ ਕੀਤਾ।
ਇਸ ਮੌਕੇ ਇਮਰਾਨ ਖ਼ਾਨ ਨੇ ਲਾਂਗ ਮਾਰਚ ਵਿੱਚ ਪਹੁੰਚੀ ਜਨਤਾ ਨੂੰ ਸੰਬੋਧਨ ਕਰਦਿਆਂ ਭਾਰਤ ਦੀ ਵਿਦੇਸ਼ ਨੀਤੀ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਨੇ ਸਾਬਕਾ ਪੀਐੱਮ ਨਵਾਜ਼ ਸ਼ਰੀਫ਼ ਰਾਹੀਂ ਸੱਤਾਧਾਰੀ ਸ਼ਹਿਬਾਜ ਸ਼ਰੀਫ਼ ਸਰਕਾਰ 'ਤੇ ਤਿੱਖ ਨਿਸ਼ਾਨਾ ਸਾਧਿਆ।
ਲਾਹੌਰ ਦੇ ਲਿਬਰਟੀ ਚੌਕ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਅਤੇ ਮਾਰਚ ਦਾ ਹਿੱਸਾ ਬਣੇ।
ਇਮਰਾਨ ਖ਼ਾਨ ਦੇ ਭਾਸ਼ਣ ਦੀਆਂ ਮੁੱਖ ਗੱਲਾਂ
- ਮੈਂ ਨਵਾਜ਼ ਸ਼ਰੀਫ਼ ਵਾਂਗ ਦੇਸ਼ ਛੱਡ ਕੇ ਭੱਜਾਂਗਾ ਨਹੀਂ। ਮੇਰਾ ਜੀਣਾ-ਮਰਨਾ ਇਸੇ ਜ਼ਮੀਨ 'ਤੇ ਹੋਵੇਗਾ।
- ਮੈਂ ਉਹ ਪਾਕਿਸਤਾਨ ਦੇਖਣਾ ਚਾਹੁੰਦਾ ਹਾਂ ਜੋ ਆਜ਼ਾਦ ਮੁਲਕ ਹੋਵੇ।
- ਇਸ ਲਈ ਸਾਨੂੰ ਤਾਕਤਵਰ ਫੌਜ ਦੀ ਲੋੜ ਹੈ।
- ਸਰਕਾਰ ਕੰਨ ਖੋਲ੍ਹ ਕੇ ਸੁਣ ਲਵੇ ਮੈਂ ਬਹੁਤ ਸਾਰੀਆਂ ਚੀਜ਼ਾਂ ਜਾਣਦਾ ਹਾਂ ਪਰ ਮੈਂ ਆਪਣੇ ਮੁਲਕ ਅਤੇ ਆਵਾਮ ਦੀ ਖ਼ਾਤਿਰ ਚੁੱਪ ਹਾਂ।
ਦੇਸ਼ 'ਚ ਤੁਰੰਤ ਚੋਣਾਂ ਦੀ ਮੰਗ ਨੂੰ ਲੈ ਕੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦਾ ਇਹ ਲਾਂਗ ਮਾਰਚ (ਲੰਬਾ ਮਾਰਚ) ਸ਼ੁੱਕਰਵਾਰ ਨੂੰ ਲਾਹੌਰ ਤੋਂ ਸ਼ੁਰੂ ਹੋਇਆ ਹੈ।
ਪੀਟੀਆਈ ਵੱਲੋਂ ਐਲਾਨੀ ਯੋਜਨਾ ਮੁਤਾਬਕ ਇਹ ਮਾਰਚ 4 ਨਵੰਬਰ ਦਿਨ ਸ਼ੁੱਕਰਵਾਰ ਨੂੰ 11 ਵੱਖ-ਵੱਖ ਸ਼ਹਿਰਾਂ ਵਿੱਚੋਂ ਲੰਘਦਾ ਹੋਇਆ ਸੱਤ ਦਿਨਾਂ ਬਾਅਦ ਇਸਲਾਮਾਬਾਦ ਪੁੱਜੇਗਾ।
ਪੀਟੀਆਈ ਦੇ ਨੇਤਾਵਾਂ ਨੇ ਲਾਹੌਰ ਵਿੱਚ ਲਾਂਗ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਕਿ ਪਾਕਿਸਤਾਨ ਦਾ ਭਵਿੱਖ ਇਸ ਮਾਰਚ ਦੀ ਸਫ਼ਲਤਾ ਜਾਂ ਅਸਫ਼ਲਤਾ 'ਤੇ ਨਿਰਭਰ ਕਰਦਾ ਹੈ।
ਪੀਟੀਆਈ ਨੇ ਇਸ ਮਾਰਚ ਦਾ ਨਾਂ ਕੀਨੀਆ ਵਿੱਚ ਮਾਰੇ ਗਏ ਪੱਤਰਕਾਰ ਅਰਸ਼ਦ ਸ਼ਰੀਫ਼ ਅਤੇ ਪਾਕਿਸਤਾਨ ਵਿੱਚ ਸਰਕਾਰ ਦੇ ਗੰਭੀਰ ਦਬਾਅ ਦਾ ਸਾਹਮਣਾ ਕਰ ਰਹੇ ਸੰਗਠਨਾਂ ਅਤੇ ਵਿਅਕਤੀਆਂ ਦੇ ਨਾਂ ਰੱਖਿਆ ਗਿਆ ਹੈ।
ਇਮਰਾਨ ਖ਼ਾਨ ਨੇ ਕਿਹਾ ਹੈ ਕਿ ਇਹ ਆਜ਼ਾਦੀ ਮਾਰਚ ਸਰਕਾਰ ਨੂੰ ਸੱਤਾ ਤੋਂ ਲਾਹੁਣ ਲਈ ਨਹੀਂ ਹੈ ਸਗੋਂ ਅਸਲ ਵਿੱਚ ਇੱਕ ਸੁਤੰਤਰਤਾ ਅੰਦੋਲਨ ਹੈ। ਇਹ ਮਾਰਚ ਅੰਗਰੇਜ਼ਾਂ ਤੋਂ ਆਜ਼ਾਦੀ ਲੈਣ ਤੋਂ ਬਾਅਦ ਦਾ ਸਭ ਤੋਂ ਵੱਡਾ ਅੰਦੋਲਨ ਹੈ।
ਸੱਤਾ ਨੂੰ ਚੁਣੌਤੀ
- ਇਮਰਾਨ ਖ਼ਾਨ ਦਾ ਹਕੀਕੀ ਆਜ਼ਾਦੀ ਮਾਰਚ ਸ਼ੁੱਕਰਵਾਰ ਨੂੰ ਲਾਹੌਰ ਤੋਂ ਰਵਾਨਾ ਹੋਇਆ।
- ਚਾਰ ਨਵੰਬਰ ਨੂੰ ਇਸਲਾਮਾਬਾਦ ਵਿੱਚ ਪਹੁੰਚਣ ਦੀ ਯੋਜਨਾ ਹੈ।
- ਉਹ ਦੇਸ਼ ਵਿੱਚ ਤੁਰੰਤ ਚੋਣਾਂ ਦੀ ਮੰਗ ਨਾਲ ਇਹ ਮਾਰਚ ਕੱਢ ਰਹੇ ਹਨ।
- ਇਮਰਾਨ ਖ਼ਾਨ ਕਹਿ ਰਹੇ ਹਨ ਕਿ ਦੇਸ਼ ਵਿੱਚ ਵਿਦੇਸ਼ੀ ਸਾਜ਼ਿਸ਼ਾਂ ਨਾਲ ਸਰਕਾਰ ਥੋਪੀ ਗਈ ਹੈ।
- ਪੀਟੀਆਈ ਮੁਖੀ ਦਾ ਦਾਅਵਾ ਹੈ ਕਿ ਸੱਤਾ 'ਤੇ ਉਨ੍ਹਾਂ ਦਾ ਹੱਕ ਬਣਦਾ ਹੈ।
ਇਮਰਾਨ ਖ਼ਾਨ ਦੀ ਯਾਤਰਾ ਕਿਉਂ?
ਕੀ ਇਮਰਾਨ ਖ਼ਾਨ ਦੇ ਇਸ ਮਾਰਚ 'ਚ ਲੋਕ ਇਕੱਠੇ ਹੋਣਗੇ? ਮੌਜੂਦਾ ਹਾਲਾਤ ਵਿੱਚ ਇਸ ਦਾ ਜਵਾਬ ਕਿਸੇ ਕੋਲ ਨਹੀਂ ਹੈ।
ਪਾਕਿਸਤਾਨ ਦੇ ਸਾਬਕਾ ਕ੍ਰਿਕਟ ਸਟਾਰ ਇਮਰਾਨ ਖ਼ਾਨ ਇਸ ਸਾਲ ਅਪ੍ਰੈਲ 'ਚ ਸੰਸਦ 'ਚ ਬੇਭਰੋਸਗੀ ਮਤੇ ਰਾਹੀਂ ਹਟਾਏ ਜਾਣ ਵਾਲੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਗਏ ਸਨ।
ਇਮਰਾਨ ਖ਼ਾਨ 2018 ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ, ਉਨ੍ਹਾਂ ਨੂੰ ਬਹੁਮਤ ਨਹੀਂ ਮਿਲਿਆ, ਪਰ ਉਹ ਗਠਜੋੜ ਸਰਕਾਰ ਦੇ ਮੁਖੀ ਬਣ ਗਏ।
ਇਮਰਾਨ ਖ਼ਾਨ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਦੀ ਫੌਜ ਦੀ ਮਦਦ ਨਾਲ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏ ਸਨ।
ਫੌਜ ਇਮਰਾਨ ਖ਼ਾਨ ਦੀਆਂ ਹੋਰ ਪਾਰਟੀਆਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਵਿਰੋਧੀ ਗਤੀਵਿਧੀਆਂ ਦਾ ਸਮਰਥਨ ਕਰ ਰਹੀ ਸੀ।
ਸੀਨੀਅਰ ਪੱਤਰਕਾਰ ਹਾਰੂਨ ਰਾਸ਼ਿਦ ਮੁਤਾਬਕ ਜਦੋਂ ਇਹ ਸਮਝੌਤਾ ਟੁੱਟਿਆ ਤਾਂ ਇਮਰਾਨ ਖ਼ਾਨ ਸੱਤਾ ਤੋਂ ਬਾਹਰ ਸਨ।
ਉਹ ਕਹਿੰਦੇ ਹਨ, "ਮਜ਼ਬੂਤ ਧਾਰਨਾ ਇਹ ਹੈ ਕਿ ਫੌਜ ਨੇ ਇਮਰਾਨ ਖ਼ਾਨ ਦੀ ਸਰਕਾਰ ਬਣਾਉਣ ਵਿੱਚ ਮਦਦ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਜਦੋਂ ਸਮਰਥਨ ਵਾਪਸ ਲਿਆ, ਤਾਂ ਉਹ ਭਰੋਸਗੀ ਮਤਾ ਹਾਰ ਗਏ ਅਤੇ ਉਨ੍ਹਾਂ ਦੀ ਸਰਕਾਰ ਡਿੱਗ ਗਈ।"
ਕਈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਿਛਲੇ ਸਾਲ ਨਵੰਬਰ ਵਿੱਚ ਆਈਐੱਸਆਈ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਮਤਭੇਦ ਸਾਹਮਣੇ ਆਉਣ ਤੋਂ ਬਾਅਦ ਇਮਰਾਨ ਖ਼ਾਨ ਅਤੇ ਫ਼ੌਜ ਵਿਚਾਲੇ ਸਬੰਧ ਵਿਗੜਨੇ ਸ਼ੁਰੂ ਹੋ ਗਏ ਸਨ।
ਜਿਸ ਨਾਲ ਵਿਰੋਧੀ ਧਿਰ ਨੂੰ ਇਮਰਾਨ ਖ਼ਾਨ ਨੂੰ ਸੱਤਾਂ ਤੋਂ ਬਾਹਰ ਕਰਨ ਦਾ ਮੌਕਾ ਮਿਲ ਗਿਆ ਸੀ।
ਹਾਲਾਂਕਿ, ਕੁਝ ਹੋਰ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਰਥਿਕਤਾ ਨੂੰ ਸੰਭਾਲਣ ਵਿੱਚ ਅਸਫ਼ਲਤਾ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਕੋਈ ਤਰੱਕੀ ਨਾ ਹੋਣ ਕਾਰਨ ਦੋਵਾਂ ਦੇ ਰਿਸ਼ਤੇ ਵਿਗੜ ਗਏ।
ਲਾਂਗ ਮਾਰਚ ਦੀ ਸਫ਼ਲਤਾ ਬਾਰੇ ਸਵਾਲ
ਹਾਲਾਂਕਿ ਕਾਮਰਾਨ ਸ਼ਾਹਿਦ ਇਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ। ਇਮਰਾਨ ਖ਼ਾਨ ਇਸ ਤੋਂ ਪਹਿਲਾਂ ਵੀ ਦੋ ਲਾਂਗ ਮਾਰਚਾਂ ਦਾ ਸੱਦਾ ਦੇ ਚੁੱਕੇ ਹਨ ਅਤੇ ਦੋਵੇਂ ਵਾਰ ਉਨ੍ਹਾਂ ਨੂੰ ਅਸਫ਼ਲਤਾ ਦੇਖਣ ਨੂੰ ਮਿਲੀ।
2014 ਵਿੱਚ ਉਨ੍ਹਾਂ ਨੇ ਸਭ ਤੋਂ ਲੰਬੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ ਜੋ 126 ਦਿਨ ਚੱਲਿਆ ਸੀ।
ਉਹ ਨਵਾਜ਼ ਸ਼ਰੀਫ਼ ਸਰਕਾਰ ਨੂੰ ਹਟਾਉਣਾ ਚਾਹੁੰਦੇ ਸੀ, ਪਰ ਉਹ ਸਫ਼ਲ ਨਹੀਂ ਹੋ ਸਕੇ।
ਇਸ ਤੋਂ ਬਾਅਦ ਉਨ੍ਹਾਂ ਨੇ ਮਈ ਮਹੀਨੇ 'ਚ ਲਾਂਗ ਮਾਰਚ ਦਾ ਸੱਦਾ ਦਿੱਤਾ ਸੀ, ਉਸ ਸਮੇਂ ਲੋਕਾਂ 'ਚ ਰੋਸ ਸੀ ਤੇ ਬਹੁਤ ਸਾਰੇ ਲੋਕ ਉਨ੍ਹਾਂ ਦੇ ਸਮਰਥਨ 'ਚ ਸੜਕਾਂ 'ਤੇ ਨਹੀਂ ਉਤਰੇ।
ਕਾਮਰਾਨ ਸ਼ਾਹਿਦ ਕਹਿੰਦੇ ਹਨ, "2014 ਵਿੱਚ ਉਨ੍ਹਾਂ ਨੂੰ ਪਾਕਿਸਤਾਨੀ-ਕੈਨੇਡੀਅਨ ਇਸਲਾਮਿਕ ਵਿਦਵਾਨ ਅੱਲਾਮਾ ਤਾਹਿਰ ਉਲ ਕਾਦਰੀ ਦਾ ਸਮਰਥਨ ਹਾਸਿਲ ਸੀ। ਕਾਦਰੀ ਦੇ ਸਮਰਥਕ ਅੰਤ ਤੱਕ ਉਨ੍ਹਾਂ ਦੇ ਨਾਲ ਜੁੜੇ ਰਹੇ ਸਨ।"
"ਇਮਰਾਨ ਖ਼ਾਨ ਦੀ ਪਾਰਟੀ ਦੇ ਮੁੱਠੀ ਭਰ ਸਮਰਥਕ ਸ਼ਾਮ ਨੂੰ ਇਕੱਠੇ ਹੁੰਦੇ ਸਨ ਅਤੇ ਕੁਝ ਘੰਟਿਆਂ ਵਿੱਚ ਹੀ ਚਲੇ ਜਾਂਦੇ ਸਨ। ਇਸ ਲਈ ਪੀਟੀਆਈ ਦੇ ਸਮਰਥਕ ਇਸ ਵਾਰ ਵੀ ਵਿਰੋਧ ਪ੍ਰਦਰਸ਼ਨ ਡਟੇ ਰਹਿਣਗੇ, ਇਹ ਸੰਭਵ ਨਹੀਂ ਜਾਪਦਾ।"
ਹਾਲਾਂਕਿ ਇਮਰਾਨ ਖ਼ਾਨ ਦਾ ਮੰਨਣਾ ਹੈ ਕਿ ਇਸ ਮਾਰਚ ਰਾਹੀਂ ਦੇਸ਼ 'ਚ ਸੌਫਟ ਕ੍ਰਾਂਤੀ ਦੀ ਸ਼ੁਰੂਆਤ ਹੋਵੇਗੀ ਜੋ ਵੋਟਾਂ ਰਾਹੀਂ ਮੁਕਾਮ ਤੱਕ ਪਹੁੰਚੇਗੀ।
ਉਨ੍ਹਾਂ ਨੇ ਮਾਰਚ ਨੂੰ ਸ਼ਾਂਤਮਈ ਕਰਾਰ ਦਿੱਤਾ ਹੈ ਪਰ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਤਾਂ ਹਫੜਾ-ਦਫੜੀ ਮਚ ਸਕਦੀ ਹੈ।
ਪਾਕਿਸਤਾਨ ਦੀ ਮੌਜੂਦਾ ਪੀਡੀਐੱਮ ਗੱਠਜੋੜ ਸਰਕਾਰ ਨੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਹੋਣ 'ਤੇ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ।
ਇਸਲਾਮਾਬਾਦ ਅਤੇ ਆਸਪਾਸ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਹਜ਼ਾਰਾਂ ਪੁਲਿਸ ਬਲ ਤਾਇਨਾਤ ਕੀਤੇ ਗਏ ਹਨ।
ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਕਈ ਵਾਰ ਚਿਤਾਵਨੀ ਜਾਰੀ ਕੀਤੀ ਹੈ ਅਤੇ ਫੌਜ ਨੂੰ ਵੀ ਬੁਲਾਇਆ ਹੈ।
ਇਸਲਾਮਾਬਾਦ ਦੇ ਸਾਰੇ ਪ੍ਰਵੇਸ਼ ਮਾਰਗਾਂ ਨੂੰ ਸੀਲ ਕਰਨ ਦੀਆਂ ਤਿਆਰੀਆਂ ਵੀ ਕਰ ਲਈਆਂ ਗਈਆਂ ਹਨ ਅਤੇ ਰਾਜਧਾਨੀ ਦੇ ਰੈੱਡ ਜ਼ੋਨ ਵਿਚ ਸਥਿਤ ਮਹੱਤਵਪੂਰਨ ਸਰਕਾਰੀ ਅਦਾਰਿਆਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਇਮਰਾਨ ਖ਼ਾਨ ਨੇ ਕਿਹਾ ਹੈ ਕਿ ਮਾਰਚ ਵਿੱਚ ਸ਼ਾਮਲ ਲੋਕ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਦੀ ਅਦਾਲਤ ਦੇ ਨਿਰਦੇਸ਼ਾਂ ਮੁਤਾਬਕ ਮਾਰਚ ਵਿੱਚ ਸ਼ਾਮਲ ਲੋਕ ਰੈੱਡ ਜ਼ੋਨ ਖੇਤਰ ਵਿੱਚ ਨਹੀਂ ਜਾਣਗੇ।
ਹਾਲਾਂਕਿ, ਇਮਰਾਨ ਖ਼ਾਨ ਨੂੰ ਰੋਕੇ ਜਾਣ 'ਤੇ ਕੀ ਹਾਲਾਤ ਪੈਦਾ ਹੋਣਗੇ, ਇਹ ਕੋਈ ਨਹੀਂ ਜਾਣਦਾ ਹੈ।
ਇਹ ਵੀ ਪੜ੍ਹੋ-