You’re viewing a text-only version of this website that uses less data. View the main version of the website including all images and videos.
ਨੇਤਾਜੀ ਸੁਭਾਸ਼ ਚੰਦਰ ਬੋਸ ਜਦੋਂ ਪਣਡੁੱਬੀਆਂ 'ਚ ਸਵਾਰ ਹੋ ਕੇ ਜਰਮਨੀ ਤੋਂ ਜਾਪਾਨ ਪਹੁੰਚੇ ਸਨ
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਨੇਤਾਜੀ ਸੁਭਾਸ਼ ਚੰਦਰ ਬੋਸ ਆਪਣੀ ਜ਼ਿੰਦਗੀ 'ਚ ਸਿਰਫ ਇੱਕ ਵਾਰ ਹੀ 29 ਮਈ, 1942 ਨੂੰ ਜਰਮਨੀ ਦੇ ਤਾਨਾਸ਼ਾਹ ਅਡੋਲਫ਼ ਹਿਟਲਰ ਨੂੰ ਮਿਲੇ ਸੀ।
ਇਸ ਬੈਠਕ 'ਚ ਜਰਮਨੀ ਦੇ ਵਿਦੇਸ਼ ਮੰਤਰੀ ਜੋਆਖਿਮ ਵਾਨ ਰਿਬੇਨਟ੍ਰੋਪ, ਵਿਦੇਸ਼ ਰਾਜ ਮੰਤਰੀ ਵਿਲਹੇਲਮ ਕੇਪਲਰ ਅਤੇ ਦੁਭਾਸ਼ੀਏ ਪਾਲ ਸਮਿੱਟ ਵੀ ਮੌਜੂਦ ਸਨ।
ਹਿਟਲਰ ਭਾਰਤ ਬਾਰੇ ਚੰਗੀ ਰਾਇ ਨਹੀਂ ਰੱਖਦਾ ਸੀ।
ਆਪਣੀ ਕਿਤਾਬ 'ਮੀਨ ਕੈਂਫ' 'ਚ ਉਨ੍ਹਾਂ ਨੇ ਇੱਥੋਂ ਤੱਕ ਲਿਖਿਆ ਸੀ ਕਿ "ਜੇਕਰ ਭਾਰਤ ਬਰਤਾਨਵੀ ਸਾਮਰਾਜ ਦੇ ਹੱਥੋਂ ਨਿਕਲ ਜਾਂਦਾ ਹੈ ਤਾਂ ਮੇਰੇ ਸਮੇਤ ਪੂਰੀ ਦੁਨੀਆ ਲਈ ਇਹ ਬਹੁਤ ਹੀ ਵੱਡੀ ਬਦਕਿਸਮਤੀ ਵਾਲੀ ਗੱਲ ਹੋਵੇਗੀ।''
''ਇੱਕ ਜਰਮਨ ਹੋਣ ਦੇ ਨਾਤੇ , ਮੈਂ ਭਾਰਤ ਨੂੰ ਕਿਸੇ ਹੋਰ ਦੇਸ਼ ਦੀ ਤੁਲਨਾ 'ਚ ਬ੍ਰਿਟੇਨ ਸ਼ਾਸਨ ਅਧੀਨ ਵੇਖਣਾ ਵਧੇਰੇ ਪਸੰਦ ਕਰਾਂਗਾ।"
ਇੰਨਾ ਹੀ ਨਹੀਂ ਹਿਟਲਰ ਦਾ ਤਾਂ ਮੰਨਣਾ ਸੀ ਕਿ ਭਾਰਤੀ ਅੰਦੋਲਨਕਾਰੀ ਉਪ-ਮਹਾਂਦੀਪ ਤੋਂ ਅੰਗ੍ਰੇਜ਼ਾਂ ਨੂੰ ਹਟਾਉਣ 'ਚ ਕਦੇ ਵੀ ਸਫਲ ਨਹੀਂ ਹੋਣਗੇ।
ਚੈੱਕ-ਅਮਰੀਕੀ ਇਤਿਹਾਸਕਾਰ ਮਿਲਾਨ ਹੌਨਰ ਆਪਣੀ ਕਿਤਾਬ 'ਇੰਡੀਆ ਇਨ ਐਕਸਿਸ ਸਟ੍ਰੈਟਜੀ' 'ਚ ਲਿਖਦੇ ਹਨ, "ਦੂਜੇ ਵਿਸ਼ਵ ਯੁੱਧ ਦੌਰਾਨ ਹਿਟਲਰ ਨੇ ਇੱਥੋਂ ਤੱਕ ਖੁਸ਼ਫਹਿਮੀ ਪਾਲ ਰੱਖੀ ਸੀ ਕਿ ਜੇਕਰ ਕਦੇ ਬ੍ਰਿਟੇਨ ਨਾਲ ਸਮਝੌਤਾ ਕਰਨ ਦੀ ਨੌਬਤ ਆਈ ਤਾਂ ਉਸ ਦੇ ਬਦਲੇ 'ਚ ਉਹ ਭਾਰਤ ਵਰਗੇ ਗੈਰ-ਯੂਰਪੀਅਨ ਦੇਸ਼ ਦੇ ਲੋਕਾਂ ਦੀ ਵਰਤੋਂ ਸੋਵੀਅਤ ਸੰਘ ਦੇ ਖਿਲਾਫ਼ ਆਪਣੀ ਯੁੱਧ ਮਸ਼ੀਨ 'ਚ ਕਰਨਾ ਚਾਹੁਣਗੇ।"
ਹੌਨਰ ਦਾ ਮੰਨਣਾ ਸੀ ਕਿ ਹਿਟਲਰ ਨੂੰ ਮਿਲਣ ਤੋਂ ਬਾਅਦ ਸੁਭਾਸ਼ ਚੰਦਰ ਬੋਸ ਦੀ ਭਾਰਤੀ ਸੁਤੰਤਰਤਾ ਅੰਦੋਲਨ ਲਈ ਜਰਮਨੀ ਦੀ ਮਦਦ ਦੀ ਉਮੀਦ ਬਿਲਕੁਲ ਲਈ ਖ਼ਤਮ ਹੋ ਗਈ ਸੀ। ਨੇਤਾਜੀ ਸੁਭਾਸ਼ ਚੰਦਰ ਬੋਸ ਇਸ ਗੱਲਬਾਤ ਤੋਂ ਬਾਅਦ ਬਹੁਤ ਨਿਰਾਸ਼ ਹੋਏ ਸਨ।
ਨੇਤਾਜੀ ਦੀ ਹਿਟਲਰ ਨਾਲ ਮੁਲਾਕਾਤ
ਬਾਅਦ 'ਚ ਇਸ ਬੈਠਕ ਦਾ ਵੇਰਵਾ ਦਿੰਦੇ ਹੋਏ ਬੋਸ-ਹਿਟਲਰ ਬੈਠਕ 'ਚ ਦੁਭਾਸ਼ੀਏ ਦਾ ਕੰਮ ਕਰਨ ਵਾਲੇ ਪਾਲ ਸਮਿੱਟ ਨੇ ਬੋਸ ਦੀ ਭਤੀਜੀ ਕ੍ਰਿਸ਼ਨਾ ਬੋਸ ਨੂੰ ਦੱਸਿਆ ਸੀ, "ਸੁਭਾਸ਼ ਚੰਦਰ ਬੋਸ ਨੇ ਹਿਟਲਰ ਨਾਲ ਬਹੁਤ ਹੀ ਚਲਾਕੀ ਨਾਲ ਗੱਲ ਕਰਦੇ ਹੋਏ ਸਭ ਤੋਂ ਪਹਿਲਾਂ ਉਨ੍ਹਾਂ ਦੀ ਮਹਿਮਾਨ ਨਿਵਾਜ਼ੀ ਲਈ ਹਿਟਲਰ ਦਾ ਧੰਨਵਾਦ ਕੀਤਾ ਸੀ।"
ਇਸ ਬੈਠਕ ਦੌਰਾਨ ਉਨ੍ਹਾਂ ਵਿਚਾਲੇ ਤਿੰਨ ਮੁੱਖ ਵਿਸ਼ਿਆਂ 'ਤੇ ਚਰਚਾ ਹੋਈ ਸੀ। ਪਹਿਲਾ ਇਹ ਕਿ ਧੁਰੀ ਦੇਸ਼ ਭਾਰਤ ਦੀ ਆਜ਼ਾਦੀ ਨੂੰ ਜਨਤਕ ਤੌਰ 'ਤੇ ਆਪਣਾ ਸਮਰਥਨ ਦੇਣ।
ਮਈ 1942 'ਚ ਜਾਪਾਨ ਅਤੇ ਮੁਸੋਲਿਨੀ ਭਾਰਤ ਦੀ ਆਜ਼ਾਦੀ ਦੇ ਸਮਰਥਨ 'ਚ ਇੱਕ ਸਾਂਝਾ ਐਲਾਨ ਕਰਨ ਦੇ ਹੱਕ 'ਚ ਸਨ।
ਰਿਬੇਨਟ੍ਰੋਪ ਨੇ ਇਸ ਲਈ ਹਿਟਲਰ ਨੂੰ ਮਨਾਉਣ ਦਾ ਯਤਨ ਵੀ ਕੀਤਾ ਸੀ ਪਰ ਹਿਟਲਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਹਿਟਲਰ-ਬੋਸ ਗੱਲਬਾਤ ਦਾ ਦੂਜਾ ਵਿਸ਼ਾ ਹਿਟਲਰ ਦੀ ਕਿਤਾਬ 'ਮੀਨ ਕੈਂਫ਼' 'ਚ ਭਾਰਤ ਵਿਰੋਧੀ ਸੰਦਰਭ 'ਤੇ ਚਰਚਾ ਸੀ।
ਨੇਤਾਜੀ ਦਾ ਕਹਿਣਾ ਸੀ ਕਿ ਬ੍ਰਿਟੇਨ 'ਚ ਇੰਨ੍ਹਾਂ ਸੰਦਰਭਾਂ ਦੀ ਗਲਤ ਵਿਆਖਿਆ ਕੀਤੀ ਜਾ ਰਹੀ ਹੈ ਅਤੇ ਅੰਗਰੇਜ ਇਸ ਦੀ ਵਰਤੋਂ ਜਰਮਨੀ ਖਿਲਾਫ਼ ਪ੍ਰਚਾਰ 'ਚ ਕਰ ਰਹੇ ਹਨ।
ਬੋਸ ਨੇ ਹਿਟਲਰ ਨੂੰ ਬੇਨਤੀ ਕੀਤੀ ਕਿ ਉਚਿਤ ਸਮਾਂ ਆਉਣ 'ਤੇ ਉਹ ਇਸ ਸਬੰਧੀ ਸਪੱਸ਼ਟੀਕਰਨ ਜ਼ਰੂਰ ਦੇਣ। ਪਰ ਹਿਟਲਰ ਨੇ ਇਸ ਦਾ ਸਿੱਧਾ ਜਵਾਬ ਨਹੀਂ ਦਿੱਤਾ ਅਤੇ ਗੋਲ-ਮੋਲ ਤਰੀਕੇ ਨਾਲ ਟਾਲਣ ਦੀ ਕੋਸ਼ਿਸ਼ ਕੀਤੀ ਸੀ।
ਪਰ ਇਸ ਤੋਂ ਇਹ ਜ਼ਰੂਰ ਸਪੱਸ਼ਟ ਹੋ ਗਿਆ ਸੀ ਕਿ ਬੋਸ 'ਚ ਦੁਨੀਆ ਦੇ ਸਭ ਤੋਂ ਵੱਡੇ ਤਾਨਾਸ਼ਾਹ ਅੱਗੇ ਇਹ ਮਾਮਲਾ ਚੁੱਕਣ ਦੀ ਹਿੰਮਤ ਸੀ।
ਹਿਟਲਰ ਨੇ ਬੋਸ ਦੇ ਜਾਪਾਨ ਜਾਣ ਲਈ ਪਣਡੁੱਬੀ ਦਾ ਬੰਦੋਬਸਤ ਕਰਵਾਇਆ
ਬੋਸ ਅਤੇ ਹਿਟਲਰ ਦੀ ਗੱਲਬਾਤ ਦਾ ਤੀਜਾ ਵਿਸ਼ਾ ਸੀ ਕਿ ਨੇਤਾਜੀ ਨੂੰ ਜਰਮਨੀ ਤੋਂ ਪੂਰਬੀ ਏਸ਼ੀਆ ਤੱਕ ਕਿਵੇਂ ਪਹੁੰਚਾਇਆ ਜਾਵੇ।
ਇੱਥੇ ਹਿਟਲਰ ਪੂਰੀ ਤਰ੍ਹਾਂ ਨਾਲ ਸਹਿਮਤ ਸਨ ਕਿ ਜਿੰਨੀ ਜਲਦੀ ਹੋ ਸਕੇ ਬੋਸ ਨੂੰ ਤੁਰੰਤ ਉੱਥੇ ਪਹੁੰਚ ਕੇ ਜਾਪਾਨ ਦੀ ਮਦਦ ਲੈਣੀ ਚਾਹੀਦੀ ਹੈ। ਪਰ ਹਿਟਲਰ ਨੇਤਾਜੀ ਦੇ ਹਵਾਈ ਜਹਾਜ਼ ਰਾਹੀਂ ਉੱਥੇ ਜਾਣ ਦੇ ਖਿਲਾਫ ਸਨ ਕਿਉਂਕਿ ਰਸਤੇ 'ਚ ਮਿੱਤਰ ਦੇਸ਼ਾਂ ਦੀ ਹਵਾਈ ਸੈਨਾ ਨਾਲ ਉਨ੍ਹਾਂ ਦੀ ਟੱਕਰ ਹੋ ਸਕਦੀ ਸੀ ਅਤੇ ਉਨ੍ਹਾਂ ਦੇ ਜਹਾਜ਼ ਨੂੰ ਜਬਰਦਸਤੀ ਉਨ੍ਹਾਂ ਦੇ ਖੇਤਰ 'ਚ ਉਤਾਰਿਆ ਜਾ ਸਕਦਾ ਸੀ।
ਇਸ ਲਈ ਹਿਟਲਰ ਨੇ ਸਲਾਹ ਦਿੱਤੀ ਕਿ ਸੁਭਾਸ਼ ਚੰਦਰ ਬੋਸ ਨੂੰ ਪਣਡੁੱਬੀ ਰਾਹੀਂ ਜਾਪਾਨ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਲਈ ਤੁਰੰਤ ਇੱਕ ਜਰਮਨ ਪਣਡੁੱਬੀ ਦਾ ਬੰਦੋਬਸਤ ਕੀਤਾ ਸੀ।
ਹਿਟਲਰ ਨੇ ਆਪਣੇ ਹੱਥੀਂ ਇੱਕ ਨਕਸ਼ੇ 'ਤੇ ਬੋਸ ਦੀ ਯਾਤਰਾ ਦਾ ਰਸਤਾ ਤੈਅ ਕੀਤਾ। ਹਿਟਲਰ ਦੇ ਮੁਤਾਬਕ ਇਹ ਯਾਤਰਾ ਛੇ ਹਫ਼ਤਿਆਂ 'ਚ ਮੁਕੰਮਲ ਹੋ ਜਾਣੀ ਚਾਹੀਦੀ ਸੀ ਪਰ ਨੇਤਾਜੀ ਨੂੰ ਜਾਪਾਨ ਪਹੁੰਚਣ 'ਚ ਪੂਰੇ ਤਿੰਨ ਮਹੀਨੇ ਲੱਗ ਗਏ ਸਨ।
ਪਣਡੁੱਬੀ 'ਚ ਦਮ ਘੁੱਟਣ ਵਾਲਾ ਮਾਹੌਲ ਅਤੇ ਡੀਜ਼ਲ ਦੀ ਗੰਧ
9 ਫਰਵਰੀ, 1943 ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਆਬਿਦ ਹਸਨ ਦੇ ਨਾਲ, ਜਰਮਨੀ ਦੀ ਬੰਦਰਗਾਹ ਕੀਲ ਤੋਂ ਇੱਕ ਜਰਮਨੀ ਪਣਡੁੱਬੀ 'ਚ ਰਵਾਨਾ ਹੋਏ ਸਨ। ਪਣਡੁੱਬੀ ਦੇ ਅੰਦਰ ਦਮ ਘੁੱਟਣ ਵਾਲਾ ਮਾਹੌਲ ਸੀ।
ਨੇਤਾ ਜੀ ਨੂੰ ਪਣਡੁੱਬੀ ਅੰਦਰ ਵਿਚਕਾਰ ਸਥਿਤ ਇੱਕ ਬੰਕ ਦਿੱਤਾ ਗਿਆ ਸੀ ਜਦਕਿ ਬਾਕੀ ਬੰਕ ਕਿਨਾਰੇ ਵੱਲ ਸਨ। ਪੂਰੀ ਪਣਡੁੱਬੀ 'ਚ ਤੁਰਨ-ਫਿਰਨ ਲਈ ਕੋਈ ਥਾਂ ਨਹੀਂ ਸੀ।
ਆਬਿਦ ਹਸਨ ਆਪਣੀ ਕਿਤਾਬ 'ਸੋਲਜ਼ਰ ਰਿਮੇਬਰਸ' 'ਚ ਲਿਖਦੇ ਹਨ, " ਜਿਵੇਂ ਹੀ ਮੈਂ ਅੰਦਰ ਦਾਖਲ ਹੋਇਆ ਤਾਂ ਮੈਨੂੰ ਅੰਦਾਜ਼ਾ ਹੋ ਗਿਆ ਸੀ ਕਿ ਪੂਰਾ ਸਫ਼ਰ ਜਾਂ ਤਾਂ ਲੇਟ ਕੇ ਕੱਢਣਾ ਪਵੇਗਾ ਜਾਂ ਫਿਰ ਛੋਟੇ ਜਿਹੇ ਰਸਤੇ 'ਚ ਖੜ੍ਹਾ ਹੋਣਾ ਪਵੇਗਾ।''
''ਪੂਰੀ ਪਣਡੁੱਬੀ 'ਚ ਬੈਠਣ ਲਈ ਸਿਰਫ ਇੱਕ ਹੀ ਜਗ੍ਹਾ ਸੀ, ਜਿੱਥੇ ਇੱਕ ਛੋਟੀ ਜਿਹੀ ਮੇਜ਼ ਦੇ ਆਲੇ-ਦੁਆਲੇ 6 ਲੋਕ ਜੁੜ-ਜੁੜ ਕੇ ਬੈਠ ਸਕਦੇ ਸਨ। ਖਾਣਾ ਹਮੇਸ਼ਾਂ ਮੇਜ਼ 'ਤੇ ਹੀ ਪਰੋਸਿਆ ਜਾਂਦਾ ਸੀ ਪਰ ਕਈ ਵਾਰ ਲੋਕ ਆਪਣੇ ਬੰਕ 'ਚ ਲੇਟ ਕੇ ਹੀ ਖਾਣਾ ਖਾ ਲੈਂਦੇ ਸੀ।"
ਜਿਵੇਂ ਹੀ ਮੈਂ ਪਣਡੁੱਬੀ 'ਚ ਵੜਿਆ, ਡੀਜ਼ਲ ਦੀ ਗੰਧ ਮੇਰੇ ਨੱਕ ਅੰਦਰ ਆਈ ਅਤੇ ਮੈਨੂੰ ਉਲਟੀ ਆਉਣ ਲੱਗੀ।
ਪੂਰੀ ਪਣਡੁੱਬੀ 'ਚ ਡੀਜ਼ਲ ਦੀ ਗੰਧ ਫੈਲੀ ਹੋਈ ਸੀ। ਇੱਥੋਂ ਤੱਕ ਕਿ ਉੱਥੇ ਪਏ ਕੰਬਲਾਂ 'ਚ ਵੀ ਡੀਜ਼ਲ ਦੀ ਹੀ ਗੰਧ ਆ ਰਹੀ ਸੀ।
ਇਹ ਵੇਖ ਕੇ ਮੇਰਾ ਸਾਰਾ ਜੋਸ਼ ਉੱਡ ਗਿਆ ਕਿ ਹੁਣ ਸਾਨੂੰ ਅਗਲੇ ਤਿੰਨ ਮਹੀਨੇ ਇਸੇ ਮਾਹੌਲ 'ਚ ਗੁਜ਼ਾਰਨੇ ਪੈਣਗੇ।
ਨੇਤਾਜੀ ਦੀ ਪਣਡੁੱਬੀ ਯੂ-180 ਨੂੰ ਮਈ 1942 'ਚ ਜਰਮਨ ਜਲ ਸੈਨਾ 'ਚ ਸ਼ਾਮਲ ਕੀਤਾ ਗਿਆ ਸੀ। ਨੇਤਾਜੀ ਦੀ ਯਾਤਰਾ ਦੌਰਾਨ ਵਰਨਰ ਮੁਸੇਨਬਰਗ ਇਸ ਦੇ ਕਮਾਂਡਰ ਸਨ।
ਲਗਭਗ ਇੱਕ ਸਾਲ ਬਾਅਦ, ਅਗਸਤ 1944 'ਚ ਪ੍ਰਸ਼ਾਂਤ ਮਹਾਸਾਗਰ 'ਚ ਮਿੱਤਰ ਦੇਸ਼ਾਂ ਦੀਆਂ ਫੌਜਾਂ ਵੱਲੋਂ ਇਸ ਨੂੰ ਡੁਬੋ ਦਿੱਤਾ ਗਿਆ ਸੀ ਅਤੇ ਇਸ 'ਚ ਸਵਾਰ ਸਾਰੇ 56 ਜਲ ਸੈਨਿਕ ਮਾਰੇ ਗਏ ਸਨ।
ਇਹ ਵੀ ਪੜ੍ਹੋ-
ਨੇਤਾਜੀ ਲਈ ਖਿੱਚੜੀ ਦਾ ਕੀਤਾ ਗਿਆ ਪ੍ਰਬੰਧ
ਆਬਿਦ ਹਸਨ ਨੇ ਪਹਿਲੇ ਹੀ ਦਿਨ ਡਿਨਰ ਟੇਬਲ 'ਤੇ ਨੋਟ ਕੀਤਾ ਕਿ ਨੇਤਾ ਜੀ ਕੁਝ ਵੀ ਨਹੀਂ ਖਾ ਰਹੇ ਹਨ।
ਪਣਡੁੱਬੀ 'ਚ ਸਵਾਰ ਜਲ ਸੈਨਿਕਾਂ ਲਈ ਸੈਨਿਕ ਰਾਸ਼ਨ ਮੌਜੂਦ ਸੀ , ਜਿਸ 'ਚ ਮੋਟੀ ਬ੍ਰੈਡ, ਸਖ਼ਤ ਮੀਟ, ਟੀਨ ਦੇ ਡੱਬਿਆਂ 'ਚ ਬੰਦ ਸਬਜ਼ੀਆਂ, ਜੋ ਕਿ ਵੇਖਣ ਅਤੇ ਖਾਣ 'ਚ ਰਬੜ ਵਰਗੀਆਂ ਲੱਗਦੀਆਂ ਸਨ।
ਸੁਭਾਸ਼ ਚੰਦਰ ਬੋਸ ਦੀ ਭਤੀਜੀ ਕ੍ਰਿਸ਼ਨਾ ਬੋਸ ਨੇ ਹਾਲ 'ਚ ਹੀ ਪ੍ਰਕਾਸ਼ਿਤ ਆਪਣੀ ਕਿਤਾਬ 'ਨੇਤਾਜੀ, ਸੁਭਾਸ਼ ਚੰਦਰ ਬੋਸੇਸ ਲਾਈਫ਼, ਪੋਲੀਟਿਕਸ ਐਂਡ ਸਟਰੱਗਲ' 'ਚ ਲਿਖਿਆ ਹੈ " ਆਬਿਦ ਨੇ ਮੈਨੂੰ ਦੱਸਿਆ ਸੀ ਕਿ ਨੇਤਾਜੀ ਨੇ ਪਣਡੁੱਬੀ ਰਾਹੀਂ ਆਪਣੇ ਸਫ਼ਰ ਦੀ ਗੱਲ ਮੇਰੇ ਤੋਂ ਲੁਕਾ ਕੇ ਰੱਖੀ ਸੀ।''
''ਜੇਕਰ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਤਾਂ ਮੈਂ ਆਪਣੇ ਨਾਲ ਖਾਣ-ਪੀਣ ਦੀ ਚੀਜ਼ਾਂ ਅਤੇ ਮਸਾਲੇ ਰੱਖ ਲੈਂਦਾ। ਆਬਿਦ ਪਣਡੁੱਬੀ ਦੇ ਗੋਦਾਮ 'ਚ ਪਹੁੰਚੇ ਅਤੇ ਉੱਥੇ ਉਨ੍ਹਾਂ ਨੂੰ ਚੌਲਾਂ ਅਤੇ ਦਾਲਾਂ ਨਾਲ ਭਰਿਆ ਇੱਕ ਥੈਲਾ ਮਿਲਿਆ। ਇਸ ਤੋਂ ਇਲਾਵਾ ਉੱਥੇ ਅੰਡਿਆਂ ਦੇ ਪਾਊਡਰ ਦਾ ਇੱਕ ਵੱਡਾ ਟੀਨ ਵੀ ਪਿਆ ਹੋਇਆ ਸੀ।"
"ਅਗਲੇ ਕੁਝ ਦਿਨਾਂ ਤੱਕ ਆਬਿਦ ਨੇ ਅੰਡਿਆਂ ਦੇ ਪਾਊਡਰ ਨਾਲ ਨੇਤਾਜੀ ਲਈ ਨਾਸ਼ਤੇ 'ਚ ਆਮਲੇਟ ਬਣਾਇਆ। ਉਨ੍ਹਾਂ ਨੇ ਚਾਵਲ ਅਤੇ ਦਾਲ ਨਾਲ ਨੇਤਾਜੀ ਲਈ ਖਿਚੜੀ ਬਣਾਈ, ਜੋ ਕਿ ਨੇਤਾਜੀ ਨੂੰ ਬਹੁਤ ਪਸੰਦ ਆਈ ਸੀ। ਪਰ ਨੇਤਾਜੀ ਜਰਮਨ ਅਫ਼ਸਰਾਂ ਨੂੰ ਬੁਲਾ ਕੇ ਉਹ ਖਿਚੜੀ ਖਿਲਾਉਣ ਲੱਗ ਪਏ ਸਨ।"
ਉਹ ਅੱਗੇ ਲਿਖਦੇ ਹਨ " ਆਬਿਦ ਨੂੰ ਡਰ ਸੀ ਕਿ ਜੇਕਰ ਜਰਮਨ ਸੈਨਿਕਾਂ ਨੇ ਖਿਚੜੀ ਖਾਣੀ ਸ਼ੁਰੂ ਕਰ ਦਿੱਤੀ ਤਾਂ ਜਲਦੀ ਹੀ ਉਨ੍ਹਾਂ ਦਾ ਦਾਲ -ਚਾਵਲ ਦਾ ਭੰਡਾਰ ਖ਼ਤਮ ਹੋ ਜਾਵੇਗਾ।''
''ਪਰ ਉਹ ਨੇਤਾਜੀ ਨੂੰ ਇਸ ਸਬੰਧੀ ਕਹਿਣ ਦੀ ਹਿੰਮਤ ਨਹੀਂ ਜੁਟਾ ਸਕੇ ਸਨ। ਉਨ੍ਹਾਂ ਨੇ ਜਰਮਨ ਸੈਨਿਕਾਂ ਨੂੰ ਕਿਹਾ ਕਿ ਉਹ ਆਪ ਹੀ ਖਿਚੜੀ ਖਾਣ ਤੋਂ ਮਨਾ ਕਰ ਦੇਣ ਤਾਂ ਕਿ ਅਗਲੇ ਕੁਝ ਦਿਨਾਂ ਤੱਕ ਨੇਤਾਜੀ ਖਿੱਚੜੀ ਦਾ ਆਨੰਦ ਮਾਣ ਸਕਣ।"
ਦਿਨ ਵੇਲੇ ਸਮੁੰਦਰ ਹੇਠਾਂ ਅਤੇ ਰਾਤ ਨੂੰ ਸਮੁੰਦਰ ਦੀ ਸਤਿਹ ਦੇ ਉਪਰ
ਕੀਲ ਤੋਂ ਪਣਡੁੱਬੀਆਂ ਦਾ ਇੱਕ ਕਾਫ਼ਲਾ ਰਵਾਨਾ ਹੋਇਆ ਸੀ, ਜਿਸ 'ਚ ਬੋਸ ਦੀ ਪਣਡੁੱਬੀ ਵੀ ਇੱਕ ਹਿੱਸਾ ਸੀ। ਕੀਲ ਤੋਂ ਕੁਝ ਦੂਰੀ ਤੱਕ ਜਰਮਨ ਜਲ ਸੈਨਾ ਦਾ ਸਮੁੰਦਰ 'ਤੇ ਪੂਰਾ ਕੰਟਰੋਲ ਸੀ।
ਇਸ ਕਾਰਨ ਹੀ ਜਰਮਨ ਯੂ-ਬੋਟ ਕਾਫ਼ਲੇ ਨੂੰ ਪਾਣੀ ਦੀ ਸਤ੍ਹਾ ਦੇ ਉਪਰ ਚੱਲਣ 'ਚ ਕੋਈ ਦਿੱਕਤ ਨਹੀਂ ਹੋਈ ਸੀ। ਉਹ ਡੈਨਮਾਰਕ ਦੇ ਸਮੁੰਦਰੀ ਕੰਢੇ ਦੇ ਨਾਲ-ਨਾਲ ਚੱਲਦੇ ਹੋਏ ਸਵੀਡਨ ਪਹੁੰਚ ਗਏ ਸਨ।
ਕਿਉਂਕਿ ਸਵੀਡਨ ਇਸ ਲੜਾਈ 'ਚ ਨਿਰਪੱਖ ਸੀ, ਇਸ ਲਈ ਇੱਥੇ ਕੁਝ ਸਾਵਧਾਨੀ ਵਰਤਣ ਦੀ ਲੋੜ ਸੀ।
ਨਾਰਵੇ ਦੇ ਦੱਖਣੀ ਕਿਨਾਰੇ ਦੇ ਨੇੜੇ ਯੂ-ਬੋਟ ਕਾਫ਼ਲਾ ਦੋ ਹਿੱਸਿਆ 'ਚ ਵੰਡਿਆ ਗਿਆ। ਇੱਥੋਂ ਹੀ ਸੁਭਾਸ਼ ਚੰਦਰ ਬੋਸ ਦੀ ਪਣਡੁੱਬੀ ਦੀ ਇੱਕਲੀ ਯਾਤਰਾ ਸ਼ੁਰੂ ਹੋਈ ਸੀ।
ਕ੍ਰਿਸ਼ਨਾ ਬੋਸ ਲਿਖਦੇ ਹਨ "ਦਿਨ ਦੇ ਸਮੇਂ ਪਣਡੁੱਬੀ ਸਮੁੰਦਰ ਦੇ ਪਾਣੀ ਦੇ ਹੇਠਾਂ ਚੱਲਦੀ ਸੀ ਅਤੇ ਰਾਤ ਦੇ ਸਮੇਂ ਉਹ ਸਮੁੰਦਰ ਦੇ ਪਾਣੀ ਦੇ ਉੱਪਰ ਆ ਜਾਂਦੀ ਸੀ। ਇਹ ਪਣਡੁੱਬੀ ਬੈਟਰੀ ਨਾਲ ਚੱਲ ਰਹੀ ਸੀ, ਇਸ ਲਈ ਬੈਟਰੀ ਚਾਰਜ ਕਰਨ ਲਈ ਪਣਡੁੱਬੀ ਨੂੰ ਰਾਤ ਦੇ ਸਮੇਂ ਪਾਣੀ ਦੇ ਉੱਪਰ ਲਿਆਂਦਾ ਜਾਂਦਾ ਸੀ। ਜਿਵੇਂ ਹੀ ਸਵੇਰ ਹੋਣ ਵਾਲੀ ਹੁੰਦੀ ਸੀ ਪਣਡੁੱਬੀ ਨੂੰ ਫਿਰ ਪਾਣੀ ਦੇ ਅੰਦਰ ਲਿਜਾਇਆ ਜਾਂਦਾ ਸੀ।"
ਜਦੋਂ ਰਾਤ ਦੇ ਸਮੇਂ ਪਣਡੁੱਬੀ ਪਾਣੀ ਦੇ ਉੱਪਰ ਆਉਂਦੀ ਤਾਂ ਪਣਡੁੱਬੀ ਦੇ ਕਪਤਾਨ ਵਰਨਰ ਮੁਸੇਬਰਗ ਨੇਤਾਜੀ ਅਤੇ ਆਬਿਦ ਨੂੰ ਕਹਿੰਦੇ ਕਿ ਉਹ ਪਣਡੁੱਬੀ ਦੀ ਛੱਤ 'ਤੇ ਆ ਕੇ ਆਪਣੈ ਪੈਰ ਸਿੱਧੇ ਕਰ ਲੈਣ।
ਜਦੋਂ ਪਣਡੁੱਬੀ ਗ੍ਰੀਨਲੈਂਡ ਦੇ ਨੇੜਿਓਂ ਲੰਘੀ ਤਾਂ ਨੇਤਾਜੀ ਅਤੇ ਆਬਿਦ ਨੂੰ ਮਹਿਸੂਸ ਹੋਇਆ ਕਿ ਉਹ ਉੱਤਰੀ ਧਰੁਵ ਵੱਲ ਇੱਕ ਮੁਹਿੰਮ 'ਤੇ ਜਾ ਰਹੇ ਹਨ। ਉਸ ਪਾਸੇ ਤੋਂ ਲੰਮਾਂ ਚੱਕਰ ਲਗਾ ਕੇ ਜਾਣਾ ਜਰੂਰੀ ਸੀ ਕਿਉਂਕਿ ਮਿੱਤਰ ਦੇਸ਼ਾਂ ਦੇ ਜਹਾਜ਼ਾਂ ਦੀ ਨਜ਼ਰ ਉਨ੍ਹਾਂ 'ਤੇ ਨਾ ਪਵੇ ਅਤੇ ਉਹ ਉਨ੍ਹਾਂ 'ਤੇ ਹਮਲਾ ਨਾ ਕਰ ਸਕਣ।
ਦੇਸ਼ ਤੋਂ ਦੂਰ ਰਹਿਣਾ ਬੋਸ ਦੀ ਜ਼ਿੰਦਗੀ ਦਾ ਸਭ ਤੋਂ ਭੈੜਾ ਤਜ਼ਰਬਾ ਸੀ
ਫਰਾਂਸ ਦੇ ਤੱਟ ਦੇ ਨੇੜੇ ਇੱਕ ਯੂ ਟੈਂਕਰ ਨੇ ਪਣਡੁੱਬੀ 'ਚ ਅਗਾਂਹ ਦੀ ਯਾਤਰਾ ਲਈ ਡੀਜ਼ਲ ਭਰਿਆ।
ਨੇਤਾਜੀ ਨੇ ਯੂ ਟੈਂਕਰ ਦੇ ਚਾਲਕਾਂ ਨੂੰ ਬਰਲਿਨ 'ਚ ਫ੍ਰੀ ਇੰਡੀਆ ਸੈਂਟਰ ਤੱਕ ਪਹੁੰਚਾਉਣ ਲਈ ਕੁਝ ਜਰੂਰੀ ਦਸਤਾਵੇਜ਼ ਸੌਂਪੇ।
ਇਸ ਪਣਡੁੱਬੀ ਯਾਤਰਾ ਦੇ ਦੂਜੇ ਦਿਨ ਤੋਂ ਹੀ ਆਬਿਦ ਹਸਨ ਆਪਣੇ ਆਪ ਨੂੰ ਕੋਸ ਰਹੇ ਸਨ ਕਿ ਸਮਾਂ ਬਤੀਤ ਕਰਨ ਲਈ ਉਹ ਆਪਣੇ ਨਾਲ ਕੁਝ ਕਿਤਾਬਾਂ ਕਿਉਂ ਨਹੀਂ ਲੈ ਕੇ ਆਏ।
ਅਚਾਨਕ ਹੀ ਨੇਤਾਜੀ ਨੇ ਉਨ੍ਹਾਂ ਤੋਂ ਪੁੱਛਿਆ, " ਹਸਨ ਤੁਸੀਂ ਟਾਈਪਰਾਈਟਰ ਤਾਂ ਲਿਆਏ ਹੋ ਨਾ?"
ਜਦੋਂ ਹਸਨ ਨੇ ਨੇਤਾਜੀ ਨੂੰ ਦੱਸਿਆ ਕਿ ਉਹ ਟਾਈਪਰਾਈਟਰ ਲਿਆਏ ਹਨ ਤਾਂ ਕੰ ਦਾ ਜੋ ਸਿਲਸਿਲਾ ਸ਼ੁਰੂ ਹੋਇਆ ਉਹ ਤਿੰਨ ਮਹੀਨੇ ਬਾਅਦ ਯਾਤਰਾ ਦੇ ਖ਼ਤਮ ਹੋਣ 'ਤੇ ਹੀ ਸਮਾਪਤ ਹੋਇਆ।
ਇਸ ਦੌਰਾਨ ਉਨ੍ਹਾਂ ਨੇ ਆਪਣੀ ਕਿਤਾਬ 'ਦ ਇੰਡੀਅਨ ਸਟਰੱਗਲ' ਦੇ ਨਵੇਂ ਐਡੀਸ਼ਨ ਲਈ ਉਸ ਦੇ ਖਰੜੇ 'ਚ ਕੁਝ ਬਦਲਾਅ ਕੀਤੇ। ਪਣਡੁੱਬੀ 'ਚ ਤੁਰਨ-ਫਿਰਨ ਜਾਂ ਕਸਰਤ ਕਰਨ ਦੀ ਕੋਈ ਗੁੰਜਾਇਸ਼ ਨਹੀਂ ਸੀ।
ਦਿਨ ਦੇ ਚਾਨਣ ਦਾ ਸਵਾਲ ਹੀ ਨਹੀਂ ਉੱਠਦਾ ਸੀ। ਇੰਝ ਲੱਗਦਾ ਸੀ ਕਿ ਪਣਡੁੱਬੀ 'ਤੇ ਸਿਰਫ ਰਾਤ ਹੀ ਹੈ, ਕਿਉਂਕਿ ਹਰ ਸਮੇਂ ਲਾਈਟਾਂ ਜਗਦੀਆਂ ਹੀ ਰਹਿੰਦੀਆ ਸਨ।
ਕ੍ਰਿਸ਼ਨਾ ਬੋਸ ਲਿਖਦੇ ਹਨ "ਇਸ ਯਾਤਰਾ ਦੌਰਾਨ ਹੀ ਨੇਤਾਜੀ ਨੇ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਕਿ ਉਹ ਜਾਪਾਨ ਸਰਕਾਰ ਅਤੇ ਅਧਿਕਾਰੀਆਂ ਨਾਲ ਕਿਵੇਂ ਗੱਲਬਾਤ ਕਰਨਗੇ।''
''ਨੇਤਾਜੀ ਨੇ ਆਬਿਦ ਹਸਨ ਨੂੰ ਕਿਹਾ ਕਿ ਉਹ ਜਾਪਾਨ ਦੇ ਪ੍ਰਧਾਨ ਮੰਤਰੀ ਹਿਦੇਕੀ ਤੋਜੋ ਦੀ ਭੂਮਿਕਾ ਨਿਭਾਉਣ ਅਤੇ ਉਨ੍ਹਾਂ ਤੋਂ ਉਨ੍ਹਾਂ ਦੀ ਯੋਜਨਾ ਅਤੇ ਇਰਾਦਿਆਂ ਦੇ ਬਾਰੇ 'ਚ ਸਖ਼ਤ ਸਵਾਲ ਪੁੱਛਣ।"
ਉਹ ਅੱਗੇ ਲਿਖਦੇ ਹਨ, "ਕੰਮ ਤੋਂ ਛੁੱਟੀ ਰਾਤ ਦੇ ਸਮੇਂ ਹੀ ਮਿਲਦੀ ਸੀ ਜਦੋਂ ਨੇਤਾਜੀ ਦੀ ਪਣਡੁੱਬੀ ਪਾਣੀ ਦੇ ਉੱਪਰ ਆ ਜਾਂਦੀ ਸੀ। ਉਸ ਸਮੇਂ ਨੇਤਾਜੀ ਗੱਲਬਾਤ ਕਰਨ ਦੇ ਮੂਡ 'ਚ ਆ ਜਾਂਦੇ ਸਨ ਅਤੇ ਆਬਿਦ ਹਸਨ ਨਾਲ ਲੰਮੀਆਂ-ਲੰਮੀਆਂ ਗੱਲਾਂ ਕਰਦੇ ਸਨ।''
''ਇਸ ਗੱਲਬਾਤ ਦੌਰਾਨ ਆਬਿਦ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਤੁਹਾਡੇ ਜੀਵਨ ਦਾ ਸਭ ਤੋਂ ਕੌੜਾ ਜਾ ਭੈੜਾ ਤਜ਼ਰਬਾ ਕੀ ਹੈ? ਨੇਤਾਜੀ ਨੇ ਜਵਾਬ ਦਿੱਤਾ ਸੀ, ਆਪਣੇ ਦੇਸ਼ ਤੋਂ ਦੂਰ ਰਹਿਣਾ।"
ਨੇਤਾਜੀ ਦੀ ਪਣਡੁੱਬੀ ਨੇ ਬ੍ਰਿਟਿਸ਼ ਤੇਲਵਾਹਕ ਜਹਾਜ਼ ਡੁਬੋ ਦਿੱਤਾ ਸੀ
ਇਸ ਯਾਤਰਾ ਦੌਰਾਨ ਸੁਭਾਸ਼ ਬੋਸ ਦੀਆਂ ਕਈ ਤਸਵੀਰਾਂ ਸਾਹਮਣੇ ਆਈਆ ਹਨ, ਜਿਨ੍ਹਾਂ 'ਚ ਉਹ ਪਣਡੁੱਬੀ ਦੇ ਪੁੱਲ 'ਤੇ ਆਬਿਦ ਹਸਨ ਨਾਲ ਗੱਲਬਾਤ ਕਰਦੇ ਅਤੇ ਸਿਗਰਟ ਪੀਂਦੇ ਵਿਖਾਈ ਦੇ ਰਹੇ ਹਨ।
ਜਿੰਨਾ ਚਿਰ ਉਹ ਯੂਰਪ 'ਚ ਰਹੇ, ਉਦੋਂ ਤੱਕ ਉਨ੍ਹਾਂ ਨੇ ਬਹੁਤ ਹੀ ਘੱਟ ਸਿਗਰਟ ਪੀਤੀ ਸੀ। ਪਰ ਦੱਖਣੀ ਏਸ਼ੀਆ ਪਹੁੰਚਣ 'ਤੇ ਉਨ੍ਹਾਂ ਦੀ ਸਿਗਰਟ ਪੀਣ ਦੀ ਆਦਤ ਬਹੁਤ ਵੱਧ ਗਈ ਸੀ।
ਨੇਤਾਜੀ ਸ਼ਰਾਬ ਪੀਣ ਤੋਂ ਪਰਹੇਜ਼ ਨਹੀਂ ਕਰਦੇ ਸਨ। ਯੂਰਪ 'ਚ ਰਹਿੰਦਿਆਂ, ਉਨ੍ਹਾਂ ਨੂੰ ਉੱਥੋਂ ਦੇ ਸਭਿਆਚਾਰ ਦੀ ਆਦਤ ਪੈ ਗਈ ਸੀ, ਜਿੱਥੇ ਖਾਣੇ ਦੇ ਨਾਲ ਵਾਈਨ ਪਰੋਸਣ ਦਾ ਰਿਵਾਜ਼ ਸੀ।
ਜਰਮਨ ਪਣਡੁੱਬੀ 'ਤੇ ਸਵਾਰ ਰਹਿਣ ਦੌਰਾਨ 18 ਅਪ੍ਰੈਲ, 1943 ਨੂੰ ਉਨ੍ਹਾਂ ਦੀ ਪਣਡੁੱਬੀ ਨੇ ਇੱਕ 8 ਹਜ਼ਾਰ ਟਨ ਦੇ ਬ੍ਰਿਟਿਸ਼ ਤੇਲ ਕੈਰੀਅਰ ਕੋਰਬਿਸ ਨੂੰ ਟੋਰਪੀਡੋ ਰਾਹੀਂ ਡੁਬੋ ਦਿੱਤਾ ਸੀ।
ਆਬਿਦ ਹਸਨ ਲਿਖਦੇ ਹਨ, "ਇਹ ਇੱਕ ਅਬੁੱਲ ਨਜ਼ਾਰਾ ਸੀ। ਅਜਿਹਾ ਲੱਗ ਰਿਹਾ ਸੀ ਜਿਵੇਂ ਕਿ ਸਾਰੇ ਸਮੁੰਦਰ ਨੂੰ ਹੀ ਅੱਗ ਲੱਗ ਗਈ ਹੋਵੇ। ਅਸੀਂ ਦੇਖ ਸਕਦੇ ਸੀ ਕਿ ਜਿਸ ਜਹਾਜ਼ ਨੂੰ ਅੱਗ ਲੱਗੀ ਸੀ ਉਸ 'ਚ ਕੁਝ ਭਾਰਤੀ ਅਤੇ ਮਲੇਸ਼ੀਆਈ ਵਿਖਣ ਵਾਲੇ ਲੋਕ ਮੌਜੂਦ ਸਨ।''
''ਇੱਕ ਵੱਡੀ ਜਿਹੀ ਲਾਈਫ ਬੋਟ 'ਚ ਸਿਰਫ ਗੋਰੇ ਲੋਕਾਂ ਨੂੰ ਬਿਠਾਇਆ ਗਿਆ ਅਤੇ ਭੂਰੀ ਚਮੜੀ ਵਾਲੇ ਲੋਕਾਂ ਨੂੰ ਜਲਦੇ ਜਹਾਜ਼ 'ਚ ਉਨ੍ਹਾਂ ਦੀ ਕਿਸਮਤ ਦੇ ਸਹਾਰੇ ਛੱਡ ਦਿੱਤਾ ਗਿਆ ਸੀ।"
ਇੱਕ ਵਾਰ ਨੇਤਾਜੀ ਦੀ ਪਣਡੁੱਬੀ ਦੇ ਕਮਾਂਡਰ ਮੁਸੇਨਬਰਗ ਨੇ ਆਪਣੇ ਪੈਰੀਸਕੋਪ ਨਾਲ ਬ੍ਰਿਟਿਸ਼ ਜੰਗੀ ਬੇੜਾ ਵੇਖਿਆ ਅਤੇ ਆਪਣੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਉਹ ਇਸ ਨੂੰ ਟੋਰਪੀਡੋ ਕਰ ਦੇਣ।
ਜਦੋਂ ਪਣਡੁੱਬੀ ਨੂੰ ਟੋਰਪੀਡੋ ਕਰਨ ਲਈ ਤਿਆਰ ਕੀਤਾ ਜਾ ਰਿਹਾ ਸੀ ਤਾਂ ਜਲ ਸੈਨਾ ਦੇ ਇੱਕ ਸੈਨਿਕ ਦੀ ਗਲਤੀ ਦੇ ਕਾਰਨ ਟੋਰਪੀਡੋ ਫਾਈਰ ਕਰਨ ਦੀ ਬਜਾਏ ਪਣਡੁੱਬੀ ਅਚਾਨਕ ਹੀ ਪਾਣੀ ਦੀ ਸਤਿਹ 'ਤੇ ਆ ਗਈ ਸੀ।
ਉਸ ਨੂੰ ਵੇਖਦਿਆਂ ਹੀ ਬ੍ਰਿਟਿਸ਼ ਜਹਾਜ਼ ਨੇ ਉਸ 'ਤੇ ਹਮਲਾ ਕਰ ਦਿੱਤਾ ਸੀ। ਮੁਸੇਨਬਰਗ ਨੇ ਜਲਦਬਾਜ਼ੀ 'ਚ ਹੇਠਾਂ ਜਾਣ ਦੇ ਹੁਕਮ ਦਿੱਤੇ।
ਬਹੁਤ ਹੀ ਮੁਸ਼ਕਲ ਨਾਲ ਪਣਡੁੱਬੀ ਹੇਠਾਂ ਪਹੁੰਚੀ, ਪਰ ਪਾਣੀ 'ਚ ਜਾਣ ਤੋਂ ਪਹਿਲਾਂ ਬੇੜੇ ਦੀ ਰੇਲਿੰਗ ਪਣਡੁੱਬੀ ਦੇ ਬ੍ਰਿਜ ਨਾਲ ਟਕਰਾ ਗਈ ਅਤੇ ਉਸ ਨੂੰ ਮਾਮੂਲੀ ਨੁਕਸਾਨ ਪਹੁੰਚਿਆ।
ਆਬਿਦ ਹਸਨ ਲਿਕਦੇ ਹਨ "ਇਸ ਪੂਰੇ ਤਣਾਅ ਦੇ ਮਾਹੌਲ ਦੌਰਾਨ ਮੇਰਾ ਤਾਂ ਡਰ ਦੇ ਨਾਲ ਪਸੀਨਾ ਨਿਕਲ ਗਿਆ ਸੀ, ਪਰ ਨੇਤਾਜੀ ਸ਼ਾਂਤ ਬੈਠੇ ਆਪਣਾ ਭਾਸ਼ਣ ਲਿਖਵਾਉਂਦੇ ਰਹੇ।''
''ਜਦੋਂ ਖ਼ਤਰਾ ਟਲ ਗਿਆ ਤਾਂ ਮੁਸੇਨਬਗ ਨੇ ਚਾਲਕ ਦਲ ਨੂੰ ਇੱਕਠਾ ਕਰ ਕੇ ਦੱਸਿਆ ਕਿ ਉਨ੍ਹਾਂ ਦੇ ਭਾਰਤੀ ਮਹਿਮਾਨ ਨੇ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਖ਼ਤਰੇ ਦੇ ਸਮੇਂ 'ਚ ਵੀ ਕਿਸ ਤਰ੍ਹਾਂ ਸ਼ਾਂਤ ਰਿਹਾ ਜਾ ਸਕਦਾ ਹੈ।"
ਨੇਤਾਜੀ ਜਾਪਾਨੀ ਪਣਡੁੱਬੀ 'ਤੇ ਸਵਾਰ ਹੋਏ
ਅਪ੍ਰੈਲ ਮਹੀਨੇ ਦੇ ਆਖਰੀ ਹਫ਼ਤੇ 'ਚ ਸੁਭਾਸ਼ ਚੰਦਰ ਬੋਸ ਦੀ ਪਣਡੁੱਬੀ ਕੇਪ ਆਫ਼ ਗੁੱਡ ਹੋਪ ਦਾ ਚੱਕਰ ਕੱਟਦਿਆਂ ਹਿੰਦ ਮਹਾਸਾਗਰ 'ਚ ਦਾਖਲ ਹੋਈ।
ਇਸ ਦੌਰਾਨ 20 ਅਪ੍ਰੈਲ , 1943 ਨੂੰ ਇੱਕ ਜਾਪਾਨੀ ਪਣਡੁੱਬੀ ਆਈ-29 ਪੇਨਾਂਗ ਤੋਂ ਰਵਾਨਾ ਹੋਈ ਸੀ, ਜਿਸ ਦੀ ਅਗਵਾਈ ਕੈਪਟਨ ਮਸਾਓ ਤਰਾਓਕਾ ਕਰ ਰਹੇ ਸਨ।
ਸਥਾਨਕ ਭਾਰਤੀ ਲੋਕ ਇਸ ਗੱਲ ਤੋਂ ਹੈਰਾਨ ਸਨ ਕਿ ਰਵਾਨਾ ਹੋਣ ਤੋਂ ਪਹਿਲਾਂ ਪਣਡੁੱਬੀ ਦੇ ਚਾਲਕ ਦਲ ਨੇ ਭਾਰਤੀ ਭੋਜਨ ਦੇ ਲਈ ਰਸਦ ਖਰੀਦੀ ਸੀ।
ਮੈਡਾਗਾਸਕਰ ਦਾ ਸਮੁੰਦਰ 'ਚ ਦੂਜੇ ਵਿਸ਼ਵ ਯੁੱਧ ਦਾ ਪ੍ਰਭਾਵ ਕੁਝ ਘੱਟ ਸੀ। ਇਸ ਲਈ ਇਹ ਫੈਸਲਾ ਲਿਆ ਗਿਆ ਕਿ ਇੱਥੋਂ ਨੇਤਾਜੀ ਨੂੰ ਜਰਮਨੀ ਪਣਡੁੱਬੀ ਤੋਂ ਜਾਪਾਨੀ ਪਣਡੁੱਬੀ 'ਚ ਭੇਜ ਦਿੱਤਾ ਜਾਵੇਗਾ। ਇੱਥੇ ਦੋਵੇਂ ਪਣਡੁੱਬੀਆ ਕੁਝ ਸਮੇਂ ਲਈ ਇੱਕਠੀਆਂ ਨਾਲ-ਨਾਲ ਚੱਲੀਆਂ ਸਨ।
ਸੌਗਤ ਬੋਸ ਆਪਣੀ ਕਿਤਾਬ 'ਹਿਜ਼ ਮੈਜੇਸਟੀਜ਼ ਓਪੋਨੈਂਟ' 'ਚ ਲਿਖਦੇ ਹਨ, "27 ਅਪ੍ਰੈਲ ਦੀ ਦੁਪਹਿਰ ਨੂੰ ਇੱਕ ਜਰਮਨ ਅਫ਼ਸਰ ਅਤੇ ਇੱਕ ਸਿਗਨਲਮੈਨ ਤੈਰ ਕੇ ਜਾਪਾਨੀ ਪਣਡੁੱਬੀ ਤੱਕ ਪਹੁੰਚੇ। 28 ਅਪ੍ਰੈਲ ਦੀ ਸਵੇਰ ਨੂੰ ਨੇਤਾਜੀ ਅਤੇ ਆਬਿਦ ਹਸਨ ਨੂੰ ਯੂ-180 ਤੋਂ ਹੇਠਾਂ ਉਤਾਰ ਕੇ ਇੱਕ ਰਬੜ ਦੀ ਕਿਸ਼ਤੀ 'ਚ ਬਿਠਾਇਆ ਗਿਆ।''
''ਉਹ ਕਿਸ਼ਤੀ ਉਨ੍ਹਾਂ ਨੂੰ ਤੇਜ਼ ਸਮੁੰਦਰੀ ਲਹਿਰਾਂ ਵਿਚਾਲੇ ਨਜ਼ਦੀਕ ਖੜ੍ਹੀ ਜਾਪਾਨੀ ਪਣਡੁੱਬੀ ਆਈ-29 ਤੱਕ ਲੈ ਗਈ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਇਹ ਪਹਿਲੀ ਵਾਰ ਹੋਇਆ ਸੀ ਕਿ ਜਦੋਂ ਯਾਤਰੀਆਂ ਨੂੰ ਇੱਕ ਪਣਡੁੱਬੀ ਤੋਂ ਦੂਜੀ ਪਣਡੁੱਬੀ ਤੱਕ ਪਹੁੰਚਾਇਆ ਗਿਆ ਸੀ। ਸਮੁੰਦਰ ਦੀਆਂ ਲਹਿਰਾਂ ਇੰਨ੍ਹੀਆਂ ਉੱਚੀਆਂ ਉੱਠ ਰਹੀਆ ਸਨ ਕਿ ਕਿਸ਼ਤੀ 'ਚ ਚੜ੍ਹਣ ਮੌਕੇ ਨੇਤਾਜੀ ਅਤੇ ਆਬਿਦ ਦੋਵੇਂ ਹੀ ਪੂਰੀ ਤਰ੍ਹਾਂ ਭਿੱਜ ਗਏ ਸਨ।''
ਜਾਪਾਨੀ ਕਮਾਂਡਰ ਨੇ ਨੇਤਾਜੀ ਲਈ ਆਪਣਾ ਕੈਬਿਨ ਖਾਲੀ ਕੀਤਾ
ਜਰਮਨ ਜਲ ਸੈਨਾ ਦੇ ਸੈਨਿਕਾਂ ਨੇ ਪੂਰੀ ਯਾਤਰਾ ਦੌਰਾਨ ਨੇਤਾਜੀ ਅਤੇ ਉਨ੍ਹਾਂ ਦੇ ਸਾਥੀਆਂ ਦਾ ਬਹੁਤ ਧਿਆਨ ਰੱਖਿਆ ਸੀ। ਪਰ ਜਾਪਾਨੀ ਪਣਡੁੱਬੀ 'ਚ ਸਵਾਰ ਹੋਣ ਤੋਂ ਬਾਅਦ ਨੇਤਾਜੀ ਅਤੇ ਆਬਿਦ ਨੂੰ ਮਹਿਸੂਸ ਹੋਇਆ ਜਿਵੇਂ ਕਿ ਉਹ ਆਪਣੇ ਘਰ ਹੀ ਪਹੁੰਚ ਗਏ ਹੋਣ।
ਸੌਗਤ ਬੋਸ ਲਿਖਦੇ ਹਨ, " ਜਾਪਾਨੀ ਪਣਡੁੱਬੀ ਜਰਮਨ ਪਣਡੁੱਬੀ ਤੋਂ ਵੱਡੀ ਸੀ ਅਤੇ ਉਸ ਦੇ ਕਮਾਂਡਰ ਮਸਾਓ ਤਰੋਓਕਾ ਨੇ ਨੇਤਾਜੀ ਦੇ ਲਈ ਆਪਣਾ ਕੈਬਿਨ ਖਾਲੀ ਕਰ ਦਿੱਤਾ ਸੀ।"
ਜਾਪਾਨੀ ਰਸੋਈਆਂ ਵੱਲੋਂ ਪੇਨਾਂਗ 'ਚ ਖਰੀਦੇ ਗਏ ਭਾਰਤੀ ਮਸਾਲਿਆਂ ਨਾਲ ਬਣਾਇਆ ਗਿਆ ਭੋਜਨ ਨੇਤਾਜੀ ਨੂੰ ਬਹੁਤ ਪਸੰਦ ਆਇਆ ਸੀ।
ਆਬਿਦ ਹਸਨ ਲਿਖਦੇ ਹਨ " ਸਾਨੂੰ ਦਿਨ 'ਚ ਚਾਰ ਵਾਰ ਖਾਣਾ ਦਿੱਤਾ ਜਾਂਦਾ ਸੀ। ਇੱਕ ਵਾਰ ਤਾਂ ਨੇਤਾਜੀ ਨੂੰ ਜਾਪਾਨੀ ਕਮਾਂਡਰ ਨੂੰ ਕਹਿਣਾ ਪਿਆ ਸੀ ਕਿ ਕੀ ਹੁਣ ਸਾਨੂੰ ਫਿਰ ਖਾਣਾ ਪਵੇਗਾ?"
ਜਰਮਨ ਪਣਡੁੱਬੀ 'ਤੇ ਯਾਤਰਾ ਦੌਰਾਨ ਸਾਡਾ ਦੋ ਵਾਰ ਦੁਸ਼ਮਣ ਜਹਾਜ਼ਾਂ ਨਾਲ ਸਾਹਮਣਾ ਹੋਇਆ ਸੀ।
ਅਜਿਹਾ ਇਸ ਲਈ ਹੋਇਆ ਸੀ ਕਿਉਂਕਿ ਪਣਡੁੱਬੀ ਦੇ ਕਮਾਂਡਰ ਨੂੰ ਹਦਾਇਤ ਸੀ ਕਿ ਜੇਕਰ ਰਸਤੇ 'ਚ ਉਨ੍ਹਾਂ ਨੂੰ ਕੋਈ ਵੀ ਦੁਸ਼ਮਣ ਜਹਾਜ਼ ਵਿਖਾਈ ਦੇਵੇ ਤਾਂ ਉਸ 'ਤੇ ਹਮਲਾ ਕੀਤਾ ਜਾਵੇ।
ਇਸ ਦੇ ਉਲਟ ਜਾਪਾਨੀ ਪਣਡੁੱਬੀ ਦੇ ਕਮਾਂਡਰ ਨੂੰ ਹਦਾਇਤ ਸੀ ਕਿ ਉਹ ਕਿਸੇ ਵੀ ਸੂਰਤੇਹਾਲ 'ਚ ਵਿਰੋਧੀ ਜਹਾਜ਼ਾਂ ਨਾਲ ਨਾ ਉਲਝੇ ਅਤੇ ਸੁਭਾਸ਼ ਚੰਦਰ ਬੋਸ ਨੂੰ ਸੁਰੱਖਿਅਤ ਸੁਮਾਤਰਾ ਲੈ ਕੇ ਆਵੇ।
ਆਬਿਦ ਹਸਨ ਲਿਕਦੇ ਹਨ, " ਸਾਨੂੰ ਪੂਰੇ ਸਫ਼ਰ ਦੌਰਾਨ ਕੋਈ ਸਮੱਸਿਆ ਨਹੀਂ ਆਈ ਪਰ ਇੱਕ ਸਮੱਸਿਆ ਭਾਸ਼ਾ ਦੀ ਸੀ। ਨੇਤਾਜੀ ਅਤੇ ਮੈਂ ਦੋਵੇਂ ਹੀ ਜਰਮਨ ਸਮਝ ਲੈਨਦੇ ਸੀ ਪਰ ਜਾਪਾਨੀ ਭਾਸ਼ਾ ਤਾਂ ਸਾਡੇ ਸਿਰ ਤੋਂ ਹੀ ਲੰਘ ਜਾਂਦੀ ਸੀ ਅਤੇ ਪਣਡੁੱਬੀ 'ਤੇ ਕੋਈ ਵੀ ਦੁਭਾਸ਼ੀਆ ਮੌਜੂਦ ਨਹੀਂ ਸੀ।"
ਸੁਭਾਸ਼ ਬੋਸ ਨੇ ਰੇਡੀਓ ਰਾਹੀਂ ਭਾਰਤੀਆਂ ਨੂੰ ਸੰਬੋਧਨ ਕੀਤਾ
13 ਮਈ, 1943 ਨੂੰ ਜਾਪਾਨੀ ਪਣਡੁੱਬੀ ਆਈ-29 ਸੁਮਾਤਰਾ ਦੇ ਉੱਤਰੀ ਤੱਟ ਦੇ ਨਜ਼ਦੀਕ ਸਬਾਂਗ ਪਹੁੰਚੀ। ਸੁਭਾਸ਼ ਚੰਦਰ ਬੋਸ ਨੇ ਪਣਡੁੱਬੀ ਤੋਂ ਉਤਰਨ ਤੋਂ ਪਹਿਲਾਂ ਸਾਰੇ ਚਾਲਕ ਦਲ ਦੇ ਮੈਂਬਰਾਂ ਨਾਲ ਤਸਵੀਰਾਂ ਖਿੱਚਵਾਈਆਂ।
ਤਸਵੀਰ 'ਤੇ ਆਪਣਾ ਆਟੋਗ੍ਰਾਫ ਦਿੰਦੇ ਹੋਏ ਉਨ੍ਹਾਂ ਨੇ ਸੁਨੇਹਾ ਲਿਖਿਆ " ਇਸ ਪਣਡੁੱਬੀ 'ਤੇ ਸਫ਼ਰ ਕਰਨਾ ਇੱਕ ਸੁਹਾਵਣਾ ਅਨੁਭਵ ਸੀ। ਮੈਨੂੰ ਵਿਸ਼ਵਾਸ ਹੈ ਕਿ ਸਾਡੀ ਜਿੱਤ ਅਤੇ ਸ਼ਾਂਤੀ ਦੀ ਲੜਾਈ 'ਚ ਇਹ ਯਾਤਰਾ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ।"
ਸਬਾਂਗ 'ਚ ਨੇਤਾਜੀ ਦੇ ਪੁਰਾਣੇ ਦੋਸਤ ਅਤੇ ਜਰਮਨੀ 'ਚ ਜਾਪਾਨ ਦੇ ਸੈਨਿਕ ਅਟੈਚੇ ਰਹੇ ਕਰਨਲ ਯਾਮਾਮੋਟੋ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦੋ ਦਿਨ ਆਰਾਮ ਕਰਨ ਤੋਂ ਬਾਅਦ ਨੇਤਾਜੀ ਇੱਕ ਜਾਪਾਨੀ ਜੰਗੀ ਜਹਾਜ਼ ਜ਼ਰੀਏ ਟੋਕਿਓ ਪਹੁੰਚੇ।
ਉੱਥੇ ਉਨ੍ਹਾਂ ਨੂੰ ਰਾਜਮਹੱਲ ਦੇ ਸਾਹਮਣੇ ਉੱਥੋਂ ਦੇ ਸਭ ਤੋਂ ਮਸ਼ਹੂਰ ਇੰਪੀਰੀਅਲ ਹੋਟਲ 'ਚ ਠਹਿਰਾਇਆ ਗਿਆ ਸੀ।
ਉਸ ਹੋਟਲ 'ਚ ਉਨ੍ਹਾਂ ਨੇ ਜਾਪਾਨੀ ਨਾਮ ਮਾਤਸੁਦਾ ਨਾਲ ਚੈਕ-ਇਨ ਕੀਤਾ ਸੀ। ਪਰ ਕੁਝ ਹੀ ਦਿਨਾਂ 'ਚ ਉਨ੍ਹਾਂ ਦੇ ਸਾਰੇ ਉਪ ਨਾਮ ਜ਼ਿਆਉਦੀਨ, ਮਜ਼ੋਟਾ ਅਤੇ ਮਾਤਸੁਦਾ ਪਿੱਛੇ ਰਹਿ ਗਏ ਸਨ।
ਇੱਕ ਦਿਨ ਭਾਰਤ ਦੇ ਲੋਕਾਂ ਨੂੰ ਰੇਡੀਓ 'ਤੇ ਉਨ੍ਹਾਂ ਦੀ ਆਵਾਜ਼ ਸੁਣਾਈ ਦਿੱਤੀ, " ਪੂਰਬੀ ਏਸ਼ੀਆ ਤੋਂ ਮੈਂ ਸੁਭਾਸ਼ ਚੰਦਰ ਬੋਸ ਆਪਣੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਰਿਹਾ ਹਾਂ।"
ਇਹ ਵੀ ਪੜ੍ਹੋ-