ਬੀਬੀਸੀ ਪੰਜਾਬੀ 'ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ

ਤਸਵੀਰ ਸਰੋਤ, Getty Images
ਪਿਆਰੇ ਪਾਠਕੋ, ਇਸ ਹਫ਼ਤੇ ਪੰਜਾਬ ਤੇ ਦੁਨੀਆਂ ਵਿੱਚ ਕਈ ਗਤੀਵਿਧੀਆਂ ਹੋਈਆਂ ਹਨ ਜੋ ਅਸੀਂ ਤੁਹਾਡੇ ਤੱਕ ਪਹੁੰਚਾਈਆਂ ਹਨ ਪਰ ਜੇ ਤੁਸੀਂ ਕੋਈ ਕਹਾਣੀ ਮਿਸ ਕੀਤੀ ਹੈ ਤਾਂ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਅਸੀਂ ਇਸ ਹਫ਼ਤੇ ਦੀਆਂ ਅਹਿਮ ਕਹਾਣੀਆਂ ਤੁਹਾਡੇ ਲਈ ਇੱਕੋ ਥਾਂ 'ਤੇ ਲੈ ਕੇ ਆਏ ਹਾਂ। ਤੁਸੀਂ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰ ਕੇ ਇਹ ਕਹਾਣੀਆਂ ਪੜ੍ਹ ਸਕਦੇ ਹੋ।
ਤੁਹਾਨੂੰ ਪਤਾ ਹੈ ਕਿ ਬੀਬੀਸੀ ਪੰਜਾਬੀ ਤੁਹਾਡੇ ਲਈ ਹਰ ਤਰ੍ਹਾਂ ਦੀਆਂ ਖ਼ਬਰਾਂ ਇੱਕ ਵੱਖਰੇ ਅੰਦਾਜ਼ ਵਿੱਚ ਲੈ ਕੇ ਆਉਂਦਾ ਹੈ।
ਹਾਲ ਹੀ 'ਚ ਹੋਏ ਭਾਰਤ-ਪਾਕਿਸਤਾਨ ਮੈਚ ਅਤੇ ਉਸ ਵਿੱਚ ਭਾਰਤ ਦੀ ਜਿੱਤ ਨਾਲ ਦੇਸ਼ ਭਰ ਦੇ ਕ੍ਰਿਕਟ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ।
ਇੱਕ ਸਮਾਂ ਉਹ ਵੀ ਸੀ ਜਦੋਂ ਇਨ੍ਹਾਂ ਦੋਵਾਂ ਮੁਲਕਾਂ ਵਿਚਕਾਰ ਜੰਗ ਛਿੜੀ ਹੋਈ ਸੀ ਪਰ ਫਿਰ ਵੀ ਦੋਵਾਂ ਮੁਲਕਾਂ ਦੀਆਂ ਟੀਮਾਂ ਵਿਚਕਾਰ ਮੈਚ ਜਾਰੀ ਰਹੇ।

ਪੰਜਾਬ 'ਚ ਰਹਿੰਦਾ ਸਾਬਕਾ ਜਾਸੂਸ ਕਿਉਂ ਲਵਾਰਿਸਾਂ ਵਰਗੀ ਜ਼ਿੰਦਗੀ ਜੀਣ ਨੂੰ ਮਜਬੂਰ
ਡੇਨੀਅਲ ਮਸੀਹ ਦਾ ਦਾਅਵਾ ਹੈ ਕਿ ਉਹ ਇੱਕ ਭਾਰਤੀ ਜਾਸੂਸ ਸਨ, ਜਿਨ੍ਹਾਂ ਨੂੰ ਪਾਕਿਸਤਾਨ ਵਿੱਚ ਜਾਸੂਸੀ ਕਰਨ ਅਤੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਤਸੀਹੇ ਵੀ ਝੱਲਣੇ ਪਏ।
ਬਾਵਜੂਦ ਇਸ ਦੇ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਨਾ ਤਾਂ ਕੋਈ ਮੁਆਵਜ਼ਾ ਦਿੱਤਾ ਗਿਆ ਅਤੇ ਨਾਂ ਹੀ ਉਹਨਾਂ ਦੀਆਂ ਸੇਵਾਵਾਂ ਨੂੰ ਅਧਿਕਾਰਿਤ ਤੌਰ 'ਤੇ ਕਦੇ ਸਵੀਕਾਰ ਕੀਤਾ ਗਿਆ।
ਭਾਰਤ ਦੇ ਸਰਹੱਦੀ ਇਲਾਕੇ ਵਿੱਚ ਰਹਿਣ ਵਾਲੇ ਡੇਨੀਅਲ ਮਸੀਹ ਮੁਤਾਬਕ ਉਨ੍ਹਾਂ ਨੇ ਅੱਠ ਵਾਰ ਪਾਕਿਸਤਾਨ ਜਾ ਕੇ ਖੁਫ਼ੀਆ ਜਾਣਕਾਰੀ ਇਕੱਠੀ ਕੀਤੀ।
ਹਾਲਾਂਕਿ ਭਾਰਤ ਸਰਕਾਰ ਨੇ ਇਸ ਮਾਮਲੇ ਬਾਰੇ ਬੀਬੀਸੀ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ।
ਡੇਨੀਅਲ ਮਸੀਹ ਦਾ ਦਾਅਵਾ ਹੈ ਕਿ ਜਦੋਂ ਉਹ ਅੱਠਵੀਂ ਵਾਰ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚੇ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਉਨ੍ਹਾਂ ਨੇ ਪਾਕਿਸਤਾਨੀ ਅਫ਼ਸਰਾਂ ਨੂੰ ਕਿਹਾ ਕਿ ਉਹ ਸਿਰਫ਼ ਇੱਕ ਤਸਕਰ ਹਨ ਪਰ ਇਸ ਬਹਾਨੇ ਨੇ ਕੰਮ ਨਹੀਂ ਕੀਤਾ।
ਫਿਰ ਉਸ ਨੂੰ ਜਾਸੂਸੀ ਦੇ ਇਲਜ਼ਾਮ ਵਿੱਚ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ।
ਜਾਣੋ ਫਿਰ ਡੇਨੀਅਲ ਮਸੀਹ ਨਾਲ ਕੀ-ਕੀ ਵਾਪਰਿਆ, ਪੜ੍ਹੋ ਪੂਰੀ ਕਹਾਣੀ

ਤਸਵੀਰ ਸਰੋਤ, MUSEUM OF LONDON
ਕਰੀਬ 700 ਸਾਲ ਪਹਿਲਾਂ ਫੈਲਿਆ ਪਲੇਗ ਅੱਜ ਵੀ ਕਿਵੇਂ ਸਾਡੀ ਸਿਹਤ 'ਤੇ ਪਾ ਰਿਹਾ ਅਸਰ
ਪਲੇਗ ਦੇ ਅਸਰ ਨੇ ਮਨੁੱਖਤਾ ਨੂੰ ਏਨਾ ਪ੍ਰਭਾਵਿਤ ਕੀਤਾ ਹੈ ਕਿ 700 ਸਾਲ ਬਾਅਦ ਵੀ ਇਸ ਦਾ ਅਸਰ ਸਾਡੀ ਸਿਹਤ ਉੱਪਰ ਪੈ ਰਿਹਾ ਹੈ।
ਸਾਲ 1300 ਦੇ ਮੱਧ ਦੌਰਾਨ ਫੈਲੀ ਪਲੇਗ ਨੇ ਯੂਰਪ ਵਿੱਚ ਤਕਰੀਬਨ ਅੱਧੀ ਆਬਾਦੀ ਨੂੰ ਖ਼ਤਮ ਕਰ ਦਿੱਤਾ ਸੀ।
ਇੱਕ ਖੋਜ ਦੌਰਾਨ ਇਹ ਪਾਇਆ ਗਿਆ ਕਿ ਇਸ ਪਲੇਗ ਦੌਰਾਨ ਡੀਐਨਏ ਵਿੱਚ ਹੋਏ ਬਦਲਾਅ ਨੇ ਲੋਕਾਂ ਨੂੰ ਇਸ ਵਿਰੁੱਧ ਲੜਨ ਵਿੱਚ ਸਹਾਇਤਾ ਕੀਤੀ ਸੀ। ਇਸ ਖੋਜ ਲਈ ਸਦੀਆਂ ਪੁਰਾਣੇ ਕੰਕਾਲਾਂ ਦੇ ਡੀਐੱਨਏ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਗਈ ਹੈ।
ਡੀਐੱਨਏ ਵਿੱਚ ਹੋਏ ਇਹ ਬਦਲਾਅ ਕੁਝ ਅਜਿਹੀਆਂ ਬਿਮਾਰੀਆਂ ਦਾ ਕਾਰਨ ਵੀ ਬਣੇ ਹਨ ਜੋ ਅੱਜ ਵੀ ਲੋਕਾਂ ਵਿੱਚ ਮੌਜੂਦ ਹੈ।
ਇਸ ਬਾਰੇ ਹੋਰ ਪੜ੍ਹਨ ਲਈ ਕਲਿੱਕ ਕਰੋ

ਤਸਵੀਰ ਸਰੋਤ, Getty Images
ਜਦੋਂ ਜੰਗ ਦੌਰਾਨ ਵੀ ਭਾਰਤੀ ਅਤੇ ਪਾਕਿਸਤਾਨੀ ਖਿਡਾਰੀ ਵਿਦੇਸ਼ੀ ਧਰਤੀ ਉਪਰ ਮੈਚ ਖੇਡਦੇ ਰਹੇ
ਭਾਰਤ ਦੀ ਅਗਲੇ ਸਾਲ ਹੋਣ ਵਾਲੇ ਏਸ਼ੀਆ ਕੱਪ ਵਿੱਚ ਸ਼ਮੂਲੀਅਤ ਸ਼ੱਕ ਦੇ ਘੇਰੇ ਵਿੱਚ ਹੈ। ਅਜਿਹਾ ਉਸ ਸਮੇਂ ਲੱਗ ਰਿਹਾ ਹੈ ਜਦੋਂ ਕ੍ਰਿਕਟ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਟੂਰਨਾਮੈਂਟ ਲਈ ਭਾਰਤੀ ਟੀਮ ਦਾ ਪਾਕਿਸਤਾਨ ਜਾਣਾ 'ਰੱਦ' ਕਰ ਦਿੱਤਾ ਹੈ।
ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹਾ ਕਦਮ 2023 ਵਿੱਚ ਭਾਰਤ 'ਚ ਹੋਣ ਵਾਲੇ ਆਈਸੀਸੀ ਵਿਸ਼ਵ ਕੱਪ ਲਈ ਪਾਕਿਸਤਾਨ ਦੀ ਫੇਰੀ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਆਸਟ੍ਰੇਲੀਆ ਵਿੱਚ ਚੱਲ ਰਹੇ ਵਿਸ਼ਵ ਟੀ-20 ਟੂਰਨਾਮੈਂਟ ਵਿੱਚ ਐਤਵਾਰ ਨੂੰ ਦੋਵਾਂ ਧਿਰਾਂ ਵਿਚਕਾਰ ਮੁਕਾਬਲਾ ਹੋਇਆ ਹੈ। ਇਸ ਮੌਕੇ ਬੀਬੀਸੀ ਨੇ ਦੋਵਾਂ ਦੇਸ਼ਾਂ ਵਿੱਚਕਾਰ ਮੈਚਾਂ ਦੇ ਇਤਿਹਾਸ ਉਪਰ ਇੱਕ ਨਜ਼ਰ ਮਾਰੀ ਹੈ।
ਇਹ ਉਸ ਸਮੇਂ ਦੀ ਝਲਕ ਹੈ ਜਦੋਂ ਉਪ ਮਹਾਂਦੀਪ ਦੇ ਵਿਰੋਧੀਆਂ ਨੇ ਕ੍ਰਿਕਟ ਦੇ ਮੈਦਾਨ 'ਤੇ ਇੱਕ ਸੁਹਿਰਦ ਰਿਸ਼ਤੇ ਦਾ ਆਨੰਦ ਮਾਣਿਆ ਹੈ। ਯੁੱਧ ਦਾ ਸਮਾਂ ਹੋਣ ਦੇ ਬਾਵਜੂਦ ਇਸ ਦਾ ਅਸਰ ਦੋਹਾਂ ਮੁਲਕਾਂ ਦੇ ਖਿਡਾਰੀਆਂ ਦੇ ਰਿਸ਼ਤੇ ਦਰਮਿਆਨ ਹੁੰਦਾ ਨਜ਼ਰ ਨਹੀਂ ਆਇਆ ਸੀ।
ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਉਸ ਸਮੇਂ ਨੂੰ ਯਾਦ ਕਰਦੇ ਹਨ ਜਦੋਂ ਉਨ੍ਹਾਂ ਦੇ ਸਾਥੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਲਗਭਗ ਚਾਰ ਮਹੀਨਿਆਂ ਤੱਕ ਡਰੈਸਿੰਗ ਰੂਮ ਸਾਂਝਾ ਕੀਤਾ ਸੀ।
ਭਾਵੇਂ ਕਿ ਦੋਵਾਂ ਗੁਆਂਢੀਆਂ ਵਿੱਚਕਾਰ ਜੰਗ ਲੜੀ ਜਾ ਰਹੀ ਸੀ।
ਉਸ ਵੇਲੇ ਦੇ ਹੋਰ ਦਿਲਚਸਪ ਕਿੱਸੇ ਪੜ੍ਹੋ

ਤਸਵੀਰ ਸਰੋਤ, Getty Images
ਸ਼ੀ ਜਿਨਪਿੰਗ: ਇੱਕ ਇਨਕਲਾਬੀ ਆਗੂ ਦਾ ਪੁੱਤਰ ਕਿਵੇਂ ਚੀਨ ਦੀ ਸੱਤਾ 'ਚ ਹੋਇਆ ਇੰਨਾਂ ਮਜ਼ਬੂਤ
ਕਿਸੇ ਨੇ ਹੀ ਇਹ ਅਨੁਮਾਨ ਲਗਾਇਆ ਹੋਣਾ ਕਿ ਸ਼ੀ ਜਿਨਪਿੰਗ ਚੀਨ ਦੇ ਸਭ ਤੋਂ ਮਜ਼ਬੂਤ ਨੇਤਾ ਬਣ ਜਾਣਗੇ, ਉਹ ਹੁਣ ਇਤਿਹਾਸਕ ਤੀਜੀ ਵਾਰ ਅਗਲੇ ਪੰਜ ਸਾਲ ਲਈ ਸੱਤਾ ਸੰਭਾਲ਼ਣ ਜਾ ਰਹੇ ਹਨ।
ਇੱਕ ਦਹਾਕਾ ਪਹਿਲਾਂ ਸ਼ੀ ਜਿਨਪਿੰਗ ਦੀ ਪਛਾਣ ਜ਼ਿਆਦਾ ਨਹੀਂ ਸੀ। ਸ਼ੀ ਜਿਨਪਿੰਗ ਨੂੰ ਇੱਕ 'ਰਾਜਕੁਮਾਰ' ਵਜੋਂ ਜਾਣਿਆ ਜਾਂਦਾ ਸੀ, ਜਿਨ੍ਹਾਂ ਦੇ ਪਿਤਾ ਚੀਨ ਦੇ ਇਨਕਲਾਬੀ ਆਗੂਆਂ ਵਿੱਚੋਂ ਇੱਕ ਸਨ।
ਆਪਣੇ ਵੰਸ਼ ਕਰਕੇ ਉਨ੍ਹਾਂ ਨੂੰ ਪਾਰਟੀ ਦੇ ਵੱਡੀ ਉਮਰ ਦੇ ਨੇਤਾਵਾਂ ਦਾ ਸਹਿਯੋਗ ਮਿਲਿਆ, ਜੋ ਕਿ ਚੀਨ ਦੀ ਕਮਿਊਨਿਸਟ ਪਾਰਟੀ ਅੰਦਰ ਤਾਕਤ ਹਾਸਲ ਕਰਨ ਲਈ ਅਹਿਮ ਸੀ ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਵੀ ਇਨ੍ਹਾਂ ਨੇਤਾਵਾਂ ਦਾ ਪਾਰਟੀ ਵਿੱਚ ਤਕੜਾ ਪ੍ਰਭਾਵ ਸੀ।
ਬੌਸਟਨ ਯੁਨੀਵਰਸਿਟੀ ਵਿੱਚ ਚੀਨ ਦੀ ਸਿਆਸਤ ਦੇ ਮਾਹਿਰ ਜੋਸਫ਼ ਫਿਉਸਮਿਥ ਨੇ ਕਿਹਾ, "ਸ਼ੀ ਜਿਨਪਿੰਗ ਦੀ ਚੜ੍ਹਤ ਤੋਂ ਪਹਿਲਾਂ ਮੰਨਿਆ ਜਾਂਦਾ ਸੀ ਕਿ ਉਹ ਹਰ ਕਿਸੇ ਨਾਲ ਸਮਝੌਤਾ ਕਰ ਲੈਂਦੇ ਹਨ।"
ਪਰ 10 ਸਾਲਾਂ ਬਾਅਦ ਸ਼ੀ ਦੀ ਸ਼ਖ਼ਸੀਅਤ ਅਜਿਹੀ ਜਾਪਦੀ ਹੈ, ਜਿਸ 'ਤੇ ਕੋਈ ਸਵਾਲ ਨਹੀਂ ਚੁੱਕਿਆ ਜਾ ਸਕਦਾ, ਉਨ੍ਹਾਂ ਦੀ ਤਾਕਤ ਬੇਮਿਸਾਲ ਹੋ ਗਈ। ਇਹ ਸਭ ਕਿਵੇਂ ਹੋਇਆ? ਕਲਿੱਕ ਕਰੋ ਤੇ ਪੜ੍ਹੋ
ਟਿੰਬਰ ਦੀ ਤਸਕਰੀ: ਪਾਕਿਸਤਾਨ ਦੀ ਅਦਾਲਤ 'ਚ ਜਦੋਂ ਗਧਿਆਂ ਦੀ ਹੋਈ ਜੱਜ ਸਾਹਮਣੇ ਪੇਸ਼ੀ

ਤਸਵੀਰ ਸਰੋਤ, ASSISTANT COMMISSIONER, DROSH (PAKISTAN)
ਪਾਕਿਸਤਾਨ ਦੀਆਂ ਅਦਾਲਤਾਂ ਵਿੱਚ ਇਨਸਾਨਾਂ ਦੀਆਂ ਪੇਸ਼ੀਆਂ ਤਾਂ ਪੈਂਦੀਆਂ ਰਹੀਆਂ ਹਨ ਪਰ 20 ਅਕਤੂਬਰ ਨੂੰ ਗਧਿਆਂ ਨੂੰ ਵੀ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਹਨਾਂ ਗਧਿਆਂ ਉਪਰ ਕੀ ਇਲਜ਼ਾਮ ਸੀ, ਕੀ ਉਹਨਾਂ ਨੂੰ ਸਹੂਲਤ ਲਈ ਵਰਤਿਆ ਗਿਆ ਜਾਂ ਉਹ ਕੇਸ ਪ੍ਰਾਪਰਟੀ ਦਾ ਹਿੱਸਾ ਸਨ? ਇਸ ਬਾਰੇ ਵੀ ਸਵਾਲ ਉਠਾਏ ਗਏ।
ਇਹ ਪੇਸ਼ੀ ਚਿਤਰਾਲ ਜ਼ਿਲ੍ਹੇ ਦੇ ਸਹਾਇਕ ਕਮਿਸ਼ਨਰ (ਦਰੋਸ਼) ਦੀ ਅਦਾਲਤ ਵਿੱਚ ਹੋਈ। ਇਹ ਦੱਸਿਆ ਗਿਆ ਕਿ ਇਹਨਾਂ ਗਧਿਆਂ ਦੀ ਵਰਤੋਂ ਮੁੱਖ ਰੂਪ ਵਿੱਚ ਟਿੰਬਰ ਦੀ ਤਸਕਰੀ ਲਈ ਕੀਤੀ ਗਈ।
ਪਾਕਿਸਤਾਨ ਦੇ ਚਿਤਰਾਲ ਅਤੇ ਹੋਰ ਖੇਤਰਾਂ ਵਿੱਚੋਂ ਟਿੰਬਰ ਦੀ ਤਸਕਰੀ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ।
ਸਰਕਾਰ ਇਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਟਿੰਬਰ ਦੇ ਜੰਗਲ ਤੇਜ਼ੀ ਨਾਲ ਖ਼ਤਮ ਹੋ ਰਹੇ ਹਨ।
ਦਰੋਸ਼ ਦੇ ਸਹਾਇਕ ਕਮਿਸ਼ਨਰ ਤੌਸੀਫੁੱਲਾ ਦੀ ਅਦਾਲਤ ਵਿੱਚ ਪੰਜ ਗਧਿਆਂ ਨੂੰ ਪੇਸ਼ ਕੀਤਾ ਗਿਆ।
ਇਹਨਾਂ ਗਧਿਆਂ ਨੂੰ ਕੇਸ ਪ੍ਰਾਪਰਟੀ ਦੇ ਰੂਪ ਵਿੱਚ ਤਲਬ ਕੀਤਾ ਗਿਆ ਸੀ। ਪੇਸ਼ੀ ਤੋਂ ਬਾਅਦ ਉਹਨਾਂ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ।
ਪੂਰੀ ਕਹਾਣੀ ਲਈ ਇੱਥੇ ਕਲਿੱਕ ਕਰੋ












