ਕੀ ਤੁਸੀਂ ਵੀ ਐਂਟੀਬਾਇਉਟਿਕ ਖਾਂਦੇ ਹੋ? ਕਿਉਂ ਕੁਝ ਦਵਾਈਆਂ ਦਾ ਅਸਰ ਦਿਨ-ਬ-ਦਿਨ ਘਟਦਾ ਜਾ ਰਿਹਾ ਹੈ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਮਹਾਰਾਸ਼ਟਰ ਦੇ ਇੱਕ ਹਜ਼ਾਰ ਬਿਸਤਰਿਆਂ ਦੇ ਇੱਕ ਗੈਰ-ਮੁਨਾਫ਼ਾ ਹਸਪਤਾਲ ਵਿੱਚ ਅਜਿਹੀ ਲਾਗ ਦੇ ਮਾਮਲੇ ਆ ਰਹੇ ਹਨ ਜਿਨ੍ਹਾਂ ਉੱਪਰ ਕਿ ਐਂਟੀਬਾਉਟਿਕ ਦਵਾਈਆਂ ਅਸਰ ਨਹੀਂ ਕਰ ਰਹੀਆਂ। ਡਾਕਟਰਾਂ ਲਈ ਇਹ ਇੱਕ ਨਵੀਂ ਸਮੱਸਿਆ ਹੈ।

ਜਦੋਂ ਕਿਸੇ ਬੈਕਟੀਰੀਆ ਉੱਪਰ ਉਸ ਨੂੰ ਖ਼ਤਮ ਕਰਨ ਵਾਲੀਆਂ ਦਵਾਈਆਂ ਦਾ ਅਸਰ ਹੋਣੋਂ ਬੰਦ ਹੋ ਜਾਂਦਾ ਹੈ। ਉਹ ਸੂਪਰਬੱਗ ਬਣ ਜਾਂਦਾ ਹੈ।

ਮੈਡੀਕਲ ਸਾਇੰਸ ਦੇ ਰਸਾਲੇ ਲੈਨਸੈਟ ਮੁਤਾਬਕ ਸਾਲ 2019 ਵਿੱਚ ਇਸ ਕਾਰਨ ਪੂਰੀ ਦੁਨੀਆਂ ਵਿੱਚ 12.7 ਲੱਖ ਲੋਕਾਂ ਦੀ ਜਾਨ ਗਈ ਸੀ।

ਗੰਭੀਰ ਲਾਗਾਂ ਦੇ ਖਿਲਾਫ਼ ਐਂਟੀਬਾਇਉਟਿਕ ਦਵਾਈਆਂ ਨੂੰ ਪਹਿਲੀ ਕਤਾਰ ਦੀ ਸੁਰੱਖਿਆ ਪ੍ਰਣਾਲੀ ਸਮਝਿਆ ਜਾਂਦਾ ਹੈ ਪਰ ਦੇਖਿਆ ਗਿਆ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਇਹ ਦਵਾਈਆਂ ਕਾਰਗਰ ਸਾਬਤ ਨਹੀਂ ਹੋਈਆਂ।

ਇੱਕ ਸਰਕਾਰੀ ਰਿਪੋਰਟ ਤੋਂ ਪਤਾ ਚੱਲਦਾ ਹੈ ਕਿ ਸਮੱਸਿਆ ਭਾਰਤ ਵਿੱਚ ਕਿੰਨਾਂ ਗੰਭੀਰ ਰੂਪ ਧਾਰਨ ਕਰ ਗਈ ਹੈ। ਭਾਰਤ ਵਿੱਚ ਹਰ ਸਾਲ ਦਵਾਈਆਂ ਦੇ ਲਾਗ ਦੇ ਬੈਕਟੀਰੀਆ ਉੱਪਰ ਕਾਰਗਰ ਨਾ ਰਹਿਣ ਕਾਰਨ ਲਗਭਗ 60,000 ਨਵਜਾਤ ਬੱਚਿਆਂ ਦੀ ਮੌਤ ਹੁੰਦੀ ਹੈ।

ਕਸਤੂਰਬਾ ਹਸਪਤਾਲ ਵਿੱਚ ਕੀਤੇ ਗਏ ਅਧਿਐਨਾਂ ਵਿੱਚ ਦੇਖਿਆ ਗਿਆ ਕਿ ਜਿਹੜੀਆਂ ਐਂਟੀਬਾਇਉਟਿਕ ਦਵਾਈਆਂ ਕਦੇ ਬੱਚਿਆਂ ਵਿੱਚ ਰੋਗਜਨਕ ਬੈਕਟੀਰੀਆ ਦੀਆਂ ਪੰਜ ਮੁੱਖ ਕਿਸਮਾਂ ਉੱਪਰ ਸਭ ਤੋਂ ਜ਼ਿਆਦਾ ਕਾਰਗਰ ਹੁੰਦੀਆਂ ਸਨ ਹੁਣ ਉਹ ਨਾ ਦੇ ਬਰਾਬਰ ਅਸਰ ਦਿਖਾ ਰਹੀਆਂ ਸਨ।

ਇਨ੍ਹਾਂ ਬੈਕਟੀਰੀਆ (ਪੈਥੋਜਨ) ਵਿੱਚ ਪ੍ਰਦੂਸ਼ਿਤ ਖਾਣੇ ਕਾਰਨ ਇਨਸਾਨਾਂ ਅਤੇ ਪਸ਼ੂਆਂ ਦੀਆਂ ਆਂਦਰਾਂ ਵਿੱਚ ਪਲਣ ਵਾਲੇ ਈ.ਕੌਲਾਈ ਬੈਕਟੀਰੀਆ ਵੀ ਸ਼ਾਮਲ ਸਨ। ਇਹ ਪੈਥੋਜਨ ਫੇਫੜਿਆਂ ਨੂੰ ਪ੍ਰਭਾਵਿਤ ਕਰਕੇ ਨਿਮੂਨੀਆ, ਮੈਂਨਿਨਜਾਈਟਿਸ ਸਮੇਤ ਹੋਰ ਕੁਝ ਗੰਭੀਰ ਬਿਮਾਰੀਆਂ ਦੇ ਕਾਰਨ ਬਣ ਸਕਦੇ ਹਨ।

ਲਾਇਲਾਜ ਹੋ ਚੁੱਕੀ ਲਾਗ ਬਣ ਰਹੀ ਹੈ ਮੌਤ ਦੀ ਵਜ੍ਹਾ

ਡਾਕਟਰਾਂ ਨੇ ਦੇਖਿਆ ਕਿ ਈ.ਕੋਲਾਈ ਦੇ ਖਿਲਾਫ਼ ਵਰਤੀਆਂ ਜਾਣ ਵਾਲੀਆਂ ਮੁੱਖ ਐਂਟੀਬਾਇਉਟਿਕ ਦਵਾਈਆਂ ਸਿਰਫ਼ 15% ਹੀ ਕਾਰਗਰ ਸਨ।

ਸਭ ਤੋਂ ਚਿੰਤਾਜਨਕ ਉਹ ਪੈਥੋਜਨ ਸਨ ਜਿਨ੍ਹਾਂ ਉੱਪਰ ਇੱਕ ਤੋਂ ਜ਼ਿਆਦਾ ਦਵਾਈਆਂ ਦਾ ਅਸਰ ਹੋਣੋਂ ਹਟ ਗਿਆ ਸੀ। ਮਿਸਾਲ ਵਜੋਂ ਅਸੀਨਿਓਟੋ-ਬੈਕਟਰ ਬਾਊਮਾਨੀ ਬੈਕਟੀਰੀਆ ਜੋ ਕਿ ਇੰਟੈਂਸਿਵ ਕੇਅਰ ਵਿੱਚ ਰੱਖੇ ਗਏ ਮਰੀਜ਼ਾਂ ਦੇ ਫੇਫੜਿਆਂ ਉੱਪਰ ਹਮਲਾ ਕਰਦਾ ਹੈ।

ਹਸਪਤਾਲ ਦੇ ਮੈਡੀਕਲ ਸੁਪਰੀਟੈਂਡੈਂਟ ਡਾ. ਐਸਪੀ ਕਾਲਾਂਤਰੀ ਮੁਤਾਬਕ, "ਸਾਡੇ ਲਗਭਗ ਸਾਰੇ ਮਰੀਜ਼ ਉੱਚੇ ਐਂਟੀਬਾਉਂਟਿਕ ਨਹੀਂ ਸਹਾਰ ਸਕਦੇ। ਜਦੋਂ ਉਨ੍ਹਾਂ ਵਿੱਚ ਵੈਂਟੀਲੇਟਰ ਨਾਲ ਜੁੜੀ ਲਾਗ ਵਿਕਸਿਤ ਹੋ ਜਾਂਦੀ ਹੈ ਤਾਂ ਉਨ੍ਹਾਂ ਨੂੰ ਮੌਤ ਦਾ ਅਸਲੀ ਖਤਰਾ ਹੁੰਦਾ ਹੈ।"

ਇੱਕ ਖਾਮੋਸ਼ ਮਹਾਮਾਰੀ

  • ਜਦੋਂ ਕਿਸੇ ਬੈਕਟੀਰੀਆ ਉੱਪਰ ਉਸ ਨੂੰ ਖ਼ਤਮ ਕਰਨ ਵਾਲੀਆਂ ਦਵਾਈਆਂ ਦਾ ਅਸਰ ਹੋਣੋਂ ਬੰਦ ਹੋ ਜਾਂਦਾ ਹੈ। ਉਹ ਸੂਪਰਬੱਗ ਬਣ ਜਾਂਦਾ ਹੈ।
  • ਐਂਟੀਬਾਇਉਟਿਕ ਦਵਾਈਆਂ ਦਾ ਕਾਰਗਰ ਨਾ ਰਹਿਣਾ ਅੱਜੋਕੀ ਦੁਨੀਆਂ ਵਿੱਚ ਜਨਤਕ ਸਿਹਤ, ਖਾਧ ਸੁਰੱਖਿਆ ਅਤੇ ਵਿਕਾਸ ਲਈ ਬਹੁਤ ਵੱਡਾ ਖ਼ਤਰਾ ਹੈ।
  • ਐਂਟੀਬਾਇਉਟਿਕ ਦਵਾਈਆਂ ਸਮੇਂ ਦੇ ਨਾਲ ਆਪਣਾ ਅਸਰ ਗੁਆ ਦਿੰਦੀਆਂ ਹਨ ਪਰ ਮਨੁੱਖਾਂ ਅਤੇ ਜਾਨਵਰਾਂ ਵਿੱਚ ਇਨ੍ਹਾਂ ਦੀ ਵਰਤੋਂ ਇਸ ਦੀ ਰਫਤਾਰ ਨੂੰ ਵਧਾ ਰਹੀ ਹੈ।
  • ਨਿਮੂਨੀਆ, ਤਪੈਦਿਕ ਵਰਗੀਆਂ ਆਮ ਬਿਮਾਰੀਆਂ ਦਾ ਇਲਾਜ ਕਰਨਾ ਵੀ ਡਾਕਟਰਾਂ ਲਈ ਮੁਸ਼ਕਲ ਹੋ ਰਿਹਾ ਹੈ। ਹਾਲਾਂਕਿ ਇਸ ਲਈ ਸਿਰਫ਼ ਡਾਕਟਰ ਕਸੂਰਵਾਰ ਨਹੀਂ ਹਨ।
  • ਮਾਹਰਾਂ ਦੀ ਰਾਇ ਹੈ ਕਿ ਭਾਰਤ ਨੂੰ ਜਾਂਚ ਸਹੂਲਤਾਂ ਉੱਪਰ ਹੋਰ ਨਿਵੇਸ਼ ਕਰਨ ਦੀ ਲੋੜ ਹੈ। ਹਸਪਤਾਲ ਤੋਂ ਹੋਣ ਵਾਲੀਆਂ ਲਾਗਾਂ ਵਿੱਚ ਕਮੀ ਕਰਨੀ ਚਾਹੀਦੀ ਹੈ। ਡਾਕਟਰਾਂ ਨੇ ਟੈਸਟ ਨਤੀਜਿਆਂ ਦੇ ਅਧਾਰ 'ਤੇ ਹੀ ਦਵਾਈ ਦੇਣ ਦੀ ਸਿਖਲਾਈ ਦੇਣੀ ਚਾਹੀਦੀ ਹੈ।

ਇੰਡੀਅਨ ਕਾਊਂਸਲ ਫਾਰ ਮੈਡੀਕਲ ਰਿਸਰਚ ਦੀ ਤਾਜ਼ਾ ਰਿਪੋਰਟ ਮੁਤਾਬਕ ਐਂਟੀਬਾਉਟਿਕ ਦਵਾਈਆਂ ਦੀ ਇੱਕ ਸ਼ਕਤੀਸ਼ਾਲੀ ਸ਼੍ਰੇਣੀ (ਕਾਰਬਪੇਨੇਮਸ) ਪ੍ਰਤੀ ਪ੍ਰਤੀਰੋਧ ਵਿੱਚ 10% ਦਾ ਵਾਧਾ ਹੋਇਆ ਹੈ। ਇਸ ਵਰਗ ਦੀਆਂ ਦਵਾਈਆਂ ਕਈ ਸਾਰੇ ਪੈਥੋਜਨਾਂ ਨੂੰ ਹਰਾਉਣ ਦੇ ਸਮਰੱਥ ਸਨ।

ਰਿਪੋਰਟ ਲਈ ਹਰ ਸਾਲ 30 ਸਰਕਾਰੀ ਅਤੇ ਗੈਰ-ਸਰਕਾਰੀ ਹਸਪਤਾਲਾਂ ਤੋਂ ਡੇਟਾ ਇਕੱਠਾ ਕੀਤਾ ਗਿਆ। ਡਾ. ਕਾਮਿਨੀ ਵਾਲੀਆ ਇਸ ਅਧਿਐਨ/ਰਿਪੋਰਟ ਦੇ ਮੁੱਖ ਲੇਖਕ ਹਨ।

ਉਹ ਦੱਸਦੇ ਹਨ, "ਇਹ ਇਸ ਲਈ ਵੀ ਚਿੰਤਾਜਨਕ ਹੈ ਕਿਉਂਕਿ ਇਹ (ਕਾਰਬਪੇਨੇਮਸ) ਸੈਪਸਿਸ (ਇੱਕ ਜਾਨਲੇਵਾ ਸਥਿਤੀ) ਦੇ ਇਲਾਜ ਲਈ ਵਰਤੀ ਜਾਣ ਵਾਲੀ ਵਧੀਆ ਦਵਾਈ ਹੈ। ਕਈ ਵਾਰ ਹਸਪਤਾਲਾਂ ਵਿੱਚ ਇਸ ਦੀ ਵਰਤੋਂ ਆਈਸੀਯੂ ਦੇ ਬਹੁਤ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਵੀ ਕੀਤੀ ਜਾਂਦੀ ਹੈ।''

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2021 ਵਿੱਚ ਨਿਮੂਨੀਏ ਦੇ ਸਿਰਫ਼ 43% ਮਰੀਜ਼ ਹੀ ਪਹਿਲੀ ਕਤਾਰ ਦੀਆਂ ਐਂਟੀਬਾਉਟਿਕ ਦਵਾਈਆਂ ਨਾਲ ਠੀਕ ਕੀਤੇ ਜਾ ਸਕੇ। ਸਾਲ 2016 ਵਿੱਚ 65% ਮਰੀਜ਼ ਠੀਕ ਕੀਤੇ ਜਾ ਸਕੇ ਸਨ।

ਏਐਮਆਰਆਈ ਹਸਪਤਾਲ ਦੇ ਕਲੀਨਿਕਲ ਕੇਅਰ ਮਾਹਰ ਸਵਾਤੀ ਸਿਨਹਾ ਦੱਸਦੇ ਹਨ ਕਿ ਹਾਲਾਤ ਇੰਨੇ ਗੰਭੀਰ ਹਨ ਕਿ ਆਈਸੀਯੂ ਦੇ 10 ਵਿੱਚੋਂ ਛੇ ਮਰੀਜ਼ਾਂ ਨੂੰ ਅਜਿਹੀ ਲਾਗ ਹੈ ਜਿਸ ਉੱਪਰ ਦਵਾਈ ਕੰਮ ਨਹੀਂ ਕਰ ਰਹੀ।

ਉਹ ਕਹਿੰਦੇ ਹਨ ਕਿ ਅਸੀਂ ਉਸ ਪੜ੍ਹਾਅ 'ਤੇ ਹਾਂ ਜਿੱਥੇ ਤੁਹਾਡੇ ਕੋਲ ਲਾਗ ਦੇ ਇਲਾਜ ਲਈ ਬਹੁਤ ਜ਼ਿਆਦਾ ਵਿਕਲਪ ਨਹੀਂ ਹਨ।

ਕਸਤੂਰਬਾ ਹਸਪਤਾਲ ਦੇ ਡਾਕਟਰਾਂ ਮੁਤਾਬਕ ਐਂਟੀਬਾਉਟਿਕ ਦਵਾਈਆਂ ਪ੍ਰਤੀ ਪ੍ਰਤੀਰੋਧ ਦੀ ਸਮੱਸਿਆ ਛੋਟੀ ਨਹੀਂ ਹੈ। ਅਜਿਹੇ ਮਰੀਜ਼ ਓਪੀਡੀ ਵਿੱਚ ਵੀ ਆਉਂਦੇ ਹਨ। ਨਮੂਨੀਏ ਅਤੇ ਪਿਸ਼ਾਬ ਦੀ ਲਾਗ ਵਾਲੇ ਮਰੀਜਾਂ ਵਿੱਚ ਵੀ ਇਹ ਸਮੱਸਿਆ ਦੇਖੀ ਗਈ ਹੈ ਕਿ ਦਵਾਈਆਂ ਉਨ੍ਹਾਂ ਉੱਪਰ ਅਸਰ ਨਹੀਂ ਕਰਦੀਆਂ। ਪਿੰਡਾਂ ਦੇ ਮਰੀਜ਼ਾਂ ਵਿੱਚ ਵੀ ਇਹ ਸਮੱਸਿਆ ਵਿਆਪਕ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ-

ਜ਼ਿਆਦਾਤਰ ਮਰੀਜ਼ ਆਪਣਾ ਮੈਡੀਕਲ ਇਤਿਹਾਸ ਸੰਭਾਲ ਕੇ ਨਹੀਂ ਰੱਖਦੇ ਅਤੇ ਨਾ ਹੀ ਉਨ੍ਹਾਂ ਨੂੰ ਦਵਾਈਆਂ ਦੇ ਨਾਮ ਯਾਦ ਹੁੰਦੇ ਹਨ। ਡਾਕਟਰਾਂ ਨੂੰ ਪਤਾ ਨਹੀਂ ਚੱਲਦਾ ਕਿ ਮਰੀਜ਼ ਅਤੀਤ ਵਿੱਚ ਕਿਹੜੀ-ਕਿਹੜੀ ਦਵਾਈ ਵਰਤ ਚੁੱਕਿਆ ਹੈ। ਇਸ ਲਈ ਡਾਕਟਰਾਂ ਨੂੰ ਢੁਕਵੀਂ ਦਵਾਈ ਲੱਭਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ।

ਡਾ. ਕੁਲਕਰਨੀ ਕਹਿੰਦੇ ਹਨ ਕਿ ਸਥਿਤੀ ਖ਼ਰਾਬ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਐਂਟੀਬਾਇਉਟਿਕ ਦਵਾਈਆਂ ਦੇਣ ਨਾਲ ਫਾਇਦੇ ਦੀ ਜਗ੍ਹਾ ਨੁਕਸਾਨ ਹੀ ਹੁੰਦਾ ਹੈ।

ਜਨਤਕ ਸਿਹਤ ਖੇਤਰ ਦੇ ਮਾਹਰਾਂ ਦੀ ਰਾਇ ਹੈ ਕਿ ਭਾਰਤ ਵਿੱਚ ਡਾਕਟਰ ਮਰੀਜ਼ਾਂ ਨੂੰ ਬਿਨਾਂ ਕੁਝ ਸੋਚੇ-ਸਮਝੇ ਹੀ ਐਂਟੀਬਾਇਉਟਿਕ ਦਵਾਈਆਂ ਲਿਖ ਦਿੰਦੇ ਹਨ।

ਮਿਸਾਲ ਵਜੋਂ ਐਂਟੀਬਾਇਉਟਿਕ ਦਵਾਈਆਂ ਨਾਲ ਫਲੂ ਅਤੇ ਸਧਾਰਨ ਨਜ਼ਲਾ-ਜੁਖਾਮ ਠੀਕ ਨਹੀਂ ਹੁੰਦਾ ਹੈ। ਜਦਕਿ ਡੇਂਗੂ, ਮਲੇਰੀਆਂ ਦੇ ਮੀਰਜ਼ਾਂ ਨੂੰ ਵੀ ਅਕਸਰ ਐਂਟੀਬਾਇਉਟਿਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ।

ਮਰੀਜ਼ਾਂ ਨੂੰ ਉਨਾਂ ਆਮ ਬਿਮਾਰੀਆਂ ਵਿੱਚ ਵੀ ਐਂਟੀਬਾਇਉਟਿਕ ਦਵਾਈਆਂ ਦੇ ਦਿੱਤੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ ਇਨ੍ਹਾਂ ਦੀ ਬਹੁਤ ਥੋੜ੍ਹੀ ਉਪਯੋਗਤਾ ਹੈ। ਜਿਵੇਂ ਕਿ ਦਸਤ ਅਤੇ ਸਾਹ ਦੀ ਲਾਗ ਵਿੱਚ।

ਕੋਵਿਡ-19 ਮਹਾਮਾਰੀ ਦੌਰਾਨ ਮਰੀਜ਼ਾਂ ਨੂੰ ਐਂਟੀਬਾਇਉਟਿਕ ਦਵਾਈਆਂ ਦਿੱਤੀਆਂ ਗਈਆਂ। ਇਨ੍ਹਾਂ ਦਵਾਈਆਂ ਦੇ ਸਗੋਂ ਮਰੀਜ਼ਾਂ ਉੱਪਰ ਜ਼ਿਆਦਾ ਗੰਭੀਰ ਦੁਸ਼ ਪ੍ਰਭਾਵ ਦੇਖੇ ਗਏ।

ਪਿਛਲੇ ਸਾਲ ਆਈਸੀਐਮਆਰ ਦੇ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਭਾਰਤੀ ਹਸਪਤਾਲਾਂ ਵਿੱਚ ਦਾਖਲ 17,534 ਮਰੀਜ਼ਾਂ ਵਿੱਚੋਂ ਅੱਧਿਆਂ ਤੋਂ ਜ਼ਿਆਦਾ, ਜਿਨ੍ਹਾਂ ਨੇ ਐਂਟੀਬਾਇਉਟਿਕ ਪ੍ਰਤੀਰੋਧੀ ਲਾਗ ਵਿਕਸਤ ਕਰ ਲਈ, ਉਨ੍ਹਾਂ ਦੀ ਮੌਤ ਹੋ ਗਈ।

ਅਧਿਐਨਾਂ ਮੁਤਾਬਕ ਐਂਟੀਬਾਉਟਿਕ ਦਵਾਈਆਂ ਜਿਨ੍ਹਾਂ ਦੀ ਵਰਤੋਂ ਸਿਰਫ਼ ਗੰਭੀਰ ਲਾਗ ਦੇ ਇਲਾਜ ਲਈ ਕੀਤੀ ਜਾਣੀ ਚਾਹੀਦੀ ਹੈ। ਉਹ 75% ਪਰਚੀਆਂ ਉੱਪਰ ਉਹੀ ਲਿਖੀਆਂ ਗਈਆਂ ਸਨ।

ਦਵਾਈਆਂ ਦੇ ਕਾਰਗਰ ਨਾ ਰਹਿਣ ਦੇ ਇਹ ਹਨ ਕਾਰਨ

ਸੱਚ ਕਿਹਾ ਜਾਵੇ ਤਾਂ ਇਸ ਸਮੱਸਿਆ ਲਈ ਸਿਰਫ਼ ਡਾਕਟਰ ਕਸੂਰਵਾਰ ਨਹੀਂ ਹਨ।

ਸਮੁੱਚੇ ਤੌਰ 'ਤੇ ਦੇਖਿਆ ਜਾਵੇ ਤਾਂ ਦੇਸ਼ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਸਮਰੱਥਾ ਨਾਲੋਂ ਜ਼ਿਆਦਾ ਭੀੜ ਰਹਿੰਦੀ ਹੈ। ਡਾਕਟਰਾਂ ਕੋਲ ਮਰੀਜ਼ਾਂ ਨੂੰ ਸਹੀ ਤਰ੍ਹਾਂ ਨਾਲ ਦੇਖਣ ਦਾ ਸਮਾਂ ਹੀ ਨਹੀਂ ਹੁੰਦਾ ਹੈ।

ਉਨ੍ਹਾਂ ਤੋਂ ਤਖਸ਼ੀਸ਼ ਕਰਕੇ ਉਸ ਦੇ ਅਨੁਸਾਰ ਢੁਕਵਾਂ ਇਲਾਜ ਕਰਨ ਦਾ ਸਮਾਂ ਨਹੀਂ ਹੁੰਦਾ ਹੈ।

ਐਂਟੀਬਾਇਉਟਿਕ ਦਵਾਈਆਂ ਬਾਰੇ ਲੋਕਾਂ ਵਿੱਚ ਸਮਝ ਦੀ ਕਮੀ ਵੀ ਸਮੱਸਿਆ ਦਾ ਇੱਕ ਕਾਰਨ ਹੈ। ਪਿੰਡਾਂ ਵਿੱਚ ਜਿੱਥੇ ਅਬਾਦੀ ਘੱਟ ਪੜ੍ਹੀ ਲਿਖੀ ਹੈ, ਉਹ ਦਵਾਈਆਂ ਦੇ ਬੇਅਸਰ ਹੋ ਜਾਣ ਦੀ ਗੰਭੀਰਤਾ ਨਹੀਂ ਸਮਝਦੇ ਹਨ।

ਇੱਥੋਂ ਤੱਕ ਕਿ ਸ਼ਹਿਰੀ ਤਬਕੇ ਵਿੱਚ ਵੀ ਬਿਮਾਰ ਹੋਣ 'ਤੇ ਆਪਣੀ ਮਰਜ਼ੀ ਨਾਲ ਹੀ, ਕੋਈ ਐਂਟੀਬਾਇਉਟਿਕ ਦਵਾਈ ਲੈ ਲੈਂਦੇ ਹਨ। ਕਈ ਵਾਰ ਡਾਕਟਰਾਂ ਉੱਪਰ ਵੀ ਸਖਤ ਦਵਾਈ ਦੇਣ ਲਈ ਦਬਾਅ ਪਾਉਂਦੇ ਹਨ।

ਇੱਕ ਕਾਰਨ ਹੋਰ ਵੀ ਹੈ ਕਿ ਬਿਮਾਰੀ ਦਾ ਪਤਾ ਲਗਾਉਣ ਲਈ ਜ਼ਰੂਰੀ ਟੈਸਟ ਮਹਿੰਗੇ ਹਨ ਜਦਕਿ ਐਂਟੀਬਾਇਉਟਿਕ ਦਵਾਈਆਂ ਸਸਤੀਆਂ ਹੁੰਦੀਆਂ ਹਨ।

ਡਾ. ਵਾਲੀਆ ਕਹਿੰਦੇ ਹਨ ਕਿ ਡਾਕਟਰ ਹਰ ਵਾਰ ਚੰਗੀ ਤਰ੍ਹਾਂ ਨਹੀਂ ਜਾਣਦੇ ਹੁੰਦੇ ਕਿ ਉਹ ਕਿਹੜੀ ਬਿਮਾਰੀ ਦਾ ਇਲਾਜ ਕਰ ਰਹੇ ਹਨ। ਇਸ ਲਈ ਉਹ ਕਈ ਬੀਮਾਰੀਆਂ ਉੱਪਰ ਮਾਰ ਕਰਨ ਵਾਲੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ।

ਹਸਪਤਾਲਾਂ ਵਿੱਚੋਂ ਹੋਣ ਵਾਲੀ ਲਾਗ ਵੀ ਕਸੂਰਵਾਰ ਹੈ। ਹਸਪਤਾਲ ਦੀ ਬੁਰੀ ਸਵੱਛਤਾ ਤੋਂ ਬਚਾਉਣ ਲਈ ਵੀ ਡਾਕਟਰ ਮਰੀਜ਼ਾਂ ਨੂੰ ਐਂਟੀਬਾਇਉਟਿਕ ਦੇ ਦਿੰਦੇ ਹਨ। ਆਖਰਕਾਰ ਕੋਈ ਵੀ ਡਾਕਟਰ ਲਾਗ ਕਾਰਨ ਆਪਣੇ ਮਰੀਜ਼ ਦੀ ਜਾਨ ਨਹੀਂ ਗਵਾਉਣਾ ਚਾਹੇਗਾ।

ਮਾਹਰਾਂ ਦੀ ਰਾਇ ਹੈ ਕਿ ਭਾਰਤ ਨੂੰ ਜਾਂਚ ਸਹੂਲਤਾਂ ਉੱਪਰ ਹੋਰ ਨਿਵੇਸ਼ ਕਰਨ ਦੀ ਲੋੜ ਹੈ। ਹਸਪਤਾਲ ਤੋਂ ਹੋਣ ਵਾਲੀਆਂ ਲਾਗਾਂ ਵਿੱਚ ਕਮੀ ਕਰਨੀ ਚਾਹੀਦੀ ਹੈ। ਡਾਕਟਰਾਂ ਨੇ ਟੈਸਟ ਨਤੀਜਿਆਂ ਦੇ ਅਧਾਰ 'ਤੇ ਹੀ ਦਵਾਈ ਦੇਣ ਦੀ ਸਿਖਲਾਈ ਦੇਣੀ ਚਾਹੀਦੀ ਹੈ।

ਨਹੀਂ ਤਾਂ ਡਾ. ਵਾਲੀਆ ਚੇਤਾਵਨੀ ਦਿੰਦੇ ਹਨ ਕਿ ਇਹ ਸਮੱਸਿਆ ਆਉਣ ਵਾਲੇ ਸਮੇਂ ਵਿੱਚ ਇੱਕ ਮਹਾਮਾਰੀ ਦਾ ਰੂਪ ਧਾਰਨ ਕਰ ਸਕਦੀ ਹੈ, ਜਿਸ ਉੱਪਰ ਸ਼ਾਇਦ ਦਵਾਈਆਂ ਵੀ ਅਸਰ ਨਾ ਕਰਨ।

ਇਹ ਵੀ ਪੜ੍ਹੋ-

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)