You’re viewing a text-only version of this website that uses less data. View the main version of the website including all images and videos.
ਪੰਜਾਬ ਦੀਆਂ ਸਿਹਤ ਸੇਵਾਵਾਂ: 'ਜਦੋਂ ਡਾਕਟਰ ਨੇ ਟੁੱਟੇ ਬੈੱਡ ਉੱਤੇ ਬਿਨਾਂ ਬਿਜਲੀ ਤੋਂ ਟਾਰਚ ਨਾਲ ਜਣੇਪਾ ਕਰਵਾਇਆ'
ਇਹ ਸਾਲ 2009 ਦੀ ਗੱਲ ਹੈ, ਜਦੋਂ ਇੱਕ ਗਰਭਵਤੀ ਔਰਤ ਨੇ ਮੋਰਿੰਡਾ ਦੇ ਇੱਕ ਹਸਪਤਾਲ ਦੇ ਟੁੱਟੇ ਹੋਏ ਬੈਡ ਉਪਰ ਬਿਨਾਂ ਬਿਜਲੀ ਵਾਲੇ ਕਮਰੇ ਵਿਚ ਹਨ੍ਹੇਰੇ ਵਿੱਚ ਟਾਚਰ ਫੜੀ ਖੜੇ ਡਾਕਟਰ ਦੀ ਹਾਜ਼ਰੀ ਵਿੱਚ ਮਰੀ ਹੋਈ ਬੱਚੀ ਨੂੰ ਜਨਮ ਦਿੱਤਾ।
ਡਾਕਟਰ ਮੁਤਾਬਕ ਇਹ ਔਰਤ ਦੀ ਚੌਥੀ ਬੱਚੀ ਸੀ। ਪਰ ਜੇਕਰ ਇਹ ਮਰਿਆ ਹੋਇਆ ਬੱਚਾ ਮੁੰਡਾ ਹੁੰਦਾ ਤਾਂ ਪਰਿਵਾਰ ਨੇ ਉਹਨਾਂ ਨੂੰ ਗੁੱਸੇ ਵਿੱਚ ਕਤਲ ਕਰ ਦੇਣਾ ਸੀ।
ਇਹ ਘਟਨਾ ਪੰਜਾਬ ਦੇ ਸਿਹਤ ਸਿਵਾਵਾਂ ਦੇ ਸਾਬਕਾ ਡਾਇਰੈਕਟਰ ਡਾਕਟਰ ਅਰੀਤ ਕੌਰ ਨਾਲ ਵਾਪਰੀ ਸੀ।
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨਾਲ ਬੀਤੇ ਦਿਨੀਂ ਹੋਈ ਘਟਨਾ ਦੇ ਸੰਦਰਭ ਵਿੱਚ ਅਰੀਤ ਕੌਰਨ ਨੇ ਬੀਬੀਸੀ ਪੰਜਾਬੀ ਨਾਲ ਗੱਲ ਕੀਤੀ।
ਡਾਕਟਰ ਅਰੀਤ ਕੌਰ ਕਹਿੰਦੇ ਹਨ ਕਿ ਪੰਜਾਬ ਦੇ ਹਸਪਤਾਲਾਂ ਦੀ ਹਾਲਤ ਅੱਜ ਵੀ ਉਸੇ ਹੀ ਤਰ੍ਹਾਂ ਦੀ ਹੈ।
ਡਾਕਟਰ ਅਰੀਤ ਕੌਰ ਕਹਿੰਦੇ ਹਨ, "ਮੈਂ ਉਸ ਸਮੇਂ ਕਿਉਂ ਕਤਲ ਹੁੰਦੀ? ਹਾਲਾਤ ਅੱਜ ਵੀ ਬਹੁਤ ਬੁਰੇ ਹਨ। ਅਜਿਹੇ ਵਿੱਚ ਲੋਕ ਡਾਕਟਰ ਜਾਂ ਦੂਜੇ ਸਟਾਫ ਨਾਲ ਹੀ ਲੜਦੇ ਹਨ।"
"ਪਰ ਇਸ ਤਰ੍ਹਾਂ ਵੀਸੀ ਨੂੰ ਬੈੱਡ ਉਪਰ ਪਾ ਕੇ ਸਿਆਸੀ ਆਗੂ ਇਹ ਸਾਬਤ ਕਰਨ ਦਾ ਡਰਾਮਾ ਕਰਦੇ ਹਨ ਕਿ ਮਾੜੇ ਪ੍ਰਬੰਧਾਂ ਲਈ ਵੀਸੀ ਜਾਂ ਡਾਕਟਰ ਜਿੰਮੇਵਾਰ ਹਨ।"
"ਕਈ ਵਾਰ ਪ੍ਰਸ਼ਾਸ਼ਕ ਦੇ ਪੱਧਰ 'ਤੇ ਕਮੀਆਂ ਹੁੰਦੀਆਂ ਹਨ ਪਰ ਇਸ ਸਭ ਲਈ ਇੱਕ ਪੂਰਾ ਪੈਂਟਰਨ ਹੋਣਾ ਚਾਹੀਦਾ ਹੈ। ਜਿਸ ਵਿੱਚ ਸਭ ਕੁਝ ਠੀਕ ਹੋਣ ਚਾਹੀਦਾ ਹੈ। ਇਸ ਲਈ ਉਪਰ ਤੋਂ ਕੰਮ ਹੋਵੇ, ਜਿਸ ਵਿੱਚ ਮੰਤਰੀ, ਸੈਕਟਰੀ ਅਤੇ ਡਾਇਰੈਕਟਰ ਸ਼ਾਮਿਲ ਹੋਣਗੇ।"
"ਕੁਰਸੀ ਨਾਲ ਜਿੰਮੇਵਾਰੀਆਂ ਵੀ ਹੁੰਦੀਆਂ ਹਨ"
ਸਾਬਕਾ ਡਾਇਰੈਕਟਰ ਡਾਕਟਰ ਅਰੀਤ ਕੌਰ ਕਹਿੰਦੇ ਹਨ ਕਿ ਜਦੋਂ ਕੋਈ ਇਨਸਾਨ ਵੀਸੀ ਦੀ ਕੁਰਸੀ ਉਪਰ ਬੈਠਾ ਹੈ ਅਤੇ ਸੱਤਾ ਵਿੱਚ ਹੈ, ਜੇਕਰ ਉਸ ਦੇ ਅੰਦਰ ਥੋੜਾ ਜਿਹਾ ਵੀ ਲੋਕਾਂ ਲਈ ਦਰਦ ਹੈ ਤਾਂ ਉਹ ਲੋਕਾਂ ਦੀ ਭਲਾਈ ਲਈ ਕੁਝ ਤਾਂ ਕਰ ਸਕਦਾ ਹੈ। ਕੁਰਸੀ ਦੇ ਨਾਲ ਜਿੰਮੇਵਾਰੀਆਂ ਵੀ ਹੁੰਦੀਆਂ ਹਨ।"
"ਆਖਿਰ ਇਹ ਕਿਸ ਦੀ ਜਿੰਮੇਵਾਰੀ ਹੈ। ਵੀਸੀ ਸੁਪਰਡੈਂਟ ਨੂੰ ਵੀ ਆਖ ਸਕਦੇ ਹਨ। ਇਸ ਤਰ੍ਹਾਂ ਤਾਂ ਪ੍ਰਬੰਧਾਂ ਦੀ ਜ਼ਿੰਮੇਵਾਰੀ ਸਿਹਤ ਮੰਤਰੀ ਦੀ ਵੀ ਬਣਦੀ ਹੈ। ਜਿੰਨਾ- ਜਿੰਨਾ ਅਸੀਂ ਉਪਰ ਜਾਂਦੇ ਹਾਂ ਤਾਂ ਸਾਡੀ ਜਿੰਮੇਵਾਰੀ ਵੱਧਦੀ ਜਾਂਦੀ ਹੈ।"
ਉਹਨਾਂ ਦਾ ਕਹਿਣਾ ਹੈ, "ਜੋ ਮੰਤਰੀ ਵੱਲੋਂ ਕੀਤਾ ਗਿਆ, ਉਸ ਦਾ ਤਰੀਕਾ ਬਿਲਕੁਲ ਗਲਤ ਹੈ। ਤੁਸੀਂ ਵਿਭਾਗ ਨੂੰ ਚਲਾ ਰਹੇ ਹੋ। ਸਰਕਾਰ ਨੂੰ ਸੁਧਾਰ ਵੱਲ ਜਾਣਾ ਚਾਹੀਦਾ ਹੈ, ਨਾ ਕਿ ਡਰਾਮੇਬਾਜ਼ੀ ਵੱਲ ਤਾਂ ਕਿ ਲੋਕ ਤਾੜੀਆਂ ਮਾਰਨ।"
ਆਈਐਮਏ ਸਿਹਤ ਮੰਤਰੀ ਦੀ ਅਸਤੀਫ਼ੇ 'ਤੇ ਅੜੀ
ਪਿਛਲੇ ਹਫ਼ਤੇ ਜਦੋਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚੇ ਸਨ ਤਾਂ ਇਲਾਕੇ ਦੇ ਲੋਕਾਂ ਨੇ ਸਿਹਤ ਮੰਤਰੀ ਕੋਲ ਹਸਪਤਾਲ ਦੇ ਮਾੜੇ ਪ੍ਰਬੰਧ ਬਾਰੇ ਸ਼ਿਕਾਇਤਾਂ ਕੀਤੀਆਂ ਸਨ।
ਲੋਕਾਂ ਨੇ ਜਦ ਮੰਤਰੀ ਨੂੰ ਹਾਲਾਤ ਦਿਖਾਏ ਤਾਂ ਉਨ੍ਹਾਂ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵੀਸੀ ਡਾ. ਰਾਜ ਬਹਾਦੁਰ ਨੂੰ ਬੁਲਾਇਆ।
ਫਿਰ ਜਦੋਂ ਵੀਸੀ ਆਏ ਤਾਂ ਸਿਹਤ ਮੰਤਰੀ ਨੇ ਨਾਰਾਜ਼ ਹੁੰਦਿਆਂ ਉਨ੍ਹਾਂ ਨੂੰ ਆਪ ਉਸ ਗਲੇ ਹੋਏ ਗੱਦੇ ਉੱਤੇ ਲੇਟਣ ਲਈ ਕਿਹਾ ਅਤੇ ਵੀਸੀ ਨੂੰ ਅਜਿਹਾ ਕਰਨਾ ਪਿਆ।
ਇੰਡੀਅਨ ਮੈਡੀਕਲ ਐਸੋਸੀਏਸ਼ਨ, ਮੋਹਾਲੀ ਦੇ ਪ੍ਰਧਾਨ ਡਾ. ਸੰਜੀਤ ਸਿੰਘ ਸੋਢੀ ਦਾ ਕਹਿਣਾ ਹੈ ਕਿ ਜੇਕਰ ਸਿਹਤ ਮੰਤਰੀ ਨੂੰ ਵੀਸੀ ਨਾਲ ਕੋਈ ਸ਼ਿਕਾਇਤ ਸੀ ਤਾਂ ਉਹ ਦਫ਼ਤਰ ਬੁਲਾ ਕੇ ਜਾਂ ਕਿਸੇ ਹੋਰ ਥਾਂ ਉਪਰ ਜਵਾਬ ਮੰਗ ਸਕਦੇ ਸਨ।
ਡਾ. ਸੰਜੀਤ ਸਿੰਘ ਸੋਢੀ ਕਹਿੰਦੇ ਹਨ, "ਇਹ ਬਾਅਦ ਵਿੱਚ ਤੈਅ ਕੀਤਾ ਜਾਵੇਗਾ ਕਿ ਗਲਤੀ ਕਿਸ ਦੀ ਹੈ, ਪਰ ਸਾਡਾ ਜੋ ਬੁਨਿਆਦੀ ਤਰਕ ਹੈ ਉਹ ਇਹ ਹੈ ਕਿ ਜੇ ਤੁਸੀਂ ਕਿਸੇ ਦੇ ਕੰਮ ਤੋਂ ਖੁਸ਼ ਨਹੀਂ ਤਾਂ ਉਸ ਨੂੰ ਬੈੱਡ ਉਪਰ ਲੇਟਣ ਲਈ ਨਹੀਂ ਕਿਹਾ ਜਾ ਸਕਦਾ।"
"ਸਰਕਾਰ ਨੂੰ ਸਿਹਤ ਮੰਤਰੀ ਉੁਪਰ ਕਾਰਵਾਈ ਕਰਨੀ ਚਾਹੀਦੀ ਹੈ। ਮਤਲਬ ਜਾਂ ਤਾਂ ਮੰਤਰੀ ਅਸਤੀਫ਼ਾ ਦੇਣ ਜਾ ਸਰਕਾਰ ਉਹਨਾਂ ਨੂੰ ਅਸਤੀਫ਼ਾ ਦੇਣ ਲਈ ਨਿਰਦੇਸ਼ ਦੇਵੇ। ਪਰ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਸਾਡੀ ਮੀਟਿੰਗ ਹੋਵੇਗੀ ਜਿਸ ਵਿੱਚ ਫੈਸਲਾ ਲਿਆ ਜਾਵੇਗਾ ਕਿ ਕੰਮ ਬੰਦ ਕਰਨਾ ਹੈ ਜਾਂ ਕੋਈ ਹੋਰ ਕਦਮ ਚੁੱਕਣਾ ਹੈ।"
ਉਹਨਾਂ ਕਿਹਾ, "ਸਾਡਾ ਇਹ ਸਟੈਡ ਨਹੀਂ ਕਿ ਵੀਸੀ ਸਾਹਿਬ ਨੂੰ ਕਿਉਂ ਬੁਲਾਇਆ ਗਿਆ ਪਰ ਜਿਸ ਤਰ੍ਹਾਂ ਲੋਕਾਂ ਸਾਹਮਣੇ ਜ਼ਲੀਲ ਕੀਤਾ ਗਿਆ ਉਹ ਗਲਤ ਸੀ। ਜੇਕਰ ਕੋਈ ਅਧਿਕਾਰੀ ਕੰਮ ਨਹੀਂ ਕਰ ਰਿਹਾ ਤਾਂ ਉਸ ਤੋਂ ਅਲੱਗ ਬੁਲਾ ਕੇ ਕਾਰਨ ਪੁੱਛੇ ਜਾ ਸਕਦੇ ਹਨ।"
ਇਹ ਵੀ ਪੜ੍ਹੋ:
ਮੈਡੀਕਲ ਕਾਲਜ ਦਾ ਸਟਾਫ ਸਿਹਤ ਮੰਤਰੀ ਦੇ ਹੱਕ 'ਚ ਨਿੱਤਰਿਆ
ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ 'ਚ ਸੋਮਵਾਰ ਨੂੰ ਵੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਵਾਇਸ ਚਾਂਸਲਰ ਡਾ.ਰਾਜ ਬਹਾਦਰ ਦਾ ਵਿਰੋਧ ਜਾਰੀ ਰਿਹਾ।
ਹਸਪਤਾਲ ਦੇ ਮੈਡੀਕਲ ਸਟਾਫ, ਲੈਕਚਰਾਰ ਅਤੇ ਨਾਨ-ਟੀਚਿੰਗ ਸਟਾਫ਼ ਨੇ ਹਸਪਤਾਲ ਦੀ ਓਪੀਡੀ 'ਚ ਇਕੱਠੇ ਹੋ ਕੇ ਵਾਇਸ ਚਾਂਸਲਰ ਖਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਉਹ ਵੀਸੀ ਦੇ ਸਟਾਫ਼ ਨਾਲ 'ਮਾੜੇ ਵਿਵਹਾਰ' ਦਾ ਵਿਰੋਧ ਕਰ ਰਹੇ ਹਨ, ਜਿਸ ਦਾ ਉਹ ਪਿਛਲੇ ਕਈ ਸਾਲਾਂ ਤੋਂ ਸਾਹਮਣਾ ਕਰ ਰਹੇ ਹਨ।
ਮੈਡੀਕਲ ਕਾਲਜ ਦੇ ਲੈਕਚਰਾਰ ਯਸ਼ਪਾਲ ਦਾ ਕਹਿਣਾ ਸੀ ਕਿ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਮਾਲਵੇ ਦੇ ਕਈ ਜ਼ਿਲ੍ਹਿਆਂ ਨੂੰ ਪਿਛਲੇ ਕਈ ਦਹਾਕਿਆਂ ਤੋਂ ਸਿਹਤ ਸਹੂਲਤਾਂ ਪ੍ਰਦਾਨ ਕਰਦਾ ਆ ਰਿਹਾ ਹੈ।
ਇਸ ਸੰਸਥਾ ਦਾ ਇਕ ਰੁਤਬਾ ਹੁੰਦਾ ਸੀ ਪਰ ਜਦੋਂ ਤੋਂ ਡਾ.ਰਾਜ ਬਹਾਦਰ ਨੇ ਅਹੁਦਾ ਸੰਭਾਲਿਆ ਹੈ, ਉਸ ਸਮੇਂ ਤੋਂ ਹਸਪਤਾਲ ਦੇ ਹਾਲਤ ਵਿਗੜਦੇ ਗਏ।
ਸਟਾਫ ਨਰਸ ਆਸ਼ਾ ਨੇ ਦੱਸਿਆ ਕਿ ਉਹ ਪਿਛਲੇ ਤੇਰ੍ਹਾਂ ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ ਪਰ ਐਤਵਾਰ ਨੂੰ ਸਿਆਸੀ ਲੀਡਰਾਂ ਨੇ ਉਹਨਾਂ ਦੇ ਮੁੱਦੇ ਨੂੰ ਪਿੱਛੇ ਕਰਕੇ ਮਸਲੇ ਨੂੰ ਹੋਰ ਰੰਗਤ ਦੇ ਦਿੱਤੀ।
ਉਹਨਾਂ ਕਿਹਾ ਕਿ, "ਇਹ ਸੰਸਥਾ ਆਪਣੇ ਆਪ 'ਚ ਖੁਦਮੁਖਤਿਆਰ ਸੰਸਥਾ ਹੈ, ਜਿਸ ਕੋਲ ਫੰਡ ਜੁਟਾਉਣ ਦੇ ਆਪਣੇ ਸਾਧਨ ਹਨ।"
"ਇਸ ਦੇ ਨਾਲ ਹੀ ਸਰਕਾਰ ਵੀ ਫੰਡ ਜਾਰੀ ਕਰਦੀ ਹੈ। ਅਸੀਂ ਸਿਹਤ ਮੰਤਰੀ ਵੱਲੋਂ ਕੀਤੇ ਐਕਸ਼ਨ ਦੀ ਹਮਾਇਤ ਕਰਦੇ ਹਾਂ।"
ਵੀਸੀ ਦਾ ਅਸਤੀਫ਼ਾ ਅਤੇ ਸਿਆਸਤ
ਵੀਸੀ ਡਾ. ਰਾਜ ਬਹਾਦੁਰ ਨੇ ਇਸ ਘਟਨਾ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ। ਵਿਰੋਧੀ ਧਿਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀਸੀ ਨਾਲ ਹੋਈ ਇਸ ਘਟਨਾ ਦੀ ਨਿੰਦਾ ਕੀਤੀ ਗਈ ਸੀ।
ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਸੀ, "ਕੰਮ ਦੌਰਾਨ ਤਲਖੀਆਂ ਹੋ ਜਾਂਦੀਆਂ ਹਨ। ਮੈਂ ਇਹ ਮੰਨਦਾ ਹਾਂ ਕਿ ਇਸ ਮਾਮਲੇ ਨੂੰ ਵਧੀਆ ਤਰੀਕੇ ਨਾਲ ਹੈਂਡਲ ਕੀਤਾ ਜਾ ਸਕਦਾ ਸੀ।"
ਭਗਵੰਤ ਮਾਨ ਨੇ ਕਿਹਾ ਕਿ ਡਾ. ਰਾਜ ਬਹਾਦੁਰ ਉਨ੍ਹਾਂ ਦੇ ਮਿੱਤਰ ਹਨ ਤੇ ਉਨ੍ਹਾਂ ਨੇ ਉਨ੍ਹਾਂ ਦੇ ਪਿਤਾ ਦਾ ਇਲਾਜ ਵੀ ਕੀਤਾ ਸੀ।
ਫ਼ਰੀਦਕੋਟ ਦੇ ਮੈਡੀਕਲ ਹਸਪਤਾਲ ਦੀ ਹਾਲਤ ਖਸਤਾ
ਹਾਲ ਹੀ ਵਿੱਚ ਸਿਹਤ ਮੰਤਰੀ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਦਾ ਜਾਇਜ਼ਾ ਲੈ ਰਹੇ ਹਨ।
ਫ਼ਰੀਦਕੋਟ ਜ਼ਿਲ੍ਹੇ ਦੇ ਜਿਸ ਹਸਪਤਾਲ 'ਚ ਸਿਹਤ ਮੰਤਰੀ ਜਾਇਜ਼ਾ ਲੈਣ ਪਹੁੰਚੇ ਸਨ, ਉੱਥੇ ਮਰੀਜ਼ਾਂ ਦੇ ਪੈਣ ਵਾਲੇ ਬੈੱਡਾਂ ਦੀ ਹਾਲਤ ਤਰਸਯੋਗ ਹੈ, ਕਮਰਿਆਂ ਵਿੱਚ ਕਲੀ ਝੜ ਰਹੀ ਹੈ, ਪਖਾਨਿਆਂ ਦੀ ਸਫਾਈ ਨਹੀਂ ਹੋ ਰਹੀ ਹੈ।
ਇੱਥੋਂ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਸਿਹਤ ਮੰਤਰੀ ਨੂੰ ਹਸਪਤਾਲ ਦੀ ਹਾਲਤ ਵਿਖਾਈ।
ਹਸਪਤਾਲ 'ਚ ਪ੍ਰਬੰਧਾਂ ਦੇ ਮਾੜੇ ਹਾਲਾਤਾਂ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ, ''ਜੋ ਵੀ ਸਮਾਨ ਬਦਲਣਾ ਹੈ ਉਹ ਸਾਰਾ ਬਦਲਿਆ ਜਾਵੇਗਾ।''
ਡਾਕਟਰ ਰਾਜ ਬਹਾਦੁਰ ਦਾ ਮੈਡੀਕਲ ਕਰੀਅਰ
ਡਾਕਟਰ ਰਾਜ ਬਹਾਦੁਰ ਇਸ ਸਮੇਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਸਿਜ਼, ਫ਼ਰੀਦਕੋਟ ਦੇ ਵਾਈਸ ਚਾਂਸਲਰ ਹਨ ਅਤੇ ਹੁਣ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ।
ਉਹ ਮੁਹਾਲੀ ਦੇ ਰੀਜਨਲ ਸਪਾਈਨਲ ਇੰਜਰੀ ਸੈਂਟਰ ਦੇ ਪ੍ਰੋਜੈਕਟ ਡਾਇਰੈਕਟਰ ਅਤੇ ਮੈਂਬਰ ਸਕੱਤਰ ਵੀ ਹਨ।
ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਤੋਂ ਐੱਮਬੀਬੀਐੱਸ ਦੀ ਡਿਗਰੀ ਹਾਸਲ ਕੀਤੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ, ਇੰਟਰਨੈਸ਼ਨਲ ਕਾਲਜ (ਯੂਐੱਸਏ), ਨੈਸ਼ਨਲ ਅਕੈਡਮੀ ਆਫ਼ ਮੈਡੀਕਲ ਸਾਇੰਸਿਜ਼ ਸਣੇ ਦੇਸ਼ ਅਤੇ ਵਿਦੇਸ਼ਾਂ ਦੀਆਂ ਕਈ ਸੰਸਥਾਵਾਂ ਤੋਂ ਵੱਖ-ਵੱਖ ਡਿਗਰੀਆਂ ਪ੍ਰਾਪਤ ਕੀਤੀਆਂ ਹਨ।
ਡਾਕਟਰ ਰਾਜ ਬਹਾਦੁਰ ਹੱਡੀਆਂ ਦੀ ਸਰਜਰੀ ਅਤੇ ਹੱਡੀ ਵਿਗਿਆਨ ਦੀ ਸਿੱਖਿਆ, ਰੀੜ੍ਹ ਦੀ ਹੱਡੀ ਦੀ ਸਰਜਰੀ ਅਤੇ ਜੋੜਾਂ ਦੇ ਇਲਾਜ ਦੇ ਮਾਹਿਰ ਹਨ।
ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ, ਫ਼ਰੀਦਕੋਟ ਵਿਖੇ ਵੀਸੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਪੀਜੀਆਈ ਚੰਡੀਗੜ੍ਹ ਵਿਖੇ ਅਰਥੋਪੈਡਿਕਸ ਦੇ ਪ੍ਰੋਫੈਸਰ ਅਤੇ ਯੂਨਿਟ ਦੇ ਮੁਖੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।
ਉਨ੍ਹਾਂ ਨੇ ਪੰਜਾਬ, ਦਿੱਲੀ, ਪੁਡੂਚੇਰੀ, ਹਰਿਆਣਾ ਅਤੇ ਹਿਮਾਚਲ ਵਿੱਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਹੈ।
ਇਹ ਵੀ ਪੜ੍ਹੋ:
ਇਹ ਵੀ ਦੇਖੋ: