ਸਿਹਤ ਮੰਤਰੀ ਵੱਲੋਂ ਗੰਦੇ ਗੱਦੇ 'ਤੇ ਲਿਟਾਏ ਜਾਣ ਤੋਂ ਖਫ਼ਾ ਵੀਸੀ ਨੇ ਕੀ ਕਿਹਾ, ਮੁੱਖ ਮੰਤਰੀ ਨੇ ਕਿਹਾ, 'ਕੰਮ ਦੌਰਾਨ ਤਲਖੀਆਂ ਹੋ ਜਾਂਦੀਆਂ ਹਨ'

ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦੁਰ ਨੇ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਉਨ੍ਹਾਂ ਨੇ ਆਪਣਾ ਅਸਤੀਫਾ ਪੰਜਾਬ ਸਰਕਾਰ ਨੂੰ ਭੇਜਦਿਆਂ ਆਪਣੇ ਆਪ ਨੂੰ ਇਸ ਅਹੁੱਦੇ ਤੋਂ ਮੁਕਤ ਕਰਨ ਲਈ ਕਿਹਾ ਹੈ। ਡਾ. ਰਾਜ ਬਹਾਦੁਰ ਨੇ ਆਪਣੇ ਅਸਤੀਫ਼ੇ ਦੀ ਪੁਸ਼ਟੀ ਬੀਬੀਸੀ ਸਹਿਯੋਗੀ ਭਾਰਤ ਭੂਸ਼ਣ ਆਜ਼ਾਦ ਕੋਲ ਕੀਤੀ ਹੈ।

ਦਰਅਸਲ, ਲੰਘੇ ਸ਼ੁੱਕਰਵਾਰ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚੇ ਸਨ। ਇਹ ਮੈਡੀਕਲ ਕਾਲਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਅਧੀਨ ਆਉਂਦਾ ਹੈ।

ਇਲਾਕੇ ਦੇ ਲੋਕਾਂ ਨੇ ਸਿਹਤ ਮੰਤਰੀ ਕੋਲ ਹਸਪਤਾਲ ਦੇ ਮਾੜੇ ਪ੍ਰਬੰਧ ਬਾਰੇ ਸ਼ਿਕਾਇਤਾਂ ਕੀਤੀਆਂ ਸਨ।

ਇਸ ਤੋਂ ਮਗਰੋਂ ਸਿਹਤ ਮੰਤਰੀ ਹਸਪਤਾਲ ਦੀ ਚੈਕਿੰਗ ਲਈ ਪਹੁੰਚੇ ਅਤੇ ਇਸ ਦੌਰਾਨ ਉਨ੍ਹਾਂ ਪਾਇਆ ਕਿ ਚਮੜੀ ਵਿਭਾਗ 'ਚ ਮਰੀਜ਼ਾਂ ਦੇ ਸੌਣ ਲਈ ਰੱਖੇ ਬੈੱਡਾਂ ਦੇ ਗੱਦੇ ਗਲੇ (ਖ਼ਰਾਬ) ਹੋਏ ਸਨ।

ਲੋਕਾਂ ਨੇ ਹੋਰ ਵੀ ਸ਼ਿਕਾਇਤਾਂ ਹਸਪਤਾਲ ਦੇ ਪ੍ਰਬੰਧ ਦੇ ਖਿਲਾਫ਼ ਕੀਤੀਆਂ ਸਨ। ਲੋਕਾਂ ਨੇ ਜਦ ਮੰਤਰੀ ਨੂੰ ਇਹ ਹਾਲਾਤ ਦਿਖਾਏ ਤਾਂ ਉਨ੍ਹਾਂ ਨੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵੀਸੀ ਡਾ. ਰਾਜ ਬਹਾਦੁਰ ਨੂੰ ਬੁਲਾਇਆ।

ਫਿਰ ਜਦੋਂ ਵੀਸੀ ਆਏ ਤਾਂ ਸਿਹਤ ਮੰਤਰੀ ਨੇ ਨਾਰਾਜ਼ ਹੁੰਦਿਆਂ ਉਨ੍ਹਾਂ ਨੂੰ ਆਪ ਉਸ ਗਲੇ ਹੋਏ ਗੱਦੇ ਉੱਤੇ ਲੇਟਣ ਲਈ ਕਿਹਾ ਅਤੇ ਵੀਸੀ ਨੂੰ ਅਜਿਹਾ ਕਰਨਾ ਪਿਆ। ਹੁਣ ਵੀਸੀ ਨੇ ਇਸ ਘਟਨਾ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ।

ਦਿ ਟ੍ਰਿਬਿਊਨ ਅਖ਼ਬਾਰ ਨਾਲ ਗੱਲ ਕਰਦੇ ਹੋਏ ਡਾਕਟਰ ਰਾਜ ਬਹਾਦੁਰ ਨੇ ਕਿਹਾ ''ਮੈਂ ਬਹੁਤ ਬੁਰਾ ਮਹਿਸੂਸ ਕਰ ਰਿਹਾ ਹਾਂ। ਆਪਣੇ 45 ਸਾਲਾਂ ਦੇ ਮੈਡੀਕਲ ਜੀਵਨ ਦੌਰਾਨ ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ 13 ਵੱਡੀਆਂ ਸੰਸਥਾਵਾਂ ਵਿੱਚ ਕੰਮ ਕੀਤਾ ਹੈ, ਪਰ ਮੇਰੇ ਨਾਲ ਕਦੇਅਜਿਹਾ ਵਿਵਹਾਰ ਨਹੀਂ ਹੋਇਆ।''

ਬੀਬੀਸੀ ਪੱਤਰਕਾਰ ਰੌਬਿਨ ਸਿੰਘ ਦੁਆਰਾ ਦਿੱਤੀ ਜਾਣਕਾਰੀ ਮੁਤਾਬਿਕ, ਇਸੇ ਸਿਲਸਿਲੇ ਵਿੱਚ ਆਪਣੀ ਨਾਰਾਜ਼ਗੀ ਜ਼ਾਹਿਰ ਕਰਦਿਆਂ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਸੁਰੀਟੈਂਡੇਂਟਡਾ. ਕੇਡੀ ਸਿੰਘ ਨੇ ਵੀ ਆਪਣਾ ਅਸਤੀਫ਼ਾ ਦੇ ਦਿੱਤਾ ਹੈ।

ਉਨ੍ਹਾਂ ਨੇ ਆਪਣੇ ਅਸਤੀਫ਼ੇ ਦੀ ਪੁਸ਼ਟੀ ਕੀਤੀ ਹੈ।

ਇਸ ਦੇ ਨਾਲ ਹੀ ਅੰਮ੍ਰਿਤਸਰ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਾਜੀਵ ਦੇਵਗਨ ਅਤੇ ਅਤੇ ਵਾਈਸ ਪ੍ਰਿੰਸੀਪਲ ਡਾਕਟਰ ਜਗਦੇਵ ਸਿੰਘ ਕੋਲਾਰ ਨੇ ਵੀ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਮੁੱਖ ਮੰਤਰੀ ਨੇ ਕੀ ਕਿਹਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ, "ਕੰਮ ਦੌਰਾਨ ਤਲਖੀਆਂ ਹੋ ਜਾਂਦੀਆਂ ਹਨ। ਮੈਂ ਇਹ ਮੰਨਦਾ ਹਾਂ ਕਿ ਇਸ ਮਾਮਲੇ ਨੂੰ ਵਧੀਆ ਤਰੀਕੇ ਨਾਲ ਹੈਂਡਲ ਕੀਤਾ ਜਾ ਸਕਦਾ ਸੀ।"

ਭਗਵੰਤ ਮਾਨ ਨੇ ਕਿਹਾ ਕਿ ਡਾ. ਰਾਜ ਬਹਾਦੁਰ ਉਨ੍ਹਾਂ ਦੇ ਮਿੱਤਰ ਹਨ ਤੇ ਉਨ੍ਹਾਂ ਨੇ ਉਨ੍ਹਾਂ ਦੇ ਪਿਤਾ ਦਾ ਇਲਾਜ ਵੀ ਕੀਤਾ ਸੀ।

ਆਮ ਆਦਮੀ ਪਾਰਟੀ ਨੇ ਕੀ ਕਿਹਾ

'ਆਪ' ਦੇ ਬੁਲਾਰੇ ਮਾਲਵਿੰਦਰ ਕੰਗ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ, ''ਸਿਹਤ ਮੰਤਰੀ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਗਰਾਉਂਡ ਜੀਰੋ 'ਤੇ ਜਾ ਕੇ ਉਹ ਆਪ ਸਿਹਤ ਸੁਵਿਧਾਵਾਂ ਦਾ ਮੁਆਇਨਾ ਕਰ ਰਹੇ ਹਨ।''

ਇਹ ਵੀ ਪੜ੍ਹੋ:

ਉਨ੍ਹਾਂ ਨੇ ਫ਼ਰੀਦਕੋਟ ਦੇ ਹਸਪਤਾਲ ਦੇ ਬੈੱਡ ਦੀਆਂ ਤਸਵੀਰਾਂ ਦਿਖਾਉਂਦੇ ਕਿਹਾ, ''ਜਿੰਨੇ ਵੀ ਸਾਡੇ ਡਾਕਟਰ ਸਹਿਬਾਨ ਹਨ, ਮੈਨੇਜਮੈਂਟ ਹੈ, ਉਨ੍ਹਾਂ ਦਾ ਅਸੀਂ ਸਤਿਕਾਰ ਕਰਦੇ ਹਾਂ। ਉਹ ਪੰਜਾਬ ਦੀਆਂ ਸਿਹਤ ਸੁਵਿਧਾਵਾਂ ਨੂੰ ਬਿਹਤਰ ਬਣਾਉਣ 'ਚ ਰੀੜ੍ਹ ਦੀ ਹੱਡੀ ਦਾ ਕੰਮ ਕਰਨਗੇ।''

''ਉਨ੍ਹਾਂ ਦੇ ਸਤਿਕਾਰ 'ਚ, ਸਨਮਾਨ 'ਚ ਅਸੀਂ ਕਿਸੇ ਤਰੀਕੇ ਦਾ ਸਮਝੌਤਾ ਨਾ ਪਹਿਲਾਂ ਕੀਤਾ, ਨਾ ਕਰਦੇ ਹਾਂ।''

''ਮੰਦਭਾਗਾ ਹੈ ਕਿ ਇੱਕ ਘਟਨਾ ਅਜਿਹੀ ਹੋ ਗਈ ਜੋ ਤਸਵੀਰਾਂ 'ਚ ਕੈਦ ਹੋ ਗਈ, ਪਰ ਮੰਤਰੀ ਸਾਹਿਬ ਦੀ ਮੰਸ਼ਾ ਇਹ ਸੀ ਕਿ ਪੰਜਾਬ ਦੇ ਲੋਕਾਂ ਨੂੰ, ਖਾਸ ਕਰਕੇ ਗ਼ਰੀਬ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਇਹ ਉਜਾਗਰ ਹੋਵੇ।''

''ਉਨ੍ਹਾਂ ਦੀ ਮੰਸ਼ਾ ਬਿਲਕੁਲ ਸਾਫ਼ ਹੈ, ਕਿਸੇ ਦਾ ਅਪਮਾਨ ਕਰਨਾ ਉਨ੍ਹਾਂ ਦਾ ਮਕਸਦ ਨਹੀਂ ਸੀ।''

ਫ਼ਰੀਦਕੋਟ ਦੇ ਮੈਡੀਕਲ ਹਸਪਤਾਲ ਦੀ ਹਾਲਤ ਖਸਤਾ

ਹਾਲ ਹੀ ਵਿੱਚ ਸਿਹਤ ਮੰਤਰੀ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਦਾ ਜਾਇਜ਼ਾ ਲੈ ਰਹੇ ਹਨ।

ਫ਼ਰੀਦਕੋਟ ਜ਼ਿਲ੍ਹੇ ਦੇ ਜਿਸ ਹਸਪਤਾਲ 'ਚ ਸਿਹਤ ਮੰਤਰੀ ਜਾਇਜ਼ਾ ਲੈਣ ਪਹੁੰਚੇ ਸਨ, ਉੱਥੇ ਮਰੀਜ਼ਾਂ ਦੇ ਪੈਣ ਵਾਲੇ ਬੈੱਡਾਂ ਦੀ ਹਾਲਤ ਤਰਸਯੋਗ ਹੈ, ਕਮਰਿਆਂ ਵਿੱਚ ਕਲੀ ਝੜ ਰਹੀ ਹੈ, ਪਖਾਨਿਆਂ ਦੀ ਸਫਾਈ ਨਹੀਂ ਹੋ ਰਹੀ ਹੈ।

ਇੱਥੋਂ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਸਿਹਤ ਮੰਤਰੀ ਨੂੰ ਹਸਪਤਾਲ ਦੀ ਹਾਲਤ ਵਿਖਾਈ।

ਹਸਪਤਾਲ 'ਚ ਪ੍ਰਬੰਧਾਂ ਦੇ ਮਾੜੇ ਹਾਲਾਤਾਂ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਿਹਤ ਮੰਤਰੀ ਨੇ ਕਿਹਾ, ''ਜੋ ਵੀ ਸਮਾਨ ਬਦਲਣਾ ਹੈ ਉਹ ਸਾਰਾ ਬਦਲਿਆ ਜਾਵੇਗਾ।''

ਡਾਕਟਰ ਰਾਜ ਬਹਾਦੁਰ ਦਾ ਮੈਡੀਕਲ ਕਰੀਅਰ

ਡਾਕਟਰ ਰਾਜ ਬਹਾਦੁਰ ਇਸ ਸਮੇਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਸਿਜ਼, ਫ਼ਰੀਦਕੋਟ ਦੇ ਵਾਈਸ ਚਾਂਸਲਰ ਹਨ ਅਤੇ ਹੁਣ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਹਨ।

ਉਹ ਮੁਹਾਲੀ ਦੇ ਰੀਜਨਲ ਸਪਾਈਨਲ ਇੰਜਰੀ ਸੈਂਟਰ ਦੇ ਪ੍ਰੋਜੈਕਟ ਡਾਇਰੈਕਟਰ ਅਤੇ ਮੈਂਬਰ ਸਕੱਤਰ ਵੀ ਹਨ।

ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ, ਸ਼ਿਮਲਾ ਤੋਂ ਐੱਮਬੀਬੀਐੱਸ ਦੀ ਡਿਗਰੀ ਹਾਸਲ ਕੀਤੀ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ, ਇੰਟਰਨੈਸ਼ਨਲ ਕਾਲਜ (ਯੂਐੱਸਏ), ਨੈਸ਼ਨਲ ਅਕੈਡਮੀ ਆਫ਼ ਮੈਡੀਕਲ ਸਾਇੰਸਿਜ਼ ਸਣੇ ਦੇਸ਼ ਅਤੇ ਵਿਦੇਸ਼ਾਂ ਦੀਆਂ ਕਈ ਸੰਸਥਾਵਾਂ ਤੋਂ ਵੱਖ-ਵੱਖ ਡਿਗਰੀਆਂ ਪ੍ਰਾਪਤ ਕੀਤੀਆਂ ਹਨ।

ਡਾਕਟਰ ਰਾਜ ਬਹਾਦੁਰ ਹੱਡੀਆਂ ਦੀ ਸਰਜਰੀ ਅਤੇ ਹੱਡੀ ਵਿਗਿਆਨ ਦੀ ਸਿੱਖਿਆ, ਰੀੜ੍ਹ ਦੀ ਹੱਡੀ ਦੀ ਸਰਜਰੀ ਅਤੇ ਜੋੜਾਂ ਦੇ ਇਲਾਜ ਦੇ ਮਾਹਿਰ ਹਨ।

ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ, ਫ਼ਰੀਦਕੋਟ ਵਿਖੇ ਵੀਸੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਪੀਜੀਆਈ ਚੰਡੀਗੜ੍ਹ ਵਿਖੇ ਅਰਥੋਪੈਡਿਕਸ ਦੇ ਪ੍ਰੋਫੈਸਰ ਅਤੇ ਯੂਨਿਟ ਦੇ ਮੁਖੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।

ਉਨ੍ਹਾਂ ਨੇ ਪੰਜਾਬ, ਦਿੱਲੀ, ਪੁਡੂਚੇਰੀ, ਹਰਿਆਣਾ ਅਤੇ ਹਿਮਾਚਲ ਵਿੱਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕੀਤਾ ਹੈ।

'ਸਿਆਸੀ ਆਗੂ ਆਪਣੇ ਨੰਬਰ ਬਣਾਉਣ ਲਈ ਡਾਕਟਰਾਂ ਨੂੰ ਅਪਮਾਨਿਤ ਕਰ ਰਹੇ'

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾਕਟਰ ਪਰਮਜੀਤ ਸਿੰਘ ਮਾਨ ਨੇ ਇਸ ਘਟਨਾ ਨੂੰ ਸਭ ਤੋਂ ਵੱਧ ਅਸਹਿਜ ਕਰਨ ਵਾਲੀ ਘਟਨਾ ਕਰਾਰ ਦਿੱਤਾ।

ਉਨ੍ਹਾਂ ਨੇ ਕਿਹਾ, ''ਸਿਹਤ ਪ੍ਰਣਾਲੀ ਨੂੰ ਸੁਧਾਰਨ ਦੀ ਬਜਾਏ ਸਿਆਸੀ ਆਗੂ ਆਪਣੇ ਨੰਬਰ ਬਣਾਉਣ ਲਈ ਡਾਕਟਰਾਂ ਨੂੰ ਅਪਮਾਨਿਤ ਕਰ ਰਹੇ ਹਨ।''

''ਉਹ ਆਪਣੇ ਆਪ ਨੂੰ 'ਐਕਟਿਵ' ਮੰਤਰੀਆਂ ਵਜੋਂ ਪੇਸ਼ ਕਰਨਾ ਚਾਹੁੰਦੇ ਹਨ, ਪਰ ਸੱਚ ਇਹ ਹੈ ਕਿ ਉਹ ਸਿਸਟਮ ਨੂੰ ਖਰਾਬ ਕਰ ਰਹੇ ਹਨ।''

ਪੰਜਾਬ ਮੈਡੀਕਲ ਕਾਊਂਸਲ ਦੇ ਸਾਬਕਾ ਪ੍ਰਧਾਨ ਡਾਕਟਰ ਜੀਐੱਸ ਗਰੇਵਾਲ ਨੇ ਕਿਹਾ ਕਿ ਸਿਹਤ ਮੰਤਰੀ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਵੀਸੀ ਨੂੰ ਸਵਾਲ ਕਰਨ।

ਉਨ੍ਹਾਂ ਕਿਹਾ, ''ਵੀਸੀ, ਚਾਂਸਲਰ ਨੂੰ ਜਵਾਬਦੇਹ ਹਨ, ਜੋ ਕਿ ਰਾਜਪਾਲ ਹਨ ਨਾ ਕਿ ਮੰਤਰੀ।''

''ਸਟਾਫ ਮੈਂਬਰਾਂ ਦੀ ਮੌਜੂਦਗੀ ਵਿੱਚ ਵੀਸੀ ਨੂੰ ਅਪਮਾਨਿਤ ਕਰਨ ਦੀ ਬਜਾਏ ਮੰਤਰੀ ਨੂੰ ਇਹ ਮਾਮਲਾ ਰਾਜਪਾਲ ਦੇ ਧਿਆਨ ਵਿੱਚ ਲਿਆਉਣਾ ਚਾਹੀਦਾ ਸੀ।''

'ਆਪ' ਐੱਮਐੱਲਏ ਅਤੇ ਪੰਜਾਬ ਅਸੈਂਬਲੀ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਇਸ ਘਟਨਾ ਨੂੰ ਅਫਸੋਸਜਨਕ ਦੱਸਿਆ।

ਸਿਹਤ ਕਰਮਚਾਰੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ

ਇਸ ਦੌਰਾਨ ਸਿਹਤ ਮੰਤਰੀ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਦੇ ਸਟਾਫ਼ ਮੈਂਬਰਾਂ ਦੇ ਰੋਹ ਦਾ ਸਾਹਮਣਾ ਵੀ ਕਰਨਾ ਪਿਆ।

ਹਸਪਤਾਲ ਦੇ ਕਰਮਚਾਰੀਆਂ ਨੇ ਮੰਤਰੀ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਤੇ ਹਸਪਤਾਲ ਪ੍ਰਸ਼ਾਸਨ ਖ਼ਿਲਾਫ਼ ਤਿੱਖਾ ਰੋਸ ਪ੍ਰਗਟ ਕੀਤਾ।

ਸਿਹਤ ਮੰਤਰੀ ਜੋੜਾਮਾਜਰਾ ਨੇ ਪ੍ਰਦਸ਼ਨਕਾਰੀਆਂ ਕੋਲ ਬੈਠ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਜਾਣਨ ਦੀ ਕੋਸ਼ਿਸ਼ ਕੀਤੀ।

ਇਨ੍ਹਾਂ ਪ੍ਰਦਸ਼ਨਕਾਰੀ ਕਰਮਚਾਰੀਆਂ ਦਾ ਇਲਜ਼ਾਮ ਹੈ ਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਹਸਪਤਾਲ 'ਚ ਕਰਮਚਾਰੀਆਂ ਦੀਆਂ ਮੰਗਾਂ ਅਤੇ ਹਸਪਤਾਲ ਦੇ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।

ਕਰਮਚਾਰੀਆਂ ਨੇ ਮੰਤਰੀ ਨੂੰ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਦਾ ਧਿਆਨ ਵਾਰ-ਵਾਰ ਇਨ੍ਹਾਂ ਦਿੱਕਤਾਂ ਵੱਲ ਲਿਆਉਣ ਦੇ ਬਾਵਜੂਦ ਵੀ ਹਸਪਤਾਲ ਪ੍ਰਸ਼ਾਸਨ 'ਤੇ ਕੋਈ ਅਸਰ ਹੁੰਦਾ ਨਹੀਂ ਵਿਖਾ ਰਿਹਾ।

ਮੀਡੀਆ ਨਾਲ ਗੱਲਬਾਤ ਦੌਰਾਨ ਮੰਤਰੀ ਜੋੜਾਮਾਜਰਾ ਨੇ ਦੱਸਿਆ ਕਿ ਮੁਜਾਹਰਾ ਕਰ ਰਹੇ ਸਿਹਤ ਕਰਮਚਾਰੀਆਂ ਨੂੰ ਗੱਲਬਾਤ ਲਈ ਚੰਡੀਗੜ੍ਹ ਸੱਦਿਆ ਗਿਆ ਹੈ ਜਿੱਥੇ ਉਨ੍ਹਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਜਾਵੇਗਾ।

'ਸਿਹਤ ਸੇਵਾਵਾਂ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ'

ਇਸ ਮਸਲੇ ਉੱਪਰ ਰਾਇ ਜਾਨਣ ਲਈ ਬੀਬੀਸੀ ਪੰਜਾਬੀ ਨੇ ਡਾ਼ ਧਰਮਵੀਰ ਗਾਂਧੀ ਨਾਲ ਗੱਲਬਾਤ ਕੀਤੀ। ਡਾ਼ ਧਰਮਵੀਰ ਗਾਂਧੀ ਦਿਲ ਦੀਆਂ ਬੀਮਾਰੀਆਂ ਦੇ ਉੱਘੇ ਮਾਹਰ ਹਨ। ਉਨ੍ਹਾਂ ਨੇ 2014 ਵਿੱਚ ਆਮ ਆਦਮੀਪ ਪਾਰਟੀ ਦੀ ਟਿਕਟ ਉੱਪਰ ਪਟਿਆਲਾ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤੀ। ਹਾਲਾਂਕਿ ਕੁਝ ਸਮੇਂ ਬਾਅਦ ਸਾਂਸਦ ਰਹਿੰਦਿਆਂ ਹੀ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਆਪਣਾ ਰਾਹ ਵੱਖ ਕਰ ਲਿਆ ਸੀ।

ਉਨ੍ਹਾਂ ਨੇ ਕਿਹਾ ਕਿ ਇਹ ਬਹੁਤ ਮਾੜੀ ਗੱਲ ਹੈ। ਸਿਹਤ ਸੇਵਾਵਾਂ ਲਈ ਡਾਕਟਰਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਸਿਹਤ ਸੇਵਾਵਾਂ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ।

ਉਸ ਤੋਂ ਬਾਅਦ ਪ੍ਰਸ਼ਾਸਨ ਜਾਂ ਡਾਕਟਰ ਹੁੰਦੇ ਹਨ। ਜੋ ਕਿ ਇਸ ਕੇਸ ਵਿੱਚ ਮੈਡੀਕਲ ਸੁਰੀਟੈਂਡੇਂਟ ਹਨ। ਮੈਡੀਕਲ ਕਾਲਜਾਂ ਵਿੱਚ ਮੈਡੀਕਲ ਸੁਪਰੀਟੈਂਡੇਂਟ ਦਾ ਫਰਜ਼ ਹੁੰਦਾ ਹੈ ਚਾਹੇ ਉਹ ਬੈਡ ਹੈ, ਚਾਹੇ ਸ਼ੀਟਾਂ, ਚਾਹੇ ਹੋਰ ਸਮਾਨ ਹੈ, ਉਹ ਮੁਹਈਆ ਕਰਵਾਏ।

ਵੀਸੀ ਤਾਂ ਇੱਕ ਸੰਵਿਧਾਨਕ ਅਹੁਦਾ ਹੈ। ਗਵਰਨਰ ਵੱਲੋਂ ਲਗਾਇਆ ਜਾਂਦਾ ਹੈ। ਮੰਤਰੀ ਨੂੰ ਤਾਂ ਹੱਕ ਹੀ ਨਹੀਂ ਹੈ ਕਿ ਉਨ੍ਹਾਂ ਦੀ ਇਸ ਤਰ੍ਹਾਂ ਬੇਇਜ਼ਤੀ ਕੀਤੀ ਜਾਵੇ।

ਹਿੰਦੁਸਤਾਨ ਭਰ ਦੇ ਜੋ ਦੋ ਤਿੰਨ ਸਿਰਮੌਰ ਰੀੜ੍ਹ ਦੀ ਹੱਡੀ ਦੇ ਸਰਜਨ ਹਨ ਉਨ੍ਹਾਂ ਵਿੱਚ ਡਾ਼ ਰਾਜ ਬਹਾਦਰ ਇੱਕ ਹਨ। ਇਹ ਕਿਤੇ ਵੀ ਬੈਠ ਕੇ ਲੱਖਾਂ ਰੁਪਈਆ ਕਮਾ ਸਕਦੇ ਹਨ ਪਰ ਉਹ ਫਰੀਦਕੋਟ ਵਰਗੇ ਸ਼ਹਿਰ ਵਿੱਚ ਰਹਿ ਕੇ ਬਕਾਇਦਾ ਉਪੀਡੀ ਕਰਦੇ ਹਨ, ਲੋਕਾਂ ਨੂੰ ਸਹੂਲਤਾਂ ਮੁਹਈਆ ਕਰਦੇ ਹਨ। ਉਨ੍ਹਾਂ ਵਰਗੇ ਬੰਦੇ ਨੂੰ ਜਿਸ ਤਰ੍ਹਾਂ ਜ਼ਲੀਲ ਕੀਤਾ ਗਿਆ ਇਹ ਬਹੁਤ ਨਿੰਦਣਯੋਗ ਕਾਰਵਾਈ ਹੈ।

ਉਨ੍ਹਾਂ ਨੇ ਕਿਹਾ ਕਿ ਘਟਨਾ ਨੂੰ ਲੈਕੇ ਮੈਡੀਕਲ ਭਾਈਚਾਰੇ ਵਿੱਚ ਗੁੱਸਾ ਹੈ। ਮੰਤਰੀ ਤੋਂ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਭਗਵੰਤ ਮਾਨ ਸਰਕਾਰ ਲੋਕਾਂ ਤੋਂ ਮਾਫ਼ੀ ਮੰਗੇ।

ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਰਕਾਰ ਸਹੂਲਤਾਂ ਪੂਰੀਆਂ ਕਰੇ ਫਿਰ ਮੈਡੀਕਲ ਸੁਪਰੀਟੈਂਡੇਂਟ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ।

ਇਸ ਤਰ੍ਹਾਂ ਸਰਕਾਰੀ ਸਿਸਟਮ ਵਿੱਚ ਜੋ ਕੁਝ ਚੰਗੇ ਲੋਕ ਬਚੇ ਹਨ ਉਨ੍ਹਾਂ ਦਾ ਮਨੇਬਲ ਡਿੱਗਦਾ ਹੈ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)