ਛਾਤੀ ਦਾ ਕੈਂਸਰ: ਅਮਰੀਕੀ ਸਟਾਰ ਨੂੰ ਦੂਜੀ ਵਾਰ ਹੋਇਆ ਕੈਂਸਰ, ਕਿਵੇਂ ਪਤਾ ਲਗਾ ਸਕਦੇ ਹੋ ਕਿ ਤੁਹਾਡੇ 'ਚ ਇਸਦੇ ਲੱਛਣ ਤਾਂ ਨਹੀਂ

ਐਮੀ ਡਾਊਡੇਨ

ਤਸਵੀਰ ਸਰੋਤ, Getty Images

ਅਮਰੀਕਾ ਦੀ ਜਾਣੀ-ਪਛਾਣੀ ਡਾਂਸਰ ਐਮੀ ਡਾਊਡੇਨ ਨੇ ਉਨ੍ਹਾਂ ਨੂੰ ਦੂਜੀ ਵਾਰ ਛਾਤੀ ਦਾ ਕੈਂਸਰ ਹੋਣ ਦਾ ਖੁਲਾਸਾ ਕੀਤਾ ਹੈ।

32 ਸਾਲਾ ਡਾਂਸਰ ਨੇ ਪਹਿਲਾ ਵੀ ਜਨਤਕ ਤੌਰ ਉੱਤੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਸ ਨੂੰ ਗਰੇਡ 3 ਦਾ ਕੈਂਸਰ ਸੀ, ਅਤੇ ਉਸ ਨੂੰ ਉਮੀਦ ਸੀ ਕਿ ਸਰਜਰੀ ਨਾਲ ਹੱਲ ਹੋ ਜਾਵੇਗਾ।

ਪਰ ਹੁਣ ਕੀਤੀ ਗਈ ਜਾਂਚ ਦੌਰਾਨ ਡਾਕਟਰਾਂ ਨੂੰ "ਹੋਰ ਟਿਊਮਰ" ਅਤੇ "ਇੱਕ ਹੋਰ ਕਿਸਮ ਦਾ ਕੈਂਸਰ" ਮਿਲਿਆ। ਇਸ ਦਾ ਮਤਲਬ ਹੈ ਕਿ ਐਮੀ ਇਸ ਸਾਲ ਦੇ ਮਸ਼ਹੂਰ ਡਾਂਸ ਸ਼ੌਅ ਮੁਕਾਬਲੇ ਵਿੱਚ ਡਾਂਸ ਨਹੀਂ ਕਰੇਗੀ।

ਛਾਤੀ ਦਾ ਕੈਂਸਰ (ਬ੍ਰੈਸਟ ਕੈਂਸਰ) ਬਹੁਤ ਦੀ ਗੰਭੀਰ ਅਤੇ ਖਤਰਨਾਕ ਰੋਗ ਹੈ, ਇਹ ਮਰਦਾਂ ਦੇ ਮੁਕਾਬਲੇ ਔਰਤਾਂ ਕਾਫ਼ੀ ਜ਼ਿਆਦਾ ਪਾਇਆ ਜਾਂਦਾ ਹੈ।

ਛਾਤੀ ਦੇ ਕੈਂਸਰ ਬਾਰੇ ਔਰਤਾਂ ਰੋਗਾਂ ਦੇ ਮਾਹਰ ਡਾਕਟਰ ਸ਼ਿਵਾਨੀ ਗਰਗ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿਚ ਇਸਦੇ ਲੱਛਣ ਅਤੇ ਬਚਾਅ ਦੇ ਤਰੀਕੇ ਸਾਂਝੇ ਕੀਤੇ।

(ਇਸ ਗੱਲਬਾਤ ਉੱਤੇ ਅਧਾਰਿਤ ਰਿਪੋਰਟ 13 ਅਕਤੂਬਰ 2022 ਨੂੰ ਪਹਿਲੀ ਵਾਰ ਛਾਪੀ ਗਈ ਸੀ, ਜਿਸ ਨੂੰ ਪਾਠਕਾਂ ਦੀ ਜਾਣਕਾਰੀ ਲਈ ਦੁਬਾਰਾ ਹੂਬਹੂ ਸਾਂਝਾ ਕੀਤਾ ਜਾ ਰਿਹਾ ਹੈ)

ਬ੍ਰੈਸਟ ਕੈਂਸਰ ਦੀ ਪਛਾਣ ਕਿਸ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ, ਇਹ ਸਵਾਲ ਸਭਨਾਂ ਦੇ ਮਨਾਂ 'ਚ ਹੁੰਦਾ ਹੈ। ਬ੍ਰੈਸਟ ਕੈਂਸਰ ਦੀ ਸ਼ੁਰੂਆਤ 'ਚ ਸਭ ਤੋਂ ਪਹਿਲਾ ਲੱਛਣ ਇਹ ਹੁੰਦਾ ਹੈ ਕਿ ਛਾਤੀ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ।

ਛਾਤੀ 'ਚ ਦਰਦ ਹੋਣਾ ਕੋਈ ਗੰਭੀਰ ਗੱਲ ਨਹੀਂ ਹੈ, ਕਿਉਂਕਿ ਹਰ ਦਰਦ ਕੈਂਸਰ ਦਾ ਲੱਛਣ ਨਹੀਂ ਹੁੰਦਾ ਹੈ।

ਕਈ ਵਾਰ ਕਿਸੇ ਹੋਰ ਕਾਰਨ ਕਰਕੇ ਵੀ ਬ੍ਰੈਸਟ 'ਚ ਦਰਦ ਹੋ ਸਕਦਾ ਹੈ। ਜੇਕਰ ਤੁਹਾਨੂੰ ਲਗਾਤਾਰ ਦਰਦ ਹੋ ਰਹੀ ਹੈ ਤਾਂ ਬਿਨ੍ਹਾਂ ਦੇਰੀ ਕਿਤੇ ਬ੍ਰੈਸਟ ਕੈਂਸਰ ਦਾ ਚੈੱਕਅਪ ਜ਼ਰੂਰ ਕਰਵਾਉਣਾ ਚਾਹੀਦਾ ਹੈ।

ਡਾ. ਸ਼ਿਵਾਨੀ ਗਰਗ
ਤਸਵੀਰ ਕੈਪਸ਼ਨ, ਡਾ. ਸ਼ਿਵਾਨੀ ਗਰਗ ਦੱਸ ਰਹੇ ਹਨ ਬ੍ਰੈਸਟ ਕੈਂਸਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ

ਬ੍ਰੈਸਟ ਕੈਂਸਰ ਦਾ ਦੂਜਾ ਲੱਛਣ ਇਹ ਹੈ ਕਿ ਤੁਸੀਂ ਆਪਣੀ ਬ੍ਰੈਸਟ 'ਚ ਕੁਝ ਮਾਸ ਦੀ ਢੇਲੀ ਜਾਂ ਗਿਲਟੀ ਮਹਿਸੂਸ ਕਰ ਸਕਦੇ ਹੋ।

ਇਸ ਤੋਂ ਇਲਾਵਾ ਨਿਪਲ 'ਚੋਂ ਡਿਸਚਾਰਜ ਆਉਣਾ ਵੀ ਇਸ ਦਾ ਲੱਛਣ ਹੈ। ਇਹ ਡਿਸਚਾਰਜ ਪਾਣੀ, ਦੁੱਧ ਜਾਂ ਖੂਨ ਵਰਗਾ ਹੋ ਸਕਦਾ ਹੈ।

ਪਰ ਇੱਥੇ ਵੀ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹਰ ਤਰ੍ਹਾਂ ਦਾ ਡਿਸਚਾਰਜ ਕੈਂਸਰ ਦਾ ਲੱਛਣ ਨਹੀਂ ਹੋ ਸਕਦਾ ਹੈ।

ਨਿਖੇੜਨ ਲਈ ਲਾਈਨ

ਬੀਬੀਸੀ ਨਿਊਜ਼ ਪੰਜਾਬੀ ਔਰਤਾਂ ਦੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਇੱਕ 'ਹੈਲਥ ਸੀਰੀਜ਼' ਤੁਹਾਡੀ ਸਿਹਤ ਸਾਡੀ ਸੇਧ' ਲੈ ਕੇ ਆਇਆ ਹੈ। ਜਿਸ ਰਾਹੀਂ ਤੁਹਾਨੂੰ ਹਰ ਹਫ਼ਤੇ ਔਰਤਾਂ ਦੀ ਸਿਹਤ ਨਾਲ ਜੁੜੇ ਕਿਸੇ ਨਾ ਕਿਸੇ ਮੁੱਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਨਿਖੇੜਨ ਲਈ ਲਾਈਨ

ਇਸ ਲਈ ਡਰਨ ਦੀ ਲੋੜ ਨਹੀਂ ਹੈ ਅਤੇ ਅਜਿਹੇ ਲੱਛਣ ਵਿਖਾਈ ਦੇਣ 'ਤੇ ਸਭ ਤੋਂ ਪਹਿਲਾਂ ਟੈਸਟ ਕਰਵਾਏ ਜਾਣੇ ਚਾਹੀਦੇ ਹਨ।

ਇਸ ਤੋਂ ਇਲਾਵਾ ਕਈ ਵਾਰ ਬ੍ਰੈਸਟ ਦੇ ਉਪਰਲੇ ਮਾਸ 'ਤੇ ਸੰਤਰੇ ਦੇ ਆਕਾਰ ਦੇ ਗੱਢੇ ਪੈ ਜਾਂਦੇ ਹਨ।

ਇਹ ਵੀ ਬ੍ਰੈਸਟ ਕੈਂਸਰ ਦਾ ਇੱਕ ਲੱਛਣ ਹੈ। ਕਈ ਵਾਰ ਬ੍ਰੈਸਟ ਦਾ ਆਕਾਰ ਵੀ ਵੱਖੋ-ਵੱਖ ਹੋ ਜਾਂਦਾ ਹੈ ਭਾਵ ਇੱਕ ਬ੍ਰੈਸਟ ਦੂਜੀ ਤੋਂ ਵੱਡੀ ਵਿਖਦੀ ਹੈ। ਇਹ ਵੀ ਬ੍ਰੈਸਟ ਕੈਂਸਰ ਦਾ ਇੱਕ ਲੱਛਣ ਹੈ।

ਕਈ ਵਾਰ ਤਾਂ ਇੰਝ ਹੁੰਦਾ ਹੈ ਕਿ ਕਈ ਸਾਲਾਂ ਤੱਕ ਬ੍ਰੈਸਟ ਕੈਂਸਰ ਦੇ ਲੱਛਣ ਸਾਹਮਣੇ ਹੀ ਨਹੀਂ ਆਉਂਦੇ ਹਨ।

ਬੀਬੀਸੀ
  • ਬ੍ਰੈਸਟ ਕੈਂਸਰ ਦੀ ਪਛਾਣ ਕਿਸ ਤਰ੍ਹਾਂ ਨਾਲ ਕੀਤੀ ਜਾ ਸਕਦੀ ਹੈ, ਇਹ ਸਵਾਲ ਸਭਨਾਂ ਦੇ ਮਨਾਂ 'ਚ ਹੁੰਦਾ ਹੈ।
  • ਬ੍ਰੈਸਟ ਕੈਂਸਰ ਦੀ ਸ਼ੁਰੂਆਤ 'ਚ ਸਭ ਤੋਂ ਪਹਿਲਾ ਲੱਛਣ ਇਹ ਹੁੰਦਾ ਹੈ ਕਿ ਛਾਤੀ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ।
  • ਕਈ ਵਾਰ ਬ੍ਰੈਸਟ ਦੇ ਉਪਰਲੇ ਮਾਸ 'ਤੇ ਸੰਤਰੇ ਦੇ ਆਕਾਰ ਦੇ ਗੱਢੇ ਪੈ ਜਾਂਦੇ ਹਨ।
  • ਪਰ ਜ਼ਰੂਰੀ ਇਹ ਲੱਛਣ ਬ੍ਰੈਸਟ ਕੈਂਸਰ ਦੇ ਹੀ ਹੋਣ।
  • ਕਈ ਵਾਰ ਤਾਂ ਇੰਝ ਹੁੰਦਾ ਹੈ ਕਿ ਕਈ ਸਾਲਾਂ ਤੱਕ ਬ੍ਰੈਸਟ ਕੈਂਸਰ ਦੇ ਲੱਛਣ ਸਾਹਮਣੇ ਹੀ ਨਹੀਂ ਆਉਂਦੇ ਹਨ।
  • ਤੁਸੀਂ ਬ੍ਰੈਸਟ ਕੈਂਸਰ ਦੇ ਸ਼ਿਕਾਰ ਤਾਂ ਨਹੀਂ ਹੋ ਰਹੇ ਹੋ, ਇਸ ਦਾ ਪਤਾ ਲਗਾਉਣ ਲਈ ਸਭ ਤੋਂ ਪਹਿਲਾਂ ਸਕ੍ਰੀਨਿੰਗ ਕੀਤੀ ਜਾਂਦੀ ਹੈ।
  • ਜਿੰਨ੍ਹੀ ਜਲਦੀ ਕੈਂਸਰ ਦਾ ਪਤਾ ਲੱਗੇਗਾ, ਭਾਵ ਸਟੇਜ 1 ਜਾਂ 2 'ਚ, ਉਨ੍ਹੀ ਜਲਦੀ ਹੀ ਵਧੀਆ ਢੰਗ ਨਾਲ ਸਰਜਰੀ ਕੀਤੀ ਜਾ ਸਕਦੀ ਹੈ।
  • ਕਈ ਵਾਰ ਰੇਡੀਓ ਥੈਰੇਪੀ ਵੀ ਦਿੱਤੀ ਜਾਂਦੀ ਹੈ। ਅੱਜਕਲ ਤਾਂ ਬ੍ਰੈਸਟ ਕੈਂਸਰ ਦੇ ਇਲਾਜ ਲਈ ਦਵਾਈਆਂ ਵੀ ਉਪਲੱਬਧ ਹਨ।
  • ਜੇਕਰ ਪਹਿਲੀ ਸਟੇਜ 'ਚ ਹੀ ਬ੍ਰੈਸਟ ਕੈਂਸਰ ਦਾ ਪਤਾ ਲੱਗ ਜਾਂਦਾ ਹੈ ਤਾਂ ਇਸ ਦੇ ਠੀਕ ਹੋਣ ਦੀ ਦਰ ਲਗਭਗ 95 ਤੋਂ 96% ਤੱਕ ਹੈ।
ਬੀਬੀਸੀ

ਬ੍ਰੈਸਟ ਕੈਂਸਰ ਬਣ ਰਿਹਾ ਹੈ, ਇਸ ਬਾਰੇ ਕਿਸ ਤਰ੍ਹਾਂ ਨਾਲ ਜਾਣਿਆ ਜਾ ਸਕਦਾ ਹੈ ?

ਤੁਸੀਂ ਬ੍ਰੈਸਟ ਕੈਂਸਰ ਦੇ ਸ਼ਿਕਾਰ ਤਾਂ ਨਹੀਂ ਹੋ ਰਹੇ ਹੋ, ਇਸ ਦਾ ਪਤਾ ਲਗਾਉਣ ਲਈ ਸਭ ਤੋਂ ਪਹਿਲਾਂ ਸਕ੍ਰੀਨਿੰਗ ਕੀਤੀ ਜਾਂਦੀ ਹੈ।

ਇਸ ਸਕ੍ਰੀਨਿੰਗ ਲਈ ਤਿੰਨ ਤਰੀਕੇ ਹਨ। ਸਭ ਤੋਂ ਪਹਿਲਾਂ ਹੈ ਸੈਲਫ ਸਕ੍ਰੀਨਿੰਗ ਕਰਨਾ, ਮਤਲਬ ਕਿ ਤੁਸੀਂ ਆਪਣੇ ਆਪ ਆਪਣੀ ਬ੍ਰੈਸਟ ਦਾ ਚੈੱਕਅਪ ਕਰੋ।

ਇਹ ਸਭ ਤੋਂ ਆਸਾਨ ਅਤੇ ਵਧੀਆ ਤਰੀਕਾ ਹੈ ਪਰ ਮੁਸ਼ਕਲ ਇਹ ਹੈ ਕਿ ਭਾਰਤ 'ਚ ਇਸ ਸਬੰਧੀ ਜਾਗਰੂਕਤਾ ਦੀ ਬਹੁਤ ਘਾਟ ਹੈ।

ਕੋਈ ਵੀ ਔਰਤ ਇਸ ਚੀਜ਼ ਵੱਲ ਧਿਆਨ ਹੀ ਨਹੀਂ ਦਿੰਦੀ ਹੈ। ਜਿਸ ਕਰਕੇ ਉਹ ਆਪਣਾ ਸੈਲਫ ਬ੍ਰੈਸਟ ਸਕ੍ਰੀਨਿੰਗ ਚੰਗੀ ਤਰ੍ਹਾਂ ਨਾਲ ਨਹੀਂ ਕਰ ਪਾਉਂਦੀ ਹੈ।

ਬੀਬੀਸੀ
ਵੀਡੀਓ ਕੈਪਸ਼ਨ, ਜਾਣੋ ਛਾਤੀ ਦੇ ਕੈਂਸਰ ਦੇ 12 ਲੱਛਣ

ਸੈਲਫ ਸਕ੍ਰੀਨਿੰਗ

ਜੇਕਰ ਤੁਹਾਨੂੰ ਇਸ ਬਾਰੇ ਪਤਾ ਹੈ ਤਾਂ ਸੈਲਫ ਸਕ੍ਰੀਨਿੰਗ ਸਿਰਫ ਪੰਜ ਮਿੰਟ ਦਾ ਹੀ ਕੰਮ ਹੁੰਦਾ ਹੈ।

ਤੁਸੀਂ ਜਦੋਂ ਵੀ ਇਸ ਦਾ ਮੁਆਇਨਾ ਕਰਨਾ ਹੈ ਤਾਂ ਉਸ ਦਾ ਸਹੀ ਸਮਾਂ ਪੀਰੀਅਡਜ਼ ਦੇ ਖਤਮ ਹੋਣ 'ਤੇ ਹੁੰਦਾ ਹੈ।

ਆਪਣੇ ਪੀਰੀਅਡਜ਼ ਦੇ ਖਤਮ ਹੋਣ 'ਤੇ ਅਜਿਹਾ ਕੀਤਾ ਜਾ ਸਕਦਾ ਹੈ। ਸੈਲਫ ਸਕ੍ਰੀਨਿੰਗ ਦੀ ਸ਼ੁਰੂਆਤ 20 ਤੋਂ 25 ਸਾਲ ਦੀ ਉਮਰ ਦੌਰਾਨ ਕੀਤੀ ਜਾ ਸਕਦੀ ਹੈ।

ਛਾਤੀ ਦਾ ਕੈਂਸਰ

ਤਸਵੀਰ ਸਰੋਤ, RealPeopleGroup/Getty Images

ਤਸਵੀਰ ਕੈਪਸ਼ਨ, ਸੈਲਫ ਸਕ੍ਰੀਨਿੰਗ ਦੀ ਸ਼ੁਰੂਆਤ 20 ਤੋਂ 25 ਸਾਲ ਦੀ ਉਮਰ ਦੌਰਾਨ ਕੀਤੀ ਜਾ ਸਕਦੀ ਹੈ (ਸੰਕੇਤਕ ਤਸਵੀਰ)

ਅਜਿਹਾ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਵੀ ਸ਼ੀਸ਼ੇ ਅੱਗੇ ਖੜ੍ਹੇ ਹੋ ਕੇ ਆਪਣੀ ਬ੍ਰੈਸਟ ਦਾ ਆਕਾਰ ਚੈੱਕ ਕਰੋ ਕਿ ਦੋਵੇਂ ਇਕ ਸਮਾਨ ਹਨ ਜਾਂ ਫਿਰ ਨਹੀਂ।

ਦੂਜਾ ਆਪਣੀ ਬ੍ਰੈਸਟ ਨੂੰ ਆਪਣੇ ਹੱਥ ਨਾਲ ਛੂਹ ਕੇ ਵੇਖੋ ਕਿ ਕਿਤੇ ਕੋਈ ਗਿਲਟੀ ਜਾਂ ਮਾਸ ਦੀ ਢੇਲੀ ਤਾਂ ਨਹੀਂ ਹੈ। ਜੇਕਰ ਅਜਿਹਾ ਕੁਝ ਮਹਿਸੂਸ ਹੁੰਦਾ ਹੈ ਤਾਂ ਤੁਰੰਤ ਚੈੱਕਅਪ ਕਰਵਾਓ।

ਜਿੰਨਾਂ ਔਰਤਾਂ ਦੇ ਪੀਰੀਅਡਜ਼ ਬੰਦ ਹੋ ਚੁੱਕੇ ਹਨ, ਉਹ ਮਹੀਨੇ ਦੇ ਕਿਸੇ ਵੀ ਇੱਕ ਦਿਨ ਜਾਂ ਤਰੀਕ ਨੂੰ ਤੈਅ ਕਰ ਲੈਣ ਅਤੇ ਉਸ ਦਿਨ ਆਪਣਾ ਸੈਲਫ ਬ੍ਰੈਸਟ ਚੈੱਕਅਪ ਕਰਨ।

ਕਲੀਨਿਕਲ ਬ੍ਰੈਸਟ ਇਗਜ਼ੇਮੀਨੇਸ਼ਨ

ਜੇਕਰ ਤੁਸੀਂ ਅਜਿਹਾ ਕਰਨ 'ਚ ਅਸੁਖਾਵਾਂ ਮਹਿਸੂਸ ਕਰਦੇ ਹੋ ਤਾਂ ਸਾਲ 'ਚ ਇੱਕ ਵਾਰ ਕਿਸੇ ਨਰਸ ਜਾਂ ਡਾਕਟਰ ਤੋਂ ਬ੍ਰੈਸਟ ਚੈੱਕਅਪ ਕਰਵਾਓ।

ਇਸ ਨੂੰ ਕਲੀਨਿਕਲ ਬ੍ਰੈਸਟ ਇਗਜ਼ੇਮੀਨੇਸ਼ਨ ਕਿਹਾ ਜਾਂਦਾ ਹੈ।ਇਸ ਦਾ ਮਤਲਬ ਇਹ ਹੈ ਕਿ ਕੋਈ ਹੋਰ ਤੁਹਾਡੀ ਬ੍ਰੈਸਟ ਦਾ ਮੁਆਇਨਾ ਕਰ ਰਿਹਾ ਹੈ।

ਬੀਬੀਸੀ

ਇਹ ਵੀ ਪੜ੍ਹੋ-

ਬੀਬੀਸੀ

ਮੈਮੋਗ੍ਰਾਫੀ

ਇਸ ਤੋਂ ਇਲਾਵਾ ਤੀਜਾ ਅਤੇ ਸਭ ਤੋਂ ਸੁਰੱਖਿਅਤ ਤਰੀਕਾ ਮੈਮੋਗ੍ਰਾਫੀ (Mammography) ਹੈ। ਇਹ ਬਹੁਤ ਹੀ ਸੁਰੱਖਿਆ ਅਤੇ ਇਸ ਨੂੰ ਕਰਨ 'ਚ ਕੋਈ ਮੁਸ਼ਕਲ ਨਹੀਂ ਆਉਂਦੀ ਹੈ।

ਇਹ ਟੈਸਟ ਹਰ ਥਾਂ ਆਸਾਨੀ ਨਾਲ ਮਿਲ ਜਾਂਦਾ ਹੈ। ਇਸ ਟੈਸਟ ਨੂੰ ਕਰਨ 'ਚ 5-10 ਮਿੰਟ ਦਾ ਸਮਾਂ ਲੱਗਦਾ ਹੈ ਅਤੇ ਇਸ 'ਚ ਰੇਡੀਏਸ਼ਨ ਵੀ ਵਧੇਰੇ ਨਹੀਂ ਹੁੰਦਾ ਹੈ। ਇਸ ਟੈਸਟ ਦੌਰਾਨ ਬ੍ਰੈਸਟ ਦਾ ਐਕਸਰੇ ਲਿਆ ਜਾਂਦਾ ਹੈ ਅਤੇ ਵੇਖਿਆ ਜਾਂਦਾ ਹੈ ਕਿ ਬ੍ਰੈਸਟ 'ਚ ਕੋਈ ਗਿਲਟੀ ਜਾਂ ਕੋਈ ਹੋਰ ਸਮੱਸਿਆ ਤਾਂ ਨਹੀਂ ਹੈ।

ਮੈਮੋਗ੍ਰਾਫੀ ਕਦੋਂ ਕਰਵਾਈ ਜਾਵੇ?

ਜੇਕਰ ਤੁਹਾਨੂੰ ਕੋਈ ਵੀ ਜੋਖਮ ਨਹੀਂ ਹੈ ਤਾਂ 45 ਸਾਲ ਦੀ ਉਮਰ ਤੋਂ ਬਾਅਦ 75 ਸਾਲ ਦੀ ਉਮਰ ਤੱਕ ਹਰ ਸਾਲ ਮੈਮੋਗ੍ਰਾਫੀ ਕਰਵਾਉਣੀ ਚਾਹੀਦੀ ਹੈ।

ਜੇਕਰ ਬ੍ਰੇਸਟ 'ਚ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਜਲਦੀ ਹੀ ਪਤਾ ਲੱਗ ਸਕਦਾ ਹੈ।

ਜਦੋਂ ਤੁਹਾਨੂੰ ਆਪ ਨੂੰ ਕੋਈ ਵੀ ਕੈਂਸਰ ਦਾ ਲੱਛਣ ਵਿਖਾਈ ਜਾਂ ਮਹਿਸੂਸ ਨਹੀਂ ਹੁੰਦਾ ਹੈ ਤਾਂ ਉਸ ਸਮੇਂ ਮੈਮੋਗ੍ਰਾਫੀ ਦੀ ਮਦਦ ਲੈਣੀ ਚਾਹੀਦੀ ਹੈ।

ਛਾਤੀ ਦਾ ਕੈਂਸਰ

ਤਸਵੀਰ ਸਰੋਤ, andresr/Getty Images

ਤਸਵੀਰ ਕੈਪਸ਼ਨ, 45 ਸਾਲ ਦੀ ਉਮਰ ਤੋਂ ਬਾਅਦ 75 ਸਾਲ ਦੀ ਉਮਰ ਤੱਕ ਹਰ ਸਾਲ ਮੈਮੋਗ੍ਰਾਫੀ ਕਰਵਾਉਣੀ ਚਾਹੀਦੀ ਹੈ (ਸੰਕੇਤਕ ਤਸਵੀਰ)

ਇਹ ਵੀ ਇੱਕ ਸਕ੍ਰੀਨਿੰਗ ਦਾ ਹੀ ਤਰੀਕਾ ਹੈ ਤਾਂ ਜੋ ਸਮਾਂ ਰਹਿੰਦਿਆਂ ਬਿਮਾਰੀ ਦਾ ਪਤਾ ਲੱਗ ਸਕੇ।

ਇੰਨ੍ਹਾਂ ਤਰੀਕਿਆਂ ਨਾਲ ਅਸੀਂ ਆਪਣੇ ਆਪ ਨੂੰ ਕੈਂਸਰ ਤੋਂ ਬਚਾ ਸਕਦੇ ਹਾਂ ਜਾਂ ਫਿਰ ਜੇਕਰ ਕੈਂਸਰ ਹੋ ਗਿਆ ਹੈ ਤਾਂ ਉਸ ਦਾ ਤੁਰੰਤ ਇਲਾਜ ਕਰਵਾ ਸਕਦੇ ਹਾਂ।

ਛਾਤੀ ਦੇ ਕੈਂਸਰ ਦਾ ਇਲਾਜ ਕੀ ਹੈ?

ਲੋਕਾਂ 'ਚ ਇਹ ਬਹੁਤ ਹੀ ਗਲਤ ਧਾਰਨਾ ਹੈ ਕਿ ਜੇਕਰ ਛਾਤੀ ਦਾ ਕੈਂਸਰ ਹੋ ਜਾਂਦਾ ਹੈ ਤਾਂ ਉਸ ਦੇ ਇਲਾਜ 'ਚ ਛਾਤੀ ਨੂੰ ਪੂਰੀ ਤਰ੍ਹਾਂ ਨਾਲ ਹਟਾ ਦਿੱਤਾ ਜਾਂਦਾ ਹੈ।

ਪਰ ਅਜਿਹਾ ਕੁਝ ਨਹੀਂ ਹੈ। ਜਿੰਨ੍ਹੀ ਜਲਦੀ ਕੈਂਸਰ ਦਾ ਪਤਾ ਲੱਗੇਗਾ, ਭਾਵ ਸਟੇਜ 1 ਜਾਂ 2 'ਚ, ਉਨ੍ਹੀ ਜਲਦੀ ਹੀ ਵਧੀਆ ਢੰਗ ਨਾਲ ਸਰਜਰੀ ਕੀਤੀ ਜਾ ਸਕਦੀ ਹੈ।

ਇਸ ਨੂੰ ਬ੍ਰੈਸਟ ਕੰਨਜ਼ਰਵੇਸ਼ਨ ਸਰਜਰੀ ਕਿਹਾ ਜਾਂਦਾ ਹੈ। ਇਸ ਸਰਜਰੀ ਦੌਰਾਨ ਸਾਰੀ ਬ੍ਰੈਸਟ ਹਟਾਈ ਨਹੀਂ ਜਾਂਦੀ ਹੈ, ਬਲਕਿ ਕੈਂਸਰ ਨਾਲ ਪੀੜ੍ਹਤ ਹਿੱਸੇ ਨੂੰ ਹੀ ਹਟਾਇਆ ਜਾਂਦਾ ਹੈ।

ਅਜਿਹਾ ਉਸ ਸਮੇਂ ਹੀ ਸੰਭਵ ਹੋ ਸਕਦਾ ਹੈ ਜਦੋਂ ਕੈਂਸਰ ਦੇ ਸ਼ੁਰੂ 'ਚ ਇਸ ਬਾਰੇ ਪਤਾ ਲੱਗ ਸਕੇ।

ਬੀਬੀਸੀ
ਵੀਡੀਓ ਕੈਪਸ਼ਨ, ਬ੍ਰੈਸਟ ਕੈਂਸਰ ਤੋਂ ਕਿਵੇਂ ਬਚੀਏ

ਜੇਕਰ ਕੈਂਸਰ ਦੇ ਹੋਣ ਤੋਂ ਬਾਅਦ ਅਗਾਊਂ ਸਟੇਜ 'ਤੇ ਜਾ ਕੇ ਪਤਾ ਲੱਗਦਾ ਹੈ ਤਾਂ ਵੀ ਇਲਾਜ ਦੇ ਕਈ ਵਿਕਲਪ ਮੌਜੂਦ ਹਨ, ਜਿਸ 'ਚ ਸਾਰੀ ਬ੍ਰੈਸਟ ਹਟਾ ਦਿੱਤੀ ਜਾਂਦੀ ਹੈ ਜਾਂ ਕਿਮੋਥੈਰੇਪੀ ਕੀਤੀ ਜਾਂਦੀ ਹੈ।

ਕਈ ਵਾਰ ਰੇਡੀਓ ਥੈਰੇਪੀ ਵੀ ਦਿੱਤੀ ਜਾਂਦੀ ਹੈ। ਅੱਜਕਲ ਤਾਂ ਬ੍ਰੈਸਟ ਕੈਂਸਰ ਦੇ ਇਲਾਜ ਲਈ ਦਵਾਈਆਂ ਵੀ ਉਪਲੱਬਧ ਹਨ।

ਬ੍ਰੈਸਟ ਕੈਂਸਰ ਦੇ ਇਲਾਜ ਦੀ ਸਫ਼ਲਤਾ ਦਰ ਕੀ ਹੈ?

ਜੇਕਰ ਪਹਿਲੀ ਸਟੇਜ 'ਚ ਹੀ ਬ੍ਰੈਸਟ ਕੈਂਸਰ ਦਾ ਪਤਾ ਲੱਗ ਜਾਂਦਾ ਹੈ ਤਾਂ ਇਸ ਦੇ ਠੀਕ ਹੋਣ ਦੀ ਦਰ ਲਗਭਗ 95 ਤੋਂ 96% ਤੱਕ ਹੈ।

ਬ੍ਰੈਸਟ ਕੈਂਸਰ ਤੋਂ ਬਚਣ ਜਾਂ ਭਵਿੱਖ 'ਚ ਇਹ ਨਾ ਹੋਵੇ, ਇਸ ਲਈ ਸਭ ਤੋਂ ਖਾਸ ਇਹ ਹੈ ਕਿ ਇਸ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾਵੇ।

ਭਾਰਤ 'ਚ ਕੈਂਸਰ ਬਹੁਤ ਹੀ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਇਸ 'ਤੇ ਕਾਬੂ ਪਾਉਣ ਲਈ ਇਸ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ।

ਬੀਬੀਸੀ

ਹੈਲਥ ਸੀਰੀਜ਼ ਦੀਆਂ ਬਾਕੀ ਕਹਾਣੀਆਂ ਪੜ੍ਹੋ

ਬੀਬੀਸੀ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)