ਮੁਲਾਇਮ ਸਿੰਘ ਯਾਦਵ: 'ਦੋ ਯਾਦਵਾਂ ਦੇ ਵਿਰੋਧ ਕਾਰਨ ਮੁਲਾਇਮ ਪ੍ਰਧਾਨ ਮੰਤਰੀ ਬਣਨ ਤੋਂ ਖੁੰਝ ਗਏ ਸਨ'

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਪੱਤਰਕਾਰ
ਸਮਾਜਵਾਦੀ ਆਗੂ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਮੁਲਾਇਮ ਸਿੰਘ ਯਾਦਵ ਦਾ ਦੇਹਾਂਤ ਹੋ ਗਿਆ ਹੈ। ਉਹ 82 ਸਾਲ ਦੇ ਸਨ।
ਸਮਾਜਵਾਦੀ ਪਾਰਟੀ ਦੇ ਮੌਜੂਦਾ ਮੁਖੀ ਤੇ ਮੁਲਾਇਮ ਦੇ ਬੇਟੇ ਅਖਿਲੇਸ਼ ਯਾਦਵ ਮੁਤਾਬਕ ਉਨ੍ਹਾਂ ਨੇ ਸੋਮਵਾਰ ਨੂੰ ਗੁੜਗਾਂਓ ਦੇ ਮੇਦਾਤਾ ਹਸਪਤਾਲ ਵਿਚ 8.16 ਵਜੇ ਆਖ਼ਰੀ ਸਾਹ ਲਏ।
ਕਿਹਾ ਜਾਂਦਾ ਹੈ ਕਿ ਮੁਲਾਇਮ ਸਿੰਘ ਯਾਦਵ ਦੀ ਜਵਾਨੀ ਦੇ ਦਿਨਾਂ ਵਿੱਚ ਜੇਕਰ ਉਨ੍ਹਾਂ ਦਾ ਹੱਥ ਆਪਣੇ ਵਿਰੋਧੀ ਦੀ ਕਮਰ ਤੱਕ ਪਹੁੰਚ ਜਾਂਦਾ ਸੀ, ਤਾਂ ਚਾਹੇ ਉਹ ਕਿੰਨਾ ਹੀ ਲੰਬਾ ਜਾਂ ਤਕੜਾ ਹੋਵੇ, ਉਸ ਦੀ ਮਜਾਲ ਨਹੀਂ ਸੀ ਕਿ ਉਹ ਆਪਣੇ-ਆਪ ਨੂੰ ਉਨ੍ਹਾਂ ਦੇ ਜੱਫ਼ੇ ਤੋਂ ਛੁੜਾ ਲਵੇ।
ਅੱਜ ਵੀ ਉਨ੍ਹਾਂ ਦੇ ਪਿੰਡ ਦੇ ਲੋਕ ਉਨ੍ਹਾਂ ਦੇ 'ਚਰਖ ਦਾਅ' ਨੂੰ ਨਹੀਂ ਭੁੱਲੇ ਹਨ, ਜਦੋਂ ਉਹ ਬਿਨਾਂ ਆਪਣੇ ਹੱਥਾਂ ਦੀ ਵਰਤੋਂ ਕਰਕੇ ਪਹਿਲਵਾਨ ਨੂੰ ਚਾਰੋ ਖਾਨੇ ਚਿੱਤ ਕਰ ਦਿੰਦੇ ਸਨ।
ਮੁਲਾਇਮ ਸਿੰਘ ਯਾਦਵ ਦੇ ਚਚੇਰੇ ਭਾਈ ਪ੍ਰੋਫੈਸਰ ਰਾਮ ਗੋਪਾਲ ਨੇ ਇੱਕ ਵਾਰ ਬੀਬੀਸੀ ਨੂੰ ਦੱਸਿਆ ਸੀ, ''ਅਖਾੜੇ ਵਿੱਚ ਜਦੋਂ ਮੁਲਾਇਮ ਦੀ ਕੁਸ਼ਤੀ ਆਪਣੇ ਅੰਤਿਮ ਪੜਾਅ ਵਿੱਚ ਹੁੰਦੀ ਸੀ ਤਾਂ ਅਸੀਂ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਸੀ।''
''ਸਾਡੀਆਂ ਅੱਖਾਂ ਉਦੋਂ ਹੀ ਖੁੱਲ੍ਹਦੀਆਂ ਸਨ, ਜਦੋਂ ਭੀੜ ਵਿੱਚੋਂ ਆਵਾਜ਼ ਆਉਂਦੀ ਸੀ, ''ਹੋ ਗਈ, ਹੋ ਗਈ' ਅਤੇ ਸਾਨੂੰ ਲੱਗ ਜਾਂਦਾ ਸੀ ਕਿ ਸਾਡੇ ਭਾਈ ਨੇ ਸਾਹਮਣੇ ਵਾਲੇ ਪਹਿਲਵਾਨ ਨੂੰ ਪਟਕ ਦਿੱਤਾ ਹੈ।''
ਪੇਸ਼ੇ ਵਜੋ ਉਨ੍ਹਾਂ ਅਧਿਆਪਨ ਕਿੱਤਾ ਅਪਣਾਇਆ, ਇਸ ਬਣਨ ਦੇ ਬਾਅਦ ਮੁਲਾਇਮ ਨੇ ਪਹਿਲਵਾਨੀ ਕਰਨੀ ਪੂਰੀ ਤਰ੍ਹਾਂ ਨਾਲ ਛੱਡ ਦਿੱਤੀ ਸੀ।
ਪਰ ਆਪਣੇ ਜੀਵਨ ਦੇ ਆਖਰੀ ਸਮੇਂ ਤੱਕ ਉਹ ਆਪਣੇ ਪਿੰਡ ਸੈਫ਼ਈ ਵਿੱਚ ਦੰਗਲ ਕਰਾਉਂਦੇ ਰਹੇ।
ਉੱਤਰ ਪ੍ਰਦੇਸ਼ 'ਤੇ ਨਜ਼ਰ ਰੱਖਣ ਵਾਲੇ ਕਈ ਰਾਜਨੀਤਕ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਕੁਸ਼ਤੀ ਦੇ ਇਸ ਗੁਰ ਦੀ ਵਜ੍ਹਾ ਨਾਲ ਹੀ ਮੁਲਾਇਮ ਰਾਜਨੀਤੀ ਦੇ ਅਖਾੜੇ ਵਿੱਚ ਵੀ ਓਨੇ ਹੀ ਸਫ਼ਲ ਰਹੇ। ਜਦੋਂਕਿ ਉਨ੍ਹਾਂ ਦਾ ਕੋਈ ਰਾਜਨੀਤਕ ਪਿਛੋਕੜ ਨਹੀਂ ਸੀ।
ਮੁਲਾਇਮ ਦੀ ਸਿਆਸੀ ਸ਼ੁਰੂਆਤ
ਮੁਲਾਇਮ ਸਿੰਘ ਦੀ ਪ੍ਰਤਿਭਾ ਨੂੰ ਸਭ ਤੋਂ ਪਹਿਲਾਂ ਪਛਾਣਿਆ ਸੀ ਪ੍ਰਜਾ ਸੋਸ਼ਲਿਸਟ ਪਾਰਟੀ ਦੇ ਇੱਕ ਨੇਤਾ ਨਾਥੂ ਸਿੰਘ ਨੇ।
ਉਹਨਾਂ ਨੇ 1967 ਦੀ ਚੋਣ ਵਿੱਚ ਜਸਵੰਤਨਗਰ ਵਿਧਾਨ ਸਭਾ ਸੀਟ ਤੋਂ ਉਨ੍ਹਾਂ ਨੂੰ ਟਿਕਟ ਦਿਵਾਈ ਸੀ।
ਉਸ ਸਮੇਂ ਮੁਲਾਇਮ ਦੀ ਉਮਰ ਸਿਰਫ਼ 28 ਸਾਲ ਸੀ ਅਤੇ ਉਹ ਪ੍ਰਦੇਸ਼ ਦੇ ਇਤਿਹਾਸ ਵਿੱਚ ਸਭ ਤੋਂ ਘੱਟ ਉਮਰ ਦੇ ਵਿਧਾਇਕ ਬਣੇ ਸਨ। ਉਨ੍ਹਾਂ ਨੇ ਵਿਧਾਇਕ ਬਣਨ ਦੇ ਬਾਅਦ ਆਪਣੀ ਐੱਮਏ ਦੀ ਪੜ੍ਹਾਈ ਪੂਰੀ ਕੀਤੀ ਸੀ।
ਜਦੋਂ 1977 ਵਿੱਚ ਉੱਤਰ ਪ੍ਰਦੇਸ਼ ਵਿੱਚ ਰਾਮਨਰੇਸ਼ ਯਾਦਵ ਦੀ ਅਗਵਾਈ ਵਿੱਚ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਮੁਲਾਇਮ ਸਿੰਘ ਨੂੰ ਸਹਿਕਾਰਤਾ ਮੰਤਰੀ ਬਣਾਇਆ ਗਿਆ।
ਉਸ ਸਮੇਂ ਉਨ੍ਹਾਂ ਦੀ ਉਮਰ ਸੀ ਸਿਰਫ਼ 38 ਸਾਲ।

ਤਸਵੀਰ ਸਰੋਤ, Getty Images
ਮੁੱਖ ਮੰਤਰੀ ਦੀ ਦੌੜ ਵਿੱਚ ਅਜੀਤ ਸਿੰਘ ਨੂੰ ਹਰਾਇਆ
ਚੌਧਰੀ ਚਰਨ ਸਿੰਘ ਮੁਲਾਇਮ ਸਿੰਘ ਨੂੰ ਆਪਣਾ ਰਾਜਨਤੀਕ ਵਾਰਿਸ ਅਤੇ ਆਪਣੇ ਬੇਟੇ ਅਜੀਤ ਸਿੰਘ ਨੂੰ ਆਪਣਾ ਕਾਨੂੰਨੀ ਵਾਰਿਸ ਕਿਹਾ ਕਰਦੇ ਸਨ।
ਪਰ ਜਦੋਂ ਆਪਣੇ ਪਿਤਾ ਦੇ ਗੰਭੀਰ ਰੂਪ ਵਿੱਚ ਬਿਮਾਰ ਹੋਣ ਦੇ ਬਾਅਦ ਅਜੀਤ ਸਿੰਘ ਅਮਰੀਕਾ ਤੋਂ ਵਾਪਸ ਭਾਰਤ ਆਏ ਤਾਂ ਉਨ੍ਹਾਂ ਦੇ ਸਮਰਥਕਾਂ ਨੇ ਉਨ੍ਹਾਂ 'ਤੇ ਜ਼ੋਰ ਪਾਇਆ ਕਿ ਉਹ ਪਾਰਟੀ ਦੇ ਪ੍ਰਧਾਨ ਬਣ ਜਾਣ।
ਇਸ ਦੇ ਬਾਅਦ ਮੁਲਾਇਮ ਸਿੰਘ ਅਤੇ ਅਜੀਤ ਸਿੰਘ ਵਿੱਚ ਵਿਰੋਧਤਾ ਵਧੀ, ਪਰ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਨ ਦਾ ਮੌਕਾ ਮੁਲਾਇਮ ਸਿੰਘ ਨੂੰ ਮਿਲਿਆ।
5 ਦਸੰਬਰ, 1989 ਨੂੰ ਉਨ੍ਹਾਂ ਨੂੰ ਲਖਨਊ ਦੇ ਕੇਡੀ ਸਿੰਘ ਬਾਬੂ ਸਟੇਡੀਅਮ ਵਿੱਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਗਈ ਅਤੇ ਮੁਲਾਇਮ ਨੇ ਭਰੇ ਗਲ਼ੇ ਨਾਲ ਕਿਹਾ ਸੀ, ''ਲੋਹੀਆ ਦੇ ਗਰੀਬ ਦੇ ਬੇਟੇ ਨੂੰ ਮੁੱਖ ਮੰਤਰੀ ਬਣਾਉਣ ਦਾ ਪੁਰਾਣਾ ਸੁਪਨਾ ਸਾਕਾਰ ਹੋ ਗਿਆ ਹੈ।''

ਤਸਵੀਰ ਸਰੋਤ, Getty Images
'ਪਰਿੰਦਾ ਵੀ ਪਰ ਨਹੀਂ ਮਾਰ ਸਕੇਗਾ'
ਮੁੱਖ ਮੰਤਰੀ ਬਣਦੇ ਹੀ ਮੁਲਾਇਮ ਸਿੰਘ ਨੇ ਉੱਤਰ ਪ੍ਰਦੇਸ਼ ਵਿੱਚ ਤੇਜ਼ੀ ਨਾਲ ਉੱਭਰ ਰਹੀ ਭਾਰਤੀ ਜਨਤਾ ਪਾਰਟੀ ਦਾ ਮਜ਼ਬੂਤੀ ਨਾਲ ਸਾਹਮਣਾ ਕਰਨ ਦਾ ਫੈਸਲਾ ਕੀਤਾ।
ਉਸ ਜ਼ਮਾਨੇ ਵਿੱਚ ਉਨ੍ਹਾਂ ਦੇ ਕਹੇ ਗਏ ਇੱਕ ਵਾਕ ''ਬਾਬਰੀ ਮਸਜਿਦ 'ਤੇ ਇੱਕ ਪਰਿੰਦਾ ਵੀ ਪਰ ਨਹੀਂ ਮਾਰ ਸਕੇਗਾ'' ਨੇ ਉਨ੍ਹਾਂ ਨੂੰ ਮੁਸਲਮਾਨਾਂ ਦੇ ਬਹੁਤ ਕਰੀਬ ਲਿਆ ਦਿੱਤਾ।
ਇਹੀ ਨਹੀਂ, ਜਦੋਂ 2 ਨਵੰਬਰ, 1990 ਨੂੰ ਕਾਰ ਸੇਵਕਾਂ ਨੇ ਬਾਬਰੀ ਮਸਜਿਦ ਵੱਲ ਵਧਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ 'ਤੇ ਪਹਿਲਾਂ ਲਾਠੀਚਾਰਜ ਫਿਰ ਗੋਲੀਆਂ ਚੱਲੀਆਂ, ਜਿਸ ਵਿੱਚ ਇੱਕ ਦਰਜਨ ਤੋਂ ਜ਼ਿਆਦਾ ਕਾਰ ਸੇਵਕ ਮਾਰੇ ਗਏ।
ਇਸ ਘਟਨਾ ਦੇ ਬਾਅਦ ਤੋਂ ਹੀ ਭਾਜਪਾ ਦੇ ਸਮਰਥਕ ਮੁਲਾਇਮ ਸਿੰਘ ਯਾਦਵ ਨੂੰ 'ਮੌਲਾਨਾ ਮੁਲਾਇਮ' ਕਹਿ ਕੇ ਬੁਲਾਉਣ ਲੱਗੇ।
ਚਾਰ ਅਕਤੂਬਰ, 1992 ਨੂੰ ਉਨ੍ਹਾਂ ਨੇ ਸਮਾਜਵਾਦੀ ਪਾਰਟੀ ਦੀ ਸਥਾਪਨਾ ਕੀਤੀ। ਉਨ੍ਹਾਂ ਨੂੰ ਲੱਗਿਆ ਕਿ ਉਹ ਇਕੱਲੇ ਭਾਰਤੀ ਜਨਤਾ ਪਾਰਟੀ ਦੇ ਵਧਦੇ ਹੋਏ ਗ੍ਰਾਫ਼ ਨੂੰ ਨਹੀਂ ਰੋਕ ਸਕਣਗੇ।
ਇਸ ਲਈ ਉਨ੍ਹਾਂ ਨੇ ਕਾਂਸ਼ੀਰਾਮ ਦੀ ਬਹੁਜਨ ਸਮਾਜ ਪਾਰਟੀ ਨਾਲ ਚੋਣ ਗੱਠਜੋੜ ਕੀਤਾ।
ਕਾਂਸ਼ੀਰਾਮ ਨਾਲ ਉਨ੍ਹਾਂ ਦੀ ਮੁਲਾਕਾਤ ਦਿੱਲੀ ਦੇ ਅਸ਼ੋਕ ਹੋਟਲ ਵਿੱਚ ਉਦਯੋਗਪਤੀ ਜਯੰਤ ਮਲਹੋਤਰਾ ਨੇ ਕਰਵਾਈ ਸੀ।
1993 ਵਿੱਚ ਹੋਈ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣ ਵਿੱਚ ਉਨ੍ਹਾਂ ਦੀ ਪਾਰਟੀ ਨੂੰ 260 ਵਿੱਚੋਂ 109 ਅਤੇ ਬਹੁਜਨ ਸਮਾਜ ਪਾਰਟੀ ਨੂੰ 163 ਵਿੱਚੋਂ 67 ਸੀਟਾਂ ਮਿਲੀਆਂ ਸਨ।
ਭਾਰਤੀ ਜਨਤਾ ਪਾਰਟੀ ਨੂੰ 177 ਸੀਟਾਂ ਨਾਲ ਸਬਰ ਕਰਨਾ ਪਿਆ ਸੀ। ਮੁਲਾਇਮ ਸਿੰਘ ਨੇ ਕਾਂਗਰਸ ਅਤੇ ਬੀਐੱਸਪੀ ਦੇ ਸਮਰਥਨ ਨਾਲ ਰਾਜ ਵਿੱਚ ਦੂਜੀ ਵਾਰ ਮੁੱਖ ਮੰਤਰੀ ਪਦ ਦੀ ਸਹੁੰ ਚੁੱਕੀ ਸੀ।
ਮੁਲਾਇਮ ਸਿੰਘ ਯਾਦਵ ਦਾ ਰਾਜਨੀਤਕ ਸਫ਼ਰ
- 1967 ਵਿੱਚ ਪਹਿਲੀ ਬਾਰ ਉੱਤਰ ਪ੍ਰਦੇਸ਼ ਦੇ ਜਸਵੰਤਨਗਰ ਤੋਂ ਵਿਧਾਇਕ ਬਣੇ।
- 1996 ਤੱਕ ਮੁਲਾਇਮ ਸਿੰਘ ਯਾਦਵ ਜਸਵੰਤਨਗਰ ਤੋਂ ਵਿਧਾਇਕ ਰਹੇ।
- ਪਹਿਲੀ ਬਾਰ ਉਹ 1989 ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ।
- 1993 ਵਿੱਚ ਉਹ ਦੂਜੀ ਬਾਰ ਰਾਜ ਦੇ ਮੁੱਖ ਮੰਤਰੀ ਬਣੇ।
- 1996 ਵਿੱਚ ਪਹਿਲੀ ਬਾਰ ਮੁਲਾਇਮ ਸਿੰਘ ਯਾਦਵ ਨੇ ਮੈਨਪੁਰੀ ਤੋਂ ਲੋਕ ਸਭਾ ਚੋਣ ਲੜੀ।
- 1996 ਤੋਂ 1998 ਤੱਕ ਉਹ ਯੂਨਾਈਟਿਡ ਫਰੰਟ ਦੀ ਸਰਕਾਰ ਵਿੱਚ ਰੱਖਿਆ ਮੰਤਰੀ ਰਹੇ।
- ਉਸ ਦੇ ਬਾਅਦ ਮੁਲਾਇਮ ਸਿੰਘ ਯਾਦਵ ਨੇ ਸੰਭਲ ਅਤੇ ਕੰਨੌਜ ਤੋਂ ਵੀ ਲੋਕ ਸਭਾ ਦੀ ਚੋਣ ਜਿੱਤੀ।
- 2003 ਵਿੱਚ ਇੱਕ ਬਾਰ ਫਿਰ ਮੁਲਾਇਮ ਸਿੰਘ ਯਾਦਵ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ।
- ਮੁਲਾਇਮ ਸਿੰਘ ਯਾਦਵ 2007 ਤੱਕ ਯੂਪੀ ਦੇ ਸੀਐੱਮ ਬਣੇ ਰਹੇ।
- ਇਸ ਵਿਚਕਾਰ 2004 ਵਿੱਚ ਉਨ੍ਹਾਂ ਨੇ ਲੋਕ ਸਭਾ ਚੋਣ ਵੀ ਜਿੱਤੀ, ਪਰ ਬਾਅਦ ਵਿੱਚ ਅਸਤੀਫ਼ਾ ਦੇ ਦਿੱਤਾ।
- 2009 ਵਿੱਚ ਉਨ੍ਹਾਂ ਨੇ ਮੈਨਪੁਰੀ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤੇ ਵੀ।
- 2014 ਵਿੱਚ ਮੁਲਾਇਮ ਸਿੰਘ ਯਾਦਵ ਨੇ ਆਜ਼ਮਗੜ੍ਹ ਅਤੇ ਮੈਨਪੁਰੀ ਦੋਵਾਂ ਥਾਵਾਂ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤੇ ਵੀ।
- ਬਾਅਦ ਵਿੱਚ ਉਨ੍ਹਾਂ ਨੇ ਮੈਨਪੁਰੀ ਸੀਟ ਛੱਡ ਦਿੱਤੀ।
- 2019 ਵਿੱਚ ਉਨ੍ਹਾਂ ਨੇ ਇੱਕ ਬਾਰ ਫਿਰ ਮੈਨਪੁਰੀ ਤੋਂ ਲੋਕ ਸਭਾ ਚੋਣ ਲੜੀ ਅਤੇ ਜਿੱਤੀ।
ਜਦੋਂ ਕਾਂਸ਼ੀਰਾਮ ਨੇ ਮੁਲਾਇਮ ਨੂੰ ਚਾਰ ਘੰਟੇ ਤੱਕ ਇੰਤਜ਼ਾਰ ਕਰਵਾਇਆ

ਤਸਵੀਰ ਸਰੋਤ, BADRINARAYAN
ਪਰ ਇਹ ਗੱਠਜੋੜ ਬਹੁਤ ਦਿਨਾਂ ਤੱਕ ਨਹੀਂ ਚੱਲਿਆ ਕਿਉਂਕਿ ਬਹੁਜਨ ਸਮਾਜ ਪਾਰਟੀ ਨੇ ਆਪਣੇ ਗੱਠਜੋੜ ਸਹਿਯੋਗੀ ਦੇ ਸਾਹਮਣੇ ਬਹੁਤ ਸਾਰੀਆਂ ਮੰਗਾਂ ਰੱਖ ਦਿੱਤੀਆਂ।
ਮਾਇਆਵਤੀ ਆਪ ਮੁਲਾਇਮ ਦੇ ਕੰਮ 'ਤੇ ਬਾਰੀਕ ਨਜ਼ਰ ਰੱਖਦੀ ਅਤੇ ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ, ਉਨ੍ਹਾਂ ਨੂੰ ਜਨਤਕ ਰੂਪ ਨਾਲ ਸ਼ਰਮਿੰਦਾ ਕਰਨ ਤੋਂ ਪਿੱਛੇ ਨਹੀਂ ਹਟਦੀ।
ਕੁਝ ਦਿਨਾਂ ਬਾਅਦ ਕਾਂਸ਼ੀਰਾਮ ਨੇ ਵੀ ਮੁਲਾਇਮ ਸਿੰਘ ਯਾਦਵ ਦੀ ਅਣਦੇਖੀ ਕਰਨੀ ਸ਼ੁਰੂ ਕਰ ਦਿੱਤੀ।
ਉੱਤਰ ਪ੍ਰਦੇਸ਼ ਦੇ ਮੁੱਖ ਸਕੱਤਰ ਰਹੇ ਟੀਐੱਸ ਆਰ ਸੁਬਰਮਣੀਯਮ ਆਪਣੀ ਕਿਤਾਬ 'ਜਰਨੀਜ਼ ਟੂ ਬਾਬੂਡਮ ਐਂਡ ਨੇਤਾਲੈਂਡ' ਵਿੱਚ ਲਿਖਦੇ ਹਨ, ''ਇੱਕ ਬਾਰ ਕਾਂਸ਼ੀਰਾਮ ਲਖਨਊ ਆਏ ਅਤੇ ਸਰਕਟ ਹਾਊਸ ਵਿੱਚ ਠਹਿਰੇ। ਉਨ੍ਹਾਂ ਤੋਂ ਪਹਿਲਾਂ ਤੋਂ ਸਮਾਂ ਲੈ ਕੇ ਮੁਲਾਇਮ ਸਿੰਘ ਉਨ੍ਹਾਂ ਨੂੰ ਮਿਲਣ ਪਹੁੰਚੇ।
ਉਸ ਸਮੇਂ ਕਾਂਸ਼ੀਰਾਮ ਆਪਣੇ ਰਾਜਨੀਤਕ ਸਹਿਯੋਗੀਆਂ ਨਾਲ ਸਲਾਹ ਮਸ਼ਵਰਾ ਕਰ ਰਹੇ ਸਨ। ਉਨ੍ਹਾਂ ਦੇ ਸਟਾਫ਼ ਨੇ ਮੁਲਾਇਮ ਨੂੰ ਕਿਹਾ ਕਿ ਉਹ ਨਾਲ ਦੇ ਕਮਰੇ ਵਿੱਚ ਬੈਠ ਕੇ ਕਾਂਸ਼ੀਰਾਮ ਦੇ ਕੰਮ ਤੋਂ ਵਿਹਲੇ ਹੋਣ ਦਾ ਇੰਤਜ਼ਾਰ ਕਰਨ।''
''ਕਾਂਸ਼ੀਰਾਮ ਦੀ ਬੈਠਕ ਦੋ ਘੰਟੇ ਤੱਕ ਚੱਲੀ। ਜਦੋਂ ਕਾਂਸ਼ੀਰਾਮ ਦੇ ਸਹਿਯੋਗੀ ਬਾਹਰ ਨਿਕਲੇ ਤਾਂ ਮੁਲਾਇਮ ਨੇ ਸਮਝਿਆ ਕਿ ਹੁਣ ਉਨ੍ਹਾਂ ਨੂੰ ਅੰਦਰ ਬੁਲਾਇਆ ਜਾਵੇਗਾ।'
''ਪਰ ਅਜਿਹਾ ਕੁਝ ਨਹੀਂ ਹੋਇਆ। ਇੱਕ ਘੰਟੇ ਬਾਅਦ ਜਦੋਂ ਮੁਲਾਇਮ ਨੇ ਪੁੱਛਿਆ ਕਿ ਅੰਦਰ ਕੀ ਹੋ ਰਿਹਾ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਕਾਂਸ਼ੀਰਾਮ ਦਾੜ੍ਹੀ ਬਣਾ ਰਹੇ ਹਨ ਅਤੇ ਇਸ ਦੇ ਬਾਅਦ ਉਹ ਇਸ਼ਨਾਨ ਕਰਨਗੇ।''
''ਮੁਲਾਇਮ ਬਾਹਰ ਇੰਤਜ਼ਾਰ ਕਰਦੇ ਰਹੇ। ਇਸ ਵਿਚਕਾਰ ਕਾਂਸ਼ੀਰਾਮ ਥੋੜ੍ਹਾ ਸੌਂ ਵੀ ਲਏ। ਚਾਰ ਘੰਟੇ ਬਾਅਦ ਉਹ ਮੁਲਾਇਮ ਸਿੰਘ ਨੂੰ ਮਿਲਣ ਬਾਹਰ ਆਏ।''

ਇਹ ਵੀ ਪੜ੍ਹੋ-

''ਉੱਥੇ ਮੌਜੂਦ ਮੇਰੇ ਜਾਣਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਗੱਲ ਦਾ ਤਾਂ ਪਤਾ ਨਹੀਂ ਕਿ ਉਸ ਬੈਠਕ ਵਿੱਚ ਕੀ ਹੋਇਆ, ਪਰ ਇਹ ਸਾਫ਼ ਸੀ ਕਿ ਜਦੋਂ ਮੁਲਾਇਮ ਕਮਰੇ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਦਾ ਚਿਹਰਾ ਲਾਲ ਸੀ।''
''ਕਾਂਸ਼ੀਰਾਮ ਨੇ ਇਹ ਵੀ ਮੁਨਾਸਿਬ ਨਹੀਂ ਸਮਝਿਆ ਕਿ ਉਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਬਾਹਰ ਉਨ੍ਹਾਂ ਦੀ ਕਾਰ ਤੱਕ ਛੱਡਣ ਆਉਂਦੇ।''
ਉਸੇ ਸ਼ਾਮ ਕਾਂਸ਼ੀਰਾਮ ਨੇ ਭਾਜਪਾ ਨੇਤਾ ਲਾਲਜੀ ਟੰਡਨ ਨਾਲ ਸੰਪਰਕ ਕੀਤਾ ਅਤੇ ਕੁਝ ਦਿਨਾਂ ਬਾਅਦ ਬਹੁਜਨ ਸਮਾਜ ਪਾਰਟੀ ਨੇ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ।
ਇਸ ਤੋਂ ਪਹਿਲਾਂ ਦੋ ਜੂਨ ਨੂੰ ਜਦੋਂ ਮਾਇਆਵਤੀ ਲਖਨਊ ਆਈ ਤਾਂ ਮੁਲਾਇਮ ਦੇ ਸਮਰਥਕਾਂ ਨੇ ਰਾਜ ਗੈਸਟ ਹਾਊਸ ਵਿੱਚ ਮਾਇਆਵਤੀ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਅਪਮਾਨਤ ਕਰਨ ਦੀ ਕੋਸ਼ਿਸ਼ ਕੀਤੀ।
ਇਸ ਦੇ ਬਾਅਦ ਇਨ੍ਹਾਂ ਦੋਵਾਂ ਦੇ ਵਿਚਕਾਰ ਜੋ ਖਾਈ ਪੈਦਾ ਹੋਈ, ਉਸ ਨੂੰ ਦੋ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੱਕ ਭਰਿਆ ਨਹੀਂ ਜਾ ਸਕਿਆ।

ਤਸਵੀਰ ਸਰੋਤ, Getty Images
ਮੁਲਾਇਮ ਸਿੰਘ ਅਤੇ ਅਮਰ ਸਿੰਘ ਦੀ ਦੋਸਤੀ
29 ਅਗਸਤ 2003 ਨੂੰ ਮੁਲਾਇਮ ਸਿੰਘ ਯਾਦਵ ਨੇ ਤੀਜੀ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸ ਵਿਚਕਾਰ ਉਨ੍ਹਾਂ ਦੀ ਅਮਰ ਸਿੰਘ ਨਾਲ ਗਹਿਰੀ ਦੋਸਤੀ ਹੋ ਗਈ।
ਮੁਲਾਇਮ ਨੇ ਅਮਰ ਸਿੰਘ ਨੂੰ ਰਾਜ ਸਭਾ ਦਾ ਟਿਕਟ ਦੇ ਦਿੱਤਾ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਪਾਰਟੀ ਦਾ ਰਾਸ਼ਟਰੀ ਜਨਰਲ ਸੈਕਟਰੀ ਬਣਾ ਦਿੱਤਾ।
ਜਿਸ ਦੀ ਵਜ੍ਹਾ ਨਾਲ ਪਾਰਟੀ ਦੇ ਕਈ ਵੱਡੇ ਨੇਤਾਵਾਂ ਨੇ, ਜਿਨ੍ਹਾਂ ਵਿੱਚ ਬੇਨੀ ਪ੍ਰਸਾਦ ਵਰਮਾ ਵੀ ਸ਼ਾਮਲ ਸਨ, ਮੁਲਾਇਮ ਸਿੰਘ ਯਾਦਵ ਤੋਂ ਦੂਰੀ ਬਣਾ ਲਈ।
ਇੱਕ ਵਾਰ ਬੀਬੀਸੀ ਨਾਲ ਗੱਲ ਕਰਦੇ ਹੋਏ ਬੇਨੀ ਪ੍ਰਸਾਦ ਵਰਮਾ ਨੇ ਕਿਹਾ ਸੀ, ''ਮੈਂ ਮੁਲਾਇਮ ਸਿੰਘ ਨੂੰ ਬਹੁਤ ਪਸੰਦ ਕਰਦਾ ਸੀ। ਇੱਕ ਵਾਰ ਰਾਮਨਰੇਸ਼ ਯਾਦਵ ਦੇ ਹਟਾਏ ਜਾਣ ਦੇ ਬਾਅਦ ਮੈਂ ਚਰਨ ਸਿੰਘ ਕੋਲ ਮੁਲਾਇਮ ਸਿੰਘ ਯਾਦਵ ਨੂੰ ਮੁੱਖ ਮੰਤਰੀ ਬਣਾਏ ਜਾਣ ਦੀ ਸਿਫਾਰਸ਼ ਕੀਤੀ ਸੀ।''
''ਪਰ ਚਰਨ ਸਿੰਘ ਮੇਰੀ ਸਲਾਹ 'ਤੇ ਹੱਸਦੇ ਹੋਏ ਬੋਲੇ ਸਨ, ਇੰਨੇ ਛੋਟੇ ਕਦ ਦੇ ਸ਼ਖ਼ਸ ਨੂੰ ਕੌਣ ਆਪਣਾ ਨੇਤਾ ਮੰਨੇਗਾ। ਉਦੋਂ ਮੈਂ ਉਨ੍ਹਾਂ ਨੂੰ ਕਿਹਾ ਸੀ, ਨੈਪੋਲੀਅਨ ਅਤੇ ਲਾਲ ਬਹਾਦਰ ਸ਼ਾਸਤਰੀ ਵੀ ਤਾਂ ਛੋਟੇ ਕਦ ਦੇ ਸਨ, ਜਦੋਂ ਉਹ ਨੇਤਾ ਬਣ ਸਕਦੇ ਹਨ ਤਾਂ ਮੁਲਾਇਮ ਕਿਉਂ ਨਹੀਂ। ਚਰਨ ਸਿੰਘ ਨੇ ਮੇਰਾ ਤਰਕ ਸਵੀਕਾਰ ਨਹੀਂ ਕੀਤਾ ਸੀ।''

ਤਸਵੀਰ ਸਰੋਤ, Getty Images
ਪ੍ਰਧਾਨ ਮੰਤਰੀ ਪਦ ਤੋਂ ਖੁੰਝੇ
ਮੁਲਾਇਮ ਸਿੰਘ ਯਾਦਵ 1996 ਵਿੱਚ ਯੂਨਾਈਟਿਡ ਫਰੰਟ ਦੀ ਸਰਕਾਰ ਵਿੱਚ ਰੱਖਿਆ ਮੰਤਰੀ ਬਣੇ। ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਦੇਵੇਗੌੜਾ ਦੇ ਅਸਤੀਫ਼ਾ ਦੇਣ ਦੇ ਬਾਅਦ ਉਹ ਭਾਰਤ ਦੇ ਪ੍ਰਧਾਨ ਮੰਤਰੀ ਬਣਦੇ-ਬਣਦੇ ਰਹਿ ਗਏ।
ਸ਼ੇਖਰ ਗੁਪਤਾ ਨੇ ਇੰਡੀਅਨ ਐਕਸਪ੍ਰੈੱਸ ਦੇ 22 ਸਤੰਬਰ, 2012 ਦੇ ਅੰਕ ਵਿੱਚ 'ਮੁਲਾਇਮ ਇਜ਼ ਦਿ ਮੋਸਟ ਪੌਲੀਟਿਕਲ' ਲੇਖ ਵਿੱਚ ਲਿਖਿਆ, ''ਅਗਵਾਈ ਲਈ ਹੋਏ ਅੰਦਰੂਨੀ ਮਤਦਾਨ ਵਿੱਚ ਮੁਲਾਇਮ ਸਿੰਘ ਯਾਦਵ ਨੇ ਜੀਕੇ ਮੂਪਨਾਰ ਨੂੰ 120-20 ਦੇ ਅੰਤਰ ਨਾਲ ਹਰਾ ਦਿੱਤਾ ਸੀ।''
''ਪਰ ਉਨ੍ਹਾਂ ਦੇ ਵਿਰੋਧੀ ਦੋ ਯਾਦਵਾਂ ਲਾਲੂ ਅਤੇ ਸ਼ਰਦ ਨੇ ਉਨ੍ਹਾਂ ਦੀ ਰਾਹ ਵਿੱਚ ਰੋੜੇ ਅਟਕਾਏ ਅਤੇ ਇਸ ਵਿੱਚ ਚੰਦਰਬਾਬੂ ਨਾਇਡੂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ, ਜਿਸ ਦੀ ਵਜ੍ਹਾ ਨਾਲ ਮੁਲਾਇਮ ਨੂੰ ਪ੍ਰਧਾਨ ਮੰਤਰੀ ਦਾ ਪਦ ਨਹੀਂ ਮਿਲ ਸਕਿਆ।
''ਜੇਕਰ ਉਨ੍ਹਾਂ ਨੂੰ ਉਹ ਅਹੁਦਾ ਮਿਲਿਆ ਹੁੰਦਾ ਤਾਂ ਉਹ ਗੁਜਰਾਲ ਤੋਂ ਕਿਧਰੇ ਜ਼ਿਆਦਾ ਸਮੇਂ ਤੱਕ ਗੱਠਜੋੜ ਨੂੰ ਬਚਾ ਕੇ ਰੱਖਦੇ।''
ਭਰੋਸੇਯੋਗਤਾ 'ਤੇ ਸਵਾਲ
ਮੁਲਾਇਮ ਸਿੰਘ ਭਾਰਤੀ ਰਾਜਨੀਤੀ ਵਿੱਚ ਕਦੇ ਵੀ ਭਰੋਸੇਯੋਗ ਸਹਿਯੋਗੀ ਨਹੀਂ ਮੰਨੇ ਗਏ।
ਪੂਰੀ ਉਮਰ ਚੰਦਰਸ਼ੇਖਰ ਉਨ੍ਹਾਂ ਦੇ ਨੇਤਾ ਰਹੇ, ਪਰ ਜਦੋਂ 1989 ਵਿੱਚ ਪ੍ਰਧਾਨ ਮੰਤਰੀ ਚੁਣਨ ਦੀ ਗੱਲ ਆਈ ਤਾਂ ਉਨ੍ਹਾਂ ਨੇ ਵਿਸ਼ਵਨਾਥ ਪ੍ਰਤਾਪ ਸਿੰਘ ਦਾ ਸਮਰਥਨ ਕੀਤਾ।
ਥੋੜ੍ਹੇ ਦਿਨਾਂ ਬਾਅਦ ਜਦੋਂ ਉਨ੍ਹਾਂ ਦਾ ਵੀਪੀ ਸਿੰਘ ਤੋਂ ਮੋਹ ਭੰਗ ਹੋ ਗਿਆ ਤਾਂ ਉਨ੍ਹਾਂ ਨੇ ਫਿਰ ਚੰਦਰਸ਼ੇਖਰ ਦਾ ਦਾਮਨ ਫੜ ਲਿਆ।
ਸਾਲ 2002 ਵਿੱਚ ਜਦੋਂ ਐੱਨਡੀਏ ਨੇ ਰਾਸ਼ਟਰਪਤੀ ਪਦ ਲਈ ਏਪੀਜੇ ਅਬਦੁਲ ਕਲਾਮ ਦਾ ਨਾਮ ਅੱਗੇ ਕੀਤਾ, ਤਾਂ ਖੱਬੇਪੱਖੀ ਦਲਾਂ ਨੇ ਉਨ੍ਹਾਂ ਦਾ ਵਿਰੋਧ ਕਰਦੇ ਹੋਏ ਕੈਪਟਨ ਲਕਸ਼ਮੀ ਸਹਿਗਲ ਨੂੰ ਉਨ੍ਹਾਂ ਦੇ ਖਿਲਾਫ਼ ਉਤਾਰਿਆ।

ਤਸਵੀਰ ਸਰੋਤ, Getty Images
ਮੁਲਾਇਮ ਨੇ ਆਖਰੀ ਸਮੇਂ 'ਤੇ ਖੱਬੇਪੱਖੀਆਂ ਦਾ ਸਮਰਥਨ ਛੱਡਦੇ ਹੋਏ ਕਲਾਮ ਦੀ ਉਮੀਦਵਾਰੀ 'ਤੇ ਆਪਣੀ ਮੋਹਰ ਲਾ ਦਿੱਤੀ।
ਸਾਲ 2008 ਵਿੱਚ ਵੀ ਜਦੋਂ ਪਰਮਾਣੂ ਸਮਝੌਤੇ ਦੇ ਮੁੱਦੇ 'ਤੇ ਲੈਫਟ ਨੇ ਸਰਕਾਰ ਤੋਂ ਸਮਰਥਨ ਵਾਪਸ ਲਿਆ ਤਾਂ ਮੁਲਾਇਮ ਨੇ ਉਨ੍ਹਾਂ ਦਾ ਸਾਥ ਨਾ ਦਿੰਦੇ ਹੋਏ ਸਰਕਾਰ ਦੇ ਸਮਰਥਨ ਦਾ ਫੈਸਲਾ ਕੀਤਾ ਜਿਸ ਦੀ ਵਜ੍ਹਾ ਨਾਲ ਮਨਮੋਹਨ ਸਿੰਘ ਦੀ ਸਰਕਾਰ ਬਚ ਗਈ।
2019 ਦੀਆਂ ਆਮ ਚੋਣਾਂ ਵਿੱਚ ਵੀ ਉਨ੍ਹਾਂ ਨੇ ਕਈ ਰਾਜਨੀਤਕ ਵਿਸ਼ਲੇਸ਼ਕਾਂ ਨੂੰ ਹੈਰਾਨ ਕਰ ਦਿੱਤਾ, ਜਦੋਂ ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਨਰਿੰਦਰ ਮੋਦੀ ਇੱਕ ਬਾਰ ਫਿਰ ਪ੍ਰਧਾਨ ਮੰਤਰੀ ਬਣਨ।
ਸੋਨੀਆ ਗਾਂਧੀ ਨੂੰ ਮਨ੍ਹਾ ਕਰਨ ਦੇ ਪਿੱਛੇ ਦੀ ਕਹਾਣੀ
1998 ਵਿੱਚ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਦੇ ਡਿੱਗਣ ਦੇ ਬਾਅਦ ਮੁਲਾਇਮ ਸਿੰਘ ਨੇ ਕਾਂਗਰਸ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਸਮਰਥਨ ਕਰਨਗੇ।
ਉਨ੍ਹਾਂ ਦੇ ਇਸ ਭਰੋਸੇ ਦੇ ਬਾਅਦ ਹੀ ਸੋਨੀਆ ਗਾਂਧੀ ਨੇ ਕਿਹਾ ਸੀ ਕਿ ਉਨ੍ਹਾਂ ਕੋਲ 272 ਲੋਕਾਂ ਦਾ ਸਮਰਥਨ ਹੈ, ਪਰ ਬਾਅਦ ਵਿੱਚ ਉਹ ਇਸ ਤੋਂ ਮੁੱਕਰ ਗਏ ਅਤੇ ਸੋਨੀਆ ਗਾਂਧੀ ਦੀ ਕਾਫ਼ੀ ਫ਼ਜ਼ੀਹਤ ਹੋਈ।
ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਆਤਮਕਥਾ 'ਮਾਈ ਕੰਟਰੀ, ਮਾਈ ਲਾਈਫ' ਵਿੱਚ ਇਸ ਪ੍ਰਕਰਣ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ, ''22 ਅਪ੍ਰੈਲ ਦੀ ਦੇਰ ਰਾਤ ਮੇਰੇ ਕੋਲ ਜੌਰਜ ਫਰਨਾਂਡੀਸ ਦਾ ਫੋਨ ਆਇਆ। ਉਨ੍ਹਾਂ ਨੇ ਮੈਨੂੰ ਕਿਹਾ, ਲਾਲ ਜੀ ਮੇਰੇ ਕੋਲ ਤੁਹਾਡੇ ਲਈ ਚੰਗੀ ਖ਼ਬਰ ਹੈ।
''ਸੋਨੀਆ ਗਾਂਧੀ ਸਰਕਾਰ ਨਹੀਂ ਬਣਾ ਸਕੇਗੀ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਪੱਖ ਦਾ ਇੱਕ ਮਹੱਤਵਪੂਰਨ ਵਿਅਕਤੀ ਤੁਹਾਨੂੰ ਮਿਲਣਾ ਚਾਹੁੰਦਾ ਹੈ, ਪਰ ਇਹ ਬੈਠਕ ਨਾ ਤਾਂ ਤੁਹਾਡੇ ਘਰ 'ਤੇ ਹੋ ਸਕਦੀ ਹੈ ਅਤੇ ਨਾ ਮੇਰੇ ਘਰ 'ਤੇ।''
ਇਹ ਬੈਠਕ ਜਯਾ ਜੇਤਲੀ ਦੇ ਸੁਜਾਨ ਸਿੰਘ ਪਾਰਕ ਦੇ ਘਰ ਵਿੱਚ ਹੋਵੇਗੀ। ਜਯਾ ਤੁਹਾਨੂੰ ਆਪਣੀ ਕਾਰ ਵਿੱਚ ਲੈਣ ਆਵੇਗੀ।''
ਅਡਵਾਨੀ ਅੱਗੇ ਲਿਖਦੇ ਹਨ, ''ਜਦੋਂ ਮੈਂ ਜਯਾ ਜੇਤਲੀ ਦੇ ਘਰ ਪਹੁੰਚਿਆ ਤਾਂ ਉੱਥੇ ਫਰਨਾਂਡੀਸ ਅਤੇ ਮੁਲਾਇਮ ਸਿੰਘ ਯਾਦਵ ਪਹਿਲਾਂ ਤੋਂ ਹੀ ਮੌਜੂਦ ਸਨ। ਫਰਨਾਂਡੀਸ ਨੇ ਕਿਹਾ, ''ਸਾਡੇ ਦੋਸਤ ਦਾ ਵਾਅਦਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ 20 ਮੈਂਬਰ ਕਿਸੇ ਵੀ ਹਾਲਤ ਵਿੱਚ ਸੋਨੀਆ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੀ ਮੁਹਿੰਮ ਨੂੰ ਸਮਰਥਨ ਨਹੀਂ ਦੇਣਗੇ।''
ਮੁਲਾਇਮ ਸਿੰਘ ਯਾਦਵ ਨੇ ਫਰਨਾਂਡੀਸ ਦੀ ਕਹੀ ਹੋਈ ਗੱਲ ਦੁਹਰਾਉਂਦੇ ਹੋਏ ਕਿਹਾ ਕਿ 'ਤੁਹਾਨੂੰ ਵੀ ਮੇਰੇ ਨਾਲ ਇੱਕ ਵਾਅਦਾ ਕਰਨਾ ਹੋਵੇਗਾ ਕਿ ਤੁਸੀਂ ਦੁਬਾਰਾ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕਰੋਗੇ। ਮੈਂ ਚਾਹੁੰਦਾ ਹਾਂ ਕਿ ਚੋਣਾਂ ਦੁਬਾਰਾ ਹੋਣ।' ਮੈਂ ਇਸ ਲਈ ਫੌਰਨ ਰਾਜ਼ੀ ਹੋ ਗਿਆ।''
ਦੋ ਵਿਆਹ ਕੀਤੇ ਸਨ ਮੁਲਾਇਮ ਸਿੰਘ ਯਾਦਵ ਨੇ
1957 ਵਿੱਚ ਮੁਲਾਇਮ ਸਿੰਘ ਯਾਦਵ ਦਾ ਵਿਆਹ ਮਾਲਤੀ ਦੇਵੀ ਨਾਲ ਹੋਇਆ। 2003 ਵਿੱਚ ਉਨ੍ਹਾਂ ਦੇ ਦੇਹਾਂਤ ਦੇ ਬਾਅਦ ਮੁਲਾਇਮ ਸਿੰਘ ਯਾਦਵ ਨੇ ਸਾਧਨਾ ਗੁਪਤਾ ਨਾਲ ਦੂਜਾ ਵਿਆਹ ਕੀਤਾ।
ਇਸ ਸਬੰਧ ਨੂੰ ਬਹੁਤ ਦਿਨਾਂ ਤੱਕ ਛੁਪਾ ਕੇ ਰੱਖਿਆ ਗਿਆ ਅਤੇ ਵਿਆਹ ਵਿੱਚ ਵੀ ਬਹੁਤ ਨਜ਼ਦੀਕੀ ਲੋਕ ਹੀ ਸ਼ਾਮਲ ਹੋਏ।
ਇਸ ਵਿਆਹ ਦੇ ਬਾਰੇ ਲੋਕਾਂ ਨੂੰ ਪਹਿਲੀ ਵਾਰ ਉਦੋਂ ਪਤਾ ਲੱਗਿਆ ਜਦੋਂ ਮੁਲਾਇਮ ਸਿੰਘ ਯਾਦਵ ਨੇ ਆਮਦਨ ਤੋਂ ਜ਼ਿਆਦਾ ਧਨ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਹਲਫ਼ਨਾਮਾ ਦੇ ਕੇ ਕਿਹਾ ਕਿ ਉਨ੍ਹਾਂ ਦੀ ਇੱਕ ਪਤਨੀ ਹੋਰ ਹੈ।
ਜਦੋਂ ਮੁਲਾਇਮ ਨੇ 2003 ਵਿੱਚ ਸਾਧਨਾ ਗੁਪਤਾ ਨਾਲ ਵਿਆਹ ਕੀਤਾ ਤਾਂ ਪਹਿਲੀ ਪਤਨੀ ਤੋਂ ਉਨ੍ਹਾਂ ਦੇ ਪੁੱਤਰ ਅਖਿਲੇਸ਼ ਯਾਦਵ ਦਾ ਨਾ ਸਿਰਫ਼ ਵਿਆਹ ਹੋ ਚੁੱਕਿਆ ਸੀ, ਬਲਕਿ ਉਨ੍ਹਾਂ ਦੇ ਇੱਕ ਬੱਚਾ ਵੀ ਹੋ ਚੁੱਕਿਆ ਸੀ।

ਤਸਵੀਰ ਸਰੋਤ, Getty Images
ਪਰਿਵਾਰਵਾਦ ਵਧਾਉਣ ਦੇ ਦੋਸ਼
ਮੁਲਾਇਮ ਸਿੰਘ ਯਾਦਵ 'ਤੇ ਪਰਿਵਾਰਵਾਦ ਨੂੰ ਪ੍ਰੋਤਸਾਹਨ ਦੇਣ ਦੇ ਦੋਸ਼ ਵੀ ਲੱਗੇ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸਮਾਜਵਾਦੀ ਪਾਰਟੀ ਨੂੰ ਉੱਤਰ ਪ੍ਰਦੇਸ਼ ਵਿੱਚ ਕੁੱਲ ਪੰਜ ਸੀਟਾਂ ਮਿਲੀਆਂ ਅਤੇ ਇਹ ਪੰਜੋਂ ਸੰਸਦ ਮੈਂਬਰ ਯਾਦਵ ਪਰਿਵਾਰ ਦੇ ਮੈਂਬਰ ਸਨ।
2012 ਦੀ ਵਿਧਾਨ ਸਭਾ ਚੋਣ ਜਿੱਤਣ ਦੇ ਬਾਅਦ ਉਨ੍ਹਾਂ ਨੇ ਆਪਣੇ ਬੇਟੇ ਅਖਿਲੇਸ਼ ਯਾਦਵ ਨੂੰ ਆਪਣਾ ਉਤਰਾਧਿਕਾਰੀ ਬਣਾਇਆ।
ਪਰ ਮੁਲਾਇਮ ਦੁਆਰਾ ਸਰਕਾਰ ਨੂੰ 'ਰਿਮੋਟ ਕੰਟਰੋਲ' ਤੋਂ ਚਲਾਉਣ ਦੇ ਦੋਸ਼ਾਂ ਦੇ ਵਿਚਕਾਰ ਅਖਿਲੇਸ਼ 2017 ਦੀ ਵਿਧਾਨ ਸਭਾ ਚੋਣ ਹਾਰ ਗਏ।
ਚੋਣ ਤੋਂ ਕੁਝ ਦਿਨ ਪਹਿਲਾਂ ਅਖਿਲੇਸ਼ ਨੇ ਉਨ੍ਹਾਂ ਨੂੰ ਪਾਰਟੀ ਦੇ ਪ੍ਰਧਾਨਗੀ ਪਦ ਤੋਂ ਹਟਾ ਦਿੱਤਾ। ਮੁਲਾਇਮ ਨੇ ਚੋਣ ਪ੍ਰਚਾਰ ਵਿੱਚ ਭਾਗ ਨਹੀਂ ਲਿਆ ਅਤੇ ਹਾਰ ਦਾ ਠੀਕਰਾ ਆਪਣੇ ਬੇਟੇ 'ਤੇ ਭੰਨਦੇ ਹੋਏ ਕਿਹਾ ਕਿ, ''ਅਖਿਲੇਸ਼ ਨੇ ਮੈਨੂੰ ਅਪਮਾਨਤ ਕੀਤਾ ਹੈ।
ਜੇਕਰ ਬੇਟਾ ਬਾਪ ਦੇ ਪ੍ਰਤੀ ਵਫ਼ਾਦਾਰ ਨਹੀਂ ਹੈ ਤਾਂ ਉਹ ਕਿਸੇ ਦਾ ਵੀ ਨਹੀਂ ਹੋ ਸਕਦਾ।''
ਮੁਲਾਇਮ ਦੀ ਇੱਛਾ ਦੇ ਖਿਲਾਫ਼ ਅਖਿਲੇਸ਼ ਨੇ ਮਾਇਆਵਤੀ ਨਾਲ ਮਿਲ ਕੇ 2019 ਦੀਆਂ ਲੋਕ ਸਭਾ ਚੋਣਾਂ ਲੜੀਆਂ। ਇੱਕ ਸਾਲ ਪਹਿਲਾਂ ਤੱਕ ਇਸ ਗੱਠਜੋੜ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ।
ਇਹ ਅਲੱਗ ਗੱਲ ਹੈ ਕਿ ਇਸ ਗੱਠਜੋੜ ਨੂੰ ਮੂੰਹ ਦੀ ਖਾਣੀ ਪਈ ਅਤੇ ਕੁਝ ਦਿਨਾਂ ਦੇ ਅੰਦਰ ਇਹ ਗੱਠਜੋੜ ਵੀ ਟੁੱਟ ਗਿਆ।

ਇਹ ਵੀ ਪੜ੍ਹੋ-













