ਪੰਜਾਬ ਵਿਚ ਧਰਮ ਪਰਿਵਰਤਨ ਦੇ ਦਾਅਵਿਆਂ ਦੀ ਕੀ ਹੈ ਜ਼ਮੀਨੀ ਹਰੀਕਤ

''ਮੈ ਬਹੁਤ ਜ਼ਿਆਦਾ ਬਿਮਾਰ ਸੀ, ਮਰਨ ਦੇ ਕਿਨਾਰੇ ਸੀ ਫਿਰ ਮੇਰੇ ਲਈ ਪਾਸਟਰ ਜੀ ਨੇ ਦੁਆ ਕੀਤੀ ਅਤੇ ਮੈ ਬਚ ਗਈ।'', ਇਹ ਸ਼ਬਦ ਰਾਜਿੰਦਰ ਕੌਰ ਦੇ ਹਨ।

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਘੁਮਾਣ ਦੀ ਰਹਿਣ ਵਾਲੀ ਰਾਜਿੰਦਰ ਕੌਰ ਹੁਣ ਸਿੱਖ ਤੋਂ ਇਸਾਈ ਧਰਮ ਆਪ ਚੁੱਕੀ ਹੈ। ਰਾਜਿੰਦਰ ਨੇ ਅਜਿਹਾ ਕਿਉਂ ਕੀਤਾ ਇਸ ਪਿੱਛੇ ਉਸ ਦਾ ਆਪਣਾ ਤਰਕ ਹੈ।''

ਰਾਜਿੰਦਰ ਕੌਰ ਅੱਗੇ ਦੱਸਦੀ ਹੈ , ''ਮੈਨੂੰ ਕੋਈ ਪੈਸਾ ਨਹੀਂ ਮਿਲਿਆ ਇਹ ਸਭ ਝੂਠ ਹੈ, ਹੁਣ ਵੀ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਧਰਮ ਪਰਿਵਰਤਨ ਕਰਨ ਉੱਤੇ ਬਹੁਤ ਪੈਸੇ ਮਿਲਦੇ ਹਨ।''

''ਮੈ ਇਸਾਈ ਧਰਮ ਆਪਣੀ ਮਰਜ਼ੀ ਨਾਲ ਅਪਣਾਇਆ ਹੈ। ਜੇਕਰ ਪੈਸੇ ਦੇ ਕੇ ਧਰਮ ਪਰਿਵਰਤਨ ਹੁੰਦਾ ਹੋਵੇ ਤਾਂ ਸਿੱਖ ਧਰਮ ਕੋਲ ਵੀ ਬਹੁਤ ਪੈਸੇ ਹਨ,ਗੁਰਦੁਆਰਿਆਂ ਵਿੱਚ ਬਹੁਤ ਪੈਸੇ ਸੰਗਤ ਦੇ ਕੇ ਜਾਂਦੀ ਹੈ, ਜੇਕਰ ਸਿੱਖ ਧਰਮ ਨੂੰ ਇੰਨਾ ਹੀ ਖ਼ਤਰਾ ਹੈ ਤਾਂ ਸਿੱਖ ਕਿਉਂ ਨਹੀਂ ਪੈਸਾ ਖ਼ਰਚ ਕੇ ਇਸਾਈ ਬਣ ਚੁੱਕੇ ਸਿੱਖਾਂ ਨੂੰ ਵਾਪਸ ਆਪਣੇ ਧਰਮ ਵਿੱਚ ਲੈ ਕੇ ਆਉਂਦੇ। ਇਹ ਆਪ ਉਹ ਕੁਝ ਕਰਦੇ ਨਹੀਂ ਅਤੇ ਦੂਜਿਆਂ ਨੂੰ ਕਰਨ ਨਹੀਂ ਦਿੰਦੇ।''

ਪੰਜਾਬ ਵਿਚ ਧਰਮ ਪਰਿਵਰਤਨ ਦਾ ਮੁੱਦਾ

ਧਰਮ ਪਰਿਵਰਤਨ ਪੰਜਾਬ ਵਿੱਚ ਇੱਕ ਵੱਡਾ ਮੁੱਦਾ ਬਣ ਚੁੱਕਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਕੁਝ ਪਾਸਟਰਾਂ ਵੱਲੋਂ ਲਾਲਚ ਦੇ ਕੇ ਸਿੱਖਾਂ ਅਤੇ ਹਿੰਦੂਆਂ ਦਾ ਵੱਡੀ ਗਿਣਤੀ ਵਿੱਚ ਧਰਮ ਪਰਿਵਰਤਨ ਕੀਤਾ ਜਾ ਰਿਹਾ ਹੈ।

ਪਰ ਇਸਾਈ ਧਰਮ ਅਪਣਾਉਣ ਵਾਲੇ ਲੋਕ ਇਸ ਗੱਲ ਤੋਂ ਸਾਫ਼ ਇਨਕਾਰ ਕਰਦੇ ਹਨ।

ਦੂਜੇ ਪਾਸੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਹਨ ਕਿ ਕੁਝ ਅਖੌਤੀ ਪਾਸਟਰਾਂ ਵੱਲੋਂ ਉਹ ਕੰਮ ਕੀਤੇ ਜਾ ਰਹੇ ਹਨ ਜਿਸ ਦੀ ਇਜਾਜ਼ਤ ਇਸਾਈ ਧਰਮ ਵੀ ਨਹੀਂ ਦਿੰਦਾ, ਲਾਲਚ ਦੇ ਕੇ ਸਿੱਖਾਂ ਅਤੇ ਹਿੰਦੂਆਂ ਨੂੰ ਇਸਾਈ ਬਣਾਇਆ ਰਿਹਾ ਹੈ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਇਹ ਸਾਰਾ ਕੁਝ ਸਰਕਾਰ ਦੀ ਨੱਕ ਹੇਠ ਹੋ ਰਿਹਾ ਹੈ। ਪਾਸਟਰਾਂ ਵੱਲੋਂ ਪਾਖੰਡ ਕਰ ਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ।

ਰਾਜਿੰਦਰ ਕੌਰ ਵਾਂਗ ਹੀ ਸੁਖਵਿੰਦਰ ਸਿੰਘ ਪੇਸ਼ੇ ਤੋਂ ਇੱਕ ਦੁਕਾਨ ਦਾਰ ਹਨ। ਜੱਟ ਸਿੱਖ ਪਰਿਵਾਰ ਨਾਲ ਸਬੰਧ ਸੁਖਵਿੰਦਰ ਸਿੰਘ ਨੇ 2006 ਵਿੱਚ ਸਿੱਖ ਧਰਮ ਛੱਡ ਕੇ ਪਰਿਵਾਰ ਸਮੇਤ ਇਸਾਈ ਧਰਮ ਵਿੱਚ ਗਏ।

ਉਨ੍ਹਾਂ ਕਹਿੰਦੇ ਹਨ ਕਿ ਉਹ ਸਿੱਖ ਧਰਮ ਨਾਲ ਸਬੰਧਤ ਸੀ ਪਰ ਫਿਰ ਮੈ ਇਸਾਈ ਧਰਮ ਅਪਣਾ ਲਿਆ ਅਜਿਹਾ ਮੈ ਇਸ ਕਰ ਕੇ ਕਿਉਂ ਮੈਨੂੰ ਚੰਗਾ ਲੱਗਾ।

ਜੇਕਰ ਪੰਜਾਬ ਵਿੱਚ ਇਸਾਈ ਧਰਮ ਦੀ ਆਬਾਦੀ ਦੀ ਗੱਲ ਕੀਤੀ ਜਾਵੇ ਤਾਂ ਇਹ ਕੁੱਲ ਆਬਾਦੀ ਦਾ ਡੇਢ ਫੀਸਦ ਤੋਂ ਵੀ ਘੱਟ ਹੈ।

2011 ਤੱਕ ਇਸ ਭਾਈਚਾਰੇ ਦੀ ਆਬਾਦੀ 3 ਲੱਖ 48 ਹਜ਼ਾਰ 230 ਸੀ। ਪਰ ਮੌਜੂਦਾ ਰੂਪ ਵਿੱਚ ਇਸਾਈ ਧਰਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਉਨ੍ਹਾਂ ਦੀ ਆਬਾਦੀ ਵਿੱਚ ਖ਼ਾਸ ਤੌਰ ਉੱਤੇ ਸਰਹੱਦੀ ਇਲਾਕਿਆਂ ਵਿੱਚ ਵਾਧਾ ਹੋਇਆ ਹੈ।

ਉੱਧਰ ਇਸਾਈ ਧਰਮ ਦੇ ਪਾਸਟਰ ਸੈਮੂਅਲ ਕਹਿੰਦੇ ਹਨ ਕਿ ਧਰਮ ਪਰਿਵਰਤਨ ਕੋਈ ਨਹੀਂ ਹੋ ਰਿਹਾ ਪਰ ਸਾਡੇ ਨਾਲ ਲੋਕ ਜੁੜ ਰਹੇ ਹਨ।

ਖ਼ਾਸ ਤੌਰ ਉੱਤੇ ਪਿਛਲੇ ਪੰਜ ਸਾਲਾਂ ਦੇ ਸਮੇਂ ਦੌਰਾਨ ਸਾਡੇ ਨਾਲ ਕਾਫ਼ੀ ਲੋਕ ਜੁੜ ਗਏ ਹਨ। ਇਸ ਵਿੱਚ ਹਰ ਵਰਗ ਦੇ ਲੋਕ ਹਨ, ਜਿੰਨਾ ਵਿੱਚ ਅਮੀਰ ਵੀ ਅਤੇ ਗ਼ਰੀਬ।

ਮਸੀਹੀ ਭਾਈਚਾਰੇ ਦੇ ਆਗੂ ਕੀ ਕਹਿੰਦੇ ਹਨ

ਕੀ ਸਵਾਲ ਇਹ ਹੈ ਕਿ ਕੀ ਅਸਲ ਵਿੱਚ ਹੀ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਧਰਮ ਪਰਿਵਰਤਨ ਹੋ ਰਿਹਾ ਹੈ ਇਸ ਦੀ ਸਚਾਈ ਕੀ ਹੈ ਇਸ ਬਾਰੇ ਬੀਬੀਸੀ ਪੰਜਾਬੀ ਨੇ ਗੱਲ ਕੀਤੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਫਤਹਿਗੜ ਚੂੜੀਆਂ ਸਥਿਤ ਕੈਥੋਲਿਕ ਚਰਚ ਦੇ ਫਾਦਰ ਜ਼ੋਨ ਨਾਲ ।

ਉਨ੍ਹਾਂ ਕਿਹਾ ਕਿ ਇਸਾਈ ਧਰਮ ਵਿੱਚ ਬਹੁਤ ਸਾਰੀਆਂ ਇਕਾਈਆਂ ਬਣ ਚੁੱਕੀਆਂ ਹਨ ਕੁਝ ਲੋਕਾਂ ਨੇ ਨਿੱਜੀ ਤੌਰ ਉੱਤੇ ਚਰਚਾ ਬਣਕੇ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਅਜਿਹੇ ਲੋਕਾਂ ਨਾਲ ਕੈਥੋਲਿਕ ਚਰਚ ਦਾ ਕੋਈ ਸਬੰਧ ਨਹੀਂ ਹੈ।

ਨਾ ਹੀ ਕੈਥੋਲਿਕ ਚਰਚ ਵੱਲੋਂ ਕਿਸੇ ਦਾ ਧਰਮ ਪਰਿਵਰਤਨ ਨਹੀਂ ਕਰਵਾਇਆ ਜਾ ਰਿਹਾ। ਜਥੇਦਾਰ ਸਾਹਿਬ ਦੇ ਬਿਆਨ ਬਾਰੇ ਮੈ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ ਇੰਨਾ ਜ਼ਰੂਰ ਹੈ ਕਿ ਈਸਾਈਆਂ ਅਤੇ ਸਿੱਖਾਂ ਦੇ ਸਬੰਧ ਪੰਜਾਬ ਵਿੱਚ ਬਹੁਤ ਚੰਗੇ ਰਹੇ ਹਨ।

ਪੱਟੀ ਵਿੱਚ ਇੱਕ ਚਰਚ ਉੱਤੇ ਹਮਲੇ ਦੀ ਘਟਨਾ ਦਾ ਨੋਟਿਸ ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਨੇ ਵੀ ਲਿਆ ਹੈ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਕਮਿਸ਼ਨ ਦੇ ਚੇਅਰਮੈਨ ਪੋ੍. ਇੰਮਾਨੂੰਏਲ ਨਾਹਰ ਨੇ ਮੰਨਿਆ ਕਿ ਕੁਝ ਇਸਾਈ ਪ੍ਰਚਾਰਕ ਨੇ ਧਰਮ ਨੂੰ ਕਾਰੋਬਾਰ ਦਾ ਰੂਪ ਦੇ ਦਿੱਤਾ ਹੈ ਜੋ ਚਿੰਤਾਜਨਕ ਗੱਲ ਹੈ। ਪਰ ਲਾਲਚ ਦੇ ਕੇ ਧਰਮ ਪਰਿਵਰਤਨ ਦੀ ਗੱਲ ਨੂੰ ਉਹ ਸਹੀ ਨਹੀਂ ਮੰਨਦੇ।

ਪੰਜਾਬ ਵਿੱਚ ਧਰਮ ਪਰਿਵਰਤਨ ਦਾ ਮੁੱਦਾ ਰਾਜਨੀਤਿਕ ਰੂਪ ਵੀ ਲੈ ਚੁੱਕਾ ਹੈ। ਬੀਜੇਪੀ ਆਗੂ ਮਨਜਿੰਦਰ ਸਿਰਸਾ ਵਲੋਂ ਟਵੀਟ ਕੀਤੀ ਗਈ ਹੈ ਇਹ ਵੀਡੀਓ ਇਸ ਗੱਲ ਨੂੰ ਤਸਦੀਕ ਕਰਦੀ ਹੈ।

ਇਸ ਮੁੱਦੇ ਦੀ ਅਹਿਮੀਅਤ ਇਸੀ ਗੱਲ ਤੋਂ ਲਗਾਈ ਜਾ ਸਕਦੀ ਹੈ ਇਸ ਸਾਲ ਫਰਬਰੀ ਮਹੀਨੇ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਚੋਣ ਰੈਲੀ ਵਿੱਚ ਧਰਮ ਪਰਿਵਰਤਨ ਦਾ ਮੁੱਦੇ ਚੁੱਕੇ ਕੇ ਪਾਰਟੀ ਲਈ ਵੋਟਾਂ ਮੰਗੀਆਂ ਸਨ।

ਪੰਜਾਬ ਵਿਧਾਨ ਸਭਾ ਦੇ ਚੋਣਾਂ ਦੇ ਪ੍ਰਚਾਰ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਮੁੱਦੇ ਨੂੰ ਅਧਾਰ ਬਣਾ ਚੁੱਕੇ ਹਨ।

ਅਮਿਤ ਸ਼ਾਹ ਨੇ ਕਿਹਾ ਸੀ ਕਿ ਧਰਮ ਪਰਿਵਰਤਨ ਪੰਜਾਬ ਵਿੱਚ ਬਹੁਤ ਵੱਡੇ ਪੱਧਰ ਉਤੇ ਹੋ ਰਿਹਾ ਹੈ ਇਸ ਨੂੰ ਰੋਕਣ ਦੀ ਸਮਰੱਥਾ ਬੀਜੇਪੀ ਦੇ ਕੋਲ ਹੀ ਹੈ।

ਇਹ ਵੀ ਦੇਖੋ :