ਟਵਿਨ ਟਾਵਰ: ਕੁਤੁਬ ਮਿਨਾਰ ਤੋਂ ਉੱਚੀਆਂ ਦੋ ਇਮਾਰਤਾਂ ਨੂੰ ਆਖ਼ਰ ਕਿਉਂ ਢਾਹਿਆ ਗਿਆ

ਤਸਵੀਰ ਸਰੋਤ, Getty Images
ਦਿੱਲੀ ਦੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਸ਼ਹਿਰ ਨੋਇਡਾ ਦੇ ਟਵਿਨ ਟਾਵਰਾਂ ਨੂੰ 28 ਅਗਸਤ ਦੁਪਹਿਰ 2:30 ਵਜੇ ਢਾਹ ਦਿੱਤਾ ਗਿਆ।
ਕੁਤੁਬ ਮੀਨਾਰ ਤੋਂ ਵੀ ਵੱਧ ਉੱਚੇ ਇਨ੍ਹਾਂ 40 ਮੰਜ਼ਿਲਾ ਟਾਵਰਾਂ ਨੂੰ ਸੁਪਰਟੈੱਕ ਕੰਪਨੀ ਨੇ ਬਣਾਇਆ ਹੈ ਅਤੇ ਹੁਣ ਇਨ੍ਹਾਂ ਨੂੰ ਢਾਹਿਆ ਗਿਆ ਹੈ।
ਦਰਅਸਲ ਇਨ੍ਹਾਂ ਟਾਵਰਾਂ ਨੂੰ ਬਣਾਉਣ ਸਮੇਂ ਇਮਾਰਤ ਬਣਾਉਣ ਸਬੰਧੀ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ।
ਏਐੱਨਆਈ ਦੀ ਰਿਪੋਰਟ ਮੁਤਾਬਕ, ਸੁਪਰੀਮ ਕੋਰਟ ਨੇ ਇਸ ਸਬੰਧੀ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਨੋਇਡਾ ਅਥਾਰਿਟੀ ਅਤੇ ਸੁਪਰਟੈੱਕ ਦੋਵਾਂ ਦੇ ''ਨਾਪਾਕ ਸਹਿ ਅਪਰਾਧ'' ਦਾ ਨਤੀਜਾ ਹੈ।
ਸੋ ਇਸ ਲਈ ਅਦਾਲਤ ਨੇ ਕੰਪਨੀ ਨੇ ਆਦੇਸ਼ ਦਿੱਤੇ ਸਨ ਕਿ ਇਨ੍ਹਾਂ ਟਾਵਰਾਂ ਨੂੰ ਢਾਹ ਦਿੱਤਾ ਜਾਵੇ।
ਕਿਉਂ ਢਾਹੇ ਜਾ ਰਹੇ ਟਾਵਰ
ਅਦਾਲਤ ਨੇ ਇਹ ਵੀ ਕਿਹਾ ਸੀ ਕਿ ਇਨ੍ਹਾਂ ਨੂੰ ਢਾਹੁਣ 'ਚ ਆਉਣ ਵਾਲਾ ਸਾਰਾ ਖਰਚਾ ਵੀ ਕੰਪਨੀ ਹੀ ਕਰੇਗੀ ਅਤੇ ਇਹ ਸਭ ਨੋਇਡਾ ਅਥਾਰਿਟੀ ਅਤੇ ਇੱਕ ਮਾਹਿਰ ਸੰਸਥਾ ਜਿਵੇਂ ਸੈਂਟਰਲ ਬਿਲਡਿੰਗ ਰਿਸਰਚ ਇੰਟੀਚਿਊਟ ਦੀ ਦੇਖਰੇਖ ਵਿੱਚ ਪੂਰਾ ਕੀਤਾ ਜਾਵੇ।

ਤਸਵੀਰ ਸਰੋਤ, Getty Images
11 ਅਪ੍ਰੈਲ, 2014 ਨੂੰ ਇਲਾਹਾਬਾਦ ਹਾਈ ਕੋਰਟ ਨੇ ਇਨ੍ਹਾਂ ਦੋ ਟਾਵਰਾਂ ਨੂੰ 4 ਮਹੀਨੇ ਦੇ ਅੰਦਰ ਢਾਹੁਣ ਅਤੇ ਖਰੀਦਦਾਰਾਂ ਨੂੰ ਉਨ੍ਹਾਂ ਦੀ ਰਕਮ ਵਾਪਸ ਮੋੜਨ ਦਾ ਹੁਕਮ ਦਿੱਤਾ ਸੀ।
ਇਸ ਫੈਸਲੇ ਦੇ ਖ਼ਿਲਾਫ਼ ਘਰ ਖਰੀਦਣ ਵਾਲਿਆਂ ਵਲੋਂ ਪਟੀਸ਼ਨਾਂ ਪਾਈਆਂ ਗਈਆਂ, ਜਿਨ੍ਹਾਂ 'ਤੇ ਸੁਣਵਾਈ ਕਰਦੇ ਹੋਏ ਸੁਪਰੀਮ ਇਹ ਫੈਸਲਾ ਸੁਣਾਇਆ ਹੈ।
ਪਹਿਲਾਂ ਇਸ ਦੇ ਲਈ 21 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਸੀ, ਪਰ ਨੋਇਡਾ ਅਥਾਰਿਟੀ ਵੱਲੋਂ ਹੋਰ ਸਮਾਂ ਦੇਣ ਦੀ ਮੰਗ ਨੂੰ ਸਵੀਕਾਰ ਕਰਦੇ ਹੋਏ ਅਦਾਲਤ ਨੇ ਹੁਣ ਇਸ ਦੇ ਲਈ 28 ਅਗਸਤ ਤੱਕ ਦਾ ਸਮਾਂ ਦਿੱਤਾ ਹੋਇਆ ਹੈ।
ਸੁਪਰੀਮ ਕੋਰਟ ਨੇ ਇਹ ਵੀ ਕਿਹਾ ਹੈ ਕਿ ਭਾਵੇਂ ਇਸ ਦੇ ਲਈ 28 ਅਗਸਤ ਤੱਕ ਦਾ ਸਮਾਂ ਹੈ ਪਰ ਤਕਨੀਕੀ ਜਾਂ ਮੌਸਮੀ ਕਾਰਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ 7 ਦਿਨਾਂ ਦਾ ਵਧੇਰੇ ਸਮਾਂ (29 ਅਗਸਤ ਤੋਂ 4 ਸਤੰਬਰ ਤੱਕ) ਵੀ ਦਿੱਤਾ ਗਿਆ ਹੈ।

ਕਿਉਂ ਢਾਏ ਜਾ ਰਹੇ ਹਨ ਟਾਵਰ
- ਸੁਪਰੀਮ ਕੋਰਟ ਨੇ ਦੇਖਿਆ ਹੈ ਕਿ ਇਨ੍ਹਾਂ ਇਮਾਰਤਾਂ ਨੂੰ ਬਣਾਉਣ ਵਾਲੇ ਨਿਰਮਾਣ ਸ਼ਰਤਾਂ ਦੀ ਉਲੰਘਣਾ ਕੀਤੀ ਗਈ ਹੈ।
- ਇਮਾਰਤ ਦੇ ਪਲਾਨ ਵਿੱਚ ਬਦਲਾਅ ਕਰਨ ਦੇ ਇਲਜ਼ਾਮ ਲਗਾਉਂਦਿਆਂ ਰੈਜੀਡੈਂਸ ਵੇਲਫੇਅਰ ਐਸੋਸੀਸ਼ਨ (ਆਰਡਬਲਿਊਏ) ਨੇ ਇਲਾਹਾਬਾਦ ਹਾਈ ਕੋਰਟ ਦਾ ਦਰਵਾਜ਼ਾ ਖਟਖਟਾਇਆ।
- 2014 ਵਿੱਚ ਇਲਾਹਾਬਾਦ ਹਾਈ ਕੋਰਟ ਨੇ ਇਮਾਰਤ ਨੂੰ ਢਾਹੁਣ ਅਤੇ ਖਰੀਦਾਦਾਰਾਂ ਨੂੰ ਪੈਸੇ ਮੋੜਨ ਦਾ ਆਦੇਸ਼ ਦਿੱਤਾ।
- ਹਾਲਾਂਕਿ, ਸਾਲ 2021 ਵਿੱਚ ਇਸ ਆਦੇਸ਼ 'ਤੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਸੀ ਅਤੇ ਹੁਣ ਸੁਪਰੀਮ ਕੋਰਟ ਨੇ ਵੀ ਇਸ ਨੂੰ ਉਲੰਘਣਾ ਕਰਾਰ ਦਿੱਤਾ ਹੈ।
- ਸੁਪਰੀਮ ਕੋਰਟ ਨੇ ਘਰ ਖਰੀਦਦਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਬਿਲਡਰ ਕੋਲ ਜਮ੍ਹਾ ਰਾਸ਼ੀ ਦਾ ਪੂਰਾ ਰਿਫੰਡ ਮਿਲੇਗਾ।

3,700 ਕਿੱਲੋ ਧਮਾਕੇਖੇਜ਼ ਸਮੱਗਰੀ ਦੀ ਹੋਵੇਗੀ ਵਰਤੋਂ
ਇਨ੍ਹਾਂ ਟਾਵਰਾਂ ਨੂੰ ਤਬਾਹ ਕਰਨ ਲਈ ਲਗਭਗ 3,700 ਕਿੱਲੋ ਵਿਸਫੋਟਕ ਦਾ ਇਸਤੇਮਾਲ ਕੀਤਾ ਜਾਵੇਗਾ।
ਏਐੱਨਆਈ ਮੁਤਾਬਕ, ਟਾਵਰਾਂ ਦੀਆਂ ਸਾਰੀਆਂ ਮੰਜ਼ਿਲਾਂ 'ਤੇ ਧਮਾਕਾਖੇਜ਼ ਸਮੱਗਰੀ ਲਗਾ ਦਿੱਤੀ ਗਈ ਹੈ ਅਤੇ ਧਮਾਕੇ ਤੋਂ ਪਹਿਲਾਂ ਇਨ੍ਹਾਂ ਨੂੰ ਤਾਰਾਂ ਰਾਹੀਂ ਜੋੜ ਦਿੱਤਾ ਜਾਵੇਗਾ।

ਤਸਵੀਰ ਸਰੋਤ, Getty Images
ਪਿਛਲੇ ਕਈ ਦਿਨਾਂ ਤੋਂ ਟਾਵਰਾਂ ਵਿੱਚ ਧਮਾਕਾਖੇਜ਼ ਲਗਾਉਣ ਦਾ ਕੰਮ ਚਾਲੂ ਸੀ।
ਸੋਮਵਾਰ ਨੂੰ ਟਾਵਰਾਂ 'ਤੇ ਪਹੁੰਚੇ ਨੋਇਡਾ ਦੇ ਡੀਸੀਪੀ ਟ੍ਰੈਫ਼ਿਕ ਗਣੇਸ਼ ਸ਼ਾਹ ਨੇ ਦੱਸਿਆ, ''ਟ੍ਰੈਫਿਕ ਪਲਾਨਿੰਗ ਅੰਤਿਮ ਗੇੜਾਂ ਵਿੱਚ ਹੈ। ਕੁੱਝ ਦਿਨ ਪਹਿਲਾਂ, ਟਾਵਰਾਂ ਦੇ ਸਾਹਮਣੇ ਵਾਲੀ ਸੜਕ ਬੰਦ ਕਰ ਦਿੱਤੀ ਗਈ ਹੈ। ਟਾਵਰਾਂ ਨੂੰ ਢਾਹੇ ਜਾਣ ਵਾਲੇ ਦਿਨ, ਇਨ੍ਹਾਂ ਵੱਲ ਆਉਂਦੇ ਸਾਰੇ ਰਸਤੇ ਬੰਦ ਕਰ ਦਿੱਤੇ ਜਾਣਗੇ।''

ਇਹ ਵੀ ਪੜ੍ਹੋ-

ਮਹਿਜ਼ 9 ਸਕਿੰਟ 'ਚ ਤਬਾਹ ਹੋ ਜਾਣਗੇ ਟਾਵਰ
ਸੁਪਰਟੈੱਕ ਦੇ ਇਹ ਟਾਵਰ ਭਾਰਤ ਦੇ ਸਭ ਤੋਂ ਉੱਚੇ ਅਜਿਹੇ ਟਾਵਰ ਹੋਣਗੇ ਜੋ ਮਹਿਜ਼ 9 ਤੋਂ 10 ਸਕਿੰਟ ਵਿੱਚ ਢਹਿ ਚੇਰੀ ਹੋ ਜਾਣਗੇ।
ਏਐੱਨਆਈ ਦੀ ਰਿਪੋਰਟ ਮੁਤਾਬਕ, ਏਡਿਫਿਸ ਇੰਜਨਿਰਨਿੰਗ ਪਾਰਟਨਰ ਦੇ ਅਧਿਕਾਰੀ ਉਤਕਰਸ਼ ਮਹਿਤਾ ਨੇ ਦੱਸਿਆ, ''ਇਸ ਵਿੱਚ 9 ਤੋਂ 10 ਸਕਿੰਟ ਦਾ ਸਮਾਂ ਲੱਗੇਗਾ ਅਤੇ ਲੜੀਵਾਰ ਤੇ ਉੱਚੀ ਆਵਾਜ਼ ਵਾਲੇ ਧਮਾਕੇ ਹੋਣਗੇ।''
ਧਮਾਕੇ ਤੋਂ ਬਾਅਦ ਫੈਲਣ ਵਾਲੇ ਮਲਬੇ ਦਾ ਕੀ
ਰਿਪੋਰਟ ਮੁਤਾਬਕ, ਇਨ੍ਹਾਂ ਟਾਵਰਾਂ ਨੂੰ ਢਾਹੇ ਜਾਣ ਨਾਲ 35 ਹਜ਼ਾਰ ਕਿਊਬਿਕ ਮੀਟਰ ਮਲਬਾ ਫੈਲੇਗਾ, ਜਿਸ ਨੂੰ ਸਾਫ਼ ਕਰਨ ਵਿੱਚ ਘੱਟੋ-ਘੱਟ ਤਿੰਨ ਮਹੀਨਿਆਂ ਦਾ ਸਮਾਂ ਲੱਗੇਗਾ।
ਅਧਿਕਾਰੀਆਂ ਅਨੁਸਾਰ, ਇਸ ਮਲਬੇ ਦਾ ਇੱਕ ਵੱਡਾ ਹਿੱਸਾ ਟਾਵਰਾਂ ਦੇ ਬੇਸਮੈਂਟ ਵਿੱਚ ਰੱਖਿਆ ਜਾਵੇਗਾ ਜਦਕਿ ਬਾਕੀ ਬਚੇ ਹੋਏ ਹਿੱਸੇ ਨੂੰ ਨੋਇਡਾ ਦੇ ਅੰਦਰ ਹੀ ਇੱਕ ਅਲੱਗ ਥਾਂ 'ਤੇ ਭੇਜਿਆ ਜਾਵੇਗਾ ਅਤੇ ਵਿਗਿਆਨਕ ਢੰਗ ਨਾਲ ਉਸ ਦਾ ਨਿਪਟਾਰਾ ਕੀਤਾ ਜਾਵੇਗਾ।

ਤਸਵੀਰ ਸਰੋਤ, Getty Images
ਕੀ ਹਨ ਸੁਰੱਖਿਆ ਦੀਆਂ ਤਿਆਰੀਆਂ
ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ, ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ 'ਧਮਾਕੇ ਵਾਲੇ ਖੇਤਰ' ਵਿੱਚ ਧਮਾਕੇ ਵਾਲੇ ਦਿਨ ਡਰੋਨ ਉਡਾਉਣ ਦੀ ਆਗਿਆ ਨਹੀਂ ਹੋਵੇਗੀ।
ਉਨ੍ਹਾਂ ਦੱਸਿਆ ਕਿ ਡਰੋਨ ਨੂੰ ਉਸ ਜ਼ੋਨ ਤੋਂ ਬਾਹਰ ਸਿਰਫ਼ ਪੁਲਿਸ ਦੀ ਆਗਿਆ ਦੇ ਅਧਾਰ 'ਤੇ ਹੀ ਆਗਿਆ ਦਿੱਤੀ ਜਾਵੇਗੀ।
ਅਧਿਕਾਰੀਆਂ ਨੇ ਕਿਹਾ ਕਿ ਨਾਲ ਲੱਗਦੀਆਂ ਦੋ ਸੁਸਾਇਟੀਆਂ - ਐਮਰਾਲਡ ਕੋਰਟ ਅਤੇ ਏਟੀਐਸ ਵਿਲੇਜ ਦੇ ਸਾਰੇ ਰਹਿਣ ਵਾਲਿਆਂ ਨੂੰ ਸੁਰੱਖਿਆ ਨਜ਼ਰੀਏ ਤੋਂ ਘਰਾਂ ਤੋਂ ਬਾਹਰ ਰੱਖਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਟਵਿਨ ਟਾਵਰਾਂ ਦੇ ਆਲੇ ਦੁਆਲੇ ਇੱਕ ਜ਼ੋਨ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿੱਥੇ ਢਾਹੁਣ ਦੀ ਪ੍ਰਕਿਰਿਆ ਦੌਰਾਨ ਕਿਸੇ ਵਿਅਕਤੀ, ਵਾਹਨ ਜਾਂ ਜਾਨਵਰ ਨੂੰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਪੀਟੀਆਈ ਨਾਲ ਗੱਲ ਕਰਦੇ ਹੋਏ ਗੌਤਮ ਬੁੱਧ ਨਗਰ ਦੇ ਡਿਪਟੀ ਪੁਲਿਸ ਕਮਿਸ਼ਨਰ ਨੇ ਕਿਹਾ, "ਧਮਾਕੇ ਵਾਲੇ ਜ਼ੋਨ ਵਿੱਚ ਟਵਿਨ ਟਾਵਰਾਂ ਦੇ ਸਾਹਮਣੇ ਵਾਲੇ ਪਾਸੇ 450 ਮੀਟਰ ਦਾ ਖੇਤਰ ਸ਼ਾਮਲ ਹੋਵੇਗਾ , ਜਿਸ ਵਿੱਚ ਇੱਕ ਸੜਕ ਅਤੇ ਇੱਕ ਸਿਟੀ ਪਾਰਕ ਹੈ। ਟਾਵਰਾਂ ਦੇ ਦੂਜੇ ਪਾਸੇ, ਇਹ ਜ਼ੋਨ 250 ਮੀਟਰ ਤੱਕ ਹੋਵੇਗਾ।''
ਉਨ੍ਹਾਂ ਕਿਹਾ ਕਿ ਇਸ ਜ਼ੋਨ ਵਿੱਚ ਨੋਇਡਾ-ਗ੍ਰੇਟਰ ਨੋਇਡਾ ਐਕਸਪ੍ਰੈਸਵੇਅ ਦਾ ਇੱਕ ਪੈਚ ਵੀ ਸ਼ਾਮਲ ਹੈ, ਜਿੱਥੇ 28 ਅਗਸਤ ਨੂੰ ਦੁਪਹਿਰ 2.15 ਵਜੇ ਤੋਂ 2.45 ਵਜੇ ਤੱਕ ਵਾਹਨਾਂ ਦੀ ਆਵਾਜਾਈ ਉੱਤੇ ਪਾਬੰਦੀ ਰਹੇਗੀ।

ਇਹ ਵੀ ਪੜ੍ਹੋ-

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












