ਗੁਜਰਾਤ ਦੰਗੇ : ਬਿਲਕਿਸ ਬਲਾਤਕਾਰ ਮਾਮਲੇ ਦੇ 11 ਦੋਸ਼ੀ ਕਿਸ ਅਧਾਰ ਉੱਤੇ ਜੇਲ੍ਹ ਵਿਚੋਂ ਸਰਕਾਰ ਨੇ ਰਿਹਾਅ ਕੀਤੇ

ਤਸਵੀਰ ਸਰੋਤ, chirantana bhatt
ਮੰਗਲਵਾਰ ਨੂੰ, ਬਿਲਕਿਸ ਬਾਨੋ ਕੇਸ ਦੇ 11 ਦੋਸ਼ੀਆਂ ਦੀ ਰਿਹਾਈ ਵਿਰੁੱਧ ਦਾਇਰ ਪਟੀਸ਼ਨਾਂ ਦੀ ਸੁਣਵਾਈ ਦੌਰਾਨ, ਵਕੀਲ ਕਪਿਲ ਸਿੱਬਲ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਕਿ ਸਾਰੇ ਦੋਸ਼ੀਆਂ ਨੂੰ ਦੁਬਾਰਾ ਜੇਲ੍ਹ ਭੇਜਿਆ ਜਾਵੇ।
ਗੁਜਰਾਤ ਸਰਕਾਰ ਨੇ ਕੈਦੀਆਂ ਦੀ ਰਿਹਾਈ ਦੇ ਸਮਰਥਨ 'ਚ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਹਲਫਨਾਮਾ ਦਿੱਤਾ ਸੀ। ਗੁਜਰਾਤ ਸਰਕਾਰ ਨੇ ਹਲਫ਼ਨਾਮੇ ਵਿੱਚ ਕਿਹਾ ਕਿ ਕੈਦੀਆਂ ਦੀ ਰਿਹਾਈ ਵਿੱਚ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਹੈ।
ਪਟੀਸ਼ਨਰ ਸੁਭਾਸ਼ਿਨੀ ਅਲੀ ਅਤੇ ਹੋਰਾਂ ਵੱਲੋਂ ਪੇਸ਼ ਹੋਏ ਕਪਿਲ ਸਿੱਬਲ ਨੇ ਸੁਪਰੀਮ ਕੋਰਟ ਵਿੱਚ ਜਸਟਿਸ ਅਜੈ ਰਸਤੋਗੀ ਅਤੇ ਜਸਟਿਸ ਸੀਟੀ ਰਵੀਕੁਮਾਰ ਦੀ ਬੈਂਚ ਨੂੰ ਕਿਹਾ, "ਮੇਰਾ ਮੰਨਣਾ ਹੈ ਕਿ ਉਨ੍ਹਾਂ (11 ਦੋਸ਼ੀ) ਨੂੰ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ।"
ਗੁਜਰਾਤ ਸਰਕਾਰ ਦੇ ਹਲਫ਼ਨਾਮੇ ਤੋਂ ਬਾਅਦ ਸੁਪਰੀਮ ਕੋਰਟ ਨੇ ਪਟੀਸ਼ਨਕਰਤਾਵਾਂ ਨੂੰ ਆਪਣਾ ਪੱਖ ਪੇਸ਼ ਕਰਨ ਦਾ ਸਮਾਂ ਦਿੱਤਾ ਹੈ ਅਤੇ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ 29 ਨਵੰਬਰ ਦਿੱਤੀ ਹੈ।

ਤਸਵੀਰ ਸਰੋਤ, Getty Images
ਹਲਫ਼ਨਾਮੇ ਵਿੱਚ ਗੁਜਰਾਤ ਸਰਕਾਰ ਨੇ ਸਜ਼ਾਯਾਫ਼ਤਾ 11 ਦੋਸ਼ੀਆਂ ਨੂੰ ਰਿਹਾਅ ਕਰਨ ਦੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ ਹੈ।
ਸਰਕਾਰ ਨੇ ਕਿਹਾ ਕਿ ਸਾਰੇ ਦੋਸ਼ੀਆਂ ਨੇ 14 ਸਾਲ ਜਾਂ ਇਸ ਤੋਂ ਵੱਧ ਜੇਲ੍ਹ ਵਿੱਚ ਬਿਤਾਏ ਸਨ ਅਤੇ ਉਨ੍ਹਾਂ ਦੇ ਚੰਗੇ ਵਿਵਹਾਰ ਨੂੰ ਦੇਖਦੇ ਹੋਏ ਰਿਹਾਅ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਹ ਫੈਸਲਾ ਕੇਂਦਰ ਸਰਕਾਰ ਦੀ ਸਹਿਮਤੀ ਤੋਂ ਬਾਅਦ ਲਿਆ ਗਿਆ ਹੈ।
ਦਰਅਸਲ, ਭਾਜਪਾ ਦੀ ਕੇਂਦਰ ਸਰਕਾਰ ਨੇ ਗੁਜਰਾਤ ਦੇ ਬਿਲਕਿਸ ਬਾਨੋ ਗੈਂਗਰੇਪ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਏ ਗਏ ਸਾਰੇ 11 ਦੋਸ਼ੀਆਂ ਦੀ ਅਗਾਊਂ ਰਿਹਾਈ ਨੂੰ ਮਨਜ਼ੂਰੀ ਦੇ ਦਿੱਤੀ ਸੀ।
ਸਰਕਾਰ ਦੇ ਇਸ ਫੈਸਲੇ ਦੀ ਪੁਸ਼ਟੀ ਅਦਾਲਤ ਦੇ ਇੱਕ ਦਸਤਾਵੇਜ ਤੋਂ ਹੋਈ ਹੈ।
ਉਨ੍ਹਾਂ ਦੀ ਰਿਹਾਈ 15 ਅਗਸਤ ਯਾਨਿ ਆਜ਼ਾਦੀ ਦਿਹਾੜੇ ਮੌਕੇ ਦਿੱਤੀ ਗਈ ਸੀ। ਇਹ ਸਾਰੇ ਗੋਧਰਾ ਜੇਲ੍ਹ ਵਿੱਚ ਬੰਦ ਸਨ।
ਸਾਰੇ 11 ਦੋਸ਼ੀਆਂ ਨੂੰ ਗੁਜਰਾਤ ਸਰਕਾਰ ਨੇ ਮੁਆਫ਼ੀ ਯੋਜਨਾ ਤਹਿਤ ਰਿਹਾਅ ਕਰ ਦਿੱਤਾ ਗਿਆ ਸੀ।
ਸਾਲ 2002 ਦੇ ਗੁਜਰਾਤ ਦੰਗਿਆਂ ਦੌਰਾਨ, ਬਿਲਕਿਸ ਬਾਨੋ ਦੇ ਪਰਿਵਾਰ 'ਤੇ ਅਹਿਮਦਾਬਾਦ ਨੇੜੇ ਰਣਧੀ ਕਪੂਰ ਪਿੰਡ ਵਿੱਚ ਭੀੜ ਨੇ ਹਮਲਾ ਕੀਤਾ ਸੀ।
ਇਸ ਦੌਰਾਨ ਪੰਜ ਮਹੀਨਿਆਂ ਦੀ ਗਰਭਵਤੀ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ ਅਤੇ ਉਨ੍ਹਾਂ ਦੀ ਤਿੰਨ ਸਾਲਾ ਬੇਟੀ ਸਲੇਹਾ ਦਾ ਵੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।
ਉਸ ਵੇਲੇ ਬਿਲਕਿਸ ਦੀ ਉਮਰ 20 ਸਾਲ ਦੇ ਕਰੀਬ ਸੀ। ਇਸ ਦੰਗੇ ਵਿਚ ਬਿਲਕਿਸ ਬਾਨੋ ਦੀ ਮਾਂ, ਛੋਟੀ ਭੈਣ ਅਤੇ ਹੋਰ ਰਿਸ਼ਤੇਦਾਰਾਂ ਸਮੇਤ 14 ਲੋਕ ਮਾਰੇ ਗਏ ਸਨ।

ਤਸਵੀਰ ਸਰੋਤ, Getty Images
ਗੁਜਰਾਤ ਸਰਕਾਰ ਵੱਲੋਂ ਬਿਲਕਿਸ ਬਾਨੋ ਮਾਮਲੇ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਤੋਂ ਬਾਅਦ ਬੀਬੀਸੀ ਸਹਿਯੋਗੀ ਰੌਕਸੀ ਗਾਡੇਕਰ ਛਾਰਾ ਨੇ ਬਿਲਕਿਸ ਬਾਨੋ ਦੇ ਪਤੀ ਯਾਕੂਬ ਰਸੂਲ ਨਾਲ ਗੱਲਬਾਤ ਕੀਤੀ
'ਰਿਹਾਈ ਦੀ ਖ਼ਬਰ ਨੇ ਬਿਲਕਿਸ ਨੂੰ ਪ੍ਰੇਸ਼ਾਨ ਕਰ ਦਿੱਤਾ'
ਉਨ੍ਹਾਂ ਨੇ ਕਿਹਾ, "ਜਦੋਂ ਸਾਨੂੰ ਪਤਾ ਲੱਗਿਆ ਤਾਂ ਸੀ ਚੌਂਕ ਗਏ। ਸਾਨੂੰ ਮੀਡੀਆ ਰਾਹੀਂ ਹੀ ਪਤਾ ਲੱਗਿਆ। ਪਹਿਲਾਂ ਵੀ ਲੋਕ ਬਾਹਰ ਆਉਂਦੇ ਸਨ, ਪਰ ਉਦੋਂ ਡਰ ਘੱਟ ਸੀ। ਹੁਣ ਇਹ ਪੱਕੇ ਤੌਰ 'ਤੇ ਬਾਹਰ ਆ ਗਏ ਹਨ ਤਾਂ ਡਰ ਜ਼ਿਆਦਾ ਹੈ। ਅਸੀਂ ਆਪਣੇ ਪਰਿਵਾਰ ਤਾਂ ਪਹਿਲਾਂ ਹੀ ਗੁਆ ਦਿੱਤਾ ਹੈ।"
ਜਦੋਂ ਇਸ ਖ਼ਬਰ ਬਾਰੇ ਪਤਾ ਲੱਗਿਆ ਤਾਂ ਬਿਲਕਿਸ ਦੀ ਕੀ ਪ੍ਰਤੀਕਿਰਿਆ ਸੀ, ਪੁੱਛੇ ਜਾਣ 'ਤੇ ਉਨ੍ਹਾਂ ਨੇ ਆਖਿਆ, "ਉਹ ਕਾਫ਼ੀ ਪਰੇਸ਼ਾਨ ਹੋ ਗਏ ਸਨ।"
ਅੱਗੇ ਦੀ ਰਣਨੀਤੀ ਪੁੱਛੇ ਜਾਣ 'ਤੇ ਉਨ੍ਹਾਂ ਨੇ ਆਖਿਆ ਕਿ ਫਿਲਹਾਲ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਦਸਤਾਵੇਜ਼ ਨਹੀਂ ਮਿਲਿਆ ਅਤੇ ਨਾ ਹੀ ਕੋਈ ਨੋਟੀਫਿਕੇਸ਼ਨ ਹੈ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
"ਅਸੀਂ ਇਨਸਾਫ਼ ਵਾਸਤੇ 15-17 ਸਾਲ ਇੰਤਜ਼ਾਰ ਕੀਤਾ। ਸਰਕਾਰ ਵੱਲੋਂ ਮੁਆਵਜ਼ਾ ਦੇ ਦਿੱਤਾ ਗਿਆ ਹੈ ਪਰ ਜੋ ਘਰ ਦੇਣ ਦਾ ਐਲਾਨ ਹੋਇਆ ਸੀ ਉਹ ਫਿਲਹਾਲ ਨਹੀਂ ਮਿਲਿਆ। ਸਰਕਾਰ ਵੱਲੋਂ ਨੌਕਰੀ ਦੇਣ ਦਾ ਐਲਾਨ ਵੀ ਕੀਤਾ ਸੀ।ਨੌਕਰੀ ਦਾ ਵੀ ਕੋਈ ਸਿੱਟਾ ਨਹੀਂ ਨਿਕਲਿਆ।"
"ਸਾਨੂੰ ਵਾਰ ਵਾਰ ਘਰ ਬਦਲਨਾ ਪੈਂਦਾ ਹੈ। ਅਸੀਂ ਇੱਕੋ ਜਗ੍ਹਾ ਤੇ ਲੰਬਾ ਸਮਾਂ ਨਹੀਂ ਰਹਿ ਸਕੇ।"
ਗੁਜਰਾਤ ਦੰਗਿਆਂ ਵਿੱਚ ਪਰਿਵਾਰਕ ਮੈਂਬਰਾਂ ਦੀ ਮੌਤ ਬਾਰੇ ਪੁੱਛਿਆ ਗਿਆ ਤਾਂ ਯਾਕੂਬ ਨੇ ਦੱਸਿਆ," ਬਿਲਕਿਸ ਅਤੇ ਉਨ੍ਹਾਂ ਦੇ ਪਰਿਵਾਰ ਦੇ ਕੁੱਲ 14 ਮੈਂਬਰ ਮਾਰੇ ਗਏ ਸਨ,ਜਿਨ੍ਹਾਂ ਵਿੱਚ ਬਿਲਕਿਸ ਦੀ ਮਾਂ,ਦੋ ਛੋਟੀਆਂ ਭੈਣਾਂ, ਦੋ ਭਰਾ, ਮੇਰੇ ਚਾਚਾ ਦੇ ਤਿੰਨ ਬੱਚੇ,ਤਿੰਨ ਸਾਲ ਦੀ ਇਕ ਬੱਚੀ ਅਤੇ ਦੋ ਦਿਨ ਦੀ ਇੱਕ ਬੱਚੀ ਵੀ ਸ਼ਾਮਲ ਸੀ। ਉਹ ਬੱਚੀ ਦੰਗਿਆਂ ਦੌਰਾਨ ਪੈਦਾ ਹੋਈ ਸੀ।"
ਰੌਕਸੀ ਗਾਡੇਕਰ ਛਾਰਾ ਨੇ ਦੋਸ਼ੀਆਂ ਦੇ ਵਕੀਲ ਰਹੇ ਗੋਪਾਲ ਸਿੰਘ ਸੋਲੰਕੀ ਨਾਲ ਵੀ ਗੱਲ ਕੀਤੀ।ਉਨ੍ਹਾਂ ਨੇ ਕਿਹਾ,"ਇਸ ਰਿਹਾਈ ਵਿੱਚ ਕੁਝ ਵੀ ਗ਼ੈਰਕਾਨੂੰਨੀ ਨਹੀਂ ਹੈ।
'ਕਿਸ ਆਧਾਰ 'ਤੇ ਮਿਲਦੀ ਹੈ ਰਿਹਾਈ'
ਸਾਰੀ ਦੋਸ਼ੀ 15 ਸਾਲ ਤੋਂ ਵੱਧ ਦੀ ਸਜ਼ਾ ਕੱਟ ਚੁੱਕੇ ਹਨ।ਇਨ੍ਹਾਂ ਵਿੱਚੋਂ ਇੱਕ ਦੋਸ਼ੀ ਰਾਧੇਸ਼ਾਮ ਸ਼ਾਹ ਨੇ ਸਜ਼ਾ ਵਿੱਚ ਰਿਆਇਤ ਦੀ ਗੁਹਾਰ ਲਾਈ ਸੀ।
ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਨੂੰ ਗੁਜਰਾਤ ਦੇ ਵਧੀਕ ਮੁੱਖ ਸਕੱਤਰ ਰਾਜ ਕੁਮਾਰ ਨੇ ਦੱਸਿਆ," ਉਮਰ, ਅਪਰਾਧ ਅਤੇ ਜੇਲ੍ਹ ਵਿੱਚ ਕੈਦੀ ਦਾ ਆਚਰਣ ਕਰਕੇ ਸਜ਼ਾ ਵਿੱਚ ਛੋਟ ਉਤੇ ਵਿਚਾਰ ਕੀਤਾ ਗਿਆ ਹੈ।"
ਦਰਅਸਲ ਉਮਰ ਕੈਦ ਦੀ ਸਜ਼ਾ ਵਾਲੇ ਕੈਦੀਆਂ ਨੂੰ ਘੱਟੋ ਘੱਟ 14 ਸਾਲ ਜੇਲ੍ਹ ਵਿਚ ਬਿਤਾਉਣੇ ਪੈਂਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਫਾਈਲ ਤੇ ਰੀਵਿਊ ਪੈ ਜਾਂਦਾ ਹੈ। ਉਮਰ, ਅਪਰਾਧ ਕਿਹੋ ਜਿਹਾ ਸੀ,ਜੇਲ੍ਹ ਵਿੱਚ ਕੈਦੀ ਦਾ ਆਚਰਣ ਵਰਗੀਆਂ ਗੱਲਾਂ ਦੇ ਆਧਾਰ ਤੇ ਕੈਦੀ ਦੀ ਸਜ਼ਾ ਘਟਾਈ ਜਾ ਸਕਦੀ ਹੈ।

ਤਸਵੀਰ ਸਰੋਤ, Getty Images
ਜੇਕਰ ਸਰਕਾਰ ਨੂੰ ਲੱਗਦਾ ਹੈ ਕਿ ਕੈਦੀ ਨੇ ਆਪਣੇ ਬ੍ਰਾਂਡ ਦੇ ਮੁਤਾਬਕ ਸਜ਼ਾ ਪੂਰੀ ਕਰ ਲਈ ਹੈ ਤਾਂ ਵੀ ਉਸ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਕਈ ਵਾਰ ਕੈਦੀ ਦੇ ਗੰਭੀਰ ਰੂਪ 'ਚ ਬਿਮਾਰ ਹੋਣ ਦੇ ਆਧਾਰ ਤੇ ਵੀ ਛੱਡ ਦਿੱਤਾ ਜਾਂਦਾ ਹੈ ਪਰ ਅਜਿਹਾ ਹਮੇਸ਼ਾਂ ਜ਼ਰੂਰੀ ਨਹੀਂ ਹੈ।
ਕਈ ਵਾਰ ਅਪਰਾਧੀ ਦੀ ਸਜ਼ਾ ਨੂੰ ਉਮਰ ਭਰ ਲਈ ਬਰਕਰਾਰ ਰੱਖਿਆ ਜਾਂਦਾ ਹੈ। ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਨੂੰ ਮੁਆਫੀ ਦੇ ਮਾਮਲੇ ਉੱਪਰ ਵਿਚਾਰ ਕਰਨ ਨੂੰ ਆਖਿਆ ਸੀ। ਇਸ ਤੋਂ ਬਾਅਦ ਪੰਚਮਹਿਲ ਦੇ ਕਲੈਕਟਰ ਸੂਜਲ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਗਈ ਸੀ।
ਇਸ ਕਮੇਟੀ ਨੇ ਕੈਦੀਆਂ ਦੀ ਮੁਆਫੀ ਦੀ ਮੰਗ ਨੂੰ ਸਰਬਸੰਮਤੀ ਨਾਲ ਮੰਨ ਕੇ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਹੈ। ਸੂਬਾ ਸਰਕਾਰ ਨੂੰ ਸਿਫਾਰਿਸ਼ ਭੇਜੀ ਗਈ ਸੀ ਅਤੇ ਫਿਰ ਦੋਸ਼ੀਆਂ ਦੀ ਰਿਹਾਈ ਦੇ ਆਦੇਸ਼ ਮਿਲੇ ਹਨ। ਗੁਜਰਾਤ ਸਰਕਾਰ ਦੇ ਇਸ ਫ਼ੈਸਲੇ ਦੀ ਆਲੋਚਨਾ ਵੀ ਹੋ ਰਹੀ ਹੈ।
ਸੁਪਰੀਮ ਕੋਰਟ ’ਚ ਕੀਤੀ ਸੀ ਅਪੀਲ
21 ਜਨਵਰੀ 2008 ਨੂੰ ਮੁੰਬਈ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਅਤੇ ਪਰਿਵਾਰ ਦੇ ਸੱਤ ਮੈਂਬਰਾਂ ਦੇ ਕਤਲ ਮਾਮਲੇ ਵਿੱਚ 11 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਉਨ੍ਹਾਂ ਦੀ ਸਜ਼ਾ ਨੂੰ ਬਾਅਦ ਵਿੱਚ ਬੰਬੇ ਹਾਈ ਕੋਰਟ ਨੇ ਬਰਕਰਾਰ ਰੱਖਿਆ ਸੀ।
15 ਸਾਲ ਤੋਂ ਵੱਧ ਦੀ ਕੈਦ ਦੀ ਸਜ਼ਾ ਕੱਟਣ ਤੋਂ ਬਾਅਦ, ਇੱਕ ਦੋਸ਼ੀ ਨੇ ਆਪਣੀ ਸਮੇਂ ਤੋਂ ਪਹਿਲਾਂ ਰਿਹਾਈ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ। ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਨੂੰ ਸਜ਼ਾ ਤੋਂ ਛੋਟ ਦੇ ਮੁੱਦੇ 'ਤੇ ਗੌਰ ਕਰਨ ਦਾ ਨਿਰਦੇਸ਼ ਦਿੱਤਾ ਸੀ।
ਅਦਾਲਤ ਦੇ ਨਿਰਦੇਸ਼ ਤੋਂ ਬਾਅਦ ਗੁਜਰਾਤ ਸਰਕਾਰ ਨੇ ਇਸ ਮਾਮਲੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਸੀ।
ਕਮੇਟੀ ਨੇ ਕੁਝ ਮਹੀਨੇ ਪਹਿਲਾਂ ਇਸ ਕੇਸ ਦੇ ਸਾਰੇ 11 ਦੋਸ਼ੀਆਂ ਨੂੰ ਰਿਹਾਅ ਕਰਨ ਦੇ ਹੱਕ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਸੀ ਅਤੇ ਰਾਜ ਸਰਕਾਰ ਨੂੰ ਇੱਕ ਸਿਫਾਰਿਸ਼ ਭੇਜੀ ਗਈ ਸੀ, ਜਿਸ ਤੋਂ ਬਾਅਦ ਰਿਹਾਈ ਦੇ ਹੁਕਮ ਦਿੱਤੇ ਗਏ ਸਨ।

ਇਹ ਵੀ ਪੜ੍ਹੋ-

ਕੀ ਸੀ ਮਾਮਲਾ
ਬਿਲਕਿਸ ਨੇ ਆਪਣੀਆਂ ਅੱਖਾਂ ਸਾਹਮਣੇ ਪਰਿਵਾਰ ਦੇ 14 ਜੀਆਂ ਦਾ ਕਤਲ ਹੁੰਦਿਆਂ ਹੋਇਆ ਦੇਖਿਆ, ਜਿਸ ਵਿੱਚ ਉਨ੍ਹਾਂ ਦੀ ਆਪਣੀ ਧੀ ਵੀ ਸ਼ਾਮਿਲ ਸੀ।
ਗੈਂਗ ਰੇਪ ਦਾ ਸ਼ਿਕਾਰ ਬਣ ਕੇ ਅਧਮਰੀ ਹਾਲਤ 'ਚ ਕਈ ਘੰਟਿਆਂ ਤੱਕ ਪਏ ਰਹਿਣ ਤੋਂ ਬਾਅਦ ਫਿਰ ਹੋਸ਼ ਆਉਣ 'ਤੇ ਬੜੀ ਮੁਸ਼ਕਿਲ ਨਾਲ ਕੋਲ ਦੀ ਪਹਾੜੀ 'ਤੇ ਲੁਕ ਕੇ ਉਨ੍ਹਾਂ ਨੇ ਆਪਣੀ ਜਾਨ ਬਚਾਈ।
ਜਦੋਂ ਇਹ ਸਭ ਕੁਝ ਹੋਇਆ ਤਾਂ ਉਸ ਵੇਲੇ ਬਿਲਕਿਸ ਬਾਨੋ ਦੀ ਉਮਰ ਕਰੀਬ 20 ਸਾਲ ਦੀ ਹੀ ਹੋਵੇਗੀ। ਜਦੋਂ ਇਹ ਹਾਦਸਾ ਹੋਇਆ ਤਾਂ ਬਿਲਕਿਸ ਬਾਨੋ ਆਪਣੇ ਪਿਤਾ ਦੇ ਪਿੰਡੋਂ ਪਰਿਵਾਰ ਦੇ ਲੋਕਾਂ ਨਾਲ ਦੂਜੇ ਪਿੰਡ ਜਾ ਰਹੀ ਸੀ।
ਆਪਣੇ ਪਿੰਡ ਦੀ ਗੱਲ ਕਰਦਿਆਂ ਬਿਲਕਿਸ ਨੇ ਦੱਸਿਆ, "ਪੂਰਾ ਪਰਿਵਾਰ ਖ਼ਤਮ ਹੋ ਗਿਆ ਸਾਡਾ। ਮਾਰ ਦਿੱਤਾ ਸਾਰਿਆਂ ਨੂੰ।"
ਸਾਲ 2002 ਵਿੱਚ ਜਦੋਂ ਬਿਲਕਿਸ ਨਾਲ ਬਲਾਤਕਾਰ ਹੋਇਆ ਤਾਂ ਉਹ ਉਸ ਵੇਲੇ ਗਰਭਵਤੀ ਸੀ। ਉਨ੍ਹਾਂ ਦੀ ਤਿੰਨ ਸਾਲ ਦੀ ਧੀ ਸਾਲੇਹਾ ਦਾ ਵੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।
ਇਨਸਾਫ਼ ਮਿਲਣ ਵੇਲੇ ਬਿਲਕਿਸ ਨੇ ਕੀ ਕਿਹਾ ਸੀ
ਸਾਲ 2017 ਵਿੱਚ ਬਿਲਕਿਸ ਬਾਨੋ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਸੀ ਅਦਾਲਤ ਦੇ ਫੈਸਲੇ ਨਾਲ ਉਨ੍ਹਾਂ ਨੂੰ ਇਨਸਾਫ਼ ਮਿਲਿਆ ਹੈ ਅਤੇ ਉਮੀਦ ਜਗਾਈ ਹੈ।
ਇਸੇ ਹੀ ਸਾਲ ਬਿਲਕਿਸ ਬਾਨੋ ਦੇ ਮੁਲਜ਼ਮਾਂ ਨੂੰ ਅਦਾਲਤ ਨੇ ਸਜ਼ਾ ਸੁਣਾਈ ਸੀ।
ਉਨ੍ਹਾਂ ਨੇ ਉਸ ਵੇਲੇ ਕਿਹਾ ਸੀ, "ਮੈਨੂੰ ਹਮੇਸ਼ਾ ਤੋਂ ਨਿਆਂਪਾਲਿਕਾ 'ਤੇ ਪੂਰਾ ਭਰੋਸਾ ਰਿਹਾ ਹੈ। ਮੈਂ ਇਸ ਫ਼ੈਸਲੇ ਲਈ ਬੰਬੇ ਹਾਈ ਕੋਰਟ ਦੀ ਧੰਨਵਾਦੀ ਹਾਂ।"

ਤਸਵੀਰ ਸਰੋਤ, Dakshesh Shah
ਉਸ ਨੇ ਅੱਗੇ ਕਿਹਾ ਸੀ, "ਮੈਨੂੰ ਲੱਗਦਾ ਹੈ ਕਿ ਇਸ ਅਪਰਾਧ ਵਿੱਚ ਸੂਬਾ ਸਰਕਾਰ ਅਤੇ ਪੁਲਿਸ ਦੋਵੇਂ ਸ਼ਾਮਲ ਹਨ। ਦੋਸ਼ੀਆਂ ਨੂੰ ਬਲਾਤਕਾਰ ਅਤੇ ਲੁੱਟ-ਖੋਹ ਕਰਨ ਦੀ ਪੂਰੀ ਆਜ਼ਾਦੀ ਦਿੱਤੀ ਗਈ ਸੀ।"
ਬਿਲਕਿਸ ਬਾਨੋ ਦੀ ਇਨਸਾਫ਼ ਲਈ ਲੜਾਈ ਲੰਬੀ ਅਤੇ ਡਰਾਉਣੀ ਸੀ, ਪਰ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਸ ਲੜਾਈ ਨੂੰ ਛੱਡਣ ਬਾਰੇ ਕਦੇ ਨਹੀਂ ਸੋਚਿਆ।
'ਜਾਨ ਦੀਆਂ ਧਮਕੀਆਂ ਵੀ ਮਿਲੀਆਂ'
ਪੁਲਿਸ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੂੰ ਧਮਕੀਆਂ ਦਿੱਤੀਆਂ, ਸਬੂਤ ਨਸ਼ਟ ਕਰ ਦਿੱਤੇ, ਪੋਸਟਮਾਰਟਮ ਤੋਂ ਬਿਨਾਂ ਹੀ ਲਾਸ਼ਾਂ ਨੂੰ ਦਫ਼ਨਾ ਦਿੱਤਾ ਗਿਆ ਸੀ।
ਡਾਕਟਰਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਬਿਲਕਿਸ ਬਾਨੋ ਨਾਲ ਬਲਾਤਕਾਰ ਨਹੀਂ ਹੋਇਆ। ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ।
ਅਪਰਾਧ ਦੀ ਗੰਭੀਰਤਾ ਅਤੇ ਹਮਲਾਵਰਾਂ ਦੀ ਪਛਾਣ ਦੇ ਬਾਵਜੂਦ, ਇਸ ਮਾਮਲੇ ਵਿੱਚ ਪਹਿਲੀ ਗ੍ਰਿਫ਼ਤਾਰੀ 2004 ਵਿੱਚ ਕੀਤੀ ਗਈ ਸੀ।
ਇਹ ਗ੍ਰਿਫ਼ਤਾਰੀ ਸੁਪਰੀਮ ਕੋਰਟ ਵੱਲੋਂ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਤੋਂ ਬਾਅਦ ਹੋਈ ਸੀ।
ਵਿਧਾਇਕ ਦਾ ਅਸਤੀਫ਼ਾ
ਸੁਪਰੀਮ ਕੋਰਟ ਨੇ ਵੀ ਉਸ ਦੀ ਮੰਗ ਮੰਨ ਲਈ ਕਿ ਉਸ ਨੂੰ ਗੁਜਰਾਤ ਦੀਆਂ ਅਦਾਲਤਾਂ ਵਿੱਚ ਇਨਸਾਫ਼ ਨਹੀਂ ਮਿਲ ਸਕਿਆ ਅਤੇ ਕੇਸ ਮੁੰਬਈ ਦੀ ਅਦਾਲਤ ਵਿੱਚ ਭੇਜ ਦਿੱਤਾ ਸੀ।
ਇਸ ਘਟਨਾ ਤੋਂ ਬਾਅਦ ਅੱਟਰੂ ਤੋਂ ਕਾਂਗਰਸ ਵਿਧਾਇਕ ਪਾਨਾਚੰਦ ਮੇਘਵਾਲ ਨੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਆਖਿਆ,"ਇੱਕ ਘੜੇ ਵਿੱਚ ਪਾਣੀ ਪੀਣ ਨਾਲ ਇਹ ਘੋੜੇ ਤੇ ਚੜ੍ਹਨ ਨਾਲ ਇਹ ਮੁੱਛਾਂ ਰੱਖਣ ਨਾਲ ਕਿਸੇ ਸਮਾਜ ਦਾ ਮਾਣ ਘੱਟ ਨਹੀਂ ਜਾਂਦਾ। ਜਿਸ ਤਰੀਕੇ ਨਾਲ ਦਲਿਤ ਸਮਾਜ ਨਾਲ ਅੱਤਿਆਚਾਰ ਹੋ ਰਹੇ ਹਨ,ਉਨ੍ਹਾਂ ਨੂੰ ਮਾਰਿਆ ਜਾਂਦਾ ਹੈ, ਇਹ ਦੇਖ ਕੇ ਮੈਨੂੰ ਚੰਗਾ ਨਹੀਂ ਲੱਗਿਆ।
"ਇਸ ਤਰ੍ਹਾਂ ਦੇ ਅੱਤਿਆਚਾਰ ਨੂੰ ਸਹਿਣ ਨਹੀਂ ਕੀਤਾ ਜਾਵੇਗਾ।ਲੋਕਾਂ ਵਿੱਚ ਜਾਗਰੂਕਤਾ ਲਿਆਉਣ ਲਈ ਕੋਈ ਨਾ ਕੋਈ ਕੁਰਬਾਨੀ ਦੇਣੀ ਪੈਂਦੀ ਹੈ ਅਤੇ ਮੈਂ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫ਼ਾ ਦੇ ਰਿਹਾ ਹਾਂ ।"

ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












