You’re viewing a text-only version of this website that uses less data. View the main version of the website including all images and videos.
ਆਜ਼ਾਦੀ ਦੇ 75 ਸਾਲ: ਲਾਲ ਕਿਲੇ ਤੋਂ ਪੀਐੱਮ ਮੋਦੀ ਨੇ ਔਰਤਾਂ ਨੂੰ ਬੇਇੱਜ਼ਤ ਨਾ ਕਰਨ ਸਣੇ ਇਹ 5 ਅਹਿਦ ਗਿਣਵਾਏ
ਦੇਸ਼ ਆਜ਼ਾਦੀ ਦਾ 75ਵਾਂ ਦਿਹਾੜਾ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਲ ਕਿਲੇ 'ਤੇ ਤਿਰੰਗਾ ਲਹਿਰਾਇਆ ਅਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਮੋਦੀ ਨੇ ਇਸ ਤੋਂ ਪਹਿਲਾਂ ਰਾਜਘਾਟ 'ਤੇ ਮੋਹਨਦਾਸ ਕਰਮਚੰਦ ਗਾਂਧੀ ਦੀ ਸਮਾਧੀ 'ਤੇ ਸ਼ਰਧਾਂਜਲੀ ਵੀ ਦਿੱਤੀ।
ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਕੀ ਕਿਹਾ
ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਆਜ਼ਾਦੀ ਘੁਲਾਟੀਆਂ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ, "ਅੱਜ ਅਸੀਂ ਆਜ਼ਾਦੀ ਦਿਵਸ ਮਨਾ ਰਹੇ ਹਾਂ ਤਾਂ ਪਿਛਲੇ 75 ਸਾਲਾਂ ਵਿੱਚ ਦੇਸ਼ ਦੀ ਸੇਵਾ ਕਰਨ ਵਾਲੇ, ਭਾਵੇਂ ਉਹ ਪੁਲਿਸ ਵਾਲੇ ਹੋਣ, ਫੌਜੀ ਹੋਣ, ਪ੍ਰਸ਼ਾਸਕ ਹੋਣ ਜਾਂ ਕੋਈ ਹੋਰ ਉਨ੍ਹਾਂ ਨੂੰ ਵੀ ਯਾਦ ਕਰਨ ਦੀ ਮੌਕਾ ਹੈ।
"ਜਿਨ੍ਹਾਂ ਦੇ ਦੇਸ਼ ਦੇ 75 ਸਾਲਾ ਦੌਰਾਨ ਦੇਸ਼ ਨੂੰ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਪਾਇਆ।"
"75 ਸਾਲਾਂ ਦਾ ਸਫ਼ਰ ਸੌਖਾ ਨਹੀਂ ਸੀ, ਔਖਿਆਈਆਂ ਭਰਿਆ ਸੀ, ਬੜੇ ਉਤਰਾਅ, ਚੜਾਅ ਦੇਖੇ, ਸੈਂਕੜੇ ਸਾਲਾਂ ਦੀ ਗੁਲਾਮੀ ਨੇ ਭਾਰਤ ਦੇ ਮਨ ਨੂੰ ਡੂੰਘੀਆਂ ਸੱਟਾਂ ਮਾਰੀਆਂ ਪਰ ਉਸ ਦੇ ਅੰਦਰ ਇੱਕ ਜ਼ਿੱਦ, ਜਨੂੰਨ ਵੀ ਸੀ।"
ਪੀਐੱਮ ਮੋਦੀ ਨੇ ਕਿਹਾ, "ਭਾਰਤ ਦੀ ਵਿਭਿੰਨਤਾ ਹੀ ਭਾਰਤ ਦੀ ਸ਼ਕਤੀ ਹੈ, ਜੋ ਹੋਰਨਾਂ ਨੂੰ ਬੋਝ ਲਗਦੀ ਸੀ। ਭਾਰਤ ਲੋਕਤੰਤਰ ਦੀ ਜਨਣੀ ਹੈ ਅਤੇ ਜਿਨ੍ਹਾਂ ਦੇ ਮਨ ਵਿੱਚ ਲੋਕਤੰਤਰ ਹੁੰਦਾ ਹੈ ਉਨ੍ਹਾਂ ਵਿੱਚ ਅੱਗੇ ਵਧਣ ਦਾ ਦ੍ਰਿੜ ਸੰਕਲਪ ਹੁੰਦਾ ਹੈ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਮ੍ਰਿਤਕਾਲ ਦੀ ਪਹਿਲੀ ਸਵੇਰ ਅਭਿਲਾਸ਼ੀ ਸਮਾਜ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਸੁਨਹਿਰੀ ਮੌਕਾ ਹੈ। ਤਿਰੰਗੇ ਝੰਡੇ ਨੇ ਸਾਡੇ ਦੇਸ਼ ਅੰਦਰ ਵੱਡੀ ਸਮਰੱਥਾ ਨੂੰ ਦਰਸਾਇਆ ਹੈ।
ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਦੇਸ਼ ਦੇ ਅੰਮ੍ਰਿਤ ਕਾਲ ਦੀ ਪਹਿਲੀ ਸਵੇਰ ਹੈ ਅਤੇ ਦੇਸ਼ ਨੂੰ ਆਉਣ ਵਾਲੇ 25 ਸਾਲਾ ਲਈ ਸੰਕਲਪ ਲੈ ਕੇ ਤੁਰਨਾ ਹੋਵੇਗਾ।
ਪੀਐੱਮ ਮੋਦੀ ਨੇ ਇਸਦੇ ਲਈ 5 ਅਹਿਦ ਲੈਣ ਦੀ ਗੱਲ ਕੀਤੀ
ਕਿਹੜੇ ਹਨ ਉਹ 5 ਅਹਿਦ
- ਹੁਣ ਵੱਡੇ ਸੰਕਲਪ ਲੈ ਕੇ ਚੱਲਣਾ ਹੋਵੇਗਾ ਤੇ ਬਹੁਤ ਵੱਡਾ ਸੰਕਲਪ ਹੈ, ਵਿਕਸਤ ਭਾਰਤ। ਮਨ ਦੇ ਕਿਸੇ ਵੀ ਕੋਨੇ 'ਚ ਜੇਕਰ ਗੁਲ਼ਾਮੀ ਦਾ ਕੋਈ ਅੰਸ਼ ਵੀ ਬਾਕੀ ਹੈ ਤਾਂ ਉਸ ਨੂੰ ਕਿਸੇ ਵੀ ਹਾਲ ਵਿੱਚ ਖ਼ਤਮ ਕਰਨਾ ਹੈ, ਸੈਂਕੜੇ ਸਾਲਾਂ ਦੀ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਹਾਸਿਲ ਕਰਨੀ ਹੋਵੇਗੀ।
- ਸਾਨੂੰ ਸਾਡੀ ਵਿਰਾਸਤ 'ਤੇ ਮਾਣ ਹੋਣਾ ਚਾਹੀਦਾ ਹੈ, ਜਿਸ ਨੇ ਭਾਰਤ ਨੂੰ ਸੁਨਹਿਰਾ ਕਾਲ ਦਿੱਤਾ ਹੈ।
- ਏਕਤਾ ਅਤੇ ਇੱਕਜੁਟਤਾ, 130 ਕਰੋੜ ਭਾਰਤ ਵਾਸੀਆਂ ਦੀ ਏਕਤਾ ਹੀ ਭਾਰਤ ਨੂੰ ਸਰਬਉੱਤਮ ਭਾਰਤ ਬਣਾਉਣ ਦੇ ਸੁਪਨੇ ਲਈ ਜ਼ਰੂਰੀ ਹੈ।
- ਅਸੀਂ ਆਪਣੀ ਬੋਲੀ ਵਿੱਚ, ਆਪਣੇ ਸ਼ਬਦਾਂ ਵਿੱਚ ਔਰਤਾਂ ਦਾ ਅਪਮਾਨ ਕਰਦੇ ਹਾਂ, ਕੀ ਅਸੀਂ ਸੁਭਾਅ ਨਾਲ, ਸੰਸਕਾਰਾਂ ਨਾਲ ਰੋਜ਼ਾਨਾ ਜੀਵਨ ਵਿੱਚ ਔਰਤਾਂ ਨੂੰ ਅਪਮਾਨਿਤ ਕਰਨ ਵਾਲੀ ਹਰ ਚੀਜ਼ ਤੋਂ ਛੁਟਕਾਰਾ ਪਾਉਣ ਦਾ ਸੰਕਲਪ ਲੈ ਸਕਦੇ ਹਾਂ?
- ਨਾਗਰਿਕਾਂ ਦੇ ਕਰਤੱਵ, ਜਿਸ ਵਿੱਚ ਪੀਐੱਮ ਤੇ ਮੁੱਖ ਮੰਤਰੀ ਵੀ ਸ਼ਾਮਿਲ ਹਨ, ਉਹ ਵੀ ਭਾਰਤ ਦੇ ਨਾਗਰਿਕ ਹੀ ਹਨ। ਜਦੋਂ ਸੁਪਨੇ ਵੱਡੇ ਹੁੰਦੇ ਹਨ ਤਾਂ ਸੰਕਲਪ ਵੀ ਵੱਡੇ ਹੁੰਦੇ ਹਨ।
ਇਹ ਵੀ ਪੜ੍ਹੋ:
ਪੀਐੱਮ ਮੋਦੀ ਨੇ ਕਿਹਾ ਕਿ ਸਾਨੂੰ ਕਿਸੇ ਵੀ ਹਾਲਤ ਵਿੱਚ ਦੂਜਿਆਂ ਵਾਂਗ ਦਿਖਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਅਸੀਂ ਜਿਵੇਂ ਹਾਂ ਠੀਕ ਹਾਂ। ਅਸੀਂ ਗ਼ੁਲਾਮੀ ਤੋਂ ਆਜ਼ਾਦੀ ਚਾਹੁੰਦੇ ਹਾਂ। ਮੈਨੂੰ ਆਸ ਦਿਖਾਈ ਦਿੰਦੀ ਹੈ ਜਿਸ ਤਰ੍ਹਾਂ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਬਣਾਈ ਗਈ ਹੈ, ਵਿਚਾਰ-ਵਟਾਂਦਰਾਂ ਕਰ ਕੇ ਬਣਾਈ ਗਈ।
ਉਨ੍ਹਾਂ ਨੇ ਕਿਹਾ, "ਇਹ ਅਜਿਹੀ ਸ਼ਕਤੀ ਹੈ ਜੋ ਸਾਨੂੰ ਗੁਲਾਮੀ ਤੋਂ ਮੁਕਤ ਹੋਣ ਦੀ ਤਾਕਤ ਦੇਵੇਗੀ। ਅਸੀਂ ਦੇਖਿਆ ਹੈ ਕਿ ਕਈ ਵਾਰ ਸਾਡਾ ਹੁਨਰ ਭਾਸ਼ਾ ਦੇ ਬੰਧਨਾਂ ਵਿੱਚ ਜਕੜਿਆਂ ਜਾਂਦਾ ਹੈ। ਇਹ ਗੁਲਾਮੀ ਦੀ ਮਾਨਸਿਕਤਾ ਦਾ ਪ੍ਰਭਾਵ ਹੈ। ਸਾਨੂੰ ਆਪਣੀ ਭਾਸ਼ਾ 'ਤੇ ਮਾਣ ਹੋਣਾ ਚਾਹੀਦਾ ਹੈ।"
ਨਾਰੀ ਸ਼ਕਤੀ ਬਾਰੇ ਬੋਲੇ ਪੀਐੱਮ ਮੋਦੀ
ਔਰਤਾਂ ਬਾਰੇ ਗੱਲ ਕਰਦਿਆਂ ਪੀਐੱਮ ਮੋਦੀ ਨੇ ਕਿਹਾ, "ਅਸੀਂ ਆਪਣੀ ਬੋਲੀ ਵਿੱਚ, ਆਪਣੇ ਸ਼ਬਦਾਂ ਵਿੱਚ ਔਰਤਾਂ ਦਾ ਅਪਮਾਨ ਕਰਦੇ ਹਾਂ, ਕੀ ਅਸੀਂ ਸੁਭਾਅ ਨਾਲ, ਸੰਸਕਾਰਾਂ ਨਾਲ ਰੋਜ਼ਾਨਾ ਜੀਵਨ ਵਿੱਚ ਔਰਤਾਂ ਨੂੰ ਅਪਮਾਨਿਤ ਕਰਨ ਵਾਲੀ ਹਰ ਚੀਜ਼ ਤੋਂ ਛੁਟਕਾਰਾ ਪਾਉਣ ਦਾ ਸੰਕਲਪ ਲੈ ਸਕਦੇ ਹਾਂ? ਰਾਸ਼ਟਰ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਔਰਤਾਂ ਦਾ ਮਾਣ ਬਹੁਤ ਵੱਡੀ ਪੂੰਜੀ ਸਾਬਤ ਹੋਣ ਵਾਲਾ ਹੈ। ਮੈਂ ਇਹ ਸਮਰੱਥਾ ਵੀ ਦੇਖਦਾ ਹਾਂ।"
ਪੀਐੱਮ ਨੇ ਨਾਰੀ ਸ਼ਕਤੀ ਬਾਰੇ ਗੱਲ ਕਰਦਿਆਂ ਅੱਗੇ ਕਿਹਾ, "ਭਾਰਤ ਦੀ ਨਾਰੀ ਸ਼ਕਤੀ ਇੱਕ ਨਵੇਂ ਜੋਸ਼ ਨਾਲ ਅੱਗੇ ਆ ਰਹੀ ਹੈ। ਆਉਣ ਵਾਲੇ 25 ਸਾਲਾਂ ਵਿੱਚ ਮਹਿਲਾ ਸ਼ਕਤੀ ਨੂੰ ਅੱਗੇ ਵਧਣ ਦਾ ਮੌਕਾ ਦੇਵਾਂਗੇ।''
''ਇਸ ਅੰਮ੍ਰਿਤ ਕਾਲ ਵਿੱਚ ਸੁਪਨਿਆਂ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ। ਜੇਕਰ ਨਾਰੀ ਸ਼ਕਤੀ ਨੂੰ ਜੋੜਿਆ ਜਾਵੇਗਾ ਤਾਂ ਸਾਡੀ ਮਿਹਨਤ ਘੱਟ ਜਾਵੇਗੀ, ਸਾਡੇ ਸੁਪਨੇ ਹੋਰ ਚਮਕਦਾਰ ਅਤੇ ਜੀਵਤ ਹੋਣਗੇ। ਆਓ ਇਨ੍ਹਾਂ ਜ਼ਿੰਮੇਵਾਰੀਆਂ ਨਾਲ ਅੱਗੇ ਵਧੀਏ।"
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਸਮੇਂ ਸਿਰ ਸਾਡੀਆਂ ਬੁਰਾਈਆਂ ਦਾ ਹੱਲ ਨਾ ਕੱਢਿਆ ਗਿਆ ਤਾਂ ਇਹ ਭਿਆਨਕ ਰੂਪ ਧਾਰਨ ਕਰ ਸਕਦੀਆਂ ਹਨ। ਇਹ ਹਨ, ਪਹਿਲਾ ਭ੍ਰਿਸ਼ਟਾਚਾਰ, ਦੂਜਾ ਭਾਈ-ਭਤੀਜਾਵਾਦ, ਪਰਿਵਾਰਵਾਦ।
ਉਨ੍ਹਾਂ ਨੇ ਅੱਗੇ ਕਿਹਾ, "ਭਾਰਤ ਵਰਗੇ ਲੋਕਤੰਤਰ ਵਿੱਚ ਜਿੱਥੇ ਲੋਕ ਗਰੀਬੀ ਨਾਲ ਜੂਝ ਰਹੇ ਹਨ। ਭ੍ਰਿਸ਼ਟਾਚਾਰ ਦੇਸ਼ ਨੂੰ ਦੀਮਕ ਵਾਂਗ ਖੋਖਲਾ ਕਰ ਰਿਹਾ ਹੈ, ਦੇਸ਼ ਨੂੰ ਇਸ ਨਾਲ ਲੜਨਾ ਪਵੇਗਾ। ਸਾਡੀ ਕੋਸ਼ਿਸ਼ ਹੈ ਕਿ ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਹੈ, ਉਹ ਵੀ ਵਾਪਸ ਆਉਣ, ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ।"
ਭਾਸ਼ਾਵਾਂ ਦੇ ਸਨਮਾਨ ਅਤੇ ਨਵੀਂ ਸਿੱਖਿਆ ਨੀਤੀ ਬਾਰੇ ਬੋਲੇ ਪੀਐੱਮ ਮੋਦੀ
ਪੀਐੱਮ ਮੋਦੀ ਨੇ ਆਪਣੇ ਸੰਬੋਧਨ ਵਿੱਚ ਭਾਸ਼ਾ ਅਤੇ ਨਵੀਂ ਸਿੱਖਿਆ ਨੀਤੀ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਕਿਹਾ, "ਜਿਸ ਤਰ੍ਹਾਂ ਨਵੀਂ ਸਿੱਖਿਆ ਨੀਤੀ ਬਣਾਈ ਗਈ ਹੈ ਅਤੇ ਕਰੋੜਾਂ ਲੋਕਾਂ ਦੇ ਵਿਚਾਰਾਂ ਨੂੰ ਜੋੜ ਕੇ ਬਣਾਈ ਗਈ ਹੈ। ਇਹ ਇੱਕ ਅਜਿਹੀ ਸ਼ਕਤੀ ਹੈ ਜੋ ਸਾਨੂੰ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਦੀ ਸ਼ਕਤੀ ਦੇਵੇਗੀ।"
ਭਾਸ਼ਾ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਵਾਰ ਸਾਡਾ ਹੁਨਰ ਭਾਸ਼ਾ ਦੇ ਬੰਧਨ ਵਿੱਚ ਬੱਝ ਜਾਂਦਾ ਹੈ। ਇਹ ਗ਼ੁਲਾਮੀ ਦੀ ਮਾਨਸਿਕਤਾ ਦਾ ਨਤੀਜਾ ਹੈ। ਸਾਨੂੰ ਆਪਣੇ ਦੇਸ਼ ਦੀ ਹਰ ਭਾਸ਼ਾ 'ਤੇ ਮਾਣ ਹੋਣਾ ਚਾਹੀਦਾ ਹੈ। ਅਸੀਂ ਕੋਈ ਵੀ ਭਾਸ਼ਾ ਜਾਣਦੇ ਹੋਈਏ ਜਾਂ ਨਹੀਂ, ਪਰ ਇਹ ਮੇਰੇ ਦੇਸ਼ ਦੀ ਭਾਸ਼ਾ ਹੈ, ਇਹ ਮੇਰੇ ਪੁਰਖਿਆਂ ਦੀ ਭਾਸ਼ਾ ਹੈ, ਇਹ ਸੋਚ ਕੇ ਸਾਨੂੰ ਮਾਣ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: