ਡਾਲਰ ਦੇ ਮੁਕਾਬਲੇ ਰੁਪਏ ਦਾ ਹੇਠਾਂ ਡਿੱਗਣ ਦਾ ਮਤਲਬ ਕੀ ਹੈ, ਸੌਖੇ ਸ਼ਬਦਾਂ ’ਚ ਸਮਝੋ

ਤਸਵੀਰ ਸਰੋਤ, Getty Images
- ਲੇਖਕ, ਫੈਸਲ ਮੁਹੰਮਦ
- ਰੋਲ, ਬੀਬੀਸੀ ਪੱਤਰਕਾਰ
ਰੁਪਏ ਦਾ ਮੁੱਲ ਲਗਾਤਾਰ ਹੇਠਾਂ ਡਿੱਗਦਾ ਜਾ ਰਿਹਾ ਹੈ। ਜੁਲਾਈ ਵਿੱਚ ਪਹਿਲੀ ਵਾਰ ਰੁਪਏ ਦੀ ਕੀਮਤ ਡਿੱਗ ਕੇ, 1 ਡਾਲਰ ਦੇ ਮੁਕਾਬਲੇ 80 ਰੁਪਏ ਦੇ ਪਾਰ ਹੋ ਗਈ।
ਡਾਲਰ ਦੇ ਮੁਕਾਬਲੇ ਰੁਪਏ ਦਾ ਹੇਠਾਂ ਡਿੱਗਦੇ ਮੁੱਲ ਨੂੰ ਲੈ ਕੇ ਵਿਰੋਧੀ ਧਿਰਾਂ ਸਰਕਾਰ ਨੂੰ ਨਿਸ਼ਾਨੇ 'ਤੇ ਲੈ ਰਹੀਆਂ ਹਨ।
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸਵਾਲ ਵੀ ਪੁੱਛੇ ਹਨ।
ਰਾਹੁਲ ਗਾਂਧੀ ਨੇ ਟਵਿੱਟਰ 'ਤੇ ਇੱਕ ਗ੍ਰਾਫ ਸਾਂਝਾ ਕਰਦਿਆਂ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦਾ ਇੱਕ ਪੁਰਾਣਾ ਬਿਆਨ ਯਾਦ ਕਰਵਾਇਆ। ਇਹ ਬਿਆਨ ਉਸ ਦੌਰ ਦਾ ਹੈ, ਜਦੋਂ ਮੋਦੀ ਗੁਜਰਾਤ ਰਾਜ ਦੇ ਮੁੱਖ ਮੰਤਰੀ ਸਨ।
ਰਾਹੁਲ ਗਾਂਧੀ ਨੇ ਲਿਖਿਆ ਹੈ, " ਦੇਸ਼ ਨਿਰਾਸ਼ਾ ਦੇ ਕਾਰਨ ਗਰਕ ਰਿਹਾ ਹੈ", ਇਹ ਤੁਹਾਡੇ ਹੀ ਸ਼ਬਦ ਹਨ ਨਾ, ਪ੍ਰਧਾਨ ਮੰਤਰੀ ਜੀ? ਉਸ ਸਮੇਂ ਤੁਸੀਂ ਜਿੰਨ੍ਹਾਂ ਰੌਲਾ ਪਾਉਂਦੇ ਸੀ, ਅੱਜ ਰੁਪਏ ਦੀ ਕੀਮਤ 'ਚ ਤੇਜ਼ੀ ਨਾਲ ਆ ਰਹੀ ਗਿਰਾਵਟ ਨੂੰ ਵੇਖ ਕੇ ਉਨੇ ਹੀ 'ਚੁੱਪ' ਹੋ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 1
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਸ ਸਮੇਂ ਦੇ ਬਿਆਨ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹਨ।
ਕਾਂਗਰਸ ਤਰਜਮਾਨ ਸੁਪ੍ਰੀਆ ਸ਼੍ਰੀਨੇਤ ਨੇ ਵੀ ਸਰਕਾਰ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ, " ਇਹ ਸਵੀਕਾਰ ਕਰਨਾ ਹੀ ਪਵੇਗਾ ਕਿ ਕਮਜ਼ੋਰ ਰੁਪਏ ਦਾ ਸਭ ਤੋਂ ਵੱਡਾ ਕਾਰਨ ਢਹਿ-ਢੇਰੀ ਹੋਈ ਅਰਥ ਵਿਵਸਥਾ- ਬੇਲਾਗਮ ਮਹਿੰਗਾਈ ਹੈ।"
ਸਰਕਾਰ ਵੀ ਸ਼ਾਇਦ ਸਾਰੀ ਸਥਿਤੀ ਤੋਂ ਭਲੀ ਭਾਂਤੀ ਜਾਣੂ ਹੈ। ਦੋ ਹਫ਼ਤੇ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ, " ਰਿਜ਼ਰਵ ਬੈਂਕ ਰੁਪਏ 'ਤੇ ਨਜ਼ਰ ਰੱਖ ਰਿਹਾ ਹੈ। ਸਰਕਾਰ ਐਕਸਚੇਂਜ ਰੇਟ ਨੂੰ ਲੈ ਕੇ ਲਗਾਤਾਰ ਭਾਰਤੀ ਰਿਜ਼ਰਵ ਬੈਂਕ ਦੇ ਸੰਪਰਕ 'ਚ ਹੈ।"
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post, 2
ਪਰ ਅਜਿਹਾ ਕਿਉਂ ਹੋ ਰਿਹਾ ਹੈ ? ਡਾਲਰ ਦੇ ਮੁਕਾਬਲੇ ਰੁਪਏ ਦਾ ਮੁੱਲ ਕਿਉਂ ਡਿੱਗ ਰਿਹਾ ਹੈ ਅਤੇ ਉਹ ਕਿਹੜੇ ਕਾਰਕ ਹਨ, ਜੋ ਕਿ ਰੁਪਏ ਦੀ ਦਰ ਨੂੰ ਨਿਰਧਾਰਤ ਕਰਦੇ ਹਨ ?
ਹੁਣ ਜੇਕਰ ਤੁਸੀਂ ਇੱਕ ਡਾਲਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਦੇ ਬਦਲੇ 79 ਰੁਪਏ ਦੇਣੇ ਪੈਣਗੇ। ਇਸ ਨੂੰ ਤਕਨੀਕੀ ਭਾਸ਼ਾ 'ਚ ਐਕਸਚੇਂਜ ਰੇਟ ਕਿਹਾ ਜਾਂਦਾ ਹੈ।
ਅਜਿਹੀ ਖਰੀਦੋ-ਫਰੋਖਤ, ਰੁਪਏ ਅਤੇ ਡਾਲਰ ਤੋਂ ਇਲਾਵਾ ਦੂਜੀਆਂ ਮੁਦਰਾਵਾਂ ਵਿਚਾਲੇ ਵੀ ਹੁੰਦੀ ਹੈ।

ਤਸਵੀਰ ਸਰੋਤ, Getty Images
ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੀਆਂ ਆਪੋ ਆਪਣੀਆਂ ਮੁਦਰਾਵਾਂ ਹਨ। ਜਿਵੇਂ ਬ੍ਰਿਟੇਨ ਦੀ ਮੁਦਰਾ ਪਾਊਂਡ ਅਤੇ ਮਲੇਸ਼ੀਆ ਦੀ ਮੁਦਰਾ ਰਿੰਗਿਟ ਹੈ।
ਇਸ ਲਈ ਮੰਨ ਲਵੋ ਕਿ ਕੋਈ ਵਿਅਕਤੀ ਬ੍ਰਿਟੇਨ ਤੋਂ ਕੁਝ ਖਰੀਦਣਾ ਚਾਹੁੰਦਾ ਹੈ ਜਾਂ ਵਪਾਰ ਕਰਨਾ ਚਾਹੁੰਦਾ ਹੈ ਜਾਂ ਫਿਰ ਉੱਥੋਂ ਦੀ ਯਾਤਰਾ ਕਰਨਾ ਚਾਹੁੰਦਾ ਹੈ ਤਾਂ ਉਸ ਲਈ ਉਸ ਨੂੰ ਬ੍ਰਿਟਿਸ਼ ਮੁਦਰਾ ਯਾਨੀ ਪੌਂਡ ਦੀ ਜ਼ਰੂਰਤ ਹੋਵੇਗੀ। ਉਸ ਨੂੰ ਪੌਂਡ ਖਰੀਦਣਾ ਪਵੇਗਾ।
ਉਹ ਵਿਅਕਤੀ ਰੁਪਏ ਜਾਂ ਕਿਸੇ ਦੂਜੇ ਦੇਸ਼ ਦੀ ਮੁਦਰਾ ਦੇ ਬਦਲੇ ਜਿੰਨੀ ਕੀਮਤ ਅਦਾ ਕਰਕੇ ਪੌਂਡ ਹਾਸਲ ਕਰੇਗਾ , ਉਹ ਵਟਾਂਦਰਾ ਹੀ ਐਕਸਚੇਂਜ ਰੇਟ ਹੋਵੇਗਾ।
ਮੁਦਰਾ ਦਾ ਮੁੱਲ ਕਿਵੇਂ ਨਿਰਧਾਰਤ ਕੀਤਾ ਜਾਂਦਾ ਹੈ ?
ਮੁਦਰਾ ਜਾਂ ਕਰੰਸੀ ਦਾ ਜਿੱਥੇ ਲੈਣ-ਦੇਣ ਹੁੰਦਾ ਹੈ, ਉਸ ਨੂੰ ਵਿਦੇਸ਼ੀ ਮੁਦਰਾ ਬਾਜ਼ਾਰ ਜਾਂ ਫਿਰ ਮਨੀ ਮਾਰਕਿਟ ਕਿਹਾ ਜਾਂਦਾ ਹੈ।
ਐਕਸਚੇਂਜ ਰੇਟ ਹਮੇਸ਼ਾ ਇੱਕੋ ਜਿਹਾ ਨਹੀਂ ਰਹਿੰਦਾ ਹੈ। ਉਸ 'ਚ ਸਮੇਂ-ਸਮੇਂ 'ਤੇ ਬਦਲਾਵ ਹੁੰਦੇ ਰਹਿੰਦੇ ਹਨ। ਇਹ ਜ਼ਰੂਰੀ ਨਹੀਂ ਹੈ ਕਿ ਪੌਂਡ ਦੇ ਬਦਲੇ ਜਿੰਨੇ ਰੁਪਏ ਜੁਲਾਈ 2022 ਨੂੰ ਦੇਣੇ ਪਏ ਹਨ, ਦਸੰਬਰ ਮਹੀਨੇ ਵੀ ਉਨੇ ਹੀ ਅਦਾ ਕਰਨੇ ਪੈਣ।

ਤਸਵੀਰ ਸਰੋਤ, Getty Images
ਇਹ ਮੁੱਲ ਘੱਟ ਵੀ ਕਰ ਸਕਦਾ ਹੈ ਅਤੇ ਵੱਧ ਵੀ। ਅਜਿਹਾ ਕਿਸੇ ਮੁਦਰਾ ਦੀ ਮੰਗ ਅਤੇ ਸਪਲਾਈ 'ਤੇ ਨਿਰਭਰ ਕਰਦਾ ਹੈ।
ਜਿਸ ਮੁਦਰਾ ਦੀ ਮੰਗ ਵਧੇਰੇ ਹੋਵੇਗੀ, ਉਸ ਦਾ ਮੁੱਲ ਵੀ ਉੱਚਾ ਹੋਵੇਗਾ। ਹੁਣ ਕਿਉਂਕਿ ਦੁਨੀਆ ਦਾ ਵੱਡਾ ਹਿੱਸਾ ਆਪਣਾ ਵਪਾਰ ਅਮਰੀਕੀ ਮੁਦਰਾ- ਡਾਲਰ ਦੇ ਜ਼ਰੀਏ ਕਰਦਾ ਹੈ, ਇਸ ਲਈ ਮੁਦਰਾ ਬਾਜ਼ਾਰ 'ਚ ਡਾਲਰ ਦੀ ਮੰਗ ਹਮੇਸ਼ਾ ਬਣੀ ਰਹਿੰਦੀ ਹੈ।
ਇਹ ਵੀ ਪੜ੍ਹੋ:
ਹੁਣ ਜਦੋਂ ਤੁਸੀਂ ਜਾਂ ਕੋਈ ਵਿਅਕਤੀ ਜਿਸ ਨੂੰ ਕਿਸੇ ਵੀ ਮੁਦਰਾ ਦੀ ਜ਼ਰੂਰਤ ਹੈ ਤਾਂ ਜਾਂ ਕੋਈ ਮੁਦਰਾ ਵੇਚਣੀ ਹੈ ਤਾਂ ਉਹ ਕਿੱਥੇ ਜਾਵੇਗਾ ?
ਇਸ ਦਾ ਜਵਾਬ ਹੈ- ਬੈਂਕ।
ਰਿਜ਼ਰਵ ਬੈਂਕ ਕੋਲ ਵਿਕਲਪ ?
ਮੰਨ ਲਵੋ ਕਿ ਕੋਈ ਵਿਅਕਤੀ ਨਿਊਯਾਰਕ (ਅਮਰੀਕਾ) ਤੋਂ ਦਿੱਲੀ ਆਇਆ ਹੈ ਅਤੇ ਉਸ ਨੂੰ ਡਾਲਰ ਵੇਚਣੇ ਹਨ ਤਾਂ ਉਹ ਕਿਸੇ ਵੀ ਬੈਂਕ 'ਚ ਜਾਵੇਗਾ ਅਤੇ ਡਾਲਰ ਦੇ ਬਦਲੇ 'ਚ ਰੁਪਏ ਐਕਸਚੇਂਜ ਕਰਵਾ ਸਕਦਾ ਹੈ।
ਇਸ ਲਈ ਬੈਂਕ ਮੁਦਰਾ ਬਾਜ਼ਾਰ ਦੀ ਇੱਕ ਛੋਟੀ ਇਕਾਈ ਹੈ ਅਤੇ ਦੁਨੀਆ ਭਰ 'ਚ ਕਈ ਲੱਖਾਂ ਹੀ ਬੈਂਕ ਮੌਜੂਦ ਹਨ। ਇਸ ਦੇ ਨਾਲ ਹੀ ਮੁਦਰਾ ਦੀ ਖਰੀਦੋ -ਫਰੋਖਤ ਲਈ ਸਰਕਾਰ ਵਪਾਰੀਆਂ ਨੂੰ ਲਾਈਸੈਂਸ ਵੀ ਦਿੰਦੀ ਹੈ। ਇਹ ਸਭ ਮੁਦਰਾ ਬਾਜ਼ਾਰ ਦਾ ਹੀ ਹਿੱਸਾ ਹਨ।
ਦੇਸ਼ਾਂ ਦੇ ਕੇਂਦਰੀ ਬੈਂਕ, ਜਿਵੇਂ ਭਾਰਤ ਦੇ ਮਾਮਲੇ 'ਚ ਆਰਬੀਆਈ ਹੈ, ਵਿਦੇਸ਼ੀ ਮੁਦਰਾ ਦਾ ਇੱਕ ਭੰਡਾਰ ਆਪਣੇ ਕੋਲ ਰਿਜ਼ਰਵ ਰੱਖਦੇ ਹਨ।

ਤਸਵੀਰ ਸਰੋਤ, Getty Images
ਹਾਲਾਂਕਿ 1993 ਤੋਂ ਬਾਅਦ ਮੁਦਰਾ ਬਾਜ਼ਾਰ ਨੂੰ ਵੀ ਦੂਜੇ ਖੇਤਰਾਂ ਦੀ ਤਰ੍ਹਾਂ ਸਰਕਾਰੀ ਕੰਟਰੋਲ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਕਿਸ ਮੁਦਰਾ ਦਾ ਮੁੱਲ ਕੀ ਹੋਵੇਗਾ, ਇਹ ਬਾਜ਼ਾਰ 'ਚ ਉਸ ਦੀ ਮੰਗ ਅਤੇ ਸਪਲਾਈ 'ਤੇ ਨਿਰਭਰ ਕਰਦਾ ਹੈ।
ਪਰ ਕੇਂਦਰੀ ਬੈਂਕ ਅਕਸਰ ਮੁਦਰਾ ਬਾਜ਼ਾਰ 'ਚ ਦਖਲ ਵੀ ਦਿੰਦੇ ਹਨ।
ਜੇਕਰ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਡਾਲਰ ਬਹੁਤ ਮਹਿੰਗਾ ਹੋ ਜਾਵੇਗਾ ਤਾਂ ਲੋੜ ਪੈਣ 'ਤੇ ਆਰਬੀਆਈ ਮੁਦਰਾ ਬਾਜ਼ਾਰ 'ਚ ਡਾਲਰ ਵੇਚ ਕੇ ਅਤੇ ਰੁਪਇਆ ਖਰੀਦ ਕੇ ਕੀਮਤ ਨੂੰ ਸੰਤੁਲਿਤ ਕਰ ਸਕਦਾ ਹੈ।
ਮੁਦਰਾ ਦੀ ਵੱਧ ਰਹੀ ਕੀਮਤ ਦਾ ਪ੍ਰਭਾਵ
ਭਾਰਤ ਵਰਗੇ ਦੇਸ਼ 'ਚ ਕੱਚੇ ਤੇਲ , ਗੈਸ ਆਦਿ ਵਰਗੀਆਂ ਜ਼ਰੂਰੀ ਵਸਤਾਂ ਵਿਦੇਸ਼ਾਂ ਤੋਂ ਵੱਡੇ ਪੱਧਰ 'ਤੇ ਦਰਾਮਦ ਕੀਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਇਲੈਕਟ੍ਰੋਨਿਕਸ ਅਤੇ ਫੌਜੀ ਸਾਜ਼ੋ-ਸਾਮਾਨ ਦਾ ਸੌਦਾ ਵੀ ਜ਼ਿਆਦਾਤਰ ਅਮਰੀਕੀ ਮੁਦਰਾ 'ਚ ਹੀ ਹੁੰਦਾ ਹੈ। ਇਸ ਲਈ ਭਾਰਤ ਨੂੰ ਹਮੇਸ਼ਾਂ ਡਾਲਰ ਦੀ ਲੋੜ ਰਹਿੰਦੀ ਹੈ।

ਤਸਵੀਰ ਸਰੋਤ, Getty Images
ਜੇਕਰ ਇੰਨ੍ਹਾਂ ਵਸਤਾਂ ਦੀ ਮੰਗ ਵਧੇਰੇ ਹੋ ਜਾਂਦੀ ਹੈ ਤਾਂ ਅੰਤਰਰਾਸ਼ਟਰੀ ਬਾਜ਼ਾਰ 'ਚ ਇੰਨ੍ਹਾਂ ਦਾ ਮੁੱਲ ਵੱਧ ਜਾਂਦਾ ਹੈ ਅਤੇ ਭਾਰਤ ਨੂੰ ਇੰਨ੍ਹਾਂ ਦੀ ਦਰਾਮਦ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ।
ਜਿਸ ਦੇ ਕਾਰਨ ਹੀ ਡੀਜ਼ਲ-ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਹੁੰਦਾ ਹੈ। ਮਾਲ ਦੀ ਢੋਆ ਢੁਆਈ ਅਤੇ ਫੈਕਟਰੀਆਂ ਚਲਾਉਣ ਲਈ ਵਧੇਰੇ ਮਹਿੰਗੇ ਤੇਲ ਅਤੇ ਗੈਸ ਦੀ ਵਰਤੋਂ ਹੁੰਦੀ ਹੈ ਅਤੇ ਮਹਿੰਗਾਈ ਵੱਧ ਜਾਂਦੀ ਹੈ।
ਡਾਲਰ ਮਹਿੰਗਾ ਕਿਉਂ ਹੋ ਰਿਹਾ ਹੈ ?
ਪਿਛਲੇ ਕੁਝ ਸਮੇਂ ਤੋਂ ਇਹ ਵਾਰ-ਵਾਰ ਸੁਣਨ ਨੂੰ ਮਿਲ ਰਿਹਾ ਹੈ ਕਿ ਡਾਲਰ ਦੇ ਮੁਕਾਬਲੇ ਰੁਪਇਆ ਹੋਰ ਵੀ ਕਮਜ਼ੋਰ ਹੋ ਗਿਆ ਹੈ। ਇਸ ਦੇ ਕਈ ਕਾਰਨ ਹਨ।
ਮਹਾਮਾਰੀ ਦੇ ਕਾਰਨ ਅਰਥਵਿਵਸਥਾ 'ਚ ਆਈ ਮੰਦੀ ਤੋਂ ਬਾਅਦ ਹੀ ਰੂਸ-ਯੂਕਰੇਨ ਯੁੱਧ ਦੀ ਸ਼ੁਰੂਆਤ ਹੋਈ। ਪੱਛਮੀ ਦੇਸ਼ਾਂ ਨੇ ਰੂਸ 'ਤੇ ਆਰਥਿਕ ਪਾਬੰਦੀਆਂ ਦਾ ਐਲਾਨ ਕੀਤਾ ਅਤੇ ਕਈ ਦੇਸ਼ਾਂ ਨੇ ਰੂਸ ਤੋਂ ਕੱਚਾ ਤੇਲ ਖਰੀਦਣਾ ਬੰਦ ਕਰ ਦਿੱਤਾ।
ਕੌਮਾਂਤਰੀ ਬਾਜ਼ਾਰ 'ਚ ਤੇਲ ਅਤੇ ਗੈਸ ਦੀਆਂ ਕੀਮਤਾਂ ਆਸਮਾਨ ਛੂੰਹਣ ਲੱਗੀਆਂ। ਜਿਸ ਦਾ ਪ੍ਰਭਾਵ ਅਮਰੀਕਾ ਅਤੇ ਯੂਰਪ 'ਤੇ ਵੀ ਪਿਆ। ਯੁੱਧ ਦੇ ਕਾਰਨ ਅਨਾਜ, ਰਸੋਈ 'ਚ ਵਰਤਿਆ ਜਾਣ ਵਾਲਾ ਤੇਲ ਆਦਿ ਦੀ ਸਪਲਾਈ 'ਚ ਵਿਘਨ ਪਿਆ।
ਅਮਰੀਕਾ ਅਤੇ ਯੂਰੋਪ 'ਚ ਪਿਛਲੇ ਕਈ ਦਹਾਕਿਆਂ 'ਚ ਸਭ ਤੋਂ ਵੱਧ ਮਹਿੰਗਾਈ ਵੇਖਣ ਨੂੰ ਮਿਲੀ ਹੈ।

ਤਸਵੀਰ ਸਰੋਤ, Getty Images
ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਤੋਂ ਬਚਾਉਣ ਅਤੇ ਅਰਥਚਾਰੇ 'ਤੇ ਇਸ ਦੇ ਮਾੜੇ ਪ੍ਰਬਾਵ ਨੂੰ ਰੋਕਣ ਲਈ ਅਮਰੀਕੀ ਕੇਂਦਰੀ ਬੈਂਕ ਨੇ ਵਿਆਜ ਦਰਾਂ 'ਚ ਵਾਧਾ ਕਰ ਦਿੱਤਾ ਹੈ।
ਇਸ ਕਾਰਨ ਉੱਥੋਂ ਦੇ ਸਰਕਾਰੀ ਬਾਂਡਾਂ 'ਤੇ ਮਿਲਣ ਵਾਲਾ ਵਿਆਜ ਵਧੇਰੇ ਹੋ ਗਿਆ ਹੈ। ਪਰ ਵਿਆਜ ਦਰ ਵਧਣ ਨਾਲ ਵਪਾਰ ਅਤੇ ਉਦਯੋਗ ਨੂੰ ਕਾਰੋਬਾਰ ਲਈ ਲਏ ਗਏ ਕਰਜ਼ੇ 'ਤੇ ਜ਼ਿਆਦਾ ਵਿਆਜ ਅਦਾ ਕਰਨਾ ਪਵੇਗਾ।
ਭਾਰਤ 'ਚ ਵੀ ਮਹਿੰਗਾਈ ਵਧੀ ਹੈ।

ਤਸਵੀਰ ਸਰੋਤ, Getty Images
ਇਸ ਲਈ ਨਤੀਜਾ ਇਹ ਹੋਇਆ ਕਿ ਵਿਦੇਸ਼ੀ ਨਿਵੇਸ਼ਕ, ਵਿਸ਼ੇਸ਼ ਤੌਰ 'ਤੇ ਉਹ ਵਿਦੇਸ਼ੀ ਕੰਪਨੀਆਂ ਜਾਂ ਵਿਅਕਤੀ, ਜਿੰਨ੍ਹਾਂ ਨੇ ਭਾਰਤ 'ਚ ਆਪਣਾ ਪੈਸਾ ਨਿਵੇਸ਼ ਕੀਤਾ ਸੀ, ਆਪਣੇ ਪੈਸੇ ਨੂੰ ਇੱਥੋਂ ਕੱਢ ਕੇ ਅਮਰੀਕਾ ਲੈ ਜਾ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦਾ ਪੈਸਾ ਉੱਥੇ ਵਧੇਰੇ ਸੁਰੱਖਿਅਤ ਰਹੇਗਾ।
ਪਿਛਲੇ ਕੁਝ ਮਹੀਨਿਆਂ 'ਚ ਭਾਰਤ ਤੋਂ ਕਰੋੜਾਂ ਡਾਲਰਾਂ ਦਾ ਨਿਵੇਸ਼ ਵਾਪਸ ਲਿਆ ਗਿਆ ਹੈ, ਜਿਸ ਦੇ ਨਤੀਜੇ ਵੱਜੋਂ ਮੁਦਰਾ ਬਾਜ਼ਾਰ 'ਚ ਡਾਲਰ ਦੀ ਸਪਲਾਈ 'ਚ ਕਮੀ ਦਰਜ ਕੀਤੀ ਗਈ ਹੈ।
ਆਉਣ ਵਾਲੇ ਦਿਨਾਂ 'ਚ ਕਿਹਾ ਜਾ ਰਿਹਾ ਹੈ ਕਿ ਅਮਰੀਕੀ ਕੇਂਦਰੀ ਬੈਂਕ ਵਿਆਜ ਦਰਾਂ 'ਚ ਹੋਰ ਵਾਧਾ ਕਰੇਗਾ। ਮਤਲਬ ਕਿ ਤੁਹਾਨੂੰ ਇੱਕ ਡਾਲਰ ਦੇ ਬਦਲੇ 'ਚ ਜ਼ਿਆਦਾ ਰੁਪਏ ਦੇਣੇ ਪੈ ਸਕਦੇ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












