ਅਮਰੀਕਾ: ਦੋ ਕਰੋੜ ਡਾਲਰ ਵਾਲਾ ਖੂਫ਼ੀਆ ਮਿਸ਼ਨ ਕੀ ਸੀ?

ਤਸਵੀਰ ਸਰੋਤ, AFP
ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਪੈਂਟਾਗਨ ਇੱਕ ਗੁਪਤ ਮਿਸ਼ਨ 'ਤੇ ਕੰਮ ਕਰ ਰਿਹਾ ਸੀ। ਇਸ ਵਿੱਚ ਅਕਾਸ਼ ਵਿੱਚ ਉੱਡਦੇ ਯੂਐਫਓ ਦਾ ਅਧਿਐਨ ਕੀਤਾ ਜਾਂਦਾ ਸੀ।
2007 ਵਿੱਚ ਸ਼ੁਰੂ ਹੋ ਕੇ 2012 ਤੱਕ ਚੱਲੇ ਇਸ ਮਿਸ਼ਨ ਦੀ ਕੁੱਝ ਗਿਣੇ ਚੁਣੇ ਅਧਿਕਾਰੀਆਂ ਨੂੰ ਹੀ ਜਾਣਕਾਰੀ ਸੀ।
ਨਿਊ ਯਾਰਕ ਟਾਈਮਸ ਦਾ ਕਹਿਣਾ ਹੈ ਕਿ ਇਸ ਆਪ੍ਰੇਸ਼ਨ ਨਾਲ ਸੰਬੰਧਿਤ ਦਸਤਾਵੇਜਾਂ ਵਿੱਚ ਤੇਜ਼ ਉੱਡਦੇ ਜਹਾਜ਼ਾਂ ਅਤੇ ਮੰਡਰਾਉਣ ਵਾਲੀਆਂ ਵਸਤਾਂ ਦਾ ਵੇਰਵਾ ਹੈ।
ਹਾਲਾਂਕਿ ਵਿਗਿਆਨੀ ਇਨ੍ਹਾਂ ਵਰਤਾਰਿਆਂ ਪਿੱਛੇ ਧਰਤੀ ਤੋਂ ਬਾਹਰ ਦਾ ਜੀਵਨ ਹੋਵੇ ਇਸ ਬਾਰੇ ਪੱਕੇ ਨਹੀਂ ਸਨ।
ਇਹ ਪ੍ਰੋਗਰਾਮ ਰਿਟਾਇਰਡ ਡੈਮੋਕ੍ਰੇਟ ਸੈਨੇਟਰ ਹੈਰੀ ਰੀਡ ਨੇ ਆਪਣੀ ਪਾਰਟੀ ਦੀ ਸਰਕਾਰ ਦੌਰਾਨ ਸ਼ੁਰੂ ਕੀਤਾ ਸੀ।
ਰੀਡ ਨੇ ਅਖ਼ਬਾਰ ਨੂੰ ਦੱਸਿਆ, "ਮੈਨੂੰ ਇਹ ਪ੍ਰੋਗਰਾਮ ਚਲਾਉਣ ਦਾ ਕੋਈ ਨਾ ਤਾਂ ਬੁਰਾ ਲੱਗ ਰਿਹਾ ਹੈ ਅਤੇ ਨਾ ਹੀ ਮੈਂ ਸ਼ਰਮਿੰਦਾ ਹਾਂ। ਮੈਂ ਅਜਿਹਾ ਕੰਮ ਕੀਤਾ ਹੈ ਜੋ ਪਹਿਲਾਂ ਕਿਸੇ ਨੇ ਨਹੀਂ ਕੀਤਾ।"
ਦੋ ਕਰੋੜ ਡਾਲਰ ਦਾ ਖਰਚ
ਇਸ ਪ੍ਰੋਗਰਾਮ ਵਿੱਚ ਅਮਰੀਕੀ ਰੱਖਿਆ ਵਿਭਾਗ ਨੇ ਦੋ ਕਰੋੜ ਡਾਲਰ ਖਰਚ ਕੀਤੇ।
ਅਮਰੀਕੀ ਸੰਸਦ ਦੇ ਇੱਕ ਹੋਰ ਸਾਬਕਾ ਅਧਿਕਾਰੀ ਨੇ ਪੋਲੀਟੀਕੋ ਮੈਗਜ਼ੀਨ ਨੂੰ ਦੱਸਿਆ ਕਿ ਇਹ ਪ੍ਰੋਗਰਾਮ ਵਰੋਧੀ ਮੁਲਕਾਂ ਦੇ ਤਕਨੀਕੀ ਵਿਕਾਸ ਉੱਪਰ ਨਜ਼ਰ ਰੱਖਣ ਲਈ ਸ਼ੁਰੂ ਕੀਤਾ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਚੀਨ, ਰੂਸ ਕੁਝ ਕਰ ਰਹੇ ਹੋ ਸਕਦੇ ਹਨ ਜਾਂ ਸ਼ਾਇਦ ਉਡਾਣ ਸੰਬੰਧੀ ਕੋਈ ਅਜਿਹੀ ਤਕਨੀਕ ਜਿਸ ਬਾਰੇ ਸਾਨੂੰ ਨਾ ਪਤਾ ਹੋਵੇ।
ਇਸੇ ਸਾਲ ਸੀ.ਆਈ.ਏ ਨੇ ਵੱਡੀ ਗਿਣਤੀ ਵਿੱਚ ਡੀਕਲਾਸੀਫਾਈਡ ਦਸਤਾਵੇਜ ਜਾਰੀ ਕੀਤੇ ਸਨ।
ਇਨ੍ਹਾਂ ਦਸਤਾਵੇਜ਼ਾਂ ਵਿੱਚ ਅਜਿਹੀਆਂ ਰਿਪੋਰਟਾਂ ਵੀ ਸ਼ਾਮਲ ਸਨ ਜਿਨ੍ਹਾਂ ਵਿੱਚ ਉਡਦੀਆਂ ਬੇਪਛਾਣ ਵਸਤਾਂ ਵੇਖੇ ਜਾਣ ਦਾ ਜ਼ਿਕਰ ਸੀ।












