You’re viewing a text-only version of this website that uses less data. View the main version of the website including all images and videos.
ਰਾਸ਼ਟਰਪਤੀ ਚੋਣ: ਮਨਪ੍ਰੀਤ ਇਯਾਲੀ ਨੇ ਅਕਾਲੀ ਦਲ ਤੋਂ ਉਲਟ ਜਾ ਕੇ ਕੀਤਾ ਪੋਲਿੰਗ ਦਾ ਬਾਈਕਾਟ, ਪਾਰਟੀ 'ਲੀਡਰਸ਼ਿਪ' ਨੂੰ ਵੰਗਾਰਿਆ
ਭਾਰਤ 'ਚ ਅੱਜ ਦੇਸ਼ ਦੇ ਅਗਲੇ ਰਾਸ਼ਟਰਪਤੀ ਦੀ ਚੋਣ ਹੋ ਰਹੀ ਹੈ। ਇਸ ਦੇ ਲਈ ਸੰਸਦ ਅਤੇ ਵੱਖ-ਵੱਖ ਸੂਬਿਆਂ ਦੀਆਂ ਵਿਧਾਨ ਸਭਾਵਾਂ 'ਚ ਵੋਟਾਂ ਪੈ ਰਹੀਆਂ ਹਨ।
ਇਸ ਚੋਣ ਲਈ, ਐੱਨਡੀਏ ਵੱਲੋਂ ਝਾਰਖੰਡ ਦੀ ਸਾਬਕਾ ਰਾਜਪਾਲ ਦ੍ਰੌਪਦੀ ਮੁਰਮੂ ਨੂੰ ਅਤੇ ਵਿਰੋਧੀ ਧਿਰ ਵੱਲੋਂ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨ੍ਹਾ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਸ ਦੇ ਨਤੀਜੇ ਆਉਂਦੀ 21 ਜੁਲਾਈ ਨੂੰ ਐਲਾਨੇ ਜਾਣਗੇ।
ਪੰਜਾਬ ਤੋਂ ਅਕਾਲੀ ਦਲ ਨੇ ਦ੍ਰੌਪਦੀ ਮੁਰਮੂ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਇਆਲੀ ਨੇ ਵੋਟ ਪਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਮਨਪ੍ਰੀਤ ਇਆਲੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਦ੍ਰੌਪਦੀ ਤੋਂ ਸ਼ਿਕਾਇਤ ਨਹੀਂ ਹੈ ਪਰ ਭਾਜਪਾ ਵੱਲੋਂ ਸੂਬੇ ਦੇ ਮਸਲੇ ਹੱਲ ਨਹੀਂ ਕੀਤੇ ਗਏ ਹਨ।
ਆਮ ਆਦਮੀ ਪਾਰਟੀ ਵੱਲੋਂ ਰਾਸ਼ਟਰਪਤੀ ਚੋਣਾਂ ਲਈ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨ੍ਹਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਸੀ।
ਕੀ ਬੋਲੇ ਇਆਲੀ
ਇਆਲੀ ਨੇ ਫੇਸਬੁੱਕ 'ਤੇ ਇੱਕ ਲਾਈਵ ਵੀਡੀਓ ਦੌਰਾਨ ਕਿਹਾ ਕਿ ਮੈਂ ਆਪਣੇ ਤੌਰ 'ਤੇ ਰਾਸ਼ਟਰਪਤੀ ਚੋਣ ਦਾ ਬਾਈਕਾਟ ਕਰਦਾ ਹਾਂ।
ਉਹ ਇਹ ਬਾਈਕਾਟ ਕਿਉਂ ਕਰ ਰਹੇ ਹਨ, ਇਸ ਬਾਰੇ ਉਨ੍ਹਾਂ ਕਿਹਾ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਸਾਡੇ ਨਾਲ ਆਜ਼ਾਦੀ ਤੋਂ ਬਾਅਦ ਬਹੁਤ ਵਿਤਕਰੇ ਹੋਏ ਹਨ।
ਉਨ੍ਹਾਂ ਕਿਹਾ, ''ਸਭ ਤੋਂ ਪਹਿਲਾਂ ਤਾਂ ਕੇਂਦਰ ਸਰਕਾਰ ਦੁਆਰਾ ਸਿੱਖਾਂ ਨੂੰ ਜ਼ਰਾਇਨ ਪੇਸ਼ਾ ਕੌਮ ਦਾ ਖ਼ਿਤਾਬ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਸਾਨੂੰ ਜੋ ਪੰਜਾਬ ਦਿੱਤਾ ਗਿਆ, ਜਿਸ 'ਚ ਪੰਜਾਬੀ ਬੋਲਦੇ ਇਲਾਕੇ ਨਹੀਂ ਦਿੱਤੇ ਗਏ।''
''ਚੰਡੀਗੜ੍ਹ, ਜੋ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਸੀ, ਜਿਸ 'ਤੇ ਪੰਜਾਬ ਦਾ ਹੱਕ ਹੈ, ਉਹ ਚੰਡੀਗੜ੍ਹ ਪੰਜਾਬ ਨੂੰ ਨਹੀਂ ਦਿੱਤਾ ਗਿਆ।''
''ਪੰਜਾਬ ਦੇ ਪਾਣੀਆਂ ਦੇ ਮਸਲੇ ਹੱਲ ਨਹੀਂ ਕੀਤੇ ਗਏ।''
ਐੱਸਵਾਈਐੱਲ ਮੁੱਦੇ ਬਾਰੇ ਉਨ੍ਹਾਂ ਕਿਹਾ ਕਿ ਉਹ ਸਾਰੀ ਸ਼ੁਰੂਆਤ ਵੀ ਕੇਂਦਰ ਦੀ ਕਾਂਗਰਸ ਸਰਕਾਰ ਵੱਲੋਂ ਕੀਤੀ ਗਈ।
''ਇਸ ਦੇ ਨਾਲ ਹੀ ਸਿੱਖਾਂ ਦੀ ਜੋ ਨਸਲਕੁਸ਼ੀ ਹੋਈ ਹੈ, ਦਰਬਾਰ ਸਾਹਿਬ 'ਤੇ ਹਮਲਾ ਹੋਇਆ, 84 ਦੇ ਜੋ ਦੰਗੇ ਹੋਏ, ਇਨ੍ਹਾਂ ਸਾਰੀਆਂ ਲਈ ਵੀ ਕਾਂਗਰਸ ਜ਼ਿੰਮੇਵਾਰ ਹੈ। ਇਸ ਲਈ ਕਾਂਗਰਸ ਤੋਂ ਸਾਨੂੰ ਕੋਈ ਉਮੀਦ ਨਹੀਂ।''
ਫਿਰ ਭਾਜਪਾ 'ਤੇ ਨਿਸ਼ਾਨਾ ਲਗਾਉਂਦਿਆਂ ਉਨ੍ਹਾਂ ਕਿਹਾ, ਕਿ ਉਸ ਪਾਰਟੀ ਨਾਲ ਸਾਡਾ ਗੱਠਜੋੜ ਵੀ ਰਿਹਾ ਹੈ ਅਤੇ ਉਨ੍ਹਾਂ ਤੋਂ ਸਾਨੂੰ ਉਮੀਦਾਂ ਸਨ, ਪਰ ਕੇਂਦਰ 'ਚ ਉਨ੍ਹਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਵੀ ਸਾਡੇ ਮਸਲੇ ਹੱਲ ਨਹੀਂ ਹੋਏ।
ਉਨ੍ਹਾਂ ਕਿਹਾ ਕਿ ''ਭਾਜਪਾ ਦੇ ਉਮੀਦਵਾਰ ਨੂੰ ਵੋਟ ਪਾਉਣ ਦੇ ਫੈਸਲੇ ਵਿੱਚ ਪਾਰਟੀ ਨੇ ਮੇਰੇ ਤੋਂ ਵੀ ਅਤੇ ਸਿੱਖ ਕੌਮ ਤੋਂ ਵੀ ਕੋਈ ਰਾਇ ਨਹੀਂ ਲਈ।''
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੋਟ ਪਾਉਣ ਤੋਂ ਪਹਿਲਾਂ ਆਪਣੇ ਹਲਕੇ ਦੇ ਲੋਕਾਂ, ਵਰਕਰਾਂ ਨਾਲ ਸਲਾਹ, ਆਪਣੀ ਪਾਰਟੀ ਨਾਲ ਸਲਾਹ ਅਤੇ ਪੰਥ ਦੀਆਂ ਭਾਵਨਾਵਾਂ ਅਨੁਸਾਰ ਇਹ ਬਾਈਕਾਟ ਕਰਨ ਦਾ ਫੈਸਲਾ ਲਿਆ।
ਆਪਣੀ ਹੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ, ''ਅੱਜ ਜੋ ਹਾਲਾਤ ਪਾਰਟੀ ਦੇ ਬਣੇ ਨੇ, ਅੱਜ ਤਿੰਨ ਸੀਟਾਂ ਸਾਡੇ ਕੋਲ ਰਹੀ ਗਈਆਂ ਹਨ।''
''ਕਿਤੇ ਨਾ ਕਿਤੇ ਇਸ 'ਚ ਪਾਰਟੀ ਵੱਲੋਂ ਪਿਛਲੇ ਸਮੇਂ ਕੀਤੀਆਂ ਗਈਆਂ ਗਲਤੀਆਂ, ਕੁਝ ਗਲਤ ਫੈਸਲੇ ਲਏ ਗਏ ਹਨ, ਮੈਂ ਸਮਝਦਾ ਹਾਂ ਕਿ ਉਹ ਵੀ ਇੱਕ ਕਾਰਨ ਹਨ।''
ਵੋਟ ਪਾਉਣ ਪਹੁੰਚੇ ਆਗੂ
ਹੁਣ ਤੱਕ ਆਮ ਤੌਰ 'ਤੇ ਰਾਸ਼ਟਰਪਤੀ ਦੀ ਚੋਣ ਸਮੇਂ ਸੱਤਾਧਾਰੀ ਧਿਰ ਦਾ ਪੱਲੜਾ ਭਾਰੀ ਰਹਿੰਦਾ ਰਿਹਾ ਹੈ।
ਇਸ ਵਾਰ ਵੀ ਵਿਰੋਧੀ ਧਿਰ ਦੇ ਕਈ ਦਲਾਂ ਨੇ ਦ੍ਰੌਪਦੀ ਮੁਰਮੂ ਨੂੰ ਆਪਣਾ ਸਮਰਥਨ ਦੇਣ ਦੀ ਘੋਸ਼ਣਾ ਕੀਤੀ ਹੈ, ਜਿਸ ਨੂੰ ਦੇਖਦੇ ਹੋਏ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਮੁਰਮੂ ਆਸਾਨੀ ਨਾਲ ਜਿੱਤ ਦੇ ਲਈ ਦੋ ਤਿਹਾਈ ਵੋਟਾਂ ਪ੍ਰਾਪਤ ਕਰ ਲੈਣਗੇ।
ਰਾਸ਼ਟਰਪਤੀ ਚੋਣ ਵਿੱਚ ਸੰਸਦ ਦੇ ਦੋਵਾਂ ਸਦਨਾਂ, ਸੂਬਿਆਂ ਦੀਆਂ ਵਿਧਾਨਸਭਾਵਾਂ, ਦੇਸ਼ ਦੇ ਰਾਜਧਾਨੀ ਖੇਤਰ ਦਿੱਲੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਪੁੱਦੁਚੇਰੀ ਦੇ ਚੁਣੇ ਹੋਏ ਮੈਂਬਰ ਵੋਟਾਂ ਪਾਉਂਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਗ੍ਰਹਿ ਮੰਤਰੀ ਅਮਿਤ ਸ਼ਾਹ, ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੇ ਸੰਸਦ ਮੈਂਬਰ ਡਾਕਟਰ ਮਨਮੋਹਨ ਸਿੰਘ ਅਤੇ ਅਸਮ ਦੇ ਮੁੱਖ ਮੰਤਰੀ ਹਿਮੰਤਾ ਬਿਸਵ ਸਰਮਾ ਸਣੇ ਹੋਰ ਆਗੂ ਹੁਣ ਤੱਕ ਆਪਣਾ ਵੋਟ ਦੇ ਚੁੱਕੇ ਹਨ।
ਉਮੀਦਵਾਰਾਂ ਨੂੰ ਜਾਣੋ
ਦ੍ਰੌਪਦੀ ਮੁਰਮੂ
ਝਾਰਖੰਡ ਦੀ ਸਾਬਕਾ ਰਾਜਪਾਲ ਤੇ ਆਦਿਵਾਸੀ ਨੇਤਾ ਦ੍ਰੌਪਦੀ ਮੁਰਮੂ ਨੂੰ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐੱਨਡੀਏ ਗਠਜੋੜ ਨੇ ਰਾਸ਼ਟਰਪਤੀ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ।
ਦ੍ਰੌਪਦੀ ਮੁਰਮੂ ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਤੋਂ ਹਨ ਅਤੇ ਸੰਥਾਲ ਆਦਿਵਾਸੀ ਭਾਈਚਾਰੇ ਤੋਂ ਹਨ।
1979 ਵਿੱਚ ਉਨ੍ਹਾਂ ਨੇ ਭੁਵਨੇਸ਼ਵਰ ਦੇ ਰਮਾਦੇਵੀ ਕਾਲਜ ਤੋਂ ਬੀਏ ਪਾਸ ਕੀਤੀ ਸੀ।
ਆਪਣਾ ਪੇਸ਼ਵਰ ਜੀਵਨ ਉਨ੍ਹਾਂ ਨੇ ਸਿੰਜਾਈ ਅਤੇ ਊਰਜਾ ਵਿਭਾਗ ਵਿੱਚ ਕਲਰਕ ਵਜੋਂ ਸ਼ੁਰੂ ਕੀਤਾ।
ਸਾਲ 1997 ਵਿੱਚ ਕੌਂਸਲਰ ਦੀ ਚੋਣ ਜਿੱਤ ਕੇ ਉਹ ਓਡੀਸ਼ਾ ਵਿੱਚ ਰਾਇਰੰਗਪੁਰ ਦੇ ਉਪ-ਸਰਪੰਚ ਬਣੇ ਸਨ।
ਇਸੇ ਸਾਲ ਉਨ੍ਹਾਂ ਨੂੰ ਭਾਜਪਾ ਦੇ ਐੱਸਟੀ ਮੋਰਚਾ ਦਾ ਸੂਬਾ ਪ੍ਰਧਾਨ ਚੁਣਿਆ ਗਿਆ ਸੀ।
ਉਹ ਮਯੂਰਭੰਜ ਦੇ ਰਾਇਰੰਗਪੁਰ ਤੋਂ ਭਾਜਪਾ ਦੀ ਟਿਕਟ ਉੱਤੇ ਦੋ ਵਾਰ (2000-2009) ਵਿੱਚ ਵਿਧਾਇਕ ਬਣੇ ਸਨ।
ਉਹ 2000 ਤੋਂ 2004 ਤੱਕ ਨਵੀਨ ਪਟਨਾਇਕ ਦੇ ਮੰਤਰੀ ਮੰਡਲ ਵਿੱਚ ਵੀ ਰਹੇ।
ਦ੍ਰੌਪਦੀ ਮੁਰਮੂ 2015 ਤੋਂ 2021 ਤੱਕ ਝਾਰਖੰਡ ਦੀ ਪਹਿਲੀ ਮਹਿਲਾ ਰਾਜਪਾਲ ਵਜੋਂ ਰਹੇ ਹਨ
ਇਹ ਵੀ ਪੜ੍ਹੋ:
ਸਾਲ 2017 ਵਿੱਤ ਹੋਏ ਰਾਸ਼ਟਰਪਤੀ ਚੋਣਾਂ ਲਈ ਵੀ ਉਨ੍ਹਾਂ ਦੇ ਨਾਮ ਦੀ ਚਰਚਾ ਹੋਈ ਸੀ ਪਰ ਆਖਰੀ ਸਮੇਂ ਉੱਪਰ ਬੀਜੇਪੀ ਨੇ ਉਸ ਸਮੇਂ ਬਿਹਾਰ ਦੇ ਰਾਜਪਾਲ ਰਹੇ ਰਾਮਨਾਥ ਕੋਵਿੰਦ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ।
ਜੇ ਦ੍ਰੌਪਦੀ ਮੁਰਮੂ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤਦੇ ਹਨ ਤਾਂ ਉਹ ਦੇਸ ਦੇ ਪਹਿਲੇ ਆਦਿਵਾਸੀ ਮਹਿਲਾ ਰਾਸ਼ਟਰਪਤੀ ਹੋਣਗੇ।
ਯਸ਼ਵੰਤ ਸਿਨ੍ਹਾ
ਕਾਂਗਰਸ, ਟੀਐਮਸੀ ਅਤੇ ਐਨਸੀਪੀ ਸਮੇਤ ਹੋਰ ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਚੋਣ ਲਈ ਵਿਰੋਧੀ ਧਿਰ ਦੇ ਸਾਂਝੇ ਉਮੀਦਵਾਰ ਵਜੋਂ ਯਸ਼ਵੰਤ ਸਿਨ੍ਹਾ ਨੂੰ ਚੁਣਿਆ ਹੈ।
1960 ਵਿੱਚ ਆਈਏਐਸ ਬਣੇ ਯਸ਼ਵੰਤ ਸਿਨਹਾ ਨੇ ਚਾਲੀ ਸਾਲਾਂ ਤੋਂ ਵੱਧ ਦੇ ਆਪਣੇ ਸਿਆਸੀ ਕਰੀਅਰ ਵਿੱਚ ਵੱਖ-ਵੱਖ ਸਰਕਾਰਾਂ ਵਿੱਚ ਵਿਦੇਸ਼ ਮੰਤਰੀ ਅਤੇ ਦੋ ਵਾਰ ਵਿੱਤ ਮੰਤਰੀ ਦੇ ਪੱਧਰ 'ਤੇ ਉੱਚ ਅਹੁਦਿਆਂ 'ਤੇ ਕੰਮ ਕੀਤਾ ਹੈ।
ਯਸ਼ਵੰਤ ਸਿਨਹਾ ਨੇ 1984 ਵਿੱਚ ਆਈਏਐਸ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ।
ਸਾਲ 1998 'ਚ ਵਾਜਪਾਈ ਸਰਕਾਰ 'ਚ ਵਿੱਤ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ 2002 ਤੋਂ 2004 ਤੱਕ ਭਾਰਤ ਦੇ ਵਿਦੇਸ਼ ਮੰਤਰੀ ਦਾ ਅਹੁਦਾ ਸੰਭਾਲਿਆ।
ਨਰਿੰਦਰ ਮੋਦੀ ਤੋਂ ਵੱਧਦੀ ਦੂਰੀ ਕਾਰਨ 2018 ਵਿੱਚ ਉਨ੍ਹਾਂ ਨੇ ਭਾਜਪਾ ਨਾਲ 21 ਸਾਲ ਦਾ ਲੰਬਾ ਸਫ਼ਰ ਖ਼ਤਮ ਕਰ ਦਿੱਤਾ।
ਕੁਝ ਸਮਾਂ ਪਹਿਲਾਂ ਉਹ ਟੀਐਮਸੀ ਵਿੱਚ ਸ਼ਾਮਲ ਹੋਏ ਸਨ ਅਤੇ 21 ਜੂਨ 2022 ਨੂੰ ਉਨ੍ਹਾਂ ਨੇ ਟੀਐਮਸੀ ਤੋਂ ਅਸਤੀਫਾ ਵੀ ਦੇ ਦਿੱਤਾ ਹੈ।
ਇਹ ਵੀ ਪੜ੍ਹੋ: