ਜਗਦੀਪ ਧਨਖੜ : ਨਵੇਂ ਉੱਪ ਰਾਸ਼ਟਰਪਤੀ ਦੀ ਚੋਣ ਜਿੱਤੇ ਆਗੂ ਦੀ ਇੰਝ ਹੋਈ ਸੀ ਭਾਜਪਾ ਵਿਚ ਐਂਟਰੀ

    • ਲੇਖਕ, ਪ੍ਰਭਾਕਰ ਮਣੀ ਤਿਵਾਰੀ
    • ਰੋਲ, ਬੀਬੀਸੀ ਪੱਤਰਕਾਰ

ਜਗਦੀਪ ਧਨਖੜ ਭਾਰਤ ਦੇ ਨਵੇਂ ਉਪ-ਰਾਸ਼ਟਰਪਤੀ ਦੀ ਚੋਣ ਜਿੱਤ ਗਏ ਹਨ। ਹੁਣ ਉਹ ਭਾਰਤ ਦੇ 14ਵੇਂ ਉਪ-ਰਾਸ਼ਟਰਪਤੀ ਹੋਣਗੇ।

ਲੋਕ ਸਭਾ ਦੇ ਜਨਰਲ ਸਕੱਤਰ ਨੇ ਦੱਸਿਆ, "ਜਗਦੀਪ ਧਨਖੜ ਨੂੰ 725 ਵੋਟਾਂ ਵਿੱਚੋਂ 528 ਹਾਸਲ ਹੋਈਆਂ ਤੇ ਉਨ੍ਹਾਂ ਨੇ ਚੋਣ 346 ਵੋਟਾਂ ਨਾਲ ਜਿੱਤੀ।"

"15 ਵੋਟਾਂ ਨੂੰ ਅਵੈਧ ਕਰਾਰ ਦਿੱਤਾ ਗਿਆ ਹੈ। ਵਿਰੋਧੀ ਧਿਰ ਦੀ ਉਮੀਦਵਾਰ ਮਾਰਗਰੇਟ ਅਲਵਾ ਨੇ 182 ਵੋਟਾਂ ਹਾਸਲ ਕੀਤੀਆਂ ਹਨ।"

ਐੱਨਡੀਏ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜਗਦੀਪ ਧਨਖੜ ਨੇ ਜੁਲਾਈ 2019 ਵਿੱਚ ਪੱਛਮੀ ਬੰਗਾਲ ਦਾ ਰਾਜਪਾਲ ਬਣਨ ਤੋਂ ਬਾਅਦ ਜਿੰਨੀਆਂ ਸੁਰਖੀਆਂ ਬਟੋਰੀਆਂ ਓਨੀਆਂ ਤਾਂ ਸ਼ਾਇਦ ਆਪਣੇ ਪੂਰੇ ਸਿਆਸੀ ਕਰੀਅਰ ਵਿੱਚ ਹਾਸਲ ਨਹੀਂ ਕੀਤੀਆਂ ਸਨ।

ਰਾਜਪਾਲ ਵਜੋਂ ਸਹੁੰ ਚੁੱਕਣ ਤੋਂ ਬਾਅਦ ਹੀ ਵੱਖ-ਵੱਖ ਮੁੱਦਿਆਂ 'ਤੇ ਸੂਬਾ ਸਰਕਾਰ ਅਤੇ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ ਨਾਲ ਉਨ੍ਹਾਂ ਦੀ ਟਕਰਾਰ ਦਾ ਸਿਲਸਿਲਾ ਸ਼ੁਰੂ ਹੋ ਗਿਆ। ਜੋ ਕਿ ਮਹੂਆ ਮੋਇਤਰਾ ਦੇ ਹਾਲੀਆ 'ਕਾਲੀ ਵਿਵਾਦ' ਤੱਕ ਜਾਰੀ ਰਿਹਾ।

ਤ੍ਰਿਣਮੂਲ ਕਾਂਗਰਸ ਦੇ ਇੱਕ ਸੀਨੀਅਰ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, "ਇਸ ਵਿਚ ਕੁਝ ਵੀ ਅਣਕਿਆਸੀ ਨਹੀਂ ਹੈ।''

''ਧਨਖੜ ਜਿਸ ਤਰੀਕੇ ਨਾਲ ਭਾਜਪਾ ਆਗੂ ਵਜੋਂ ਕੰਮ ਕਰ ਰਹੇ ਸਨ, ਉਸ ਨੂੰ ਧਿਆਨ ਵਿਚ ਰੱਖਦੇ ਹੋਏ ਪਾਰਟੀ ਦੇ ਚੋਟੀ ਦੇ ਆਗੂ ਨੇ ਉਨ੍ਹਾਂ ਨੂੰ ਇਨਾਮ ਵਜੋਂ ਉਪ ਰਾਸ਼ਟਰਪਤੀ ਅਹੁਦਾ ਦੇਣ ਦਾ ਫੈਸਲਾ ਕੀਤਾ ਹੈ।''

ਉਨ੍ਹਾਂ ਨੇ ਪਹਿਲੇ ਦਿਨੋਂ ਹੀ ਜਿਸ ਤਰੀਕ ਨਾਲ ਸੂਬਾ ਸਰਕਾਰ ਅਤੇ ਤ੍ਰਿਣਮੂਲ ਕਾਂਗਰਸ ਪ੍ਰਤੀ ਹਮਲਾਵਰ ਰੁਖ ਅਪਣਾਇਆ, ਉਸ ਦੇ ਚੱਲਦਿਆਂ ਅਕਸਰ ਹੀ ਉਨ੍ਹਾਂ 'ਤੇ ਭਾਜਪਾ ਆਗੂ ਵਜੋਂ ਕੰਮ ਕਰਨ ਅਤੇ ਰਾਜਭਵਨ ਨੂੰ ਭਾਜਪਾ ਦਫ਼ਤਰ ਵਜੋਂ ਬਦਲਣ ਦੇ ਇਲਜ਼ਾਮ ਵੀ ਲੱਗਦੇ ਰਹੇ।

ਸ਼ੁਰੂ ਵਿੱਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਉਨ੍ਹਾਂ ਦੇ ਰਿਸ਼ਤੇ ਠੀਕ-ਠਾਕ ਰਹੇ। ਇਸ ਦੌਰਾਨ ਦੋਵੇਂ ਹੀ ਆਗੂ ਇੱਕ-ਦੂਜੇ 'ਤੇ ਸਿੱਧੇ ਹਮਲੇ ਕਰਨ ਤੋਂ ਬਚਦੇ ਸਨ।

ਪਰ ਫਿਰ ਕੁਝ ਹੀ ਦਿਨਾਂ ਬਾਅਦ ਦੋਵਾਂ ਨੇ ਜਨਤਕ ਤੌਰ 'ਤੇ ਇੱਕ-ਦੂਜੇ 'ਤੇ ਹਮਲੇ ਸ਼ੁਰੂ ਕਰ ਦਿੱਤੇ। ਮਮਤਾ ਬੈਨਰਜੀ ਨੇ ਨੇ ਤਾਂ ਕਈ ਵਾਰ ਜਨਤਕ ਤੌਰ 'ਤੇ ਇਹ ਮੰਗ ਵੀ ਕੀਤੀ ਕਿ ਧਨਖੜ ਨੂੰ ਰਾਜਪਾਲ ਦੇ ਅਹੁਦੇ ਤੋਂ ਹਟਾਇਆ ਜਾਵੇ।

ਸੂਬਾ ਸਰਕਾਰ ਨਾਲ ਟਕਰਾਅ

ਪੱਛਮੀ ਬੰਗਾਲ ਦੇ ਰਾਜਪਾਲ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਵਿਚਕਾਰ ਹੁਣ 36 ਦਾ ਅੰਕੜਾ ਹੈ। ਇਸ ਦੌਰਾਨ ਇਕ-ਦੋ ਵਾਰ ਉਨ੍ਹਾਂ ਵਿਚਕਾਰ ਸੁਲਾਹ ਦੀ ਗੁੰਜਾਇਸ਼ ਨਜ਼ਰ ਆਈ ਪਰ ਉਹ ਕੁਝ ਕੁ ਪਲਾਂ 'ਚ ਗਾਇਬ ਹੋਣ ਵਾਲੀ ਸੀ।

ਹੁਣ ਤੱਕ ਸ਼ਾਇਦ ਹੀ ਕੋਈ ਅਜਿਹਾ ਦਿਨ ਲੰਘਿਆ ਹੋਵੇ ਜਦੋਂ ਰਾਜਪਾਲ ਧਨਖੜ ਨੇ ਆਪਣੇ ਕਿਸੇ ਟਵੀਟ ਦੇ ਜ਼ਰੀਏ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਾ ਘੇਰਿਆ ਹੋਵੇ।

ਚਾਹੇ ਕੋਰੋਨਾ ਦਾ ਮੁੱਦਾ ਹੋਵੇ, ਰਾਸ਼ਨ ਵੰਡਣ ਦਾ, ਚੋਣਾਂ ਦੌਰਾਨ ਅਤੇ ਚੋਣਾਂ ਤੋਂ ਬਾਅਦ ਹੋਣ ਵਾਲੀ ਹਿੰਸਾ ਜਾਂ ਫਿਰ ਅੰਫ਼ਨ ਤੂਫ਼ਾਨ ਮਗਰੋਂ ਰਾਹਤ ਅਤੇ ਬਚਾਅ ਕਾਰਜਾਂ ਦਾ ਮੁੱਦਾ, ਰਾਜਪਾਲ ਲਗਾਤਾਰ ਮਮਤਾ ਸਰਕਾਰ 'ਤੇ ਹਮਲੇ ਕਰਦੇ ਰਹੇ ਹਨ।

ਹਾਲਾਤ ਇਹ ਹੋ ਗਏ ਕਿ ਇੱਕ ਵਾਰ ਤਾਂ ਮਮਤਾ ਨੇ ਧਨਖੜ ਨੂੰ ਟਵਿੱਟਰ 'ਤੇ ਬਲੌਕ ਹੀ ਕਰ ਦਿੱਤਾ, ਪਰ ਇਹ ਨਾਰਾਜ਼ਗੀ ਜ਼ਿਆਦਾ ਸਮਾਂ ਨਹੀਂ ਰਹੀ।

ਇਹ ਵੀ ਪੜ੍ਹੋ:

ਹੁਣ, ਇਸ ਹਫ਼ਤੇ ਰਾਜਪਾਲ ਨੇ ਦਾਰਜਲਿੰਗ ਵਿੱਚ ਮਮਤਾ ਅਤੇ ਅਸਮ ਦੇ ਮੁੱਖ ਮੰਤਰੀ ਹਿਮੰਤਾ ਬਿਸਵ ਸਰਮਾ ਨਾਲ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਇੱਕ ਫੋਟੋ ਟਵੀਟ ਕੀਤੀ ਸੀ।

ਸਿਆਸੀ ਦਲਾਂ ਦੀ ਪ੍ਰਤੀਕਿਰਿਆ

ਪੱਛਮੀ ਬੰਗਾਲ ਦੇ ਭਾਜਪਾ ਆਗੂਆਂ ਨੇ ਉਪ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਧਨਖੜ ਦੇ ਨਾਂਅ ਦੇ ਐਲਾਨ 'ਤੇ ਖੁਸ਼ੀ ਜਤਾਈ ਹੈ। ਸਾਬਕਾ ਸੂਬਾ ਪ੍ਰਧਾਨ ਤਥਾਗਤ ਰਾਏ ਦਾ ਕਹਿਣਾ ਹੈ, ਮੈਂ ਇਸ ਖ਼ਬਰ ਤੋਂ ਬਹੁਤ ਖੁਸ਼ ਹਾਂ। ਧਨਖੜ ਇੱਕ ਲੜਾਕੂ ਵਿਅਕਤੀ ਹਨ, ਜਿਨ੍ਹਾਂ ਦੀ ਰੀੜ ਦੀ ਹੱਡੀ ਬਹੁਤ ਮਜ਼ਬੂਤ ਹੈ।

ਤ੍ਰਿਣਮੂਲ ਕਾਂਗਰਸ ਨੇ ਅਜੇ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਪਾਰਟੀ ਦੇ ਬੁਲਾਰੇ ਕੁਨਾਲ ਘੋਸ਼ ਨੇ ਕਿਹਾ, ''ਫਿਲਹਾਲ ਮੈਂ ਇਸ 'ਤੇ ਕੋਈ ਟਿੱਪਣੀ ਨਹੀਂ ਕਰਾਂਗਾ।

ਹਾਲਾਂਕਿ, ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੌਗਤ ਰਾਏ ਨੇ ਸਵਾਲ ਕੀਤਾ ਹੈ ਕਿ ਭਾਜਪਾ ਦਾ ਘੱਟ ਗਿਣਤੀ ਚਿਹਰਾ ਕਿੱਥੇ ਗਿਆ। ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦਾ ਕਹਿਣਾ ਸੀ ਕਿ ਧਨਖੜ ਹੁਣ ਰਾਜਪਾਲ ਨਹੀਂ ਰਹਿਣਗੇ।

ਅਜਿਹੀ ਸਥਿਤੀ ਵਿੱਚ, ਹਰ ਰੋਜ਼ ਸਰਕਾਰ ਨੂੰ ਬੇਲੋੜੇ ਕਟਹਿਰੇ ਵਿੱਚ ਖੜ੍ਹਾ ਕਰਨ ਦਾ ਸਿਲਸਿਲਾ ਰੁਕ ਜਾਵੇਗਾ।

ਦੂਜੇ ਪਾਸੇ ਸੂਬਾ ਕਾਂਗਰਸ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਕਿਹਾ, ''ਧਨਖੜ ਕਾਨੂੰਨੀ ਮਾਮਲਿਆਂ ਦੇ ਮਾਹਿਰ ਹਨ। ਕਈ ਵਾਰ ਵਧੀਆ ਗੱਲਾਂ ਕਰਦੇ ਹਨ। ਉਹ ਭਾਜਪਾ ਦੇ ਕਰੀਬੀ ਹਨ। ਇਸੇ ਲਈ ਉਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਹੈ।''

ਸੀਪੀਐਮ ਆਗੂ ਵਿਕਾਸ ਰੰਜਨ ਭੱਟਾਚਾਰੀਆ ਦਾ ਕਹਿਣਾ ਹੈ, "ਭਾਜਪਾ ਨੇ ਧਨਖੜ ਨੂੰ ਉਮੀਦਵਾਰ ਬਣਾ ਕੇ ਬੇਹਤਰੀਨ ਬਾਜ਼ੀ ਖੇਡੀ ਹੈ। ਉਹ ਸੰਵਿਧਾਨ ਨੂੰ ਸਮਝਦੇ ਹਨ। ਅਜਿਹੇ ਵਿੱਚ ਭਾਜਪਾ ਨੂੰ ਉਨ੍ਹਾਂ ਤੋਂ ਸਹਾਇਤਾ ਮਿਲੇਗੀ।''

ਕੌਣ ਹਨ ਜਗਦੀਪ ਧਨਖੜ?

18 ਮਈ 1951 ਨੂੰ ਰਾਜਸਥਾਨ ਦੇ ਝੂੰਝੁਨੂ ਜ਼ਿਲ੍ਹੇ ਦੇ ਪਿੰਡ ਕਿਠਾਣਾ ਵਿੱਚ ਜਨਮੇ ਜਗਦੀਪ ਧਨਖੜ ਨੇ 30 ਜੁਲਾਈ 2019 ਨੂੰ ਬੰਗਾਲ ਦੇ ਰਾਜਪਾਲ ਵਜੋਂ ਅਹੁਦਾ ਸੰਭਾਲਿਆ ਸੀ।

ਉਨ੍ਹਾਂ ਦੀ ਮੁੱਢਲੀ ਸਿੱਖਿਆ ਕਿਠਾਣਾ ਪਿੰਡ ਦੇ ਹੀ ਸਰਕਾਰੀ ਸਕੂਲ ਵਿੱਚ ਹੋਈ। ਜਿਸ ਤੋਂ ਬਾਅਦ, ਉਸਨੇ ਇੱਕ ਸਕਾਲਰਸ਼ਿਪ ਪ੍ਰਾਪਤ ਕੀਤੀ ਅਤੇ ਚਿਤੌੜਗੜ੍ਹ ਦੇ ਸੈਨਿਕ ਸਕੂਲ ਵਿੱਚ ਦਾਖਲਾ ਲੈ ਲਿਆ।

ਧਨਖੜ ਨੇ ਜਾਣੇ-ਮਾਣੇ ਮਹਾਰਾਜਾ ਕਾਲਜ, ਜੈਪੁਰ ਤੋਂ ਬੀਐੱਸਸੀ (ਆਨਰਜ਼) ਦੀ ਡਿਗਰੀ ਪ੍ਰਾਪਤ ਕੀਤੀ। ਉਨ੍ਹਾਂ ਨੇ ਰਾਜਸਥਾਨ ਯੂਨੀਵਰਸਿਟੀ ਤੋਂ ਹੀ ਕਾਨੂੰਨ (ਐੱਲਐੱਲਬੀ) ਦੀ ਪੜ੍ਹਾਈ ਕੀਤੀ। ਪੜ੍ਹਾਈ ਵਿੱਚ ਉਹ ਹਮੇਸ਼ਾ ਅੱਵਲ ਰਹੇ।

ਧਨਖੜ, 1979 ਵਿੱਚ ਰਾਜਸਥਾਨ ਬਾਰ ਕੌਂਸਲ ਦੇ ਮੈਂਬਰ ਬਣੇ। 27 ਮਾਰਚ 1990 ਨੂੰ ਉਹ ਸੀਨੀਅਰ ਵਕੀਲ ਬਣੇ।

ਉਸ ਸਮੇਂ ਤੋਂ ਹੀ ਧਨਖੜ ਸੁਪਰੀਮ ਕੋਰਟ 'ਚ ਵੀ ਪ੍ਰੈਕਟਿਸ ਕਰਦੇ ਰਹੇ। ਸਾਲ 1987 ਵਿੱਚ ਉਹ ਰਾਜਸਥਾਨ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਚੁਣੇ ਗਏ ਸਨ।

ਧਨਖੜ ਦਾ ਸਿਆਸੀ ਕਰੀਅਰ ਸਾਲ 1989 ਤੋਂ ਸ਼ੁਰੂ ਹੋਇਆ। ਉਸ ਸਾਲ ਉਹ ਭਾਜਪਾ ਦੇ ਸਮਰਥਨ ਨਾਲ ਜਨਤਾ ਦਲ ਦੀ ਟਿਕਟ 'ਤੇ ਝੁੰਝਨੂ ਤੋਂ ਲੋਕ ਸਭਾ ਚੋਣ ਲੜੇ ਅਤੇ ਜਿੱਤ ਕੇ ਪਹਿਲੀ ਵਾਰ ਸੰਸਦ ਪਹੁੰਚੇ। ਉਹ ਕੇਂਦਰ ਵਿੱਚ ਮੰਤਰੀ ਵੀ ਰਹੇ।

ਜਨਤਾ ਦਲ ਦੇ ਵਿਭਾਜਿਤ ਹੋਣ ਤੋਂ ਬਾਅਦ, ਧਨਖੜ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਵਾਲੇ ਪਾਸੇ ਚਲੇ ਗਏ। ਪਰ ਜਨਤਾ ਦਲ ਤੋਂ ਟਿਕਟ ਨਾ ਮਿਲਣ ਕਾਰਨ ਉਹ ਬਾਅਦ ਵਿੱਚ ਕਾਂਗਰਸ ਵਿੱਚ ਚਲੇ ਗਏ।

ਉਨ੍ਹਾਂ ਨੇ ਕਾਂਗਰਸ ਦੀ ਟਿਕਟ 'ਤੇ ਅਜਮੇਰ ਤੋਂ ਲੋਕ ਸਭਾ ਚੋਣ ਵੀ ਲੜੀ, ਪਰ ਹਾਰ ਗਏ।

ਉਸ ਤੋਂ ਬਾਅਦ, ਸਾਲ 2003 'ਚ ਉਹ ਭਾਜਪਾ 'ਚ ਸ਼ਾਮਲ ਹੋਏ। 1993 ਤੋਂ 1998 ਦਰਮਿਆਨ ਉਹ ਅਜਮੇਰ ਦੀ ਕਿਸ਼ਨਗੜ੍ਹ ਵਿਧਾਨ ਸਭਾ ਤੋਂ ਵਿਧਾਨ ਸਭਾ ਦੇ ਮੈਂਬਰ ਰਹੇ।

ਲੋਕ ਸਭਾ ਅਤੇ ਵਿਧਾਨ ਸਭਾ ਦੇ ਆਪਣੇ ਕਾਰਜਕਾਲ ਦੌਰਾਨ ਉਹ ਕਈ ਅਹਿਮ ਕਮੇਟੀਆਂ ਦੇ ਮੈਂਬਰ ਰਹੇ।

ਉਨ੍ਹਾਂ ਦੀ ਧੀ ਕਾਮਨਾ ਨੇ ਜੈਪੁਰ ਦੇ ਐੱਮਜੀਡੀ ਸਕੂਲ ਅਤੇ ਅਜਮੇਰ ਦੇ ਮੇਓ ਕਾਲਜ ਤੋਂ ਪੜ੍ਹਾਈ ਕਰਨ ਤੋਂ ਬਾਅਦ ਅਮਰੀਕਾ ਤੋਂ ਗ੍ਰੈਜੂਏਸ਼ਨ ਕੀਤੀ ਹੈ।

ਇਸ ਵਾਰ ਉਪ ਰਾਸ਼ਟਰਪਤੀ ਦੀ ਚੋਣ 6 ਅਗਸਤ ਨੂੰ ਹੋਣੀ ਹੈ। ਨਾਮਜ਼ਦਗੀ ਦੀ ਆਖਰੀ ਮਿਤੀ 19 ਜੁਲਾਈ ਹੈ।

ਮੌਜੂਦਾ ਉਪ ਰਾਸ਼ਟਰਪਤੀ ਵੈਂਕੇਆ ਨਾਇਡੂ ਦਾ ਕਾਰਜਕਾਲ 10 ਅਗਸਤ ਨੂੰ ਖਤਮ ਹੋ ਰਿਹਾ ਹੈ। ਨਵੇਂ ਉਪ ਰਾਸ਼ਟਰਪਤੀ 11 ਤਰੀਕ ਨੂੰ ਸਹੁੰ ਚੁੱਕਣਗੇ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)