‘ਕੈਪਸੂਲ ਗਿੱਲ’ ਜਸਵੰਤ ਸਿੰਘ ਗਿੱਲ ਜਿੰਨ੍ਹਾਂ ਨੇ 65 ਜਾਨਾਂ ਬਚਾਈਆਂ ਸਨ, ਹੁਣ ਉਨ੍ਹਾਂ ’ਤੇ ਫਿਲਮ ਬਣ ਰਹੀ

ਤਸਵੀਰ ਸਰੋਤ, DrSarpreet Singh Gill
- ਲੇਖਕ, ਅਨੁਰੀਤ ਭਾਰਦਵਾਜ
- ਰੋਲ, ਬੀਬੀਸੀ ਸਹਿਯੋਗੀ
ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫ਼ਿਲਮ ਵਿੱਚ ਇੱਕ ਸਿੱਖ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਫ਼ਿਲਮ ਵਿਚਲੇ ਸਿੱਖ ਕਿਰਦਾਰ ਦੀ ਤਸਵੀਰ ਵੀ ਜਾਰੀ ਹੋ ਚੁੱਕੀ ਹੈ।
ਹਾਲਾਂਕਿ ਅਜੇ ਤੱਕ ਫ਼ਿਲਮ ਦੇ ਨਾਮ ਬਾਰੇ ਕੋਈ ਜਾਣਕਾਰੀ ਸਾਂਝਾ ਨਹੀਂ ਕੀਤੀ ਗਈ ਹੈ।
ਇਸ ਫ਼ਿਲਮ ਵਿੱਚ ਅਕਸ਼ੈ ਜਿਸ ਵਿਅਕਤੀ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ, ਉਨ੍ਹਾਂ ਦਾ ਨਾਂ ਹੈ - ਜਸਵੰਤ ਸਿੰਘ ਗਿੱਲ ਉਰਫ਼ ਕੈਪਸੂਲ ਗਿੱਲ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਆਓ ਜਾਣਦੇ ਹਾਂ ਕਿ ਕੌਣ ਸਨ ਜਸਵੰਤ ਸਿੰਘ
22 ਨਵੰਬਰ 1939 ਨੂੰ ਜੰਮੇ ਜਸਵੰਤ ਸਿੰਘ ਗਿੱਲ ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਅੰਮ੍ਰਿਤਸਰ ਦੇ ਹੀ ਖਾਲਸਾ ਕਾਲਜ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ।
ਇੱਕ ਸਧਾਰਨ ਪਰਿਵਾਰ ਨਾਲ ਸਬੰਧਿਤ ਜਸਵੰਤ ਸਿੰਘ ਬਚਪਨ ਤੋਂ ਹੀ ਬਹੁਤ ਹੁਸ਼ਿਆਰ ਸਨ।
ਜਸਵੰਤ ਸਿੰਘ ਗਿੱਲ ਇੱਕ ਮਾਈਨਿੰਗ ਇੰਜੀਨੀਅਰ ਸਨ। ਉਨ੍ਹਾਂ ਨੂੰ ਕੋਲਾ ਖਾਨ ਵਿੱਚ ਵਾਪਰੇ ਇੱਕ ਵੱਡੇ ਹਾਦਸੇ ਦੌਰਾਨ ਕੀਤੇ ਕਾਮਯਾਬ ਬਚਾਅ ਕਾਰਜਾਂ ਲਈ ਜਾਣਿਆ ਜਾਂਦਾ ਹੈ।
12-13 ਨੰਵਬਰ, 1989 ਦੀ ਰਾਤ ਬੰਗਾਲ ਵਿੱਚ ਇੱਕ ਕੋਲੇ ਦੀ ਖਾਨ (ਮਹਾਂਵੀਰ ਕੋਲਰੀ) ਵਿੱਚ ਵੱਡਾ ਹਾਦਸਾ ਵਾਪਰਿਆ। ਇੱਕ ਜ਼ੋਰਦਾਰ ਧਮਾਕਾ ਹੋਇਆ, ਜਿਸ ਨਾਲ ਖਾਨ ਦਾ ਇੱਕ ਹਿੱਸਾ ਢਹਿ ਗਿਆ ਅਤੇ ਉਸ 'ਚ ਪਾਣੀ ਭਰਨਾ ਸ਼ੁਰੂ ਹੋ ਗਿਆ।
ਜਿਸ ਵੇਲੇ ਹਾਦਸਾ ਵਾਪਰਿਆ, ਉਸ ਸਮੇਂ ਖਾਨ ਦੇ ਅੰਦਰ 230 ਮਜ਼ਦੂਰ ਕੰਮ ਕਰ ਰਹੇ ਸਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਖਾਨ ਦੀਆਂ ਦੋ ਲਿਫਟਾਂ ਰਾਹੀਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ।
ਪਾਣੀ ਤੇਜ਼ੀ ਨਾਲ ਭਰਦਾ ਗਿਆ ਅਤੇ ਲਿਫਟਾਂ ਵੀ ਬੰਦ ਹੋ ਗਈਆਂ, ਜਿਸ ਕਾਰਨ 71 ਮਜ਼ਦੂਰ ਅੰਦਰ ਹੀ ਫਸੇ ਰਹਿ ਗਏ।
ਠੀਕ ਉਸੇ ਸਮੇਂ, ਜਸਵੰਤ ਸਿੰਘ ਗਿੱਲ ਉਥੋਂ ਦੀ ਲੰਘ ਰਹੇ ਸਨ। ਉਸ ਸਮੇਂ ਜਸਵੰਤ ਸਿੰਘ ਦੀ ਪੋਸਟਿੰਗ ਉੱਥੋਂ ਕੁਝ ਕਿਲੋਮੀਟਰ ਦੂਰ ਇੱਕ ਕੋਲਾ ਖਾਨ 'ਤੇ ਸੀ।
ਹਾਦਸੇ ਵਾਲੀ ਥਾਂ 'ਤੇ ਜਾਮ ਲੱਗ ਗਿਆ ਅਤੇ ਉਨ੍ਹਾਂ ਨੇ ਮਾਈਨਿੰਗ ਰੈਸਕਿਊ ਵੈਨ ਦੇ ਸਾਇਰਨ ਦੀ ਆਵਾਜ਼ ਸੁਣੀ।

ਤਸਵੀਰ ਸਰੋਤ, DrSarpreet Singh Gill
ਜਿਵੇਂ ਹੀ ਉਨ੍ਹਾਂ ਨੂੰ ਇਸ ਭਿਆਨਕ ਹਾਦਸੇ ਦੀ ਜਾਣਕਾਰੀ ਲੱਗੀ, ਉਨ੍ਹਾਂ ਨੇ ਆਪਣੇ ਦਫ਼ਤਰ ਨਾ ਜਾ ਕੇ ਹਾਦਸੇ ਵਾਲੀ ਥਾਂ 'ਤੇ ਜਾਣਾ ਦਾ ਫੈਸਲਾ ਕੀਤਾ।
ਜਸਵੰਤ ਸਿੰਘ ਗਿੱਲ ਦੇ ਪੁੱਤਰ ਡਾਕਟਰ ਸਰਪ੍ਰੀਤ ਸਿੰਘ ਗਿੱਲ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ, ''ਸਾਡੇ ਪਿਤਾ ਜੀ ਦੱਸਦੇ ਸਨ ਕਿ ਉੱਥੇ ਜਾ ਕੇ ਜਦੋਂ ਮੈਂ ਪਹਿਲੀ ਵਾਰ ਦੇਖਿਆ ਤਾਂ ਉਸ ਤੋਂ ਮੈਨੂੰ ਕਾਫ਼ੀ ਸਮਝ ਆ ਗਿਆ ਕਿ ਦਿੱਕਤ ਕੀ ਹੈ।''
''ਉਨ੍ਹਾਂ ਨੂੰ ਉੱਥੋਂ ਦੇ ਅਫਸਰ ਨਾਲ ਗੱਲ ਕਰਕੇ ਪਤਾ ਲੱਗਿਆ ਕਿ ਇਸ ਤਰ੍ਹਾਂ ਅੰਦਰ 71 ਬੰਦੇ ਫਸ ਗਏ ਹਨ, ਮਰ ਗਏ ਕਿ ਜਿਉਂਦੇ ਹਨ, ਕੁੱਝ ਨਹੀਂ ਪਤਾ।''
ਰੈਸਕਿਊ ਟਰੇਂਡ ਜਸਵੰਤ ਸਿੰਘ
ਡਾਕਟਰ ਸਰਪ੍ਰੀਤ ਸਿੰਘ ਦੱਸਦੇ ਹਨ ਕਿ ਉਸੇ ਵੇਲੇ ਖਾਨ 'ਚ ਲੱਗੇ ਸੈਂਟਰਲ ਡਿਸਪੈਚ ਸਿਸਟਮ (ਇੱਕ ਤਰ੍ਹਾਂ ਦਾ ਸੂਚਨਾ ਪਹੁੰਚਾਉਣ ਵਾਲਾ ਸਿਸਟਮ) ਤੋਂ ਆਵਾਜ਼ ਆਈ ''ਹਮ ਹੈਂ''।
ਜੋਸ਼ ਟਾਕਜ਼ ਦੇ ਪਲੇਟਫਾਰਮ 'ਤੇ ਗੱਲ ਕਰਦੇ ਹੋਏ ਇੱਕ ਵਾਰ ਜਸਵੰਤ ਸਿੰਘ ਗਿੱਲ ਨੇ ਦੱਸਿਆ ਸੀ ਕਿ ''ਮੈਂ ਰੈਸਕਿਊ ਟਰੇਂਡ ਸੀ, ਸੋ ਮੈਨੂੰ ਥੋੜ੍ਹਾ ਪਤਾ ਸੀ ਕਿ ਮੈਂ ਇਹ ਕੰਮ ਕਰ ਸਕਦਾ ਹਾਂ।''
ਫਿਰ ਵੱਖ-ਵੱਖ ਟੀਮਾਂ ਬਣਾ ਕੇ ਅੰਦਰ ਫਸੇ ਮਜ਼ਦੂਰਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ।
ਇਹ ਵੀ ਪੜ੍ਹੋ:
ਇੱਕ ਟੀਮ ਨੇ ਖਾਨ 'ਚ ਭਰ ਰਹੇ ਪਾਣੀ ਨੂੰ ਮੋਟਰਾਂ ਦੀ ਮਦਦ ਨਾਲ ਕੱਢਣਾ ਸ਼ੁਰੂ ਕੀਤਾ ਪਰ ਉਹ ਜਿੰਨਾਂ ਪਾਣੀ ਕੱਢਦੇ, ਓਨਾ ਜ਼ਿਆਦਾ ਪਾਣੀ ਖਾਨ 'ਚ ਭਰਦਾ ਜਾਂਦਾ।
ਉਨ੍ਹਾਂ ਦੱਸਿਆ ਸੀ ਕਿ ਹਿਸਾਬ ਲਗਾਉਣ 'ਤੇ ਪਤਾ ਲੱਗਾ ਕਿ ਇਸ ਪਾਣੀ ਨੂੰ ਕੱਢਣ 'ਚ ਤਾਂ ਡੇਢ ਤੋਂ ਦੋ ਮਹੀਨੇ ਲੱਗਣ ਵਾਲੇ ਸਨ।
ਕੈਪਸੂਲ ਤਕਨੀਕ ਦਾ ਇਸਤੇਮਾਲ
ਜਸਵੰਤ ਸਿੰਘ ਗਿੱਲ ਆਪਣੀ ਕੈਪਸੂਲ ਤਕਨੀਕ ਲਈ ਪਛਾਣੇ ਜਾਂਦੇ ਹਨ, ਜਿਸ ਦਾ ਇਸਤੇਮਾਲ ਕਰਕੇ ਉਨ੍ਹਾਂ ਨੇ ਖਾਨ 'ਚ ਫਸੇ 65 ਮਜ਼ਦੂਰਾਂ ਦੀਆਂ ਜ਼ਿੰਦਗੀਆਂ ਬਚਾਈਆਂ ਸਨ।
ਗਿੱਲ ਨੇ ਆਪ ਦੱਸਿਆ ਸੀ ਕਿ ''ਇਹ ਤਰੀਕਾ ਪਹਿਲਾਂ ਕਦੇ ਕੀਤੇ ਵੀ ਇਸਤੇਮਾਲ ਨਹੀਂ ਹੋਇਆ ਸੀ।''
ਹਾਦਸੇ ਨੂੰ ਯਾਦ ਕਰਦਿਆਂ ਉਨ੍ਹਾਂ ਦੱਸਿਆ ਸੀ, ''ਮੇਰੇ ਦਿਮਾਗ 'ਚ ਆਇਆ ਕਿ ਇੰਝ ਕਿਉਂ ਨਾ ਕੀਤਾ ਜਾਵੇ ਕਿ ਇੱਕ ਨਾ ਛੋਟਾ ਜਿਹਾ ਸ਼ਾਫ਼ਟ (ਬੋਰ) ਬਣਾਉਂਦੇ ਹਾਂ। ਜਿਸ 'ਚ ਇੱਕ ਬੰਦਾ ਅੰਦਰ ਜਾ ਸਕੇ।''
ਮਜ਼ਦੂਰਾਂ ਦਾ ਪਤਾ ਲਗਾਉਣ ਤੋਂ ਬਾਅਦ, ਤੈਅ ਹੋਇਆ ਕਿ ਉਨ੍ਹਾਂ ਨੂੰ ਇੱਕ ਕੈਪਸੂਲ ਦੀ ਮਦਦ ਨਾਲ ਬਾਹਰ ਕੱਢਿਆ ਜਾਵੇਗਾ।
ਜਸਵੰਤ ਸਿੰਘ ਨੇ ਸਾਰੀਆਂ ਹਿਦਾਇਤਾਂ ਦਿੰਦੇ ਹੋਏ, ਨੇੜੇ ਦੀ ਹੀ ਇੱਕ ਫੈਕਟਰੀ ਵਿੱਚ ਤੁਰੰਤ ਸਟੀਲ ਦਾ ਇੱਕ ਕੈਪਸੂਲ ਤਿਆਰ ਕਰਵਾਇਆ ਗਿਆ।
ਉਸ ਤੋਂ ਬਾਅਦ ਜ਼ਮੀਨ 'ਚ ਇੱਕ ਬੋਰ ਕੀਤਾ ਗਿਆ।

ਤਸਵੀਰ ਸਰੋਤ, DrSarpreet Singh Gill
ਮੌਕੇ 'ਤੇ ਮੁੱਕਰੇ ਰੈਸਕਿਊ ਟੀਮ ਦੇ 2 ਮੈਂਬਰ
ਜਸਵੰਤ ਸਿੰਘ ਦੇ ਪੁੱਤਰ ਮੁਤਾਬਕ, ਉਨ੍ਹਾਂ ਦੇ ਪਿਤਾ ਬਹੁਤ ਬਹਾਦਰ ਇਨਸਾਨ ਸਨ। ਉਹ ਬੜੀ ਛੇਤੀ ਅਤੇ ਸਹੀ ਫੈਸਲੇ ਲੈਂਦੇ ਸਨ।
ਉਨ੍ਹਾਂ ਦੱਸਿਆ ਸੀ ਕਿ ਕੈਪਸੂਲ ਦੀ ਮਦਦ ਰਾਹੀਂ ਖਾਨ 'ਚ ਅੰਦਰ ਜਾਣ ਲਈ ਕੋਲ ਇੰਡੀਆ ਵੱਲੋਂ ਦੋ ਮੈਂਬਰ ਤਿਆਰ ਕੀਤੇ ਗਏ ਸਨ, ਪਰ ਐਨ ਮੌਕੇ 'ਤੇ ਆ ਕੇ ਉਨ੍ਹਾਂ ਨੇ ਅੰਦਰ ਜਾਣ ਤੋਂ ਇਨਕਾਰ ਕਰ ਦਿੱਤਾ।
ਉਸ ਵੇਲੇ ਜਸਵੰਤ ਸਿੰਘ ਗਿੱਲ ਨੇ ਫੈਸਲਾ ਕੀਤਾ ਕਿ ਉਹ ਆਪ ਅੰਦਰ ਜਾ ਕੇ ਲੋਕਾਂ ਦੀ ਜਾਨ ਬਚਾਉਣਗੇ।
ਜਸਵੰਤ ਸਿੰਘ ਗਿੱਲ ਮੁਤਾਬਕ, ਜਦੋਂ ਉਨ੍ਹਾਂ ਨੇ ਆਪ ਅੰਦਰ ਜਾਣ ਦੀ ਗੱਲ ਕਹੀ ਤਾਂ ਉਨ੍ਹਾਂ ਦੇ ਸੀਨੀਅਰ ਅਧਿਕਾਰੀਆਂ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ ਪਰ ਜਸਵੰਤ ਸਿੰਘ ਅੜੇ ਰਹੇ।
ਉਨ੍ਹਾਂ ਦੱਸਿਆ ਕਿ ਉਸ ਵੇਲੇ ਉਨ੍ਹਾਂ ਨੇ ਆਪਣੇ ਅਧਿਕਾਰੀ ਨੂੰ ਕਿਹਾ, ''65 ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ, ਤੁਸੀਂ ਪਸੰਦ ਕਰੋ ਜਾਂ ਨਾ, ਮੈਂ ਅੰਦਰ ਜਾਵਾਂਗਾ।''
''ਤੁਹਾਡੀ ਤੱਸਲੀ ਲਈ, ਮੈਂ ਤੁਸੀਂ ਯਕੀਨ ਦਿਵਾਉਂਦਾ ਹਨ ਕਿ ਮੈਂ ਸਵੇਰੇ ਆਵਾਂਗਾ ਅਤੇ ਤੁਹਾਡੇ ਨਾਲ ਚਾਹ ਪੀਵਾਂਗਾ।''

ਤਸਵੀਰ ਸਰੋਤ, DrSarpreet Singh Gill
ਸਭ ਨੂੰ ਕੱਢ ਕੇ ਨਿੱਕਲੇ ਬਾਹਰ
15 ਨਵੰਬਰ ਦੀ ਅੱਧੀ ਰਾਤ, ਜਸਵੰਤ ਸਿੰਘ ਗਿੱਲ ਆਪ ਕੈਪਸੂਲ 'ਚ ਵੜ ਕੇ ਖਾਨ 'ਚ ਦਾਖ਼ਲ ਹੋਏ ਅਤੇ ਪਹਿਲੇ ਬੰਦੇ ਨੂੰ ਬਾਹਰ ਕੱਢਣ ਵਿੱਚ ਕਾਮਯਾਬ ਹੋਏ।
ਉਨ੍ਹਾਂ ਨੂੰ ਪਤਾ ਲੱਗਾ ਕਿ 6 ਮਜ਼ਦੂਰਾਂ ਦੀ ਪਾਣੀ ਵਿੱਚ ਡੁੱਬ ਕੇ ਮੌਤ ਹੋ ਚੁੱਕੀ ਸੀ ਅਤੇ ਹੁਣ 65 ਮਜ਼ਦੂਰ ਜ਼ਿੰਦਾ ਸਨ।
ਉਨ੍ਹਾਂ ਨੇ ਸਭ ਤੋਂ ਪਹਿਲਾਂ ਜ਼ਖਮੀਆਂ ਅਤੇ ਬਿਮਾਰ ਮਜ਼ਦੂਰਾਂ ਨੂੰ ਬਾਹਰ ਕੱਢਿਆ ਅਤੇ ਸਭ ਨੂੰ ਇਹ ਭਰੋਸਾ ਦਿੱਤਾ ਕਿ ਉਹ ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢਣ ਤੋਂ ਬਾਅਦ ਆਪ ਅਖੀਰ ਵਿੱਚ ਬਾਹਰ ਨਿਕਲਣਗੇ।
ਸ਼ੁਰੂ ਵਿੱਚ ਕੈਪਸੂਲ ਨੂੰ ਮਾਨਵੀ ਮਦਦ ਨਾਲ ਆਪਰੇਟ ਕੀਤਾ ਜਾ ਰਿਹਾ ਸੀ, ਜਿਸ ਕਾਰਨ ਇੱਕ ਵਿਅਕਤੀ ਨੂੰ ਕੱਢਣ ਵਿੱਚ 22 ਮਿੰਟ ਦਾ ਸਮਾਂ ਲੱਗ ਰਿਹਾ ਸੀ।
ਬਾਅਦ ਵਿੱਚ ਉਸ ਨੂੰ ਬਿਜਲੀ ਦੀ ਮਦਦ ਨਾਲ ਆਪਰੇਟ ਕੀਤਾ ਜਾਣ ਲੱਗਾ ਅਤੇ ਇੱਕ ਵਿਅਕਤੀ ਨੂੰ ਕੱਢਣ ਦਾ ਸਮਾਂ 22 ਮਿੰਟ ਤੋਂ ਘਟ ਕੇ ਮਹਿਜ਼ 4 ਮਿੰਟ ਰਹਿ ਗਿਆ।
ਅਗਲੇ ਦਿਨ ਸਵੇਰੇ ਸਾਢੇ ਅੱਠ ਵਜੇ, ਸਾਰੇ ਮਜ਼ਦੂਰਾਂ ਨੂੰ ਬਾਹਰ ਕੱਢਣ ਤੋਂ ਬਾਅਦ ਗਿੱਲ ਆਪ ਖਾਨ 'ਚੋਂ ਬਾਹਰ ਆਏ।
ਉਨ੍ਹਾਂ ਦੇ ਪੁੱਤਰ ਮੁਤਾਬਕ, ਉਦੋਂ ਤੋਂ ਹੀ ਜਸਵੰਤ ਸਿੰਘ ਦਾ ਨਾਂ 'ਹੀਰੋ ਆਫ਼ ਰਾਨੀਗੰਜ ਅਤੇ 'ਕੈਪਸੂਲ ਗਿੱਲ' ਪੈ ਗਿਆ।

ਤਸਵੀਰ ਸਰੋਤ, DrSarpreet Singh Gill
ਉਨ੍ਹਾਂ ਦੀ ਇਸ ਬਹਾਦਰੀ ਲਈ ਉਨ੍ਹਾਂ ਨੂੰ ਭਾਰਤ ਦੇ ਰਾਸ਼ਟਰਪਤੀ ਵੱਲੋਂ 'ਸਰਵੋਤਮ ਜੀਵਨ ਰੱਖਿਆ ਐਵਾਰਡ' ਸਨਮਾਨ ਨਾਲ ਨਵਾਜ਼ਿਆ ਗਿਆ।
ਇਸ ਦੇ ਨਾਲ ਹੀ ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਲਾਈਫ਼ਟਾਈਮ ਅਚੀਵਮੈਂਟ ਅਵਾਰਡ ਵੀ ਦਿੱਤਾ ਗਿਆ।
ਜਸਵੰਤ ਸਿੰਘ ਦਾ ਪਰਿਵਾਰ ਸੀ ਅਣਜਾਣ
ਡਾਕਟਰ ਸਰਪ੍ਰੀਤ ਸਿੰਘ ਗਿੱਲ ਦੱਸਦੇ ਹਨ ਕਿ ਜਿਸ ਵੇਲੇ ਇਹ ਸਭ ਚੱਲ ਰਿਹਾ ਸੀ ਉਨ੍ਹਾਂ ਦੇ ਪਰਿਵਾਰ ਨੂੰ ਚਾਰ ਦਿਨਾਂ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।
ਉਨ੍ਹਾਂ ਨੂੰ ਚਾਰ ਦਿਨ ਬਾਅਦ, ਦਿੱਲੀ ਤੋਂ ਇੱਕ ਰਿਸ਼ਤੇਦਾਰ ਨੇ ਫੋਨ ਕਰਕੇ ਦੱਸਿਆ ਕਿ ਅੱਜ ਦੂਰਦਰਸ਼ਨ ਟੀਵੀ 'ਤੇ ਜਸਵੰਤ ਸਿੰਘ ਨੂੰ ਦਿਖਾਉਣਗੇ।
ਸਰਪ੍ਰੀਤ ਯਾਦ ਕਰਦੇ ਹਨ ਕਿ ਜਦੋਂ ਉਨ੍ਹਾਂ ਦੇ ਪਰਿਵਾਰ ਨੇ ਟੀਵੀ 'ਤੇ ਜਸਵੰਤ ਸਿੰਘ ਨੂੰ ਇੱਕ ਕੈਪਸੂਲ ਵਿੱਚ ਜਾਂਦੇ ਦੇਖਿਆ ਤਾਂ ਉਨ੍ਹਾਂ ਦੇ ਦਾਦੀ ਜੀ ਨੇ ਘਬਰਾ ਕਿ ਕਿਹਾ ਕਿ ''ਓਏ...ਇਹ ਜਸਵੰਤ ਕਿੱਥੇ ਜਾ ਰਿਹਾ ਹੈ, ਇਸ ਨੂੰ ਰੋਕੋ।''
ਜਸਵੰਤ ਸਿੰਗ ਦਾ ਢੋਲ ਨਾਲ ਸਵਾਗਤ
ਇਸ ਆਪ੍ਰੇਸ਼ਨ ਤੋਂ ਕੁਝ ਮਹੀਨੇ ਬਾਅਦ ਜਦੋਂ ਜਸਵੰਤ ਆਪਣੇ ਸ਼ਹਿਰ ਅੰਮ੍ਰਿਤਸਰ ਪਰਤੇ ਤਾਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।
ਸਟੇਸ਼ਨ ਤੋਂ ਢੋਲੀਆਂ ਨਾਲ ਉਨ੍ਹਾਂ ਨੂੰ ਘਰ ਤੱਕ ਲਿਆਂਦਾ ਗਿਆ।

ਤਸਵੀਰ ਸਰੋਤ, DrSarpreet Singh Gill
ਬੰਗਾਲ ਦੇ ਲੋਕਾਂ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਵੀ ਉਨ੍ਹਾਂ ਦਾ ਬਹੁਤ ਸਨਮਾਨ ਕੀਤਾ ਗਿਆ।
ਪਰਿਵਾਰ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਤੋਂ ਬਾਅਦ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੂੰ ਕੋਲ ਇੰਡੀਆ ਵੱਲੋਂ ਇੱਕ ਲੱਖ ਰੁਪਏ ਦਾ ਕੈਸ਼ ਇਨਾਮ ਦਿੱਤਾ ਜਾਵੇਗਾ।
ਹਾਲਾਂਕਿ, ਪਰਿਵਾਰ ਦਾ ਦਾਅਵਾ ਹੈ ਕਿ ਉਹ ਰਾਸ਼ੀ ਅੱਜ ਤੱਕ ਨਹੀਂ ਮਿਲੀ।
ਡਾਕਟਰ ਸਰਪ੍ਰੀਤ ਗਿੱਲ ਮੁਤਾਬਕ, ਥਾਈਲੈਂਡ ਵਿੱਚ ਵੀ ਇੱਕ ਅਜਿਹੇ ਹਾਦਸੇ ਦੌਰਾਨ ਵੀ ਉਨ੍ਹਾਂ ਨੇ ਇੱਕ ਤਕਨੀਕ ਦੱਸੀ ਸੀ।
ਇਸੇ ਤਰ੍ਹਾਂ ਮੇਘਾਲਿਆ ਵਿੱਚ ਵਿੱਚ ਵੀ ਅਜਿਹੇ ਹਾਦਸੇ ਦੌਰਾਨ ਉਨ੍ਹਾਂ ਤੋਂ ਮਦਦ ਮੰਗੀ ਗਈ ਸੀ।
26 ਨਵੰਬਰ 2019 ਨੂੰ ਜਸਵੰਤ ਸਿੰਘ ਦਾ ਦੇਹਾਂਤ ਹੋ ਗਿਆ।
ਹੁਣ ਜਸਵੰਤ ਸਿੰਘ ਗਿੱਲ ਦੇ ਜੀਵਨ ਉਪਰ ਇੱਕ ਫ਼ਿਲਮ ਬਣਾਈ ਜਾ ਰਹੀ ਹੈ। ਡਾਕਟਰ ਸਰਪ੍ਰੀਤ ਨੇ ਦੱਸਿਆ ਕਿ ਇਸ 'ਤੇ 2017 ਤੋਂ ਗੱਲਬਾਤ ਚੱਲ ਰਹੀ ਹੈ ਅਤੇ ਉਹ ਇਸ ਨੂੰ ਲੈ ਕੇ ਬਹੁਤ ਖੁਸ਼ ਹਨ।
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












