You’re viewing a text-only version of this website that uses less data. View the main version of the website including all images and videos.
ਸਿੱਪੀ ਸਿੱਧੂ ਕਤਲ ਮਾਮਲਾ: ਲਗਭਗ 7 ਸਾਲ ਬਾਅਦ ਪਹਿਲੀ ਗ੍ਰਿਫ਼ਤਾਰੀ, ਜੱਜ ਦੀ ਧੀ ਹੋਈ ਗ੍ਰਿਫ਼ਤਾਰ - ਪ੍ਰੈੱਸ ਰਿਵੀਊ
ਰਾਸ਼ਟਰੀ ਪੱਧਰ ਦੇ ਸ਼ੂਟਰ ਅਤੇ ਵਕੀਲ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੇ ਕਤਲ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ ਨੇ ਕਲਿਆਣੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਕਲਿਆਣੀ ਸਿੰਘ ਹਿਮਾਚਲ ਪ੍ਰਦੇਸ਼ ਦੀ ਕਾਰਜਕਾਰੀ ਚੀਫ਼ ਜਸਟਿਸ ਸਬੀਨਾ ਦੀ ਧੀ ਹਨ।
ਲਗਭਗ 7 ਸਾਲ ਪਹਿਲਾਂ ਹੋਏ ਇਸ ਕਤਲ ਕਾਂਡ ਵਿੱਚ ਇਹ ਪਹਿਲੀ ਗ੍ਰਿਫ਼ਤਾਰੀ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਲੰਮੇ ਸਮੇਂ ਤੋਂ ਕਲਿਆਣੀ ਸਿੰਘ ਨੂੰ ਮੁਲਜ਼ਮ ਮੰਨਿਆ ਜਾ ਰਿਹਾ ਸੀ।
ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਸੂਤਰਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਦੋਵੇਂ ਧਿਰਾਂ ਵਿਚਕਾਰ ਵਿਗੜੇ ਰਿਸ਼ਤੇ ਦਾ ਹੈ ਅਤੇ ਇਸ ਵਾਰਦਾਤ ਵਿੱਚ ਕਲਿਆਣੀ ਦੇ ਨਾਲ ਇੱਕ ਹੋਰ ਵਿਅਕਤੀ ਦੇ ਸ਼ਾਮਲ ਹੋਣ ਦਾ ਖ਼ਦਸ਼ਾ ਹੈ।
ਮਾਮਲਾ 20 ਸਿਤੰਬਰ 2015 ਦਾ ਹੈ ਜਦੋਂ ਚੰਡੀਗੜ੍ਹ ਦੇ ਸੈਕਟਰ 27 ਦੇ ਇੱਕ ਪਾਰਕ ਵਿੱਚ ਸਿੱਪੀ ਸਿੱਧੂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
2016 ਵਿੱਚ ਇਹ ਕੇਸ ਸੀਬੀਆਈ ਨੂੰ ਸੌਂਪ ਦਿੱਤਾ ਗਿਆ ਅਤੇ ਉਸ ਨੇ ਇਸ ਮਾਮਲੇ ਵਿੱਚ ਕਿਸੇ ਮਹਿਲਾ ਦੇ ਸ਼ਾਮਲ ਹੋਣ ਦੀ ਖ਼ਦਸ਼ਾ ਜਤਾਇਆ।
ਲੰਘੇ ਬੁੱਧਵਾਰ ਨੂੰ, ਸੀਬੀਆਈ ਦੇ ਬੁਲਾਰੇ ਨੇ ਕਿਹਾ, ''ਅੱਗੇ ਦੀ ਜਾਂਚ ਦੌਰਾਨ ਇਸ ਮਾਮਲੇ ਵਿੱਚ ਮੁਲਜ਼ਮ (ਕਲਿਆਣੀ ਸਿੰਘ) ਦੀ ਕਥਿਤ ਸ਼ਮੂਲੀਅਤ ਸਾਹਮਣੇ ਆਈ। ਜਿਸ ਦੇ ਅਨੁਸਾਰ, ਉਸ ਦੀ ਜਾਂਚ ਕੀਤੀ ਗਈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।"
ਫਿਲਹਾਲ ਕਲਿਆਣੀ ਨੂੰ ਚਾਰ ਦਿਨਾਂ ਦੀ ਸੀਬੀਆਈ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:
ਇੰਟਰਨੈੱਟ ਐਕਸਪਲੋਰਰ 27 ਸਾਲਾਂ ਬਾਅਦ ਹੋ ਰਿਹਾ ਹੈ ਬੰਦ
ਇੰਟਰਨੈੱਟ ਦੀ ਦੁਨੀਆ ਦਾ ਮਸ਼ਹੂਰ ਬ੍ਰਾਊਜ਼ਰ, ਇੰਟਰਨੈੱਟ ਐਕਸਪਲੋਰਰ ਹੁਣ ਬੰਦ ਹੋਣ ਜਾ ਰਿਹਾ ਹੈ। ਇੰਟਰਨੈੱਟ ਐਕਸਪਲੋਰਰ ਦੀ ਮਲਕੀਅਤ ਵਾਲੀ ਕੰਪਨੀ ਮਾਈਕ੍ਰੋਸਾਫ਼ਟ ਨੇ ਇਸ ਦੀ ਘੋਸ਼ਣਾ ਕਰ ਦਿੱਤੀ ਹੈ।
ਹਾਲਾਂਕਿ, ਕੰਪਨੀ ਨੇ ਪਿਛਲੇ ਸਾਲ ਵੀ ਇਸ ਦੇ ਸੰਕੇਤ ਦੇ ਦਿੱਤੇ ਸਨ ਜਦੋਂ ਮਾਈਕ੍ਰੋਸਾਫ਼ਟ ਵੱਲੋਂ ਕਿਹਾ ਗਿਆ ਸੀ ਕਿ ਇੰਟਰਨੈੱਟ ਐਕਸਪਲੋਰਰ 11, ਇਸ ਬ੍ਰਾਊਜ਼ਰ ਦਾ ਅਖ਼ੀਰਲਾ ਸੰਸਕਰਣ ਹੋਵੇਗਾ।
ਦਿ ਗਾਰਡੀਅਨ ਦੀ ਖ਼ਬਰ ਮੁਤਾਬਕ, 15 ਜੂਨ ਤੋਂ ਇੰਟਰਨੈੱਟ ਐਕਸਪਲੋਰਰ ਦੀ ਡੈਸਕਟੋਪ ਐਪ (ਕੰਪਿਊਟਰ ਸੰਸਕਰਣ) ਹੁਣ ਬੰਦ ਹੋ ਜਾਵੇਗੀ ਅਤੇ ਜੇ ਕੋਈ ਉਪਭੋਗਤਾ ਉਸ ਨੂੰ ਚਲਾਵੇਗਾ ਤਾਂ ਉਸ ਨੂੰ ਮਾਈਕ੍ਰੋਸਾਫ਼ਟ ਦੇ 'ਏਜ' ਬ੍ਰਾਊਜ਼ਰ 'ਤੇ ਰੀਡਾਇਰੈਕਟ ਕਰ ਦਿੱਤਾ ਜਾਵੇਗਾ।
ਮਾਈਕ੍ਰੋਸਾਫ਼ਟ ਦਾ ਕਹਿਣਾ ਹੈ ਕਿ ਵੈੱਬ ਡਿਵੈਲਪਰਾਂ ਦੁਆਰਾ ਆਪਣੀਆਂ ਸਾਈਟਾਂ ਨੂੰ ਇੰਟਰਨੈੱਟ ਐਕਸਪਲੋਰਰ ਦੇ ਅਨੁਕੂਲ ਬਣਾਉਣ ਦੀ ਸੰਭਾਵਨਾ ਘੱਟ ਸੀ, ਇਸ ਲਈ ਕੰਪਨੀ ਨੇ ਇਸ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।
ਇਸ ਦੇ ਨਾਲ ਹੀ, ਸਾਲ 2021 'ਚ ਹੋਇਆ ਇੱਕ ਸਰਵੇਖਣ ਦਰਸਾਉਂਦਾ ਹੈ ਕਿ ਤੇਜ਼ ਗਤੀ ਵਾਲੇ ਬ੍ਰਾਊਜ਼ਰਾਂ ਦੀ ਤੁਲਨਾ ਵਿੱਚ ਲੋਕ ਹੁਣ ਇੰਟਰਨੈੱਟ ਐਕਸਪਲੋਰਰ ਨੂੰ ਘੱਟ ਇਸਤੇਮਾਲ ਕਰਦੇ ਹਨ।
ਪਹਿਲੀ ਵਾਰ ਸਾਲ 1995 ਵਿੱਚ ਇੰਟਰਨੈੱਟ ਐਕਸਪਲੋਰਰ ਕੰਪਿਊਟਰਾਂ ਵਿੱਚ ਇਸਤੇਮਾਲ ਹੋਇਆ ਸੀ ਅਤੇ 2004 ਤੱਕ ਇਸ ਨੇ ਬਾਜ਼ਾਰ ਦੇ 95 ਫ਼ੀਸਦੀ ਹਿੱਸੇ 'ਤੇ ਆਪਣਾ ਕਬਜ਼ਾ ਜਮਾਇਆ ਹੋਇਆ ਸੀ।
ਪਾਕਿਸਤਾਨ 'ਚ ਪੈਟਰੋਲ ਦੀ ਕੀਮਤ ਹੁਣ 233.89 ਰੁਪਏ ਪ੍ਰਤੀ ਲੀਟਰ
ਪਾਕਿਸਤਾਨ ਵਿੱਚ ਪਿਛਲੇ 20 ਦਿਨਾਂ 'ਚ ਤਿੰਨ ਵਾਰ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ।
ਵਿੱਤ ਮੰਤਰੀ ਮਿਫ਼ਤਾਹ ਇਸਮਾਈਲ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਦੇਸ਼ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 24 ਰੁਪਏ (ਪਾਕਿਸਤਾਨੀ) ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਕੀਤਾ ਜਾ ਰਿਹਾ ਹੈ।
ਡੌਨ ਡਾਟ ਕਾਮ ਦੀ ਖ਼ਬਰ ਮੁਤਾਬਕ, ਇਸ ਵਾਧੇ ਤੋਂ ਬਾਅਦ ਹੁਣ ਪਾਕਿਸਤਾਨ ਵਿੱਚ 1 ਲੀਟਰ ਪੈਟਰੋਲ ਲਈ 233.89 ਰੁਪਏ ਖਰਚ ਕਰਨੇ ਪੈਣਗੇ, ਜਦਕਿ ਡੀਜ਼ਲ 263.31 ਰੁਪਏ ਪ੍ਰਤੀ ਲੀਟਰ ਮਿਲੇਗਾ।
ਵਿੱਤ ਮੰਤਰੀ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ''ਮੈਂ ਪਿਛਲੇ 30 ਸਾਲਾਂ ਤੋਂ ਦੇਸ਼ ਦੀ ਸਥਿਤੀ ਦੇਖ ਰਿਹਾ ਹਾਂ, ਪਰ ਮਹਿੰਗਾਈ ਦੇ ਮਾਮਲੇ 'ਚ ਮੈਂ ਅਜਿਹੇ ਹਾਲਾਤ ਕਦੇ ਨਹੀਂ ਦੇਖੇ।''
ਇਸ ਦੇ ਨਾਲ ਹੀ ਉਨ੍ਹਾਂ ਨੇ ਰਾਸ਼ਟਰੀ ਆਰਥਿਕਤਾ ਨੂੰ "ਨੁਕਸਾਨ" ਦੇਣ ਵਾਲੀਆਂ ਨੀਤੀਆਂ ਬਣਾਉਣ ਲਈ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਵੀ ਦੋਸ਼ੀ ਠਹਿਰਾਇਆ।
ਇਹ ਵੀ ਪੜ੍ਹੋ: