You’re viewing a text-only version of this website that uses less data. View the main version of the website including all images and videos.
ਗਿਆਨਵਾਪੀ ਮਸਜਿਦ ’ਚ ਸ਼ਿਵਲਿੰਗ ਮਿਲਣ ਦੇ ਦਾਅਵੇ ’ਤੇ ਟਵੀਟ ਕਰਨ ਵਾਲੇ ਡੀਯੂ ਦੇ ਪ੍ਰੋਫੈਸਰ ਦੀ ਗ੍ਰਿਫ਼ਤਾਰੀ ਦਾ ਪੂਰਾ ਮਾਮਲਾ
ਦਿੱਲੀ ਯੂਨੀਵਰਸਿਟੀ ਦੇ ਹਿੰਦੂ ਕਾਲਜ ਦੇ ਪ੍ਰੋਫੈਸਰ ਰਤਨ ਲਾਲ ਨੂੰ 'ਸ਼ਿਵਲਿੰਗ' ਨਾਲ ਸਬੰਧਿਤ ਇੱਕ ਕਥਿਤ ਇਤਰਾਜ਼ਯੋਗ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਉਨ੍ਹਾਂ ਨੇ ਵਾਰਾਣਸੀ ਦੀ ਗਿਆਨਵਾਪੀ ਮਸਜਿਦ 'ਚ ਸ਼ਿਵਲਿੰਗ ਮਿਲਣ ਦੇ ਦਾਅਵੇ ਨਾਲ ਸਬੰਧਿਤ ਇੱਕ ਪੋਸਟ ਕੀਤੀ ਸੀ।
50 ਸਾਲਾ ਰਤਨ ਲਾਲ ਹਿੰਦੂ ਕਾਲਜ 'ਚ ਇੱਕ ਸਹਾਇਕ ਪ੍ਰੋਫ਼ੈਸਰ ਹਨ ਅਤੇ ਇਤਿਹਾਸ ਪੜ੍ਹਾਉਂਦੇ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਕਥਿਤ ਤੌਰ 'ਤੇ ਸ਼ਿਵਲਿੰਗ ਦੇ ਢਾਂਚੇ ਦੀ ਤਸਵੀਰ ਪੋਸਟ ਕੀਤੀ ਸੀ ਅਤੇ ਉਸ 'ਤੇ ਇੱਕ ਟਿੱਪਣੀ ਕੀਤੀ ਸੀ।
ਇਸ ਮਾਮਲੇ ਵਿੱਚ, ਪਹਿਲਾਂ ਰਤਨ ਲਾਲ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਤੇ ਬਾਅਦ 'ਚ ਗ੍ਰਿਫ਼ਤਾਰ ਕੀਤਾ ਗਿਆ। ਇਹ ਮਾਮਲਾ ਦਿੱਲੀ ਦੇ ਇੱਕ ਵਕੀਲ ਵਿਨੀਤ ਜਿੰਦਲ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ।
ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ, ਆਪਣੀ ਸ਼ਿਕਾਇਤ ਵਿੱਚ ਵਕੀਲ ਨੇ ਲਿਖਿਆ ਹੈ ਕਿ ਰਤਨ ਲਾਲ ਨੇ "ਸ਼ਿਵਲਿੰਗ 'ਤੇ ਅਪਮਾਨਜਨਕ ਅਤੇ ਭੜਕਾਊ ਟਵੀਟ" ਕੀਤਾ ਸੀ।
ਪੁਲਿਸ ਮੁਤਾਬਕ, ਪ੍ਰੋਫੈਸਰ ਖ਼ਿਲਾਫ਼ ਆਈਪੀਸੀ ਦੀ ਧਾਰਾ 153ਏ (ਧਰਮ ਦੇ ਆਧਾਰ 'ਤੇ ਦੋ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਉਣਾ) ਅਤੇ 295ਏ (ਧਾਰਮਿਕ ਭਾਵਨਾਵਾਂ ਭੜਕਾਉਣ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਖ਼ਿਲਾਫ਼ ਮੰਗਲਵਾਰ ਰਾਤ ਨੂੰ ਉੱਤਰੀ ਦਿੱਲੀ, ਸਾਈਬਰ ਪੁਲਿਸ ਠਾਣੇ 'ਚ ਐੱਫਆਈਆਰ ਦਰਜ ਕੀਤੀ ਗਈ ਸੀ।
ਪ੍ਰੋਫ਼ੈਸਰ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਤੋਂ ਬਾਅਦ ਧਮਕੀਆਂ ਮਿਲਣ ਦੀ ਗੱਲ ਵੀ ਕਹੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਸੁਰੱਖਿਆ ਦੀ ਮੰਗ ਵੀ ਕੀਤੀ ਸੀ।
ਇਹ ਵੀ ਪੜ੍ਹੋ:
ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਸਟੂਡੈਂਟ ਫੈਡਰੇਸ਼ਨ ਆਫ਼ ਇੰਡੀਆ ਅਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਨੇ ਉੱਤਰੀ ਦਿੱਲੀ ਸਾਈਬਰ ਪੁਲਿਸ ਸਟੇਸ਼ਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ।
ਰਤਨ ਲਾਲ ਦੇ ਵਕੀਲ ਮਹਿਮੂਦ ਪ੍ਰਾਚਾ ਦਾ ਕਹਿਣਾ ਹੈ ਕਿ ਉਨ੍ਹਾਂ ਖ਼ਿਲਾਫ਼ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ, ਪੁਲਿਸ ਕੋਲ ਆਈਪੀਸੀ ਦੀ ਧਾਰਾ 153ਏ ਅਤੇ 295ਏ ਦੇ ਤਹਿਤ ਮਾਮਲਾ ਦਰਜ ਕਰਨ ਦਾ ਅਧਿਕਾਰ ਨਹੀਂ ਹੈ।
ਉੱਤਰੀ ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਸਾਗਰ ਸਿੰਘ ਕਲਸੀ ਨੇ ਕਿਹਾ, "ਮੰਗਲਵਾਰ ਰਾਤ ਨੂੰ ਰਤਨ ਲਾਲ ਦੇ ਖਿਲਾਫ ਇੱਕ ਧਰਮ ਅਤੇ ਧਾਰਮਿਕ ਵਿਸ਼ਵਾਸਾਂ ਦਾ ਅਪਮਾਨ ਕਰਕੇ ਭਾਵਨਾਵਾਂ ਨੂੰ ਭੜਕਾਉਣ ਦੇ ਇਰਾਦੇ ਨਾਲ ਫੇਸਬੁੱਕ 'ਤੇ ਜਾਣ ਬੁੱਝ ਕੇ ਅਤੇ ਗਲਤ ਪੋਸਟ ਕਰਨ ਦੇ ਸਬੰਧ ਵਿੱਚ ਇੱਕ ਸ਼ਿਕਾਇਤ ਮਿਲੀ ਸੀ।"
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਰਤਨ ਲਾਲ ਦਾ ਕਹਿਣਾ ਹੈ ਕਿ, "ਭਾਰਤ ਵਿੱਚ ਜੇਕਰ ਤੁਸੀਂ ਕਿਸੇ ਵੀ ਚੀਜ਼ ਬਾਰੇ ਬੋਲਦੇ ਹੋ, ਤਾਂ ਕਿਸੇ ਨਾ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚੇਗੀ। ਇਸ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ। ਮੈਂ ਇੱਕ ਇਤਿਹਾਸਕਾਰ ਹਾਂ ਅਤੇ ਕਈ ਟਿੱਪਣੀਆਂ ਕੀਤੀਆਂ ਹਨ। ਕਿਉਂਕਿ ਮੈਂ ਉਨ੍ਹਾਂ ਨੂੰ ਲਿਖਿਆ ਹੈ, ਮੈਂ ਆਪਣੀ ਟਿੱਪਣੀ ਵਿੱਚ ਬਹੁਤ ਹੀ ਸੁਰੱਖਿਅਤ ਭਾਸ਼ਾ ਵਰਤੀ ਹੈ। ਫਿਰ ਵੀ ਇਹ ਹੋਇਆ। ਮੈਂ ਆਪਣਾ ਬਚਾਅ ਕਰਾਂਗਾ।"
ਇਸ ਦੇ ਨਾਲ ਹੀ ਲਾਲ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਏਕੇ-56 ਰਾਈਫਲਾਂ ਵਾਲੇ ਦੋ ਅੰਗ ਰੱਖਿਅਕ ਉਨ੍ਹਾਂ ਨੂੰ ਮੁਹੱਈਆ ਕਰਵਾਉਣ ਕਿਉਂਕਿ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਉਨ੍ਹਾਂ ਆਪਣੇ ਪੱਤਰ ਵਿੱਚ ਕਿਹਾ ਹੈ ਕਿ, "ਜੇਕਰ ਇਹ ਸੰਭਵ ਨਹੀਂ ਹੈ, ਤਾਂ ਉਨ੍ਹਾਂ ਨੂੰ ਏਕੇ-56 ਰਾਈਫਲ ਦਾ ਲਾਇਸੈਂਸ ਜਾਰੀ ਕਰਨ ਲਈ ਉਚਿਤ ਅਥਾਰਟੀ ਨੂੰ ਨਿਰਦੇਸ਼ ਦਿੱਤੇ ਜਾਣ।"
ਇਹ ਵੀ ਪੜ੍ਹੋ: