ਮੋਹਾਲੀ 'ਚ ਧਮਾਕੇ ਤੋਂ ਬਾਅਦ ਵਧੀ ਚੌਕਸੀ, ਪੰਜਾਬ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਜਾਂਚ ਵਿੱਚ ਜੁਟੀਆਂ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

ਮੋਹਾਲੀ ਵਿੱਚ ਸਥਿਤ ਸਟੇਟ ਇੰਟੈਲੀਜੈਂਸ ਹੈਡਕੁਆਰਟਰ ’ਤੇ 9 ਮਈ ਦੀ ਰਾਤ ਧਮਾਕੇ ਦੀ ਖ਼ਬਰ ਤੋਂ ਬਾਅਦ ਚੌਕਸੀ ਵਧਾ ਦਿੱਤੀ ਗਈ ਹੈ।

ਪੰਜਾਬ ਦੇ ਇੰਟੈਲੀਜੈਂਸ ਹੈਡਕੁਆਰਟਰ ਬਾਹਰ 10 ਮਈ ਦੀ ਸਵੇਰ ਪੰਜਾਬ ਪੁਲਿਸ ਦੇ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ ਟੀਮਾਂ ਜਾਂਚ ਵਿੱਚ ਜੁਟੀਆਂ ਹਨ।

ਪੰਜਾਬ ਪੁਲਿਸ ਦੇ ਕਮਾਂਡੋ ਅਤੇ ਹੋਰ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਰੱਖਿਆ ਮਾਹਰ ਇਸ ਨੂੰ ਆਰਪੀਜੀ-7 ਦੱਸ ਰਹੇ ਹਨ। ਜਿਸ ਨੂੰ ਰਾਕੇਟ ਪ੍ਰੋਪੈਲਡ ਗਰਨੇਡ ਕਿਹਾ ਜਾਂਦਾ ਹੈ।

ਉੱਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।

ਲੰਘੀ ਰਾਤ ਮੋਹਾਲੀ ਪੁਲਿਸ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ, ''ਸੈਕਟਰ 77, ਐਸ.ਏ.ਐਸ ਨਗਰ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਵਿੱਚ ਸ਼ਾਮ 7:45 ਵਜੇ ਦੇ ਕਰੀਬ ਇੱਕ ਮਾਮੂਲੀ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ।''

ਸੀਨੀਅਰ ਪੁਲਿਸ ਅਧਿਕਾਰੀ ਰਵਿੰਦਰ ਪਾਲ ਸਿੰਘ ਸੰਧੂ ਨੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ, ''ਇਹ ਇੱਕ ਮਾਮੂਲੀ ਜਿਹਾ ਧਮਾਕਾ ਸੀ ਜੋ ਸੜਕ ਤੋਂ ਕਿਸੇ ਰਕੇਟ ਰਾਹੀਂ ਕੀਤਾ ਗਿਆ ਹੈ। ਸਾਡੇ ਸੀਨੀਅਰ ਅਫ਼ਸਰ ਅਤੇ ਫੋਰੈਂਸਿਕ ਟੀਮਾਂ ਜਾਂਚ ਕਰ ਰਹੀਆਂ ਹਨ। ਸਵੇਰੇ ਇਸ ਬਾਰੇ ਹੋਰ ਜਾਣਕਾਰੀ ਦਿੱਤੀ ਜਾ ਸਕੇਗੀ।''

''ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਕੇਵਲ ਇਮਾਰਤ ਦੇ ਸ਼ੀਸ਼ੇ ਟੁੱਟੇ ਹਨ।''

ਇਸ ਘਟਨਾ ਤੋਂ ਬਾਅਦ ਸਟੇਟ ਇੰਟੈਲੀਜੈਂਸ ਦਫ਼ਤਰ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ।

ਹੈਡਕੁਆਰਟਰ ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਮੁਲਾਜ਼ਮ ਲਗਾ ਦਿੱਤੇ ਗਏ ਹਨ। ਘਟਨਾ ਤੋਂ ਬਾਅਦ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਬਾਰੇ ਡੀਜੀਪੀ ਤੋਂ ਜਾਣਕਾਰੀ ਲਈ ਹੈ। ਉਹ ਲਗਾਤਾਰ ਅਫ਼ਸਰਾਂ ਦੇ ਸੰਪਰਕ ਵਿੱਚ ਹਨ।

ਮੋਹਾਲੀ ਦੇ ਸੈਕਟਰ 77 ਵਿੱਚ ਸਥਿਤ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿਭਾਗ ਦੇ ਇਸ ਦਫ਼ਤਰ ਨੇੜੇ ਰਿਹਾਇਸ਼ੀ ਇਲਾਕੇ ਵੀ ਹਨ। ਮੋਹਾਲੀ ਦਾ ਗੁਰਦੁਆਰਾ ਸੋਹਾਣਾ ਸਾਹਿਬ ਵੀ ਇਸ ਦਫ਼ਤਰ ਦੇ ਨੇੜੇ ਹੀ ਹੈ।

ਸਿਆਸੀ ਪ੍ਰਤੀਕਰਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਧਮਾਕੇ ਬਾਰੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਧਮਾਕੇ ਵਿੱਚ ਕਿਸੇ ਦੇ ਜ਼ਖਮੀ ਨਾ ਹੋਣ ਤੇ ਸੰਤੁਸ਼ਟੀ ਵੀ ਪ੍ਰਗਟਾਈ ਹੈ।

ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ, ''ਜ਼ਿੰਮੇਵਾਰ ਲੋਕਾਂ ਨੂੰ ਜਲਦੀ ਤੋਂ ਜਲਦੀ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ।''

ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਵੀ ਧਮਾਕੇ ਦੀ ਨਿੰਦਾ ਕੀਤੀ ਹੈ।

ਉਨ੍ਹਾਂ ਨੇ ਆਪਣੇ ਟਵੀਟ ਵਿੱਚ ਇਸ ਨੂੰ ''ਫਿਰਕੂਵਾਦ ਦਾ ਸੰਕੇਤ'' ਦੱਸਿਆ ਹੈ। ਉਨ੍ਹਾਂ ਨੇ ਪੰਜਾਬ ਪੁਲਿਸ ਨੂੰ ਅਪੀਲ ਕੀਤੀ ਕਿ ਜਾਂਚ ਕਰਕੇ ''ਪੰਜਾਬ ਦੀ ਸ਼ਾਂਤੀ ਭੰਗ ਕਰਨ ਦੇ ਇਰਾਦੇ ਰੱਖਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।''

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)