ਕੋਵਿਡ-19 ਕਾਰਨ ਹੋਈਆਂ ਮੌਤਾਂ ਦੀ ਸਹੀ ਗਿਣਤੀ ਦਾ ਭਾਰਤ 'ਚ ਪਤਾ ਕਿਉਂ ਨਹੀਂ ਚੱਲ ਸਕਦਾ

ਤਸਵੀਰ ਸਰੋਤ, Reuters
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੀ ਇੱਕ ਨਵੀਂ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਕੋਵਿਡ-19 ਕਾਰਨ 47 ਲੱਖ ਤੋਂ ਵੱਧ ਮੌਤਾਂ ਹੋਈਆਂ ਹਨ। ਇਹ ਭਾਰਤ ਦੇ ਅਧਿਕਾਰਤ ਰਿਕਾਰਡਾਂ ਤੋਂ ਲਗਭਗ 10 ਗੁਣਾ ਵੱਧ ਹੈ।
ਭਾਰਤ ਸਰਕਾਰ ਨੇ ਇਸ ਅੰਕੜੇ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਹੈ ਕਿ ਇਸ ਰਿਪੋਰਟ ਲਈ ਡੇਟਾ ਇਕੱਠਾ ਕਰਨ ਲਈ ਵਰਤੀ ਗਈ ਵਿਧੀ ਤਰੁਟੀਆਂ ਭਰਪੂਰ ਹੈ। ਕੀ ਅਸੀਂ ਕਦੇ ਜਾਣ ਸਕਾਂਗੇ ਕਿ ਮਹਾਂਮਾਰੀ ਵਿੱਚ ਕਿੰਨੇ ਭਾਰਤੀਆਂ ਦੀ ਮੌਤ ਹੋਈ ਹੈ?
ਨਵੰਬਰ 2020 ਵਿੱਚ, ਵਰਲਡ ਮੌਰਟੈਲਿਟੀ ਡੇਟਾਸੈਟ ਦੇ ਖੋਜਕਰਤਿਆਂ ਨੇ ਭਾਰਤ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਕਿਹਾ ਸੀ। ਇਹ ਡੇਟਾਸੈਟ ਇੱਕ ਗਲੋਬਲ ਰਿਪੋਜ਼ਟਰੀ ਹੈ ਜੋ ਦੁਨੀਆਂ ਭਰ ਵਿੱਚ ਸਾਰੇ ਕਾਰਨਾਂ ਤੋਂ ਹੋਣ ਵਾਲੀਆਂ ਮੌਤਾਂ ਬਾਰੇ ਅਪਡੇਟਡ ਡੇਟਾ ਮੁਹਈਆ ਕਰਦੀ ਹੈ।
ਏਰੀਅਲ ਕਾਰਲਿੰਸਕੀ ਦੇ ਅਨੁਸਾਰ ਭਾਰਤ ਦੇ ਮੁੱਖ ਅੰਕੜਾ ਦਫ਼ਤਰ ਨੇ ਖੋਜਕਰਤਾਵਾਂ ਨੂੰ ਦੱਸਿਆ "ਇਹ ਉਪਲੱਬਧ ਨਹੀਂ ਹਨ।"
ਏਰੀਅਲ ਕਾਰਲਿੰਸਕੀ ਇੱਕ ਵਿਗਿਆਨੀ ਹਨ ਜੋ ਡੇਟਾਸੈਟ ਦੇ ਨਿਰਮਾਣ ਵਿੱਚ ਸਹਿ-ਭੂਮਿਕਾ ਵਿੱਚ ਰਹੇ ਹਨ। ਇਸ ਤੋਂ ਇਲਾਵਾ ਡਬਲਯੂਐੱਚਓ ਦੁਆਰਾ 2020 ਅਤੇ 2021 ਦੌਰਾਨ ਵਿਸ਼ਵ ਪੱਧਰ 'ਤੇ ਕੋਵਿਡ ਕਾਰਨ ਹੋਣ ਵਾਲੀਆਂ ਵਾਧੂ ਮੌਤਾਂ ਦੇ ਅਨੁਮਾਨਾਂ ਲਈ ਬਣਾਏ ਇੱਕ ਸਲਾਹਕਾਰ ਸਮੂਹ ਦੇ ਮੈਂਬਰ ਵੀ ਹਨ।
ਜ਼ਿਆਦਾ ਮੌਤਾਂ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਗੱਲ ਦਾ ਇੱਕ ਸਰਲ ਮਾਪ ਹੈ ਕਿ ਉਮੀਦ ਨਾਲੋਂ ਕਿੰਨੇ ਜ਼ਿਆਦਾ ਲੋਕ ਮਰ ਰਹੇ ਹਨ। ਹਾਲਾਂਕਿ ਇਹ ਕਹਿਣਾ ਮੁਸ਼ਕਲ ਹੈ ਕਿ ਇਨ੍ਹਾਂ ਵਿੱਚੋਂ ਕਿੰਨੀਆਂ ਮੌਤਾਂ ਕੋਵਿਡ ਕਾਰਨ ਹੋਈਆਂ ਸਨ, ਪਰ ਇਨ੍ਹਾਂ ਨੂੰ ਮਹਾਂਮਾਰੀ ਦੇ ਪੈਮਾਨੇ ਅਤੇ ਮੌਤਾਂ ਦਾ ਇੱਕ ਮਾਪ ਮੰਨਿਆ ਜਾ ਸਕਦਾ ਹੈ।
ਭਾਰਤ ਨੇ ਹੁਣ ਤੱਕ ਅਧਿਕਾਰਤ ਤੌਰ 'ਤੇ ਕੋਰੋਨਾਵਾਇਰਸ ਕਾਰਨ ਪੰਜ ਲੱਖ ਤੋਂ ਵੱਧ ਮੌਤਾਂ ਦਰਜ ਕੀਤੀਆਂ ਹਨ। ਇਸ ਨੇ ਪਹਿਲੀ ਜਨਵਰੀ 2020 ਤੋਂ 31 ਦਸੰਬਰ 2021 ਦੇ ਵਿਚਕਾਰ 4,81,000 ਕੋਵਿਡ ਮੌਤਾਂ ਦੀ ਸੂਚਨਾ ਦਿੱਤੀ। ਜਦਕਿ ਵਿਸ਼ਵ ਸਿਹਤ ਸੰਗਠਨ ਦੇ ਅਨੁਮਾਨਾਂ ਅਨੁਸਾਰ ਮੌਤਾਂ ਦਾ ਅੰਕੜਾ ਲਗਭਗ 10 ਗੁਣਾ ਵੱਧ ਹੈ।
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਵਿਸ਼ਵ ਸਿਹਤ ਸੰਗਠਨ ਮੁਤਾਬਕ ਕੋਵਿਡ ਕਾਰਨ ਪੂਰੀ ਦੁਨੀਆਂ ਵਿੱਚ ਹੋਈਆਂ ਮੌਤਾਂ ਵਿੱਚੋਂ ਇੱਕ ਤਿਹਾਈ ਮੌਤਾਂ ਸਿਰਫ਼ ਭਾਰਤ ਵਿੱਚ ਹੋਈਆਂ ਹਨ।
ਭਾਰਤ ਉਨ੍ਹਾਂ 20 ਦੇਸ਼ਾਂ ਵਿੱਚ ਸ਼ਾਮਲ ਹੈ ਜੋ ਵਿਸ਼ਵ ਦੀ ਲਗਭਗ 50% ਆਬਾਦੀ ਦੀ ਨੁਮਾਇੰਦਗੀ ਕਰਦੇ ਹਨ। ਹੁਣ ਤੱਕ ਕੋਰੋਨਾਵਇਰਸ ਕਾਰਨ ਹੋਈਆਂ ਜਿਹੜੀਆਂ ਮੌਤਾਂ ਨੂੰ ਗਿਣਿਆ ਨਹੀਂ ਜਾ ਸਕਿਆ। ਸੰਗਠਨ ਮੁਤਾਬਕ ਉਨ੍ਹਾਂ ਵਿੱਚੋਂ ਲਗਭਗ ਅੱਧੀਆਂ ਭਾਰਤ ਵਿੱਚ ਹੋਈਆਂ ਸਨ।
ਵਿਸ਼ਵ ਮੌਤ ਦਰ ਡੇਟਾਬੇਸ ਤੋਂ ਭਾਰਤ ਦੀ ਇਸ ਗੈਰਹਾਜ਼ਰੀ ਦਾ ਮਤਲਬ ਹੈ ਕਿ ਦੇਸ਼ ਕੋਲ ਸਿਰਫ਼ ਇੱਕ ਮਾਤਰ ਰਾਸ਼ਟਰੀ ਗਿਣਤੀ ਹੈ ਜੋ ਸਾਰੇ ਕਾਰਨਾਂ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਡਲ ਅਧਾਰਿਤ ਅਨੁਮਾਨ ਹਨ।
ਇਸ ਹਫ਼ਤੇ ਦੇ ਸ਼ੁਰੂ ਵਿੱਚ, ਸਰਕਾਰ ਨੇ 2020 ਵਿੱਚ 81 ਲੱਖ ਮੌਤਾਂ ਨੂੰ ਦਰਸਾਉਣ ਵਾਲਾ ਨਾਗਰਿਕ ਰਜਿਸਟ੍ਰੇਸ਼ਨ ਡੇਟਾ ਜਾਰੀ ਕੀਤਾ ਹੈ, ਜੋ ਪਿਛਲੇ ਸਾਲ ਨਾਲੋਂ 6% ਵੱਧ ਹੈ।
ਅਧਿਕਾਰੀਆਂ ਨੇ ਕਿਹਾ ਕਿ ਸਾਰੀਆਂ 474,806 ਵਾਧੂ ਮੌਤਾਂ ਲਈ ਕੋਵਿਡ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਅਧਿਕਾਰਤ ਰਿਕਾਰਡਾਂ ਦੇ ਅਨੁਸਾਰ, 2020 ਵਿੱਚ ਭਾਰਤ ਵਿੱਚ ਕੋਵਿਡ ਨਾਲ ਲਗਭਗ 1, 49,000 ਲੋਕਾਂ ਦੀ ਮੌਤ ਹੋਈ ਸੀ।

ਤਸਵੀਰ ਸਰੋਤ, Getty Images
ਟੋਰਾਂਟੋ ਵਿੱਚ ਸੈਂਟਰ ਫਾਰ ਗਲੋਬਲ ਹੈਲਥ ਰਿਸਰਚ ਦੇ ਡਾਇਰੈਕਟਰ ਅਤੇ ਡਬਲਯੂਐੱਚਓ ਦੀ ਵਾਧੂ ਮੌਤ ਦੀ ਗਣਨਾ ਦਾ ਸਮਰਥਨ ਕਰਨ ਵਾਲੇ ਮਾਹਰ ਵਰਕਿੰਗ ਗਰੁੱਪ ਦੇ ਮੈਂਬਰ ਪ੍ਰਭਾਤ ਝਾਅ ਨੇ ਕਿਹਾ, "ਦਰਅਸਲ, ਕੋਵਿਡ ਨਾਲ ਭਾਰਤੀ ਮੌਤ ਦਰ ਅਸਧਾਰਨ ਤੌਰ 'ਤੇ ਘੱਟ ਨਹੀਂ ਸੀ, ਸਿਰਫ਼ ਅਸਧਾਰਨ ਤੌਰ 'ਤੇ ਗਿਣਤੀ ਘੱਟ ਸੀ।"
ਤਿੰਨ ਵੱਡੇ ਪੀਅਰ-ਰਿਵੀਊਡ ਅਧਿਐਨਾਂ ਵਿੱਚ ਸਾਹਮਣੇ ਆਇਆ ਹੈ ਕਿ ਸਤੰਬਰ 2021 ਤੱਕ ਭਾਰਤ ਵਿੱਚ ਮਹਾਂਮਾਰੀ ਨਾਲ ਹੋਈਆਂ ਮੌਤਾਂ "ਅਧਿਕਾਰਤ ਤੌਰ 'ਤੇ ਰਿਪੋਰਟ ਕੀਤੀਆਂ ਗਈਆਂ ਮੌਤਾਂ ਦੀ ਤੁਲਨਾ ਨਾਲੋਂ ਛੇ ਤੋਂ ਸੱਤ ਗੁਣਾ ਵੱਧ" ਸਨ।
ਇੱਕ ਸੁਤੰਤਰ ਗਲੋਬਲ ਹੈਲਥ ਰਿਸਰਚ ਸੈਂਟਰ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ (IHME), ਦੁਆਰਾ ਦਿ ਲੈਂਸੇਟ ਵਿੱਚ ਛਪੇ ਇੱਕ ਪੇਪਰ ਵਿੱਚ 12 ਭਾਰਤੀ ਰਾਜਾਂ ਤੋਂ ਹਾਸਲ ਕਿਸੇ ਵੀ ਕਾਰਨ ਹੋਈਆਂ ਮੌਤਾਂ ਦੇ ਉਪਲਭਦ ਡੇਟਾ ਦੀ ਵਰਤੋਂ ਕੀਤੀ ਗਈ। ਪੇਪਰ ਦੇ ਅਨੁਮਾਨ ਡਬਲਯੂਐੱਚਓ ਦੇ ਅਨੁਮਾਨਾਂ ਦੇ ਨੇੜੇ ਹਨ।

ਤਸਵੀਰ ਸਰੋਤ, Reuters
ਭਾਰਤ ਨੇ ਲਗਾਤਾਰ ਸੁਤੰਤਰ ਮੌਡਲਿੰਗ ਅਨੁਮਾਨਾਂ ਨੂੰ ਖਾਰਜ ਕੀਤਾ ਹੈ। ਸਰਕਾਰ ਇੱਕ ਬਿਰਤਾਂਤ ਲਗਾਤਾਰ ਪੇਸ਼ ਕਰਦੀ ਆਈ ਹੈ ਕਿ ਉਸ ਨੇ ਕੋਰੋਨਾਵਾਇਰਸ ਉੱਪਰ ਜਿੱਤ ਹਾਸਲ ਕੀਤੀ ਹੈ ਅਤੇ ਸਾਰੀ ਦੁਨੀਆਂ ਭਾਰਤ ਤੋਂ ਪ੍ਰੇਰਨਾ ਲੈ ਰਹੀ ਹੈ।
ਅਧਿਕਾਰੀਆਂ ਨੇ ਅਜਿਹੇ ਅਨੁਮਾਨਾਂ ਨੂੰ "ਭਰਮਾਊ, ਗਲਤ-ਜਾਣਕਾਰੀ ਅਤੇ ਸ਼ਰਾਰਤੀ ਪ੍ਰਕਿਰਿਤੀ" ਵਾਲੇ ਦੱਸਿਆ ਹੈ ਅਤੇ ਦੋਸ਼ ਲਗਾਇਆ ਹੈ ਕਿ ਖੋਜ-ਵਿਧੀਆਂ ਅਤੇ ਨਮੂਨੇ ਦੇ ਆਕਾਰ ਵਿੱਚ ਕਮੀਆਂ ਸਨ। ਉਨ੍ਹਾਂ ਨੇ ਕਿਹਾ ਕਿ ਮੌਤਾਂ ਘੱਟ ਰਿਪੋਰਟ ਕੀਤੀਆਂ ਗਈਆਂ ਇਸ ਦੀ ਸੰਭਾਵਨਾ ਬਹੁਤ ਘੱਟ ਸੀ।
ਕਾਰਲਿੰਸਕੀ ਕਹਿੰਦੇ ਹਨ, "ਮੈਨੂੰ ਡਰ ਹੈ ਕਿ ਹੁਣ ਤੱਕ [ਸਾਰਾ] ਡੇਟਾ ਉਪਲੱਬਧ ਹੋਣ 'ਤੇ ਵੀ ਸਰਕਾਰ ਇਸ ਨੂੰ ਜਨਤਕ ਕਰਨ ਤੋਂ ਝਿਜਕੇਗੀ ਕਿਉਂਕਿ ਇਹ ਉਨ੍ਹਾਂ ਵੱਲੋਂ ਪ੍ਰਕਾਸ਼ਿਤ ਮੌਤ ਦੇ ਅੰਕੜਿਆਂ ਅਤੇ ਇਸ ਬਿਰਤਾਂਤ ਦੇ ਉਲਟ ਜਾਂਦਾ ਹੈ ਕਿ ਭਾਰਤ ਨੇ ਵੱਖ-ਵੱਖ ਕਾਰਨਾਂ ਕਰਕੇ ਕੋਵਿਡ ਨੂੰ ਹਰਾਇਆ।"
ਭਾਰਤ ਹੀ ਨਹੀਂ ਹੋਰ ਵੀ ਕਈ ਦੇਸ਼ਾਂ ਨੂੰ ਮਹਾਮਾਰੀ ਕਾਰਨ ਹੋਈਆਂ ਮੌਤਾਂ ਦਾ ਸਟੀਕ ਡੇਟਾ ਦੇਣ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਹੈ। ਮਰਨ ਵਾਲੇ ਬਹੁਤ ਸਾਰੇ ਲੋਕਾਂ ਨੂੰ ਜਿਨ੍ਹਾਂ ਦਾ ਕੋਵਿਡ ਦਾ ਟੈਸ ਨਹੀਂ ਹੋਇਆ ਸੀ ਕੋਰੋਨਾ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਤੋਂ ਬਾਹਰ ਰੱਖਿਆ ਗਿਆ। ਇਸ ਕਾਰਨ ਮੌਤਾਂ ਦਾ ਪੰਜੀਕਰਨ ਧੀਮਾ ਅਤੇ ਤਰੁੱਟੀਪੂਰਨ ਸੀ।
ਇੱਥੋਂ ਤੱਕ ਕਿ ਸਮੂਹ ਕਾਰਨਾਂ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਛਾਪਣ ਵਿੱਚ ਵੀ ਰੂਸ ਤੇ ਅਮਰੀਕਾ ਸਮੇਤ ਕਈ ਦੇਸਾਂ ਨੇ ਸੰਘਰਸ਼ ਕੀਤਾ ਹੈ।

ਤਸਵੀਰ ਸਰੋਤ, Sumit kumar
ਰੂਸ ਅਤੇ ਅਮਰੀਕਾ ਵੱਲੋਂ ਨਿਯਮਤ ਰੂਪ ਵਿੱਚ ਆਪਣਾ ਜਨਮ ਤੇ ਮੌਤ ਦਾ ਡੇਟਾ ਜਨਤਕ ਕੀਤਾ ਜਾਂਦਾ ਹੈ। ਭਾਰਤ ਹਾਲਾਂਕਿ ਦਾਅਵਾ ਕਰਦਾ ਹੈ ਕਿ ਉਸਦੀ ਜਨਮ-ਮੌਤ ਰਜਿਸ਼ਟਰੇਸ਼ਨ ਪ੍ਰਣਾਲੀ ਕਾਰਗਰ ਤਰੀਕੇ ਨਾਲ ਕੰਮ ਕਰਦੀ ਹੈ। ਡੇਟਾ ਦੇਣ ਦੇ ਮਾਮਲੇ ਵਿੱਚ ਇਨ੍ਹਾਂ ਦੇਸਾਂ ਤੋਂ ਕਾਫ਼ੀ ਪਿੱਛੇ ਰਿਹਾ ਹੈ।
ਮੌਤਾਂ ਦੇ ਅੰਕੜੇ ਚੀਨ ਦੇ ਮਾਮਲੇ ਵਿੱਚ ਬੇਸ਼ੱਕ ਸ਼ੱਕੀ ਹਨ। ਜ਼ਿਕਰਯੋਗ ਹੈ ਕਿ ਚੀਨ ਹੀ ਇੱਕ ਅਜਿਹਾ ਦੇਸ ਹੈ ਜਿਸ ਦੀ ਭਾਰਤ ਨਾਲ ਅਬਾਦੀ ਦੇ ਮਾਮਲੇ ਵਿੱਚ ਤੁਲਨਾ ਕੀਤੀ ਜਾ ਸਕਦੀ ਹੈ।
ਭਾਰਤ ਵਿੱਚ ਮਰਨ ਵਾਲਿਆਂ ਦੀ ਗਿਣਤੀ ਕਰਨਾ ਆਸਾਨ ਨਹੀਂ ਹੈ।
ਭਾਰਤ ਵਿੱਚ ਹੋਣ ਵਾਲੀਆਂ ਕੁੱਲ ਮੌਤਾਂ ਵਿੱਚੋਂ ਲਗਭਗ ਅੱਧੀਆਂ ਮੌਤਾਂ ਘਰਾਂ ਵਿੱਚ ਹੁੰਦੀਆਂ ਹਨ, ਖਾਸ ਕਰਕੇ ਪਿੰਡਾਂ ਵਿੱਚ। ਸੰਯੁਕਤ ਰਾਸ਼ਟਰ ਦੇ ਅਨੁਮਾਨ ਮੁਤਾਬਕ ਮਾੜਾ ਰਿਕਾਰਡ ਰੱਖਣ ਦਾ ਮਤਲਬ ਹੈ ਕਿ ਹਰ ਸਾਲ ਇੱਕ ਕਰੋੜ ਮੌਤਾਂ ਵਿੱਚੋਂ ਲਗਭਗ 70 ਲੱਖ ਮੌਤਾਂ ਗਿਣਤੀ ਵਿੱਚ ਸ਼ਾਮਲ ਨਹੀਂ ਹੁੰਦੀਆਂ ਹਨ।
ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਸਭ ਤੋਂ ਗਰੀਬ ਰਾਜਾਂ ਵਿੱਚ ਔਰਤਾਂ ਦੀ ਗਿਣਤੀ ਦੀ ਰਜਿਸਟ੍ਰੇਸ਼ਨ ਖਾਸ ਤੌਰ 'ਤੇ ਘੱਟ ਹੈ।
ਭਾਰਤ ਵਿੱਚ ਕਈ ਦਹਾਕਿਆਂ ਤੋਂ ਵਿਆਪਕ ਟੀਕਾਕਰਨ ਪ੍ਰੋਗਰਾਮ ਚੱਲ ਰਿਹਾ ਹੈ। ਬੱਚਿਆਂ ਨੂੰ ਕਈ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਦੇ ਟੀਕੇ ਮੁਫ਼ਤ ਲਗਾਏ ਜਾਂਦੇ ਹਨ।

ਤਸਵੀਰ ਸਰੋਤ, EPA
ਹਾਲਾਂਕਿ ਮੌਤਾਂ ਦੀ ਸਹੀ ਸੰਖਿਆ 'ਤੇ ਭਰੋਸੇਯੋਗ ਡੇਟਾ ਤੋਂ ਬਿਨਾਂ, ਇਹ ਪੁਸ਼ਟੀ ਕਰਨਾ ਮੁਸ਼ਕਿਲ ਹੈ ਕਿ ਸਫ਼ਲ ਟੀਕਾਕਰਨ ਪ੍ਰੋਗਰਾਮ ਕਾਰਨ ਅਸਲ ਵਿੱਚ ਮੌਤਾਂ ਵਿੱਚ ਕਿੰਨੀ ਕੁ ਕਮੀ ਆ ਰਹੀ ਹੈ।
ਮਹਾਂਮਾਰੀ 'ਤੇ ਨਜ਼ਰ ਰੱਖ ਰਹੀ ਮਿਸ਼ੀਗਨ ਯੂਨੀਵਰਸਿਟੀ ਦੇ ਬਾਇਓਸਟੈਟਿਸਟਿਕਸ ਅਤੇ ਮਹਾਮਾਰੀ ਵਿਗਿਆਨ ਦੇ ਪ੍ਰੋਫੈਸਰ ਭਰਮਰ ਮੁਖਰਜੀ ਕਹਿੰਦੇ ਹਨ, "ਡੇਟਾ ਦੀ ਕਮੀ ਅਤੇ ਡੇਟਾ ਅਪਾਰਦਰਸ਼ਿਤਾ ਭਾਰਤ ਵਿੱਚ ਮਹਾਮਾਰੀ ਦੀ ਪਛਾਣ ਰਹੇ ਹਨ, ਅਕਸਰ ਡੇਟਾ ਗੁਣਵੱਤਾ ਵਿੱਚ ਸੁਧਾਰ ਨਾ ਕਰਨ ਜਾਂ ਡੇਟਾ ਉਪਲੱਬਧ ਨਾ ਕਰਾਉਣ ਬਾਰੇ ਇੱਕ ਅਸਪੱਸ਼ਟ, ਬੇਪਰਵਾਹੀ ਹੈ।"
ਹੋਰ ਲੋਕ ਭਾਰਤ ਦੀ ਆਪਣੀ ਅਧਿਕਾਰਤ ਮਹਾਮਾਰੀ ਮੌਤ ਗਿਣਤੀ ਦੀ ਹੈਰਾਨ ਕਰਨ ਵਾਲੀ ਸੱਚਾਈ 'ਤੇ ਜ਼ਿੱਦ ਨਾਲ ਅੜ ਜਾਂਦੇ ਹਨ। ਕੁਝ ਰਾਜਾਂ ਵਿੱਚ ਕੋਵਿਡ ਮੌਤਾਂ ਲਈ ਮੁਆਵਜ਼ੇ ਦੇ ਦਾਅਵੇ ਉਨ੍ਹਾਂ ਦੇ ਅਧਿਕਾਰਤ ਅੰਕੜਿਆਂ ਤੋਂ ਵੱਧ ਹਨ।
ਭਾਰਤ ਵਿੱਚ ਲੱਖਾਂ ਲੋਕਾਂ ਦੀ ਹੋਈ ਮੌਤ ਸਬੰਧੀ ਸਟੱਡੀ ਦੀ ਅਗਵਾਈ ਕਰਨ ਵਾਲੇ ਸ੍ਰੀ ਝਾਅ ਨੇ ਕਿਹਾ, ''ਪਾਰਟੀ ਲਾਈਨ ਵਿੱਚ ਸਿਆਸੀ ਵਿਰੋਧ ਸਮਝ ਵਿੱਚ ਆਉਂਦਾ ਹੈ, ਪਰ ਇਹ ਅੰਨ੍ਹੇ ਹੋਣ ਦਾ ਬਹਾਨਾ ਨਹੀਂ ਹੈ।''
ਖੋਜਕਾਰਾਂ ਦਾ ਕਹਿਣਾ ਹੈ ਕਿ ਭਾਰਤ ਨੂੰ ਨਾਗਰਿਕ ਰਜਿਸਟ੍ਰੇਸ਼ਨ ਪ੍ਰਣਾਲੀ ਵਿੱਚ ਸੁਧਾਰ ਕਰਨਾ ਚਾਹੀਦਾ ਹੈ, ਮੌਤ ਦੀ ਰਿਪੋਰਟਿੰਗ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ, ਮੈਡੀਕਲ ਸਰਟੀਫਿਕੇਸ਼ਨ ਅਤੇ ਡੇਟਾ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਭਾਰਤ ਆਧੁਨਿਕ ਮਸ਼ੀਨ ਲਰਨਿੰਗ ਅਤੇ ਕਮਿਊਨਿਟੀ ਹੈਲਥ ਵਰਕਰਾਂ, ਅਤੇ ਅਸਰਗਰਮ ਬਾਇਓਮੀਟ੍ਰਿਕ ਪਛਾਣ ਪੱਤਰ ਅਤੇ ਸੈਲ ਫੋਨ ਰਿਕਾਰਡ ਵਰਗੇ ਸਰੋਤਾਂ ਤੋਂ ਵੀ ਮੌਤ ਦੇ ਅੰਕੜਿਆਂ ਨੂੰ ਪ੍ਰਾਪਤ (ਕਰਾਉਡਸੋਰਸ) ਕਰ ਸਕਦਾ ਹੈ।

ਤਸਵੀਰ ਸਰੋਤ, Getty Images
ਜਿਵੇਂ ਕਿ ਹਸਪਤਾਲਾਂ ਵਿੱਚ ਵੱਧ ਤੋਂ ਵੱਧ ਮੌਤਾਂ ਹੁੰਦੀਆਂ ਹਨ - ਜਿਵੇਂ ਕਿ ਚੀਨ ਵਿੱਚ ਮੌਤ ਦੀ ਰਜਿਸਟਰੇਸ਼ਨ ਅਤੇ ਮੌਤ ਦੇ ਕਾਰਨਾਂ ਨੂੰ ਰਿਕਾਰਡ ਕਰਨਾ ਭਵਿੱਖ ਵਿੱਚ ਆਸਾਨ ਹੋ ਜਾਣਾ ਚਾਹੀਦਾ ਹੈ।
ਇੱਕ ਤਰ੍ਹਾਂ ਨਾਲ ਭਾਰਤ ਵਿੱਚ ਕੋਵਿਡ ਨਾਲ ਮਰਨ ਵਾਲਿਆਂ ਦੀ ਗਿਣਤੀ 'ਤੇ ਕਾਫ਼ੀ ਤੇਜ਼ੀ ਨਾਲ ਪਕੜ ਪ੍ਰਾਪਤ ਕਰਨ ਦਾ ਇੱਕ ਤਰੀਕਾ ਇਹ ਹੈ ਕਿ ਆਗਾਮੀ ਜਨਗਣਨਾ ਵਿੱਚ ਇੱਕ ਸਧਾਰਨ ਸਵਾਲ ਸ਼ਾਮਲ ਕੀਤਾ ਜਾ ਸਕਦਾ ਹੈ: ਕੀ 1 ਜਨਵਰੀ 2020 ਤੋਂ ਬਾਅਦ ਤੁਹਾਡੇ ਘਰ ਵਿੱਚ ਕੋਈ ਮੌਤ ਹੋਈ ਸੀ? ਜੇਕਰ ਹਾਂ, ਤਾਂ ਕਿਰਪਾ ਕਰਕੇ ਸਾਨੂੰ ਮ੍ਰਿਤਕ ਦੀ ਉਮਰ ਅਤੇ ਲਿੰਗ ਅਤੇ ਮੌਤ ਦੀ ਮਿਤੀ ਦੱਸੋ। ਡਾ. ਝਾਅ ਕਹਿੰਦੇ ਹਨ, "ਇਹ ਮਹਾਂਮਾਰੀ ਦੌਰਾਨ ਜ਼ਿਆਦਾ ਮੌਤਾਂ ਦਾ ਸਿੱਧਾ ਅਨੁਮਾਨ ਪ੍ਰਦਾਨ ਕਰੇਗਾ।''
ਸਿੱਟੇ ਵਜੋਂ ਮੌਤ ਅਤੇ ਬਿਮਾਰੀ ਬਾਰੇ ਜਾਣਕਾਰੀ ਸਿਹਤ ਸਹਲੂਤਾਂ ਵਿੱਚ ਸੁਧਾਰ ਦੀ ਕੁੰਜੀ ਹੈ। ਅਮਰੀਕਾ ਅਤੇ ਬ੍ਰਿਟੇਨ ਵਿੱਚ 1930 ਦੇ ਦਹਾਕੇ ਵਿੱਚ, ਪੁਰਸ਼ਾਂ ਵਿੱਚ ਫੇਫੜਿਆਂ ਦੇ ਕੈਂਸਰ ਨਾਲ ਮੌਤ ਦਰ ਵਿੱਚ ਇੱਕ ਵੱਡਾ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਸਿਗਰਟਨੋਸ਼ੀ ਨੂੰ ਇੱਕ ਪ੍ਰਮੁੱਖ ਕਾਰਨ ਵਜੋਂ ਪਛਾਣਿਆ ਗਿਆ।
1980 ਦੇ ਦਹਾਕੇ ਵਿੱਚ, ਸੈਨ ਫ੍ਰਾਂਸਿਸਕੋ ਵਿੱਚ ਨੌਜਵਾਨ ਸਮਲਿੰਗੀ ਪੁਰਸ਼ਾਂ ਦੀਆਂ ਮੌਤਾਂ ਵਿੱਚ ਵਾਧੇ ਨੂੰ ਮੌਤ ਦੀ ਰਜਿਸਟ੍ਰੇਸ਼ਨ ਪ੍ਰਣਾਲੀ ਦੁਆਰਾ ਚੁੱਕਿਆ ਗਿਆ ਅਤੇ ਇੱਕ ਵਿਸ਼ਵਵਿਆਪੀ ਮਹਾਂਮਾਰੀ ਦੀ ਸ਼ੁਰੂਆਤ ਨੂੰ ਦਰਸਾਉਂਦੇ ਹੋਏ, ਐੱਚਆਈਵੀ/ਏਡਜ਼ ਦੀ ਪਛਾਣ ਕੀਤੀ ਗਈ।
ਪ੍ਰੋਫੈਸਰ ਮੁਖਰਜੀ ਦਾ ਕਹਿਣਾ ਹੈ ਕਿ ਭਾਰਤ ਨੂੰ ਮਹਾਂਮਾਰੀ ਦੌਰਾਨ ਮੌਤ ਦਰ ਦੇ ਸਾਰੇ ਕਾਰਨਾਂ ਦੇ ਅੰਕੜੇ ਜਾਰੀ ਕਰਕੇ ਆਪਣੇ ਆਲੋਚਕਾਂ ਨੂੰ ਚੁੱਪ ਕਰਾਉਣਾ ਚਾਹੀਦਾ ਹੈ। "ਵਿਗਿਆਨ ਨੂੰ ਵਿਗਿਆਨ ਨਾਲ ਕੱਟੋ," ਉਹ ਕਹਿੰਦੇ ਹਨ, "ਸਾਰਾ ਰਾਸ਼ਟਰੀ ਡੇਟਾ ਉਪਲੱਬਧ ਕਰਵਾਓ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












