ਸਾਊਦੀ ਅਰਬ ਨੇ ਕਿਹੜਾ ਇਲਜ਼ਾਮ ਲਾਕੇ 81 ਜਣਿਆਂ ਨੂੰ ਇੱਕੋ ਦਿਨ ਫਾਂਸੀ ਲਟਕਾਇਆ

ਸਾਊਦੀ ਅਰਬ ਨੇ ਸ਼ਨੀਵਾਰ ਨੂੰ ਕਤਲੇਆਮ ਤੋਂ ਲੈ ਕੇ ਅੱਤਵਾਦੀ ਸਮੂਹਾਂ ਨਾਲ ਸਬੰਧਤ ਅਪਰਾਧਾਂ ਦੇ ਕਥਿਤ ਦੋਸ਼ੀ 81 ਲੋਕਾਂ ਨੂੰ ਫਾਂਸੀ ਦਿੱਤੀ। ਇਹ ਅੰਕੜਾ ਪਿਛਲੇ ਇੱਕ ਸਾਲ ਵਿੱਚ ਮੌਤ ਦੀ ਸਜ਼ਾ ਪਾਉਣ ਵਾਲੇ ਅਪਰਾਧੀਆਂ ਦੀ ਕੁੱਲ ਗਿਣਤੀ ਤੋਂ ਵੀ ਜਿਆਦਾ ਹੈ।

ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਸਰਕਾਰੀ ਸਾਊਦੀ ਪ੍ਰੈਸ ਏਜੰਸੀ ਨੇ ਸ਼ਨੀਵਾਰ ਨੂੰ ਫਾਂਸੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਸਜ਼ਾ ਪਾਉਣ ਵਾਲਿਆਂ ਵਿੱਚ "ਮਾਸੂਮ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਹੱਤਿਆ ਸਮੇਤ ਵੱਖ-ਵੱਖ ਅਪਰਾਧਾਂ ਲਈ ਦੋਸ਼ੀ ਠਹਿਰਾਏ ਗਏ" ਲੋਕ ਸ਼ਾਮਲ ਹਨ।

ਸਰਕਾਰ (ਕਿੰਗਡਮ) ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਫਾਂਸੀ 'ਤੇ ਚੜ੍ਹਾਏ ਗਏ ਕੁਝ ਲੋਕ ਅਲ-ਕਾਇਦਾ, ਇਸਲਾਮਿਕ ਸਟੇਟ ਸਮੂਹ ਦੇ ਮੈਂਬਰ ਅਤੇ ਯਮਨ ਦੇ ਹੂਤੀ ਬਾਗੀਆਂ ਦੇ ਸਮਰਥਕ ਵੀ ਸਨ।

ਏਜੰਸੀ ਨੇ ਕਿਹਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਫਾਂਸੀ ਦਿੱਤੀ ਗਈ ਹੈ, ਉਹ ਸਾਊਦੀ ਅਰਬ 'ਚ ਹਮਲਿਆਂ ਦੀ ਯੋਜਨਾ ਬਣਾ ਰਹੇ ਸਨ।

ਇਸ ਵਿਚ ਵੱਡੀ ਗਿਣਤੀ ਵਿਚ ਆਮ ਨਾਗਰਿਕਾਂ ਨੂੰ ਮਾਰਨ ਅਤੇ ਸੁਰੱਖਿਆ ਬਲਾਂ 'ਤੇ ਹਮਲੇ ਦੀ ਸਾਜ਼ਿਸ਼ ਸ਼ਾਮਲ ਸੀ। ਇਹ ਦੋਸ਼ੀ ਸਰਕਾਰੀ ਕਰਮਚਾਰੀਆਂ ਅਤੇ ਮਹੱਤਵਪੂਰਨ ਆਰਥਿਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਸਨ।

ਫਾਂਸੀ ਦਿੱਤੇ ਗਏ ਲੋਕਾਂ ਵਿੱਚ 73 ਸਾਊਦੀ, ਸੱਤ ਯਮਨ ਅਤੇ ਇੱਕ ਸੀਰੀਆਈ ਸ਼ਾਮਲ ਹੈ।

ਫਾਂਸੀ ਦੀ ਇਸ ਕਾਰਵਾਈ ਦੀ ਅੰਤਰਰਾਸ਼ਟਰੀ ਪੱਧਰ 'ਤੇ ਆਲੋਚਨਾ ਵੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ ਆਧੁਨਿਕ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਵਿੱਚ ਇੰਨੀ ਵੱਡੀ ਸੰਖਿਆ 'ਚ ਫਾਂਸੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ:

ਵਿਧਾਨ ਸਭਾ ਚੋਣਾਂ ਵਿੱਚ ਹਰ ਤੋਂ ਬਾਅਦ ਕਾਂਗਰਸ ਦੀ ਅੱਜ ਅਹਿਮ ਬੈਠਕ

ਪੰਜ ਰਾਜਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਹਾਰਨ ਤੋਂ ਬਾਅਦ, ਨਤੀਜਿਆਂ ਦੀ ਸਮੀਖਿਆ ਕਰਨ ਅਤੇ ਅੱਗੇ ਦੀ ਰਣਨੀਤੀ 'ਤੇ ਚਰਚਾ ਕਰਨ ਲਈ ਐਤਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ।

ਕਿਆਸ ਹਨ ਕਿ ਕਾਂਗਰਸ ਪਾਰਟੀ ਆਪਣੀ ਲੀਡਰਸ਼ਿਪ 'ਤੇ ਉੱਠ ਰਹੇ ਸਵਾਲਾਂ ਦੇ ਵਿਚਕਾਰ ਸਤੰਬਰ ਵਿੱਚ ਹੋਣ ਵਾਲੀਆਂ ਅੰਦਰੂਨੀ ਚੋਣਾਂ ਨੂੰ ਪਹਿਲਾਂ ਹੀ ਕਰਵਾ ਸਕਦੀ ਹੈ।

ਐੱਨਡੀਟੀਵੀ ਦੀ ਖ਼ਬਰ ਮੁਤਾਬਕ, ਪਾਰਟੀ ਦੇ ਕੁਝ ਆਗੂ ਲੀਡਰਸ਼ਿਪ ਤਬਦੀਲੀ ਦੀ ਮੰਗ ਕਰ ਰਹੇ ਹਨ। ਕਾਂਗਰਸ ਦੇ ਸੀਨੀਅਰ ਆਗੂ ਤੇ ਜੀ-23 ਦੇ ਮੈਂਬਰ ਸ਼ਸ਼ੀ ਥਰੂਰ ਨੇ ਵੀਰਵਾਰ ਨੂੰ ਟਵੀਟ ਕਰਦਿਆਂ ਕਿਹਾ ਕਿ ਪਾਰਟੀ ਬਦਲਾਅ ਤੋਂ ਬਚ ਨਹੀਂ ਸਕਦੀ।

ਹਾਲਾਂਕਿ, ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਇਨ੍ਹਾਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਅਣਪਛਾਤੇ ਸਰੋਤਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਖ਼ਬਰ "ਪੂਰੀ ਤਰ੍ਹਾਂ ਗੈਰ-ਵਾਜਬ, ਸ਼ਰਾਰਤੀ ਅਤੇ ਗਲਤ ਹੈ''।

ਅਕਾਲ ਤਖ਼ਤ ਦੇ ਜੱਥੇਦਾਰ ਦੀ ਸਿੱਖ ਜਥੇਬੰਦੀਆਂ ਨੂੰ ਅਪੀਲ 'ਅਕਾਲੀ ਦਲ ਨੂੰ ਬਚਾਓ'

ਅਕਾਲ ਤਖ਼ਤ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਨੂੰ "ਸਿੱਖਾਂ ਅਤੇ ਕੌਮ ਲਈ ਚੰਗਾ ਨਹੀਂ" ਦੱਸਿਆ।

ਦਿ ਟਾਈਮਜ਼ ਆਫ ਇੰਡੀਆ ਦੀ ਖ਼ਬਰ ਮੁਤਾਬਕ, ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਏਕਤਾ ਸਿੱਖਾਂ ਦੇ ਵਡੇਰੇ ਹਿੱਤ ਵਿੱਚ ਹੈ।

ਸਿੱਖ ਸਿਆਸਤ ਦੀ ਮੌਜੂਦਾ ਸਥਿਤੀ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ: "ਜੇ ਸਾਡੀ ਵਿਚਾਰਧਾਰਾ ਅਤੇ ਸਿਧਾਂਤ ਬਚਦੇ ਹਨ, ਤਾਂ ਸ਼੍ਰੋਮਣੀ ਅਕਾਲੀ ਦਲ ਬਚੇਗਾ''।

ਸਿੱਖ ਜਥੇਬੰਦੀਆਂ ਨੇ ਅਕਾਲੀ ਲੀਡਰਸ਼ਿਪ ਦੇ ਨਿਰਾਸ਼ਾਜਨਕ ਸਕੋਰ ਨੂੰ ਅਕਾਲੀ ਲੀਡਰਸ਼ਿਪ ਦੀਆਂ ਕਾਰਵਾਈਆਂ ਦੇ ਨਤੀਜਿਆਂ ਨਾਲ ਜੋੜਿਆ ਹੈ, ਜਦਕਿ ਕਾਂਗਰਸ ਨੇ ਕਿਹਾ ਕਿ ਜੱਥੇਦਾਰ ਨੂੰ ਸਿਰਫ਼ ਇੱਕ ਪਾਰਟੀ ਲਈ ਚਿੰਤਾ ਨਹੀਂ ਦਿਖਾਉਣੀ ਚਾਹੀਦੀ, ਕਿਉਂਕਿ ਉਨ੍ਹਾਂ ਤੋਂ ਗੈਰ-ਸਿਆਸੀ ਹੋਣ ਦੀ ਉਮੀਦ ਕੀਤੀ ਜਾਂਦੀ ਸੀ।

ਇਹ ਵੀ ਪੜ੍ਹੋ:

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)